ਪ੍ਰੋਫੈਸਰ ਨੂੰ ਮਾਓਵਾਦੀ ਆਖ ਕੇ ਸੁਣਾਈ ਉਮਰ ਕੈਦ

ਗੜ੍ਹਚਿਰੌਲੀ (ਮਹਾਰਾਸ਼ਟਰ): ਦਿੱਲੀ ਯੂਨੀਵਰਸਿਟੀ ਦੇ ਮੁਅੱਤਲ ਪ੍ਰੋਫੈਸਰ ਜੀæਐਨæ ਸਾਈਬਾਬਾ ਸਣੇ ਪੰਜ ਜਣਿਆਂ ਨੂੰ ਇਥੋਂ ਦੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਾਓਵਾਦੀਆਂ ਨਾਲ ਸਬੰਧਾਂ ਅਤੇ ਭਾਰਤ ਖ਼ਿਲਾਫ਼ ਜੰਗ ਛੇੜਨ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਨੂੰ ਦਸ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿਚ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਹੇਮ ਮਿਸ਼ਰਾ, ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ, ਮਹੇਸ਼ ਟਿਰਕੇ ਤੇ ਪਾਂਡੂ ਨਰੋਟੇ ਸ਼ਾਮਲ ਹਨ, ਜਦੋਂਕਿ ਵਿਜੇ ਟਿਰਕੇ ਨੂੰ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜੱਜ ਸੂਰਿਆਕਾਂਤ ਸ਼ਿੰਦੇ ਦੀ ਅਦਾਲਤ ਨੇ ਉਨ੍ਹਾਂ ਨੂੰ ਗ਼ੈਰਕਾਨੂੰਨੀ ਕਾਰਵਾਈਆਂ (ਰੋਕੂ) ਐਕਟ (ਯੂæਏæਪੀæਏæ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ। ਗ਼ੌਰਤਲਬ ਹੈ ਕਿ ਅੰਗਰੇਜ਼ੀ ਦੇ ਪ੍ਰੋਫੈਸਰ ਸਾਈਬਾਬਾ 90 ਫ਼ੀਸਦੀ ਅਪਾਹਜ ਹਨ ਅਤੇ ਵ੍ਹੀਲਚੇਅਰ ‘ਤੇ ਹਨ। ਉਨ੍ਹਾਂ ਨੂੰ ਮਈ 2014 ਵਿਚ ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿਚ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵੱਲੋਂ ਸਿਹਤ ਖ਼ਰਾਬ ਹੋਣ ਕਾਰਨ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਸੀ। ਸਰਕਾਰੀ ਵਕੀਲ ਨੇ ਸਾਰੇ ਛੇ ਦੋਸ਼ੀਆਂ ਨੂੰ ਉਮਰ ਕੈਦ ਦੀ ਮੰਗ ਕਰਦਿਆਂ ਆਖਿਆ ਸੀ ਕਿ ਪ੍ਰੋæ ਸਾਈਬਾਬਾ ਨੇ ਅਪਾਹਜ ਹੋਣ ਦੇ ਬਾਵਜੂਦ ਭਾਰਤ ਅਤੇ ਵਿਦੇਸ਼ਾਂ ਵਿਚ ਅਨੇਕਾਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਸ਼ਿਰਕਤ ਕੀਤੀ ਤੇ ਮਾਓਵਾਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਸਫ਼ਾਈ ਧਿਰ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਨਹੀਂ ਕੀਤਾ ਸੀ।
ਦੱਸਣਯੋਗ ਹੈ ਕਿ ਹੇਮ ਮਿਸ਼ਰਾ, ਮਹੇਸ਼ ਟਿਰਕੇ ਅਤੇ ਪਾਂਡੂ ਨਰੋਟੇ ਨੂੰ ਅਗਸਤ 2013 ਵਿਚ ਗੜ੍ਹਚਿਰੌਲੀ ਵਿਚ ਅਹੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਪ੍ਰੋæ ਸਾਈਬਾਬਾ ਨੂੰ ਦਿੱਲੀ ਤੋਂ ਅਤੇ ਪ੍ਰਸ਼ਾਂਤ ਰਾਹੀ ਤੇ ਵਿਜੇ ਟਿਰਕੇ ਨੂੰ ਗੋਂਡੀਆ ਜ਼ਿਲ੍ਹੇ ਦੇ ਦਿਓਰੀ ਤੋਂ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਸਾਰਿਆਂ ਕੋਲੋਂ ਇਤਰਾਜ਼ਯੋਗ ਸਮੱਗਰੀ ਮਿਲਣ ਦੇ ਦੋਸ਼ ਹਨ। ਸਰਕਾਰੀ ਪੱਖ ਮੁਤਾਬਕ ਪ੍ਰੋæ ਸਾਈਬਾਬਾ ਨੇ 2012 ਵਿਚ ਰੈਵੋਲਿਊਸ਼ਨਰੀ ਡੈਮੋਕਰੈਟਿਕ ਫਰੰਟ ਵੱਲੋਂ ਕਰਵਾਈ ਕਾਨਫਰੰਸ ਵਿਚ ਸ਼ਿਰਕਤ ਕੀਤੀ ਅਤੇ ਮਾਓਵਾਦੀ ਵਿਚਾਰਧਾਰਾ ਨੂੰ ਸਹੀ ਦੱਸਿਆ ਸੀ। ਇਹ ਫਰੰਟ ਸੀæਪੀæਆਈæ (ਮਾਓਵਾਦੀ) ਦੀ ਹੀ ਜਥੇਬੰਦੀ ਹੈ।
ਮੁਕੱਦਮੇ ਦੀ ਸੁਣਵਾਈ ਦੌਰਾਨ ਇਸਤਗਾਸਾ ਧਿਰ ਨੇ 23 ਗਵਾਹ ਤੇ 41 ਵਸਤਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਹਾਰਡ ਡਿਸਕਾਂ ਵਿਚ ਸਾਂਭਿਆ ਕਰੀਬ 3 ਟੀਬੀ ਡੇਟਾ ਵੀ ਸ਼ਾਮਲ ਹੈ। ਪੁਲਿਸ ਦਾ ਦਾਅਵਾ ਸੀ ਕਿ ਇਹ ਸਾਰਾ ਡੇਟਾ ਪ੍ਰੋæ ਸਾਈਬਾਬਾ ਦੀ ਰਿਹਾਇਸ਼ ਤੋਂ ਬਰਾਮਦ ਹੋਇਆ ਸੀ।