ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ‘ਵਾਰ ਹੀਰੋਜ਼ ਮੈਮੋਰੀਅਲ’

ਅੰਮ੍ਰਿਤਸਰ: ਦੇਸ਼ ਦੀ ਰੱਖਿਆ ਖਾਤਰ ਸਦੀਆਂ ਤੋਂ ਜਾਨਾਂ ਕੁਰਬਾਨ ਕਰਦੇ ਆ ਰਹੇ ਹਜ਼ਾਰਾਂ ਪੰਜਾਬੀ ਸੂਰਬੀਰ ਯੋਧਿਆਂ, ਸਿੱਖ ਸੈਨਿਕਾਂ ਤੇ ਭਾਰਤੀ ਫੌਜ ਦੇ ਗੌਰਵਮਈ ਇਤਿਹਾਸ ਦੇ ਯਾਤਰੂਆਂ ਨੂੰ ਬਾਖੂਬੀ ਰੂ-ਬਰੂ ਕਰਵਾ ਰਿਹਾ ਹੈ ਗੁਰੂ ਨਗਰੀ ‘ਚ 150 ਕਰੋੜ ਦੀ ਲਾਗ ਨਾਲ ਬਣਿਆ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ’।

ਸ਼ਹਿਰ ਦੀ ਉਪ ਨਗਰੀ ਛੇਹਰਟਾ, ਵਿਖੇ ਪੰਜਾਬ ਸਰਕਾਰ ਵੱਲੋਂ ਕਰੀਬ 7 ਏਕੜ ਰਕਬੇ ਵਿਚ ਬਣਾਇਆ ਗਿਆ ਇਹ ਮੈਮੋਰੀਅਲ ਤੇ ਅਜਾਇਬ ਘਰ ਗੇਟਵੇ ਆਫ ਇੰਡੀਆ ਬਾਈਪਾਸ ਚੌਂਕ ਨੇੜੇ ਪੁੱਜਣ ਤੋਂ ਪਹਿਲਾਂ ਹੀ ਇਸ ਮੈਮੋਰੀਅਲ ਵਿਖੇ ਸ਼ਹੀਦਾਂ ਦੀ ਯਾਦ ‘ਚ ਸਥਾਪਤ ਕੀਤੀ ਗਈ 6 ਕਰੋੜ ਦੀ ਕੀਮਤ ਵਾਲੀ ਦੁਨੀਆਂ ਦੀ ਸਭ ਤੋਂ ਉਚੀ ਸਟੇਨਲੈਸ ਸਟੀਲ ਦੀ ਤਲਵਾਰ ਹਵਾ ‘ਚ ਲਹਿਰਾਉਂਦੀ ਦਿਖਾਈ ਦਿੰਦੀ ਹੈ ਜੋ ਦੇਸ਼ ਦੀ ਰਾਖੀ ਲਈ ਤਾਇਨਾਤ ਅਤੇ ਜਾਨਾਂ ਨਿਛਾਵਰ ਕਰ ਗਏ ਜਾਂਬਾਜ਼ ਪੰਜਾਬੀ ਸੈਨਿਕਾਂ ਨੂੰ ਸਮਰਪਤ ਕੀਤੀ ਗਈ ਹੈ। ਮੈਮੋਰੀਅਲ ਦੇ ਗੇਟ ਤੋਂ ਅੰਦਰ ਦਾਖਲ ਹੁੰਦਿਆਂ ਹੀ ਖੱਬੇ ਹੱਥ ਵਿਹੜੇ ‘ਚ ‘ਵਾਲ ਆਫ ਹੀਰੋਜ਼’ ਨਜ਼ਰੀ ਪੈਂਦੀ ਹੈ, ਜਿਸ ‘ਤੇ ਸਾਰਾਗੜੀ ਦੇ 21 ਮਹਾਨ ਸ਼ਹੀਦ ਸਿੱਖ ਸੈਨਿਕਾਂ ਦੇ ਖੂਬਸੂਰਤ ਮਿਊਰਲ ਚਿੱਤਰ ਬਣਾਏ ਗਏ ਅਤੇ ਨਾਲ ਹੀ ਦੀਵਾਰ ‘ਤੇ ਇਨ੍ਹਾਂ ਮਹਾਨ ਸੈਨਿਕਾਂ ਦੇ ਨਾਂ ਅੰਕਿਤ ਕੀਤੇ ਹੋਏ ਹਨ। ਇਸ ਦੇ ਨਾਲ ਹੀ ਸੰਗੀਤਮਈ ਫੁਹਾਰਾ ਲਗਾਇਆ ਗਿਆ ਹੈ। ਦੁਨੀਆਂ ਦੀ ਸਭ ਤੋਂ ਉਚੀ 45 ਮੀਟਰ ਸਟੇਨਲੈਸ ਸਟੀਲ ਦੀ ਤਲਵਾਰ ਜੋ ਮੁੰਬਈ ‘ਚ ਤਿਆਰ ਹੋਈ ਹੈ ਤੇ ਮੈਮੋਰੀਅਲ ਬ੍ਰਿਜ ਉਤੇ ਸਥਾਪਤ ਇਸ ਤਲਵਾਰ ‘ਤੇ ਪਿੱਤਲ ਦੀ ਕਾਰੀਗਰੀ ਦਿੱਲੀ ਦੇ ਮਸ਼ਹੂਰ ਕਲਾਕਾਰ ਰਾਮ ਸੁਤਾਰ ਵੱਲੋਂ ਕੀਤੀ ਹੋਈ ਹੈ, ਜੋ ਕਿ ਜਲਦੀ ਹੀ ਗਿੰਨੀਜ਼ ਬੁੱਕ ਆਫ ਵਰਲਡਜ਼ ਰਿਕਾਰਡਜ਼ ‘ਚ ਦਰਜ ਹੋਣ ਜਾ ਰਹੀ ਹੈ। ਇਸ ਦੇ ਐਨ ਹੇਠਾਂ ਬ੍ਰਿਜ ‘ਤੇ ਬਣੀ ਵਾਟਰ ਫਾਲ ਦੀ ਦੀਵਾਰ ‘ਤੇ ਪੰਜਾਬ ਦੇ ਹੁਣ ਤੱਕ ਹੋਏ 3800 ਸ਼ਹੀਦ ਸੈਨਿਕਾਂ ਦੇ ਨਾਂ ਵਿਸ਼ੇਸ਼ ਧਾਂਤ ਉਤੇ ਉਕਰੇ ਜਾ ਰਹੇ ਹਨ।
ਇਸ ਤੋਂ ਅੱਗੇ ਵੱਖਰੇ ਵਿੰਗ ਵਿਚ 8 ਗੈਲਰੀਆਂ ਸ਼ੁਰੂ ਹੁੰਦੀਆਂ ਹਨ। ਪਹਿਲੀ ਗੈਲਰੀ ਵਿਚ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਡੌਮ ‘ਚ ਆਧੁਨਿਕ ਤਕਨੀਕਾਂ ਤੇ ਰੌਸ਼ਨੀਆਂ ਰਾਹੀਂ ਪਹਿਲੀਆਂ ਪੰਜ ਸਿੱਖ ਪਾਤਸ਼ਾਹੀਆਂ ਦਾ ਸੰਖੇਪ ਜੀਵਨ, ਦੂਜੀ ਵਿਚ ਛੇਵੇਂ ਪਾਤਸ਼ਾਹ ਵੱਲੋਂ ਜ਼ਬਰ ਜ਼ੁਲਮ ਵਿਰੁੱਧ ਲੜੀਆਂ ਗਈਆਂ ਚਾਰ ਮਹਾਨ ਜੰਗਾਂ ਅਤੇ ਦਸਵੀਂ ਪਾਤਾਸ਼ਾਹੀ ਅਤੇ ਸਿੱਖ ਰਾਜ ਦੇ ਉਸਰਈਏ ਤੇ ਮਹਾਨ ਸਿੱਖ ਯੋਧੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਦੇਸ਼ ਦੀ ਰੱਖਿਆ ਲਈ ਕੀਤੇ ਮਹਾਨ ਯੁੱਧਾਂ ਅਤੇ ਧਰਮ ਤੇ ਦੇਸ਼ ਕੌਮ ਦੀ ਰੱਖਿਆ ਲਈ ਕੁਰਬਾਨੀਆਂ ਕਰਨ ਵਾਲੇ ਸਾਹਿਬਜ਼ਾਦਿਆਂ ਅਤੇ ਮਹਾਨ ਸਿੰਘ, ਸਿੰਘਣੀਆਂ ਦਾ ਸਚਿੱਤਰ ਇਤਿਹਾਸ ਬਾਖੂਬੀ ਦਰਸਾਇਆ ਗਿਆ ਹੈ।
ਤੀਜੀ ਗੈਲਰੀ ‘ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਦਰਬਾਰ ਅਤੇ ਉਨ੍ਹਾਂ ਦੀ ਕਮਾਂਡ ਹੇਠ ਲੜੀਆਂ ਗਈਆਂ ਜੰਗਾਂ ਬਾਰੇ ਆਧੁਨਿਕ ਤਕਨੀਕਾਂ, ਤਸਵੀਰਾਂ ਤੇ ਸਿਲੀਕਾਨ ਦੇ ਬਣੇ ਹੂਬਹੂ ਲੱਗਦੇ ਵੱਡੇ ਕੱਦ ਬੁੱਤਾਂ ਸਹਿਤ ਸਿੱਖ ਰਾਜ ਦੇ ਇਤਿਹਾਸ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਚੌਥੀ ਗੈਲਰੀ ‘ਚ ਅੰਗਰੇਜ਼ਾਂ ਦੇ ਰਾਜ ਸਮੇਂ ਸਿੱਖ ਮਹਾਰਾਜਾ ਰਣਜੀਤ ਸਿੰਘ ਦੀਆਂ ਸਿੱਖ ਫੌਜਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਇਤਿਹਾਸਕ ਜੰਗਾਂ, ਸਾਰਾਗੜੀ ਦੇ ਕਿਲੇ ਵਿਚ 21 ਸਿੱਖ ਸੈਨਿਕਾਂ ਵੱਲੋਂ ਬਹਾਦਰੀ ਨਾਲ ਲੜਦਿਆਂ ਦਿੱਤੀਆਂ ਸ਼ਹਾਦਤਾਂ ਅਤੇ ਪਹਿਲੀ ਤੇ ਦੂਜੀ ਸੰਸਾਰ ਜੰਗ ਸਮੇਂ ਸਿੱਖ ਫੌਜੀਆਂ ਦੇ ਦੂਜੇ ਮੁਲਕਾਂ ‘ਚ ਜਾ ਕੇ ਬਹਾਦਰੀ ਨਾਲ ਲੜਨ ਸਬੰਧੀ ਇਤਿਹਾਸ ਦਰਸਾਇਆ ਗਿਆ ਹੈ।
ਇਸ ਤੋਂ ਅੱਗੇ ਦੀਆਂ ਗੈਲਰੀਆਂ ‘ਚ ਸੰਨ 47 ਤੋਂ ਬਾਅਦ ਪਾਕਿਸਤਾਨੀ ਘੁਸਪੈਠੀਆਂ ਵੱਲੋਂ ਕਸ਼ਮੀਰ ‘ਤੇ ਹਮਲੇ, ਫਿਰ 1962 ਵਿਚ ਚੀਨ ਨਾਲ ਯੁੱਧ, 1965 ਅਤੇ 71 ਵਿਚ ਪਾਕਿਸਤਾਨ ਨਾਲ ਹੋਈਆਂ ਦੋ ਅਹਿਮ ਜੰਗਾਂ ਅਤੇ 1999 ਵਿਚ ਕਾਰਗਿਲ ਜੰਗ ਸਬੰਧੀ ਬਹੁਮੁੱਲੀ ਜਾਣਕਾਰੀ ਤਸਵੀਰਾਂ, ਹਵਾਲਿਆਂ, ਮਾਡਲਾਂ ਅਤੇ ਪ੍ਰੋਜੈਕਟਰਾਂ ਦੀ ਸਹਾਇਤਾ ਨਾਲ ਦਰਸਾਈ ਗਈ ਹੈ, ਜਿਸ ‘ਚ ਪੰਜਾਬੀ ਸੈਨਿਕਾਂ ਵੱਲੋਂ ਦਿਖਾਈ ਲਾਮਿਸਾਲ ਬਹਾਦਰੀ ਦਾ ਵਰਨਣ ਕੀਤਾ ਗਿਆ ਹੈ। ਨਵੀਂ ਉਸਾਰੀ ਜਾ ਰਹੀ ਆਖਰੀ ਤੇ 9ਵੀਂ ਗੈਲਰੀ ਵਿਚ ਭਾਰਤੀ ਫੌਜ ਵੱਲੋਂ ਬੀਤੇ ਸਮਿਆਂ ‘ਚ ਜੰਗਾਂ ਦੌਰਾਨ ਵਰਤੇ ਗਏ ਹਥਿਆਰਾਂ ਅਤੇ ਅਜੋਕੇ ਆਧੁਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਏ ਜਾਣ ਦੀ ਤਜਵੀਜ਼ ਹੈ।
ਅਜਾਇਬ ਘਰ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਦਰਬਾਰੀਆਂ ਅਤੇ ਹਾਥੀ ਘੋੜਿਆਂ ਆਦਿ ਦੇ ਸਿਲੀਕਾਨ ਦੇ ਬਣੇ ਬੁੱਤ ਅਸਲੀ ਹੋਣ ਦਾ ਭੁਲੇਖਾ ਪਾਉਂਦੇ ਹਨ। ਇਨ੍ਹਾਂ ਗੈਲਰੀਆਂ ਵਿਚ ਜਿਥੇ ਗਾਈਡ ਲੜਕੇ ਲੜਕੀਆਂ ਸੈਲਾਨੀਆਂ ਦੀ ਸਹਾਇਤਾ ਕਰਦੇ ਹਨ, ਉਥੇ ਵੱਖ-ਵੱਖ ਭਾਸ਼ਾਵਾਂ ਵਿਚ ਜਾਣਕਾਰੀ ਦਿੰਦੇ ਟੱਚ ਸਕਰੀਨ ਮਲਟੀਮੀਡੀਆ ਕੰਪਿਊਟਰ ਅਤੇ ਆਡੀਓ ਵੀਡਿਓ ਸਿਸਟਮ ਵੀ ਸੈਲਾਨੀਆਂ ਦੀ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਇਸ ਯਾਦਗਾਰ ‘ਚ ਦਰਸ਼ਕ ਗੈਲਰੀਆਂ ਤੋਂ ਇਲਾਵਾ ਬਾਹਰਲੇ ਵਿਹੜੇ ‘ਚ ਹਿੰਦ-ਪਾਕਿ ਜੰਗਾਂ ਦੇ ਗਵਾਹ ਤੇ ਪਾਕਿ ਫੌਜ ਤੋਂ ਭਾਰਤੀ ਸੈਨਿਕਾਂ ਵੱਲੋਂ ਖੋਹੇ ‘ਸ਼ਰਮਨ’ ਤੇ ‘ਪੈਂਟਨ ਟੈਕ’, ਮਿੱਗ-23 ਲੜਾਕੂ ਹਵਾਈ ਜਹਾਜ, ਜੰਗੀ ਬੇੜੇ ‘ਵਿਕਰਾਂਤ’ ਦਾ ਮਾਡਲ, ਜੰਗੀ ਜਹਾਜ ਦਾ ਸਿਮੂਲੇਟਰ, ਵੱਖ-ਵੱਖ ਤੋਪਾਂ ਤੇ ਹੋਰ ਹਥਿਆਰ ਵੀ ਯਾਤਰੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੇ ਹਨ।
_____________________________
3-ਡੀ ਫਿਲਮ ਰਾਹੀਂ ਵੀਰਾਂ ਦੀ ਗਾਥਾ
ਅੰਮ੍ਰਿਤਸਰ: ਇਸ ਮੈਮੋਰੀਅਲ ‘ਚ ਫਰਾਂਸੀਸੀ ਤਕਨੀਕ ਨਾਲ ਸਥਾਪਤ 3ਡੀ ਥੀਏਟਰ, ਜਿਸ ਦੀ ਸੀਟਾਂ ਦੀ ਸਮਰੱਥਾ 72 ਹੈ, ਵਿਚ ਸਾਰਗੜੀ ਦੇ ਇਤਿਹਾਸਕ ਸਾਕੇ ਦੌਰਾਨ ਹਵਾਲਦਾਰ ਈਸ਼ਰ ਦੀ ਅਗਵਾਈ ਵਿਚ 21 ਸਿੱਖ ਸੈਨਿਕਾਂ ਵੱਲੋਂ ਦਿਖਾਈ ਗਈ ਬਹਾਦਰੀ 3-ਡੀ ਫਿਲਮ ਵੀਰਾਂ ਦੀ ਗਾਥਾ ਰਾਹੀਂ ਦਿਖਾਈ ਜਾਂਦੀ ਹੈ। ਇਥੇ ਭਾਰਤੀ ਖਾਸ ਕਰ ਕੇ ਸਿੱਖ ਸੈਨਿਕਾਂ ਦੀ ਬਹਾਦਰੀ ਨਾਲ ਸਬੰਧਤ ਕੁਝ ਲਘੂ ਫਿਲਮਾਂ ਦਰਸ਼ਕਾਂ ਨੂੰ ਬਦਲ ਬਦਲ ਕੇ ਦਿਖਾਈਆਂ ਜਾਂਦੀਆਂ ਹਨ।