ਦਿੱਲੀ ਚੋਣਾਂ ਵਿਚ ਜਿੱਤ ਪਿੱਛੋਂ ਅਕਾਲੀ ਦਲ ਸਾਹਮਣੇ ਵੱਡੀਆਂ ਚੁਣੌਤੀਆਂ

ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਚੋਣਾਂ ਵਿਚ ਮੁੜ ਵੱਡੀ ਜਿੱਤ ਪ੍ਰਾਪਤ ਕਰਨ ਨਾਲ ਜਿਥੇ ਮਨਜੀਤ ਸਿੰਘ ਜੀæਕੇæ ਦਾ ‘ਸਿਆਸੀ ਕੱਦ’ ਵਧਿਆ ਹੈ, ਉਥੇ ਉਨ੍ਹਾਂ ਨੂੰ ਦਰਪੇਸ਼ ਕਈ ਨਵੀਆਂ ਚੁਣੌਤੀਆਂ ਹਨ। ਇਸ ਵਾਰ ਦੀਆਂ ਚੋਣਾਂ ਜੀæਕੇæ ਦੇ ਚਿਹਰੇ ਉਪਰ ਲੜੀਆਂ ਗਈਆਂ ਤੇ ਅਕਾਲੀ ਦਲ ਦੀ ਇਹ ਰਣਨੀਤੀ ਸਫਲ ਵੀ ਰਹੀ। ਪੰਜਾਬ ਦੀ ਲੀਡਰਸ਼ਿਪ ਨੂੰ ਚੋਣਾਂ ਤੋਂ ਦੂਰ ਰੱਖਣਾ ਸਮਝਦਾਰੀ ਵਾਲਾ ਫੈਸਲਾ ਸਾਬਤ ਹੋਇਆ।

ਪਿਛਲੀਆਂ ਚੋਣਾਂ ਵੇਲੇ ਕੀਤੇ ਕੁਝ ਵਾਅਦੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਸ਼ੁਰੂ ਕਰਨਾ ਤੇ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣਾ ਆਦਿ ਪਿਛਲੇ 4 ਸਾਲਾਂ ਦੌਰਾਨ ਸ਼ੁਰੂ ਨਹੀਂ ਹੋ ਸਕੇ। ਸ੍ਰੀ ਜੀæਕੇæ ਲਈ ਗੁਰੂ ਹਰਿਕ੍ਰਿਸ਼ਨ ਹਸਪਤਾਲ ਸ਼ੁਰੂ ਕਰਨਾ ਵੱਡਾ ਕਾਰਜ ਹੋਵੇਗਾ। ਇਸ ਕੰਮ ਲਈ ਤਿੰਨ-ਚਾਰ ਸਾਲਾਂ ਦੌਰਾਨ 500 ਕਰੋੜ ਦੀ ਲੋੜ ਹੋਵੇਗੀ। ਦਿੱਲੀ ਕਮੇਟੀ ਦਾ ਬਜਟ ਸਾਲਾਨਾ 100 ਕਰੋੜ ਦਾ ਹੈ, ਜਿਸ ਵਿਚੋਂ ਮੁਲਾਜ਼ਮਾਂ ਦੀ ਤਨਖਾਹ ਤੇ ਹੋਰ ਖਰਚੇ ਹੁੰਦੇ ਹਨ। ਪਹਿਲਾਂ ਹੀ ਦਿੱਲੀ ਕਮੇਟੀ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੀ ਹੈ, ਕਿਉਂਕਿ ਛੇਵੇਂ ਤਨਖਾਹ ਕਮਿਸ਼ਨ ਦਾ 6-7 ਸਾਲ ਦਾ ਭੁਗਤਾਨ ਕਰਨ ਨਾਲ ਕਮੇਟੀ ਦਾ ਵਿੱਤੀ ਪ੍ਰਬੰਧ ਗੜਬੜਾ ਗਿਆ ਹੈ। ਗੁਰੂ ਤੇਗ ਬਹਾਦਰ ਯੂਨੀਵਰਸਿਟੀ ਲਈ ਜ਼ਮੀਨ ਲੈਣਾ ਤੇ ਯੂਨੀਵਰਸਿਟੀ ਤਿਆਰ ਕਰਨ ਲਈ ਵੱਡੇ ਵਿੱਤੀ ਪ੍ਰਬੰਧ ਦੀ ਲੋੜ ਹੋਵੇਗੀ ਤੇ ਇਹ ਸਭ ਆਪਣੇ ਹੀ ਬਲਬੂਤੇ ਕਰਨਾ ਹੋਵੇਗਾ।
ਅਪਰੈਲ ਵਿਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਤੇ ਅਕਾਲੀ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਇਹ ਚੋਣਾਂ ਲੜਦੇ ਆਏ ਹਨ ਤੇ ਕੌਂਸਲਰਾਂ ਨੂੰ ਨਿਗਮ ਵਿਚ ਭੇਜਦੇ ਰਹੇ ਹਨ। ਪਿਛਲੀਆਂ ਨਿਗਮ ਚੋਣਾਂ ਵਾਂਗ ਇਸ ਵਾਰ ਵੀ ਅਕਾਲੀਆਂ ਦੇ ਕੋਟੇ ਵਿਚੋਂ ਸਿੱਖ ਨਿਗਮ ਕੌਂਸਲਰਾਂ ਨੂੰ ਜਿਤਾ ਕੇ ਭੇਜਣਾ ਸ੍ਰੀ ਜੀæਕੇæ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਹੋਰ ਚੁਣੌਤੀ ਹੋਵੇਗੀ।
_____________________________________
ਨਤੀਜਿਆਂ ਪਿੱਛੋਂ ਖੁੱਸ ਸਕਦੀ ਹੈ ਸਰਨਾ ਭਰਾਵਾਂ ਦੀ ਸਰਦਾਰੀ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਦੋਵਾਂ ਮੁੱਖ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਦਲ ਵਿਚਲੀ ‘ਸਰਦਾਰੀ’ ਨੂੰ ਖਤਰਾ ਪੈਦਾ ਹੋ ਸਕਦਾ ਹੈ। ਸਰਨਾ ਧੜੇ ਵਿਚ ਕੁਝ ਆਗੂ ਪੰਜਾਬ ਵਿਚਲੇ ਅਕਾਲੀ ਦਲ ਅੰਦਰ ਪਰਿਵਾਰਵਾਦ ਦਾ ਵਿਰੋਧ ਕਰ ਰਹੇ ਹਨ। ਸਰਨਾ ਭਰਾਵਾਂ ਦੀ ਅਗਵਾਈ ਹੇਠ ਇਸ ਵਾਰ ਦੀ ਦੂਜੀ ਵੱਡੀ ਹਾਰ ਮਗਰੋਂ ਇਸ ਦਲ ਦੇ ਕਾਰਕੁਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਉਨ੍ਹਾਂ ਦਾ ਭਵਿੱਖ ਸਰਨਾ ਭਰਾਵਾਂ ਦੀ ਅਗਵਾਈ ਹੇਠ ਸੁਰੱਖਿਅਤ ਹੈ। ਇਸ ਵਾਰ ਦੀਆਂ ਦਿੱਲੀ ਕਮੇਟੀ ਚੋਣਾਂ ਦੌਰਾਨ ਕਾਂਗਰਸ ਨੇ ਵੀ ਅੰਦਰਖਾਤੇ ਸਰਨਾ ਭਰਾਵਾਂ ਦਾ ਸਾਥ ਨਹੀਂ ਦਿੱਤਾ ਸਗੋਂ ਯਮੁਨਾਪਾਰ ਦੇ ਇਕ ਹਲਕੇ ਵਿਚ ਦਿੱਲੀ ਕਾਂਗਰਸ ਦੇ ਇਕ ਵੱਡੇ ਸਿੱਖ ਆਗੂ ਨੇ ਆਪਣੇ ਕਰੀਬੀ ਆਜ਼ਾਦ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਜੋ ਕਿ ਸਰਨਾ ਭਰਾਵਾਂ ਦੇ ਪਹਿਲਾਂ ਕਰੀਬੀ ਰਿਹਾ ਸੀ। 2013 ਦੀਆਂ ਚੋਣਾਂ ਮਗਰੋਂ ਵੀ ਸਰਨਾ ਧੜੇ ਵਿਚ ਫੁੱਟ ਪਈ ਸੀ ਤੇ ਜਿੱਤੇ 8 ਮੈਂਬਰਾਂ ਵਿਚੋਂ 5 ਨੇ ਬਲਬੀਰ ਸਿੰਘ ਵਿਵੇਕ ਵਿਹਾਰ ਦੀ ਅਗਵਾਈ ਹੇਠ ਵੱਖ ਹੋਣਾ ਬਿਹਤਰ ਸਮਝਿਆ ਸੀ। ਹਾਲਾਂ ਕਿ ਚੋਣਾਂ ਤੋਂ ਪਹਿਲਾਂ ਸਰਨਾ ਭਰਾ ਰੁੱਸੇ ਹੋਏ ਆਗੂਆਂ ਵਿਵੇਕ ਵਿਹਾਰ ਤੇ ਕੁਲਦੀਪ ਸਿੰਘ ਕਰੋਲ ਬਾਗ਼ ਨੂੰ ਮਨਾਉਣ ਵਿਚ ਸਫਲ ਰਹੇ ਸਨ। ਹੁਣ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਲੀਡਰਸ਼ਿਪ ਬਦਲਣ ਦੀ ਮੰਗ ਉਠਣ ਦੇ ਆਸਾਰ ਹਨ।
________________________________________
ਬਾਦਲਾਂ ਲਈ ਇਕ ਹੋਰ ਅਗਨੀ ਪ੍ਰੀਖਿਆæææ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਲਈ ਇਕ ਪ੍ਰੀਖਿਆ ਹੋਰ ਆਉਣ ਵਾਲੀ ਹੈ। ਇਹ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਮੌਜੂਦਾ ਕਮੇਟੀ ਦੀ ਮਿਆਦ 17 ਸਤੰਬਰ, 2016 ਨੂੰ ਖਤਮ ਹੋ ਗਈ ਹੈ, ਪਰ ਹਾਕਮ ਧਿਰ ਅਜੇ ਚੋਣਾਂ ਕਰਾਉਣ ਦੇ ਰੌਂਅ ਵਿਚ ਨਹੀਂ ਨਜ਼ਰ ਆ ਰਹੀ। ਇਸੇ ਕਰ ਕੇ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਹਾਈ ਕੋਰਟ ਨੇ ਕੇਂਦਰ ਤੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਹਾਈ ਕੋਰਟ ਦੇ ਦਖਲ ਕਰ ਕੇ ਕੇਂਦਰ ਸਰਕਾਰ ਕਮੇਟੀ ਚੋਣਾਂ ਨੂੰ ਹਰੀ ਝੰਡੀ ਦੇ ਸਕਦੀ ਹੈ।
ਕਾਬਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਏ ਜਾਣ ਬਾਰੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ‘ਤੇ ਹਾਈ ਕੋਰਟ ਵਿਚ ਸੁਣਵਾਈ ਹੋਈ। ਜ਼ਿਲ੍ਹਾ ਅੰਮ੍ਰਿਤਸਰ ਦੇ ਬਲਦੇਵ ਸਿੰਘ ਸਿਰਸਾ ਵੱਲੋਂ ਦਾਖਲ ਪਟੀਸ਼ਨ ‘ਤੇ ਹਾਈ ਕੋਰਟ ਨੇ ਕੇਂਦਰ ਤੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ ਜਾਰੀ ਕਰਦਿਆਂ ਜਸਟਿਸ ਐਮæਐਮæਐਸ਼ ਬੇਦੀ ਨੇ ਅਗਲੀ ਸੁਣਵਾਈ 31 ਮਾਰਚ ਨੂੰ ਤੈਅ ਕਰ ਦਿੱਤੀ ਹੈ।
_________________________________________
ਸਰਨਾ ਧੜੇ ਨੂੰ ਹੇਰਾਫੇਰੀ ਦਾ ਸ਼ੱਕ
ਅੰਮ੍ਰਿਤਸਰ: ਹਾਕਮ ਧਿਰ ਵਿਰੋਧੀ ਲਹਿਰ ਦੇ ਬਾਵਜੂਦ ਦਿੱਲੀ ਗੁਰਦੁਆਰਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੋਧੀ ਧਿਰਾਂ ਦੀ ਹਾਰ ਦਾ ਵੱਡਾ ਕਾਰਨ ਆਪਸੀ ਇਕਜੁਟਤਾ ਦੀ ਘਾਟ ਅਤੇ ਆਪੋ-ਧਾਪੀ ਰਿਹਾ ਹੈ। ਇਸ ਦੌਰਾਨ ਸਰਨਾ ਧੜੇ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਕੋਲ ਅਰਜ਼ੀ ਦਾਇਰ ਕਰ ਕੇ ਬੈਲਟ ਬਾਕਸ ਰੱਖਣ ਵਾਲੀ ਥਾਂ ‘ਤੇ ਲੱਗੇ ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ ਦੀ ਮੰਗ ਕੀਤੀ ਗਈ ਹੈ।
ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਹਾਕਮ ਧਿਰ ਨੇ ਬੇਈਮਾਨੀ ਕੀਤੀ ਗਈ ਹੈ। ਵੋਟਾਂ ਪੈਣ ਤੋਂ ਬਾਅਦ ਬੈਲਟ ਪੇਪਰ ਬਕਸਿਆਂ ਨਾਲ ਛੇੜਛਾੜ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਰਜ਼ੀ ਦੇ ਕੇ ਅਪੀਲ ਕੀਤੀ ਗਈ ਹੈ, ਜਿਸ ਰਾਹੀਂ ਉਨ੍ਹਾਂ ਬੈਲਟ ਬਕਸੇ ਰੱਖਣ ਵਾਲੀ ਥਾਂ ‘ਤੇ ਲਾਏ ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਇਹ ਫੁਟੇਜ ਘੋਖਣ ਮਗਰੋਂ ਇਸ ਸਬੰਧੀ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ਤੋਂ ਹਾਕਮ ਧਿਰ ਦੀ ਸ਼ਹਿ ‘ਤੇ ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਖਰੀ ਦਿਨ ਹਾਕਮ ਧਿਰ ਨੇ ਵੋਟਰਾਂ ਨੂੰ ਪੈਸੇ ਅਤੇ ਸ਼ਰਾਬ ਵੰਡ ਕੇ ਆਪਣੇ ਹੱਕ ਵਿਚ ਭੁਗਤਾਇਆ।