ਵਿਚਾਰਾਂ ਦੀ ਆਜ਼ਾਦੀ ਲਈ ਜ਼ੋਰਦਾਰ ਸਫਬੰਦੀ

ਚੰਡੀਗੜ੍ਹ: ਹੈਦਾਰਾਬਾਦ ਯੂਨੀਵਰਸਿਟੀ ਦੇ ਖੋਜਾਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਵਾਦ ਤੇ ਦਿੱਲੀ ਯੂਨੀਵਰਸਿਟੀ ਵਿਚ ਵਾਪਰੀਆਂ ਘਟਨਾਵਾਂ ਬਾਅਦ ਵਿਚਾਰਾਂ ਦੀ ਆਜ਼ਾਦੀ ਲਈ ਸੁੰਗੜ ਰਹੀ ਜਗ੍ਹਾ ਧਾਰਮਿਕ ਘੱਟ ਗਿਣਤੀਆਂ, ਦਲਿਤ ਤੇ ਖੱਬੇਪੱਖੀਆਂ ਲਈ ਸਾਂਝਾ ਮੰਚ ਉਸਾਰ ਰਹੀ ਹੈ।

ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਵਿਵਾਦ ਬਾਅਦ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਗੁਰਮਿਹਰ ਕੌਰ ਦੇ ਬਿਆਨ ਨਾਲ ਦੇਸ਼ ਪੱਧਰ ‘ਤੇ ਸ਼ੁਰੂ ਹੋਈ ਸਫਬੰਦੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਚ ਟਕਰਾਅ ਦਾ ਰੂਪ ਧਾਰ ਗਈ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ) ਦੀ ਚੁਣੌਤੀ ਦੇ ਬਾਵਜੂਦ ਸਟੂਡੈਂਟਸ ਫਾਰ ਸੁਸਾਇਟੀ (ਐਸ਼ਐਫ਼ਐਸ਼) ਦੇ ਹੱਕ ਵਿਚ ਖੱਬੇਪੱਖੀ, ਜਮਹੂਰੀ, ਖਾਲਿਸਤਾਨੀ ਤੇ ਦਲਿਤ ਜਥੇਬੰਦੀਆਂ ਦੇ ਕਾਰਕੁਨ ਖੜ੍ਹ ਗਏ, ਜਿਸ ਬਦੌਲਤ ‘ਦਸਤਕ’ ਰਸਾਲੇ ਦੀ ਸੰਪਾਦਕ ਸੀਮਾ ਆਜ਼ਾਦ ਸਮਾਰੋਹ ਨੂੰ ਸੰਬੋਧਨ ਕਰਨ ਵਿਚ ਸਫਲ ਹੋ ਗਈ।
ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਏæਬੀæਵੀæਪੀæ ਦੇ ਕਾਰਕੁਨਾਂ ਨੇ ਸੀਮਾ ਨੂੰ ਮਾਓਵਾਦੀ ਤੇ ਦੇਸ਼ ਧ੍ਰੋਹੀ ਕਰਾਰ ਦਿੰਦਿਆਂ ‘ਵਰਸਿਟੀ ਵਿਚ ਉਸ ਨੂੰ ਬੋਲਣ ਨਾ ਦੇਣ ਦਾ ਐਲਾਨ ਕੀਤਾ ਸੀ। ਵੱਖ-ਵੱਖ ਧਿਰਾਂ ਦੀ ਇਕਜੁੱਟਤਾ ਕਾਰਨ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਦਫਤਰ ਨੇੜੇ ਸਮਾਗਮ ਹੋਇਆ। ਪੁਲਿਸ ਤੇ ਏæਬੀæਵੀæਪੀæ ਕਾਰਕੁਨਾਂ ਨੂੰ ਚਕਮਾ ਦੇ ਕੇ ਸੀਮਾ ਆਜ਼ਾਦ ਦਸਤਾਰ ਸਜਾ ਕੇ ਹਰਿਆਣਾ ‘ਚ ਮਹਿਲਾ ਸੰਗਠਨ ਦੀ ਕਾਰਕੁਨ ਵਜੋਂ ਐਲਾਨੇ ਨਾਂ ਉਤੇ ਭਾਸ਼ਣ ਵੀ ਦੇ ਗਈ ਅਤੇ ਉਸ ਦੇ ਸੁਰੱਖਿਅਤ ਸਥਾਨ ਉਤੇ ਚਲੇ ਜਾਣ ਬਾਅਦ ਸਟੇਜ ਤੋਂ ਉਸ ਦੀ ਪਛਾਣ ਜਨਤਕ ਕੀਤੀ ਗਈ। ਵਿਦਿਆਰਥੀਆਂ ਦੇ ਪਛਾਣ ਪੱਤਰ ਚੈੱਕ ਕੀਤੇ ਬਿਨਾਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਬਾਹਰੋਂ ਆਏ ਜਥੇਬੰਦੀਆਂ ਦੇ ਆਗੂਆਂ ਖਾਸ ਤੌਰ ਉਤੇ ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁਨਾਂ ਨੂੰ ਪੁਲਿਸ ਨੇ ਗੇਟ ਤੋਂ ਹੀ ਹਿਰਾਸਤ ਵਿਚ ਲੈ ਲਿਆ। ਸਮਾਗਮ ਵਿਚ ਪੁੱਜਣ ਵਾਲੇ ਆਗੂਆਂ ਨੇ ਸਟੇਜ ਤੋਂ ਕਿਹਾ ਕਿ ਉਹ ਸਿਰਫ ਇਸ ਲਈ ਆਏ ਹਨ ਕਿਉਂਕਿ ਕਿਸੇ ਨੂੰ ਵੀ ਵਿਚਾਰ ਪ੍ਰਗਟਾਉਣ ਤੋਂ ਰੋਕਣ ਦੀ ਚੁਣੌਤੀ ਦਾ ਮਿਲ ਕੇ ਜਵਾਬ ਦੇਣਾ ਜ਼ਰੂਰੀ ਹੈ।
ਵਿਚਾਰਧਾਰਕ ਤੌਰ ‘ਤੇ ਵਖਰੇਵਿਆਂ ਦੇ ਬਾਵਜੂਦ ਸਭ ਤਰ੍ਹਾਂ ਦੇ ਆਗੂ ਇਕਜੁੱਟ ਨਜ਼ਰ ਆਏ ਅਤੇ ਐਸ਼ਐਫ਼ਐਸ਼ ਵੱਲੋਂ ਵੀ ਸਟੇਜ ਤੋਂ ਸਭ ਨੂੰ ਬਰਾਬਰ ਦਾ ਸਮਾਂ ਦਿੱਤਾ ਗਿਆ। ਬੁਲਾਰਿਆਂ ਨੇ ਹਿੰਦੂਵਾਦੀ ਵਿਚਾਰਧਾਰਾ ਵੱਲੋਂ ਸਦੀਆਂ ਤੋਂ ਜਾਤਪਾਤ ਦੇ ਆਧਾਰ ‘ਤੇ ਦਲਿਤਾਂ ਨੂੰ ਅਛੂਤ ਸਮਝਣ, ਬਹੁਗਿਣਤੀ ਦੇ ਸਹਾਰੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਦਬਾਉਣ, ਕਬਾਇਲੀਆਂ ‘ਤੇ ਅਤਿਆਚਾਰ ਅਤੇ ਵੰਨ ਸੁਵੰਨੇ ਦੇਸ਼ ਵਿਚ ਇਕੋ ਤਰ੍ਹਾਂ ਦੇ ਵਿਚਾਰ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਤਹਿਤ ਸੱਤਾ ਦੀ ਤਾਕਤ ਨੂੰ ਵਰਤੇ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਿਟਲਰ ਸਮੇਤ ਸਾਰੇ ਫਾਸ਼ੀਵਾਦੀ ਸ਼ਾਸਕਾਂ ਨੂੰ ਲੋਕ ਜ਼ਿਆਦਾ ਸਮਾਂ ਬਰਦਾਸ਼ਤ ਨਹੀਂ ਕਰਦੇ। ਦੇਸ਼ ਭਰ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਵਿਚ ਫੈਲ ਰਿਹਾ ਰੋਸ ਇਕ ਹਾਂ ਪੱਖੀ ਵਰਤਾਰਾ ਹੈ।
ਖੱਬੇਪੱਖੀ ਲਹਿਰ ਤੋਂ ਸਿੱਖ ਚਿੰਤਕ ਤੱਕ ਸਫਰ ਤੈਅ ਕਰਨ ਵਾਲੇ ਅਜਮੇਰ ਸਿੰਘ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਦਾ ਮੌਜੂਦਾ ਦੌਰ ਬ੍ਰਾਹਮਣਵਾਦੀ ਵਿਚਾਰਧਾਰਾ ਤਹਿਤ ਘੜੇ ਡਿਜ਼ਾਈਨ ਦਾ ਹਿੱਸਾ ਹੈ। ਇਸ ਵਿਚ ਦੂਜਿਆਂ ਨੂੰ ਜਜ਼ਬ ਕਰ ਲੈਣ ਦੀ ਸਮਰੱਥਾ ਵੀ ਬਹੁਤ ਹੈ। ਇਸ ਕਾਰਨ ਲੰਬੇ ਸਮੇਂ ਤੋਂ ਜਾਤਪਾਤ ਤੇ ਊਚ ਨੀਚ ਦੇ ਬਾਵਜੂਦ ਸਮਾਜਿਕ ਤੌਰ ‘ਤੇ ਇਸ ਨੇ ਆਪਣੀ ਸੱਤਾ ਕਾਇਮ ਰੱਖੀ ਹੋਈ ਹੈ। ਇਹ ਨਿਰਾ ਲਾਲਚ ਤੇ ਸਿਆਸੀ ਸੱਤਾ ਦੇ ਸਹਾਰੇ ਨਹੀਂ ਬਲਕਿ ਵਿਚਾਰਧਾਰਕ ਤੌਰ ਉਤੇ ਦੇਸ਼ ਦੇ ਵੱਡੇ ਵਰਗ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਤੋਂ ਬਾਅਦ ਵੱਡਾ ਹਮਲਾ ਕਰਨ ਦੇ ਸਮਰੱਥ ਹੁੰਦਾ ਹੈ।
___________________________________________________
ਸੀਮਾ ਆਜ਼ਾਦ ਦਾ ਕਿਰਨ ਖੇਰ ਨੂੰ ਠੋਕਵਾਂ ਜਵਾਬ
ਚੰਡੀਗੜ੍ਹ: ਦਸਤਕ ਰਸਾਲੇ ਦੀ ਸੰਪਾਦਕ ਸੀਮਾ ਆਜ਼ਾਦ ਨੇ ਚੰਡੀਗੜ੍ਹ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਕੀਤੇ ਚੈਲੰਜ ਉਤੇ ਆਪਣਾ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਜੇ ਮੇਰੇ ਨਾਲ ਬਹਿਸ ਕਰਨੀ ਸੀ ਤਾਂ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਵਾ ਕੇ ਬਹਿਸ ਕਰਦੇ। ਚੰਡੀਗੜ੍ਹ ਦੀ ਐਮæਪੀæ ਕਿਰਨ ਖੇਰ ਨੇ ਸੀਮਾ ਆਜ਼ਾਦ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ, ਜਿਸ ਦਾ ਸੀਮਾ ਆਜ਼ਾਦ ਨੇ ਲਿਖਤ ਵਿਚ ਜਵਾਬ ਦਿੱਤਾ ਹੈ। ਸੀਮਾ ਨੇ ਲਿਖਿਆ ਹੈ ਕਿ ਮੈਂ ਐਸ਼ਐਫ਼ਐਸ਼ ਦੇ ਸੈਮੀਨਾਰ ਵਿਚ ਵਿਦਿਆਰਥੀ ਰਾਜਨੀਤੀ, ਰੂਸੀ ਕ੍ਰਾਂਤੀ ਦੇ 100 ਸਾਲ ਪੂਰੇ ਹੋਣ ਦੀ ਮਹੱਤਤਾ ਬਾਰੇ ਬੋਲਣ ਲਈ ਪੰਜਾਬ ਯੂਨੀਵਰਸਿਟੀ ਵਿਚ ਆਉਣਾ ਸੀ। ਇਸ ਵਿਚ ਲੋਕਤੰਤਰਿਕ ਸੰਸਥਾਵਾਂ ਨੇ ਨਾਅਰਿਆਂ ਦੇ ਨਾਲ ਆਪਣੀ ਆਵਾਜ਼ ਉਠਾਈ ਸੀ।
ਸੀਮਾ ਨੇ ਲਿਖਿਆ ਹੈ ਕਿ ਭਗਤ ਸਿੰਘ ਵੀ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ, ਉਹ ਵੀ ਸਮਾਜਵਾਦੀ ਭਾਰਤ ਦੇ ਹੱਕ ਵਿਚ ਸਨ, ਰੂਸੀ ਕ੍ਰਾਂਤੀ ਨੇ ਸੰਸਾਰ ਭਰ ਵਿਚ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਹਿਰ ਤੋਂ ਬ੍ਰਿਟਿਸ਼ ਵੀ ਡਰ ਗਏ ਸਨ। ਇਹ ਮਾਰਕਸ ਦੀ ਫਿਲਾਸਫੀ ਦੀ ਤਾਕਤ ਹੈ।
ਸੀਮਾ ਆਜ਼ਾਦ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿਚ ਭਾਸ਼ਣ ਦੇ ਰਹੀ ਸੀ ਤਾਂ ਮੇਰੇ ਖਿਲਾਫ਼ ਗ੍ਰਿਫਤਾਰੀ ਦੇ ਵਾਰੰਟ ਕੱਢੇ ਹੋਏ ਸਨ, ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਮੈਨੂੰ ਆਪਣੇ ਨਾਲ ਬਹਿਸ (ਡਿਬੇਟ) ਕਰਨ ਲਈ ਚੈਲੰਜ ਕੀਤਾ ਹੈ, ਜੇਕਰ ਉਨ੍ਹਾਂ ਬਹਿਸ ਕਰਨੀ ਸੀ ਤਾਂ ਉਹ ਮੇਰੀ ਗ੍ਰਿਫਤਾਰੀ ਦੇ ਵਾਰੰਟ ਨੂੰ ਰੱਦ ਕਰਵਾ ਦਿੰਦੇ ਅਤੇ ਮੇਰੇ ਨਾਲ ਬਹਿਸ ਕਰਨ ਲਈ ਆਉਂਦੇ, ਲੋਕਤੰਤਰਿਕ ਸਮਾਜ ਵਿਚ ਬੋਲਣ ਦਾ ਅਧਿਕਾਰ ਹੈ, ਅਸੀਂ ਲੋਕਤੰਤਰ ਲਈ ਲੜ ਰਹੇ ਹਾਂ, ਜਦਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਸਿਰਫ ਧਰਮ ਅਤੇ ਜਾਤੀ ਮੁੱਦਿਆਂ ਉਤੇ ਹੀ ਗੱਲ ਕਰਨ, ਪਰ ਅਸੀਂ ਡਿਬੇਟ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਹਾਂ।