ਨਵੀਂ ਦਿੱਲੀ: 2014 ਵਿਚ ਕੇਂਦਰ ਵਿਚ ਸੱਤਾਧਾਰੀ ਹੋਣ ਤੋਂ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ, ਭਾਰਤੀ ਜਨਤਾ ਪਾਰਟੀ ਅਤੇ ਉਸ ਨਾਲ ਸਬੰਧਤ ਹੋਰ ਹਿੰਦੂਤਵੀ ਸੰਗਠਨਾਂ ਦੇ ਆਗੂ ਸ਼ਰੇਆਮ ਇਹ ਬਿਆਨ ਦਿੰਦੇ ਰਹੇ ਹਨ ਕਿ ਉਨ੍ਹਾਂ ਦਾ ਅਸਲ ਨਿਸ਼ਾਨਾ ਦੇਸ਼ ਦੇ ਧਰਮ-ਨਿਰਪੱਖ ਅਤੇ ਜਮਹੂਰੀ ਖਾਸੇ ਨੂੰ ਬਦਲ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਸਮੇਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਮਰਹੂਮ ਆਗੂ ਅਸ਼ੋਕ ਸਿੰਘਲ ਨੇ ਤਾਂ ਸ਼ਰੇਆਮ ਇਹ ਬਿਆਨ ਦਿੱਤਾ ਸੀ ਕਿ 800 ਸਾਲ ਬਾਅਦ ਭਾਰਤ ਵਿਚ ਹਿੰਦੂਆਂ ਦਾ ਰਾਜ ਆ ਗਿਆ ਹੈ।
ਰਾਸ਼ਟਰੀ ਸੋਇਮ ਸੇਵਕ ਦੇ ਮੁੱਖ ਸੰਘ ਸੰਚਾਲਕ ਸ੍ਰੀ ਮੋਹਨ ਭਾਗਵਤ ਤਾਂ ਵਾਰ-ਵਾਰ ਇਹ ਕਹਿੰਦੇ ਆ ਰਹੇ ਹਨ ਕਿ ਭਾਰਤ ਵਿਚ ਰਹਿੰਦੇ ਸਾਰੇ ਲੋਕ ਹੀ ਹਿੰਦੂ ਹਨ। ਇਸ ਤਰ੍ਹਾਂ ਉਹ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਮੰਨਣ ਤੋਂ ਹੀ ਇਨਕਾਰੀ ਹਨ। ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਸ਼ਾਰਿਆਂ ‘ਤੇ ਚਲਦੀ ਹੋਈ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ, ਇਹ ਵੀ ਸਾਡੇ ਸਾਹਮਣੇ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨੇ 400 ਤੋਂ ਵੱਧ ਰੈਲੀਆਂ ਕਰ ਕੇ ਲੋਕਾਂ ਤੋਂ ਇਸ ਨਾਅਰੇ ਨਾਲ ਸਮਰਥਨ ਮੰਗਿਆ ਸੀ ਕਿ ਉਹ ‘ਸਬ ਕਾ ਸਾਥ ਅਤੇ ਸਬ ਕਾ ਵਿਕਾਸ’ ਦੇ ਰਸਤੇ ‘ਤੇ ਚੱਲਣਗੇ। ਪਰ ਉਸ ਸਮੇਂ ਵੀ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਲਈ ਮੁਸਲਮਾਨਾਂ ਨੂੰ ਨਾਮਾਤਰ ਹੀ ਟਿਕਟਾਂ ਦਿੱਤੀਆਂ ਸਨ। ਹੁਣ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੁਸਲਮਾਨਾਂ ਨੂੰ ਭਾਜਪਾ ਵੱਲੋਂ ਟਿਕਟਾਂ ਨਹੀਂ ਦਿੱਤੀਆਂ ਗਈਆਂ, ਭਾਵੇਂ ਕਿ ਇਸ ਰਾਜ ਵਿਚ 19 ਫ਼ੀਸਦੀ ਦੇ ਲਗਭਗ ਮੁਸਲਮਾਨ ਵੋਟਰ ਹਨ। ਇਸ ਤੋਂ ਵੀ ਭਾਜਪਾ ਦੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ। ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਉਸ ਦਾ ਰਾਜਨੀਤਕ ਫਰੰਟ ਭਾਜਪਾ, ਦੇਸ਼ ਦੇ ਧਰਮ-ਨਿਰਪੱਖ ਖਾਸੇ ਦੇਸ਼ ਦੀ ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਹ ਦੇਸ਼ ਦੀ 19 ਫੀਸਦੀ ਆਬਾਦੀ ਨੂੰ ਰਾਜਨੀਤੀ ਵਿਚ ਕੋਈ ਵੀ ਨੁਮਾਇੰਦਗੀ ਦੇਣ ਲਈ ਤਿਆਰ ਨਹੀਂ ਹਨ।
ਭਾਜਪਾ ਦੇ ਕੇਂਦਰ ਵਿਚ ਸੱਤਾਧਾਰੀ ਹੋਣ ਤੋਂ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਵੱਖਰੇ ਵਿਚਾਰ ਰੱਖਣ ਵਾਲੇ ਸਿਆਸੀ ਆਗੂਆਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ‘ਤੇ ਹਮਲਿਆਂ ਵਿਚ ਲਗਾਤਾਰ ਵਾਧਾ ਹੋਇਆ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿਚ ਕੁਝ ਅਖੌਤੀ ਹਿੰਦੂਤਵੀ ਸੰਗਠਨਾਂ ਵੱਲੋਂ ਬੁੱਧੀਜੀਵੀਆਂ ਦੇ ਕਤਲ ਵੀ ਕੀਤੇ ਗਏ ਹਨ। ਦਿੱਲੀ ਵਿਚ ਵੀ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਸਿਆਹੀ ਸੁੱਟ ਕੇ ਜਿਸ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਕਿਸੇ ਸਮੇਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਸਲਾਹਕਾਰ ਰਹੇ ਸ੍ਰੀ ਕੁਲਕਰਨੀ ਦਾ ਜਿਸ ਤਰ੍ਹਾਂ ਭਰੀ ਪ੍ਰੈੱਸ ਕਾਨਫਰੰਸ ਵਿਚ ਮੂੰਹ ਕਾਲਾ ਕੀਤਾ ਗਿਆ, ਉਸ ਨੂੰ ਵੀ ਪੂਰੇ ਦੇਸ਼ ਨੇ ਦੇਖਿਆ ਹੈ। ਹੈਦਰਾਬਾਦ ਯੂਨੀਵਰਸਿਟੀ ਵਿਚ ਸ੍ਰੀ ਵਾਮੂਲਾ ਨਾਲ ਜੋ ਕੁਝ ਵਾਪਰਿਆ ਅਤੇ ਨਹਿਰੂ ਯੂਨੀਵਰਸਿਟੀ ਵਿਚ ਵਿਦਿਆਰਥੀ ਆਗੂ ਸ੍ਰੀ ਕਨੱਈਆ ਖਿਲਾਫ਼ ਜਿਸ ਤਰ੍ਹਾਂ ਜੇਹਾਦ ਖੜ੍ਹਾ ਕੀਤਾ ਗਿਆ ਅਤੇ ਦਿੱਲੀ ਦੀ ਇਕ ਅਦਾਲਤ ਵਿਚ ਪੇਸ਼ ਹੋਣ ਸਮੇਂ ਜਿਸ ਤਰ੍ਹਾਂ ਪੁਲਿਸ ਦੀ ਹਾਜ਼ਰੀ ਵਿਚ ਉਸ ਦੀ ਕੁੱਟਮਾਰ ਕੀਤੀ ਗਈ, ਉਸ ਦੀਆਂ ਯਾਦਾਂ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹਨ। ਭਾਵੇਂ ਕਿ ਹੁਣ ਇਕ ਸਾਲ ਬੀਤ ਜਾਣ ਤੋਂ ਬਾਅਦ ਜਾਂਚ ਕਮੇਟੀ ਨੇ ਇਹ ਪਾਇਆ ਹੈ ਕਿ ਸ੍ਰੀ ਕਨੱਈਆ ਨੇ ਦੇਸ਼ ਵਿਰੋਧੀ ਨਾਅਰੇ ਨਹੀਂ ਸਨ ਲਾਏ।
ਦਿੱਲੀ ਦੇ ਰਾਮਜਸ ਕਾਲਜ ਵਿਚ ਪਿਛਲੇ ਕੁਝ ਦਿਨਾਂ ਵਿਚ ਜੋ ਕੁਝ ਵਾਪਰਿਆ ਅਤੇ ਜਿਸ ਤਰ੍ਹਾਂ ਦੇਸ਼ ਦੇ ਕਬਾਇਲੀ ਆਬਾਦੀ ਵਾਲੇ ਇਲਾਕਿਆਂ ਵਿਚ ਨਕਸਲੀਆਂ ਨਾਲ ਨਿਪਟਣ ਦੇ ਨਾਂ ਉਤੇ ਆਮ ਲੋਕਾਂ ਨਾਲ ਹੁੰਦੀਆਂ ਜ਼ਿਆਦਤੀਆਂ ਸਬੰਧੀ ਚਰਚਾ ਕਰਨ ਲਈ ਉਥੇ ਹੋਣ ਵਾਲੇ ਸੈਮੀਨਾਰ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਧੱਕੇ ਨਾਲ ਰੋਕਿਆ ਗਿਆ, ਵਿਰੋਧੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ, ਇਹ ਸਭ ਕੁਝ ਵੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਰਾਹੀਂ ਲੋਕਾਂ ਨੇ ਦੇਖਿਆ ਹੈ। ਜਲੰਧਰ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਆਵਾਜ਼ ਉਠਾਈ ਤਾਂ ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ‘ਤੇ ਉਸ ਦੇ ਖਿਲਾਫ਼ ਗਾਲੀ-ਗਲੋਚ ਕਰਨ ਅਤੇ ਇਥੋਂ ਤੱਕ ਕਿ ਬਲਾਤਕਾਰ ਦੀਆਂ ਧਮਕੀਆਂ ਵੀ ਦੇਣੀਆਂ ਆਰੰਭ ਕਰ ਦਿੱਤੀਆਂ ਗਈਆਂ।
___________________________________________
‘ਦੇਸ਼ ਵਿਚ ਅਸਹਿਣਸ਼ੀਲ ਲੋਕਾਂ ਲਈ ਕੋਈ ਥਾਂ ਨਹੀਂ’
ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ ‘ਚ ਅਸਹਿਣਸ਼ੀਲ ਲੋਕਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਭਾਰਤ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਵੱਖ-ਵੱਖ ਵਿਚਾਰਾਂ, ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਬਹਿਸਾਂ ਭਾਰਤੀ ਸਮਾਜ ਦਾ ਵਿਸ਼ੇਸ਼ ਲੱਛਣ ਹਨ। ਰਾਸ਼ਟਰਪਤੀ ਦੇ ਇਹ ਵਿਚਾਰ ਇਸ ਕਰ ਕੇ ਅਹਿਮ ਹਨ ਕਿਉਂਕਿ ਦਿੱਲੀ ਯੂਨੀਵਰਸਿਟੀ ਵਿਚ ਆਰæਐਸ਼ਐਸ਼ ਪੱਖੀ ਏæਬੀæਵੀæਪੀæ ਅਤੇ ਖੱਬੇਪੱਖੀ ਵਿਦਿਆਰਥੀ ਸੰਗਠਨ ਆਇਸਾ ਵਿਚਕਾਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਬਹਿਸ ਚੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵੱਲੋਂ ਦਿੱਤੇ ਅਹਿਮ ਮੁੱਢਲੇ ਅਧਿਕਾਰਾਂ ਵਿਚ ਵਿਚਾਰਾਂ ਦੀ ਆਜ਼ਾਦੀ ਦਾ ਅਧਿਕਾਰ ਪ੍ਰਮੁੱਖ ਹੈ।