ਪੰਥਕ ਧਿਰਾਂ ਵੰਡੀਆਂ ਹੋਣ ਕਰ ਕੇ ਬਾਦਲਾਂ ਨੂੰ ਮਿਲੀ ਮੁੜ ਸਰਦਾਰੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿਚੋਂ ਜਿੱਤਣ ਵਾਲੇ ਬਾਦਲ ਧੜੇ ਨੂੰ ਸਿਰਫ 43 ਫੀਸਦੀ ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਇੰਨੇ ਵੱਡੇ ਫਰਕ ਨਾਲ ਜੇਤੂ ਰਿਹਾ, ਜਦਕਿ ਵਿਰੋਧੀ ਧਿਰਾਂ 57 ਫੀਸਦੀ ਵੋਟਾਂ ਲੈ ਕੇ ਵੀ ਹਾਰ ਗਈਆਂ।

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਧੜੇ ਨੂੰ ਇਨ੍ਹਾਂ ਵੋਟਾਂ ਵਿਚ ਸੱਤ ਸੀਟਾਂ ਨਾਲ 29æ86 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਪਹਿਲੀ ਵਾਰ ਚੋਣ ਮੈਦਾਨ ਵਿਚ ਨਿੱਤਰੇ ਪੰਥਕ ਸੇਵਾ ਦਲ ਨੂੰ 8æ38 ਫੀਸਦੀ ਵੋਟਾਂ ਮਿਲੀਆਂ ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਇਸ ਦੌਰਾਨ ਆਜ਼ਾਦ ਉਮੀਦਵਾਰ ਵੀ ਕਰੀਬ 14 ਫੀਸਦੀ ਵੋਟਾਂ ਲੈ ਗਏ। ਇਨ੍ਹਾਂ ਵਿਚ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਵੀ ਸ਼ਾਮਲ ਹੈ।
ਇਸ ਵਾਰ ਚੋਣਾਂ ਲੜਨ ਵਾਲੇ ਧੜਿਆਂ ਵਿਚੋਂ ਦੋਵੇਂ ਮੁੱਖ ਧੜਿਆਂ ਤੋਂ ਇਲਾਵਾ ਸਿਰਫ ਪੰਥਕ ਸੇਵਾ ਦਲ ਹੀ ਅਗਲੀ ਵਾਰ ਲਈ ਇਕੋ ਪੱਕਾ ਚੋਣ ਨਿਸ਼ਾਨ ਲੈਣ ਦੇ ਕਾਬਲ ਹੋਵੇਗਾ ਕਿਉਂਕਿ ਉਸ ਨੇ ਦਿੱਲੀ ਗੁਰਦੁਆਰਾ ਐਕਟ ਦੀ ਸ਼ਰਤ ਮੁਤਾਬਕ ਕੁੱਲ ਭੁਗਤੀਆਂ ਵੋਟਾਂ ਵਿਚੋਂ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।
ਸੂਤਰਾਂ ਮੁਤਾਬਕ ਪਰਦੇ ਪਿੱਛੇ ਅਕਾਲ ਸਹਾਇ ਵੈਲਫੇਅਰ ਸੁਸਾਇਟੀ, ਪੰਥਕ ਸੇਵਾ ਦਲ ਤੇ ਸਿੱਖ ਸਦਭਾਵਨਾ ਦਲ ਦੇ ਆਗੂਆਂ ਦਰਮਿਆਨ ਕਈ ਦਿਨਾਂ ਤੱਕ ਬੈਠਕਾਂ ਦਾ ਦੌਰ ਵੀ ਚੱਲਿਆ, ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਸਿਰਫ ਕੁਝ ਹਲਕਿਆਂ ਲਈ ਹੀ ਅਕਾਲ ਸਹਾਇ ਤੇ ਸਿੱਖ ਸਦਭਾਵਨਾ ਦਲ ਦਰਮਿਆਨ ਹੀ ਦੋਵਾਂ ਧੜਿਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਸਮਝੌਤਾ ਹੋਇਆ।
ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਸਮਝੌਤਾ ਕਰਨ ਤੋਂ ਟਾਲਾ ਵੱਟਿਆ, ਪਰ ਚੋਣਾਂ ਦੌਰਾਨ ਕੋਈ ਸਫਲਤਾ ਨਾ ਪਾ ਸਕੇ। ਭਾਈ ਰਣਜੀਤ ਸਿੰਘ ਨੇ ਕਾਂਗਰਸੀ ਆਗੂ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦਾ ਪੂਰਾ ਸਮਰਥਨ ਕੀਤਾ ਤੇ ਮਾਰਵਾਹ ਨੇ ਜਿੱਤ ਵੀ ਹਾਸਲ ਕੀਤੀ।
ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂæਕੇæ) ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਰਨਾ ਭਰਾ ਵਿਰੋਧੀ ਧਿਰਾਂ ਨੂੰ ਜੇਕਰ ਇਕੱਠਾ ਕਰ ਲੈਂਦੇ ਤਾਂ ਉਨ੍ਹਾਂ ਦਾ ਇੰਨਾ ਮਾੜਾ ਹਸ਼ਰ ਨਹੀਂ ਸੀ ਹੋਣਾ ਤੇ ਦਿੱਲੀ ਕਮੇਟੀ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਉਨ੍ਹਾਂ ਇਹ ਵੀ ਤਰਕ ਵੀ ਦਿੱਤਾ ਕਿ ਜੇਕਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਦੇ 11 ਮਾਰਚ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੋਈਆਂ ਹੁੰਦੀਆਂ ਤਾਂ ਬਾਦਲਾਂ ਲਈ ਵੀ ਹਾਲਤ ਹੋਰ ਹੋਣੇ ਸਨ। ਅਕਾਲੀ ਦਲ ਦਾ ਜਨਤਕ ਤੌਰ ‘ਤੇ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਜਿੱਤ ਦਾ ਮੁੱਖ ਕਾਰਨ ਵਿਰੋਧੀ ਵੋਟ ਵੰਡੇ ਜਾਣ ਨੂੰ ਹੀ ਮੰਨਿਆ ਜਾ ਰਿਹਾ ਹੈ।
ਛੋਟੇ ਦਲਾਂ ਨੇ ਵੀ ਪਾਏ ਸਰਨਾ ਧੜੇ ਦੀ ਬੇੜੀ ਵਿਚ ਵੱਟੇ: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਲਗਾਤਾਰ ਦੂਜੀ ਵਾਰ ਹੋਈ ਹਾਰ ਪਿੱਛੇ ਦਿੱਲੀ ਕਮੇਟੀ ਦੀਆਂ ਚੋਣਾਂ ਲੜ ਰਹੇ ਛੋਟੇ ਦਲਾਂ ਜਾਂ ਧੜਿਆਂ ਦੀ ਕਾਰਗੁਜ਼ਾਰੀ ਵੀ ਰਹੀ ਤੇ ਇਨ੍ਹਾਂ ਧੜਿਆਂ ਨੇ ਸਰਨਾ ਧੜੇ ਦੇ ਵੋਟ ਬੈਂਕ ਨੂੰ ਖੋਰਾ ਲਾਇਆ ਹੈ। ਪੰਥਕ ਸੇਵਾ ਦਲ ਵੱਲੋਂ ਖੜ੍ਹੇ ਉਮੀਦਵਾਰਾਂ ਨੇ ਸਭ ਤੋਂ ਵਧ ਨੁਕਸਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦਾ ਕੀਤਾ ਕਿਉਂਕਿ ਕਦੇ ਇਸ ਦਲ ਤੋਂ ਜਿੱਤੇ ਦੋ ਮੁੱਖ ਆਗੂ ਅਵਤਾਰ ਸਿੰਘ ਕਾਲਕਾਜੀ (ਹੁਣ ‘ਆਪ’ ਵਿਧਾਇਕ) ਤੇ ਕਰਤਾਰ ਸਿੰਘ ਕੋਛੜ ਪੰਥਕ ਸੇਵਾ ਦਲ ਬਣਾਉਣ ਵਾਲੇ ਸਨ। ਇਨ੍ਹਾਂ ਦੋਵਾਂ ਆਗੂਆਂ ਦਾ ਆਧਾਰ ਵੀ ਸਰਨਾ ਧੜੇ ਵਾਲੇ ਵੋਟ ਬੈਂਕ ਵਿਚ ਰਿਹਾ ਜਿਸ ਕਰ ਕੇ ਕਈ ਹਲਕਿਆਂ ਵਿਚ ਜੋ ਵੋਟਾਂ ਪੰਥਕ ਸੇਵਾ ਦਲ ਨੂੰ ਮਿਲੀਆਂ, ਉਹ ‘ਆਪ’ ਨਾਲ ਹਮਦਰਦੀ ਰੱਖਣ ਵਾਲੇ ਸਿੱਖਾਂ ਦੀਆਂ ਮੰਨੀਆਂ ਜਾ ਰਹੀਆਂ ਹਨ। ਅਵਤਾਰ ਸਿੰਘ ਕਾਲਕਾ ਤੇ ਸ੍ਰੀ ਕੋਛੜ ਦਿੱਲੀ ਦੇ ‘ਆਪ’ ਨਾਲ ਜੁੜੇ ਇਸ ਵੋਟ ਬੈਂਕ ਨੂੰ ਆਪਣੇ ਵੱਲ ਕੁਝ ਹਲਕਿਆਂ ਵਿਚ ਤਾਂ ਤੋਰ ਸਕੇ ਜਿਸ ਕਰ ਕੇ ਸਰਨਾ ਭਰਾਵਾਂ ਨੂੰ ਕਰਾਰੀ ਹਾਰ ਹੋਈ।
_______________________________________________
ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਜਿੱਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਨਤੀਜੇ ਫਰੇਬ ਅਤੇ ਸਨਸਨੀ ਫੈਲਾਅ ਕੇ ਸੱਤਾ ਹਾਸਲ ਕਰਨ ਦੀ ਚਾਹਤ ਪਾਲ ਰਹੇ ਭਾੜੇ ਦੇ ਲੋਕਾਂ ‘ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਜਿੱਤ ਹੈ। ਸ਼ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਸਿੱਖ ਕੌਮ ਨੇ ਉਨ੍ਹਾਂ ਲੋਕਾਂ ਵਿਰੁੱਧ ਵੱਡੀ ਜਿੱਤ ਹਾਸਲ ਕੀਤੀ ਹੈ।
_________________________________________________
ਦਿੱਲੀ ਕਮੇਟੀ ਚੋਣਾਂ ਦੇ ਅੰਕੜਿਆਂ ‘ਤੇ ਝਾਤ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮਨਜੀਤ ਸਿੰਘ ਜੀæਕੇæ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 46 ਵਿਚੋਂ 35 ਵਾਰਡ ਜਿੱਤ ਲਏ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਨੂੰ ਦੋ ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਪੰਥਕ ਸੇਵਾ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਆਮ ਅਕਾਲੀ ਦਲ ਵੀ ਕਿਤੇ ਨਹੀਂ ਰੜਕਿਆ। ਆਜ਼ਾਦ ਉਮੀਦਵਾਰਾਂ ਵਜੋਂ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰਾਂ ਗੁਰਮੀਤ ਸਿੰਘ ਸ਼ੰਟੀ ਤੇ ਕਾਂਗਰਸੀ ਆਗੂ ਤਰਵਿੰਦਰ ਸਿੰਘ ਮਰਵਾਹ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ‘ਚ ਮਨਜੀਤ ਸਿੰਘ ਜੀæਕੇæ ਹਰਜੀਤ ਸਿੰਘ ਜੀæਕੇæ, ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਅਮਰਜੀਤ ਸਿੰਘ ਪੱਪੂ, ਪਰਮਜੀਤ ਸਿੰਘ ਰਾਣਾ, ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ ਦੇ ਨਾਂ ਪ੍ਰਮੁੱਖ ਹਨ। ਸਭ ਤੋਂ ਵੱਧ ਵੋਟਾਂ ਵਾਰਡ-1 ਰੋਹਿਣੀ ਤੋਂ ਵਿਕਰਮ ਸਿੰਘ ਨੇ (2804 ਵੋਟਾਂ) ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਦਾ ਵਿਰੋਧੀ ਮਨਜੀਤ ਸਿੰਘ ਸੱਚਦੇਵਾ (904 ਵੋਟਾਂ) ਤੋਂ ਜਿੱਤ ਦਾ ਅੰਤਰ ਵੀ ਸਭ ਤੋਂ ਵੱਧ 1900 ਵੋਟਾਂ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਮਨਮੋਹਨ ਸਿੰਘ (1047 ਵੋਟਾਂ) ਨੇ ਵਿਕਾਸਪੁਰੀ ਵਾਰਡ-30 ਤੋਂ ਸਭ ਤੋਂ ਘੱਟ ਫਰਕ (15 ਵੋਟਾਂ) ਨਾਲ ਸਰਨਾ ਧੜੇ ਦੇ ਅਮਰੀਕ ਸਿੰਘ (1032 ਵੋਟਾਂ) ਨੂੰ ਹਰਾਇਆ। ਮਨਜੀਤ ਸਿੰਘ ਜੀæਕੇæ (1747 ਵੋਟਾਂ) ਨੇ ਆਜ਼ਾਦ ਉਮੀਦਵਾਰ ਮਹਾਨ ਸਿੰਘ (517 ਵੋਟਾਂ) ਨੂੰ 1230 ਵੋਟਾਂ ਨਾਲ ਹਰਾਇਆ।
ਦਿੱਲੀ ਦੀ ਸਿੱਖ ਸਿਆਸਤ ‘ਚ ਤੀਜੀ ਧਿਰ ਵਜੋਂ ਉਭਰਨ ਦੀ ਕੋਸ਼ਿਸ਼ ਕਰਨ ਵਾਲੇ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਗੁਰਦੇਵ ਸਿੰਘ (ਰਮੇਸ਼ ਨਗਰ ਵਾਰਡ), ਕੋ-ਕਨਵੀਨਰ ਸੰਗਤ ਸਿੰਘ (ਕਾਲਕਾਜੀ ਵਾਰਡ), ਹਰਪਾਲ ਸਿੰਘ (ਜੰਗਪੁਰਾ ਵਾਰਡ), ਖੁਰੇਜੀ ਖਾਸ ਵਾਰਡ ਤੋਂ ਜਗਤਾਰ ਸਿੰਘ ਤੇ ਪ੍ਰੀਤ ਵਿਹਾਰ ਤੋਂ ਚਰਨ ਸਿੰਘ ਉਹ ਉਮੀਦਵਾਰ ਹਨ ਜੋ ਦੂਜੇ ਸਥਾਨ ‘ਤੇ ਆਏ।