ਹਿੰਦੂਤਵ: ਜਿਸ ਦਾ ਅਕੀਦਾ ਹੀ ਅਤਿਵਾਦ ਹੈ…

ਬੂਟਾ ਸਿੰਘ
ਫੋਨ: +91-94634-74342
ਸੰਘ ਪਰਿਵਾਰ ਦੇ ਹਿੰਦੂਤਵ ਦੇ ਏਜੰਡੇ ਬਾਰੇ ਚਰਚਾ ਕਰਦਿਆਂ ਆਮ ਤੌਰ ‘ਤੇ ਦੋ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ- ਇਸ ਦੀ ਘੋਰ ਦਹਿਸ਼ਤਗਰਦ ਫ਼ਿਤਰਤ ਅਤੇ ਹਿੰਦੁਸਤਾਨੀ ਸਟੇਟ ਦਾ ਇਸ ਪ੍ਰਤੀ ਖ਼ਾਸ ਨਰਮਗੋਸ਼ਾ। ਹੁਣ ਵੀ ਕੇਂਦਰ ਵਿਚ ਮੋਦੀ ਸਰਕਾਰ ਬਣਾਏ ਜਾਣ ਤੋਂ ਬਾਅਦ ਇਸ ਵਲੋਂ ਰਾਜ ਮਸ਼ੀਨਰੀ ਦੀ ਮਦਦ ਨਾਲ ਹਿੰਦੂਤਵ ਦਾ ਏਜੰਡਾ ਥੋਪਣ ਲਈ ਕੀਤੀ ਜਾ ਰਹੀ ਸ਼ਰੇਆਮ ਹਿੰਸਾ ਨੂੰ ਲੈ ਕੇ ਤਾਂ ਖ਼ੂਬ ਚਰਚਾ ਹੋ ਰਹੀ ਹੈ,

ਲੇਕਿਨ ਮਈ 2014 ਤੋਂ ਪਹਿਲਾਂ ਦੇ ਦੌਰ ਵਿਚ ਇਸ ਦੇ ਖ਼ੂਨੀ ਗਰੋਹ ਕਿਸ ਤਰ੍ਹਾਂ ਦੀ ਕਤਲੋਗ਼ਾਰਤ ਕਰਦੇ ਰਹੇ, ਉਸ ਦੇ ਤੱਥ ਇਤਿਹਾਸ ਦੀ ਗ਼ਰਦ ਹੇਠ ਦਬ ਕੇ ਰਹਿ ਗਏ ਹਨ। ਜਿਨ੍ਹਾਂ ਹਿੰਦੂਤਵੀ ਮੁਜਰਿਮਾਂ ਉਪਰ ਮੁਕੱਦਮੇ ਚੱਲ ਰਹੇ ਸਨ ਤੇ ਉਹ ਜੇਲ੍ਹਾਂ ਵਿਚ ਸਨ, ਉਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਕੋਈ ਵੀ ਹਾਕਮ ਜਮਾਤੀ ਪਾਰਟੀ ਅਤੇ ਕੋਈ ਵੀ ਸਰਕਾਰੀ ਏਜੰਸੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ।
ਇਸ ਦੇ ਉਲਟ, ਜਦੋਂ ਸਮਾਜ ਦਾ ਕੋਈ ਦਬਾਇਆ ਹੋਇਆ ਹਿੱਸਾ ਸਦੀਵੀ ਦਾਬੇ, ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਤੋਂ ਨਿਜਾਤ ਹਾਸਲ ਕਰਨ ਲਈ ਸਥਾਪਤੀ ਤੋਂ ਨਾਬਰੀ ਦਾ ਰਾਹ ਅਖ਼ਤਿਆਰ ਕਰਦਾ ਹੈ ਤੇ ਸਥਾਪਤੀ ਦੀ ਹਿੰਸਾ ਤੋਂ ਆਪਣੀ ਰਾਖੀ ਲਈ ਜਵਾਬੀ ਹਿੰਸਾ ਦਾ ਸਹਾਰਾ ਲੈਂਦਾ ਹੈ, ਉਦੋਂ ਸਮੁੱਚਾ ਹਾਕਮ ਜਮਾਤੀ ਕੋੜਮਾ ਇਕਸੁਰ ਹੋ ਕੇ ‘ਦਹਿਸ਼ਤਗਰਦੀ’ ਦੀ ਦੁਹਾਈ ਦੇਣੀ ਸ਼ੁਰੂ ਕਰ ਦਿੰਦਾ ਹੈ। ਇਨਸਾਫ਼ ਲਈ ਮਜ਼ਲੂਮ ਧਿਰ ਦੇ ਇੰਤਹਾਪਸੰਦ ਪ੍ਰਤੀਕਰਮ ਨੂੰ ਹੀ ‘ਦਹਿਸ਼ਤਗਰਦੀ’ ਕਰਾਰ ਦੇ ਕੇ ਉਸ ਖ਼ਿਲਾਫ਼ ਪੁਲਿਸ, ਨੀਮ-ਫ਼ੌਜ ਲਗਾ ਦਿੱਤੀ ਜਾਂਦੀ ਹੈ। ਟਾਡਾ, ਯੂæਏæਪੀæਏæ ਵਰਗੇ ਖ਼ਾਸ ਕਾਨੂੰਨਾਂ ਤਹਿਤ ਕੇਸ ਚਲਾਏ ਜਾਂਦੇ ਹਨ। ਫ਼ੌਜ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ; ਜਦਕਿ ਸੰਘ ਦੀਆਂ ਜਥੇਬੰਦੀਆਂ ਬਾਰੇ ਇੰਞ ਨਹੀਂ ਹੈ। ਇਨ੍ਹਾਂ ਨੂੰ ਕਦੇ ਵੀ ਦਹਿਸ਼ਤਗਰਦ ਕਰਾਰ ਨਹੀਂ ਦਿੱਤਾ ਗਿਆ, ਨਾ ਇਨ੍ਹਾਂ ਉਪਰ ਦਹਿਸ਼ਤਗਰਦੀ ਵਿਰੋਧੀ ਵਿਸ਼ੇਸ਼ ਕਾਨੂੰਨ ਲਗਾਏ ਜਾਂਦੇ ਹਨ। ਡਾæ ਨਰਿੰਦਰ ਡਭੋਲਕਰ, ਕਾਮਰੇਡ ਗੋਬਿੰਦ ਪਾਨਸਰੇ, ਡਾæ ਕਲਬੁਰਗੀ ਵਰਗੀਆਂ ਹਰਮਨਪਿਆਰੀਆਂ ਸ਼ਖਸੀਅਤਾਂ ਦੇ ਕਤਲਾਂ ਦੀ ਸਹੀ ਜਾਂਚ ਹੋ ਜਾਂਦੀ ਤਾਂ ਹੁਣ ਤਕ ਖ਼ੁਲਾਸਾ ਹੋ ਜਾਣਾ ਸੀ ਕਿ ਇਨ੍ਹਾਂ ਕਤਲਾਂ ਦੀ ਸਾਜ਼ਿਸ਼ ਕਿਨ੍ਹਾਂ ਹਿੰਦੂਤਵੀ ਸਰਗਨਿਆਂ ਨੇ ਬਣਾਈ ਸੀ। ਲਿਹਾਜ਼ਾ, ਹਿੰਦੂਤਵੀ ਫਾਸ਼ੀਵਾਦੀ ਵਰਤਾਰੇ ਨੂੰ ਸਹੀ ਪ੍ਰਸੰਗ ਵਿਚ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਤੀਤ ਦੇ ਖ਼ੂਨੀ ਬਿਰਤਾਂਤ ਨੂੰ ਮੁੜ ਚੇਤੇ ਕੀਤਾ ਜਾਵੇ।
ਅਤੀਤ ਦੇ ਕੁਝ ਖ਼ੂਨੀ ਕਾਂਡਾਂ ਉਪਰ ਸੰਖੇਪ ਨਜ਼ਰ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਆਰæਐਸ਼ਐਸ਼ ਸਭ ਤੋਂ ਖ਼ਤਰਨਾਕ ਦਹਿਸ਼ਤਗਰਦ ਜਥੇਬੰਦੀ ਹੈ ਜਿਸ ਦੇ ਖ਼ਾਸ ਗਰੋਹ ਐਸੀ ਮੁਸਤੈਦੀ ਨਾਲ ਦਹਿਸ਼ਤਗਰਦ ਕਾਂਡ ਰਚਦੇ ਹਨ ਜਿਸ ਕਾਰਨ ਸਾਜ਼ਿਸ਼ ਉਪਰ ਸਹਿਜੇ ਹੀ ਪਰਦਾ ਬਣਿਆ ਰਹਿੰਦਾ ਹੈ। ਮਸਲਨ, 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਦੀ ਕੀ ਭੂਮਿਕਾ ਸੀ, ਇਸ ਬਾਰੇ ਕਦੇ ਜਾਂਚ ਨਹੀਂ ਹੋਈ। ਦਿੱਲੀ ਵਿਚ ਹੋਏ ਕਤਲੇਆਮ ਬਾਰੇ ਆਪਣੀ ਭਰਵੀਂ ਜਾਂਚ ਰਿਪੋਰਟ “ਦੋਸ਼ੀ ਕੌਣ?” ਵਿਚ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਅਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਇਸ ਬਾਬਤ ਕੁਝ ਤੱਥ ਕਲਮਬੰਦ ਕੀਤੇ ਸਨ, ਪਰ ਉਸ ਤੋਂ ਬਾਅਦ ਬਣੇ ਜਾਂਚ ਕਮਿਸ਼ਨਾਂ ਨੇ ਇਸ ਕੜੀ ਦੀ ਜਾਂਚ ਹੀ ਨਹੀਂ ਕੀਤੀ।
ਨਤੀਜਾ ਸਭ ਦੇ ਸਾਹਮਣੇ ਹੈ, ਆਰæ ਐਸ਼ ਐਸ਼ ਤਾਂ ਕੀ, ਕਾਂਗਰਸ ਦੇ ਕਿਸੇ ਮੁੱਖ ਸਰਗਨੇ ਨੂੰ ਸਜ਼ਾ ਨਹੀਂ ਹੋਈ। ਇਸੇ ਤਰ੍ਹਾਂ ਦਸੰਬਰ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਭੜਕਾਈ ਹਿੰਸਾ ਅਤੇ ਫਿਰ 2002 ਦੇ ਗੋਧਰਾ ਰੇਲ ਕਾਂਡ ਤੋਂ ਬਾਅਦ ਗੁਜਰਾਤ ਵਿਚ ਮੁਸਲਿਮ ਭਾਈਚਾਰੇ ਦੀ ਵਿਉਂਤਬਧ ਕਤਲੋਗ਼ਾਰਤ ਨੂੰ ਫਿਰਕੂ ਫ਼ਸਾਦਾਂ ਦੇ ਰਵਾਇਤੀ ਜੁਮਰੇ ਵਿਚ ਰੱਖ ਕੇ ਤਾਂ ਪੜਤਾਲਿਆ ਗਿਆ, ਲੇਕਿਨ ਇਸ ਨੂੰ ਹਿੰਦੂਤਵੀ ਦਹਿਸ਼ਤਗਰਦੀ ਦੇ ਤੌਰ ‘ਤੇ ਨਹੀਂ ਲਿਆ ਗਿਆ। ਬੱਚਿਆਂ ਦੀ ਤਸਕਰੀ ਕਰਨ, ਆਈæਐਸ਼ਆਈæ ਲਈ ਜਾਸੂਸੀ ਅਤੇ ਸੱਚ ਨੂੰ ਸੱਚ ਕਹਿਣ ਦਾ ਜੇਰਾ ਦਿਖਾਉਣ ਵਾਲੀਆਂ ਕੁੜੀਆਂ ਨੂੰ ਬਲਾਤਕਾਰ ਦੀਆਂ ਧਮਕੀਆਂ ਦੇਣ ਦੇ ਜੋ ਮਾਮਲੇ ਹੁਣ ਸਾਹਮਣੇ ਆ ਰਹੇ ਹਨ, ਉਹ ਇਸੇ ਵਿਆਪਕ ਦਹਿਸ਼ਤਗਰਦ ਤਾਣੇਬਾਣੇ ਦਾ ਹਿੱਸਾ ਹਨ। ਸੰਘ ਦਾ ਵਿਸ਼ਾਲ ਤੰਤਰ ਵਿਆਪਕ ਮਸ਼ੀਨ ਦੇ ਸਿਲਸਿਲੇਵਾਰ ਪੁਰਜਿਆਂ ਵਾਂਗ ਕੰਮ ਕਰਦਾ ਹੈ, ਜਿਸ ਨੂੰ ਲੈ ਕੇ ਬਾਰੀਕੀ ਵਿਚ ਜਾਂਚ ਕੀਤੇ ਜਾਣ ‘ਤੇ ਹੀ ਪੂਰੀ ਸਾਜ਼ਿਸ਼ ਸਾਹਮਣੇ ਆ ਸਕਦੀ ਹੈ। ਇਹ ਇਸ ਰਾਜ ਢਾਂਚੇ ਦੇ ਏਜੰਡੇ ਉਪਰ ਨਹੀਂ। ਖੁਫ਼ੀਆ ਏਜੰਸੀਆਂ, ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਅਤੇ ਮੀਡੀਆ ਅੰਦਰ ਆਰæ ਐਸ਼ ਐਸ਼ ਦੀ ਡੂੰਘੀ ਘੁਸਪੈਠ ਜਾਂਚ ਨੂੰ ਸੁਖਾਲਿਆਂ ਹੀ ਲੀਹੋਂ ਲਾਹ ਦਿੰਦੀ ਹੈ। ਮੁਸਲਿਮ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾਂਦਾ ਹੈ ਅਤੇ ਹਿੰਦੂਤਵੀ ਮੁਜਰਿਮ ਵੱਡੇ-ਵੱਡੇ ਕਾਂਡਾਂ ਨੂੰ ਅੰਜਾਮ ਦੇ ਕੇ ਵੀ ਸਾਫ਼ ਬਚ ਨਿਕਲਦੇ ਹਨ। ਫਿਰ ਵੀ ਸੰਘ ਦੀਆਂ ਜਥੇਬੰਦੀਆਂ ਦਾ ਬਹੁਤ ਸਾਰੀਆਂ ਭਿਆਨਕ ਵਾਰਦਾਤਾਂ ਵਿਚ ਹੱਥ ਕਿਸੇ ਤਰ੍ਹਾਂ ਸਾਹਮਣਾ ਆ ਹੀ ਗਿਆ ਅਤੇ ਇਸ ਦਾ ਖ਼ੂਨੀ ਚਿਹਰਾ ਨੰਗਾ ਹੋ ਗਿਆ।
21ਵੀਂ ਸਦੀ ਦੇ ਮੁੱਢ ਵਿਚ, ਖ਼ਾਸ ਕਰ ਕੇ 2002 ਤੋਂ ਲੈ ਕੇ 2008 ਦਰਮਿਆਨ ਮੁਲਕ ਵਿਚ ਕਈ ਥਾਂਵਾਂ ਉਪਰ ਵੱਡੇ-ਵੱਡੇ ਬੰਬ ਧਮਾਕੇ ਹੋਏ, ਉਹ ਸਾਰੇ ਆਰæਐਸ਼ਐਸ਼ ਨੇ ਕਰਵਾਏ ਸਨ। ਇਨ੍ਹਾਂ ਵਾਰਦਾਤਾਂ ਦੀ ਜਾਂਚ ਬਾਰੀਕੀ ਨਾਲ ਕਰਨ ‘ਤੇ ਭੇਤ ਖੁੱਲ੍ਹਿਆ ਕਿ ਖ਼ੌਫ਼ਨਾਕ ਵਾਰਦਾਤਾਂ ਕਰਨ ਵਾਲਾ ਹਿੰਦੂਤਵੀ ਗਰੋਹ ਸੀ, ਪਰ ਕੇਂਦਰੀ ਜਾਂਚ ਏਜੰਸੀਆਂ ਵਲੋਂ ਇਨ੍ਹਾਂ ਪਿੱਛੇ ਮੁਸਲਿਮ ਦਹਿਸ਼ਤਗਰਦਾਂ ਦਾ ਹੱਥ ਦੱਸ ਕੇ ਜਾਣ-ਬੁਝ ਕੇ ਬੇਕਸੂਰ ਮੁਸਲਮਾਨ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸਾੜਿਆ ਗਿਆ। ਜਦੋਂ ਮਹਾਰਾਸ਼ਟਰ ਦੇ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੇ ਇਨ੍ਹਾਂ ਸਾਜ਼ਿਸ਼ਾਂ ਦੀ ਤਹਿ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਇਕ ਮੁਕਾਬਲੇ ਦੌਰਾਨ ਉਹ ਸ਼ੱਕੀ ਹਾਲਾਤ ਵਿਚ ਮਾਰਿਆ ਗਿਆ, ਪਰ ਉਸ ਨੇ ਸਾਜ਼ਿਸ਼ ਤੋਂ ਜਿੰਨਾ ਕੁ ਪਰਦਾ ਚੁੱਕਣ ਵਿਚ ਕਾਮਯਾਬੀ ਹਾਸਲ ਕੀਤੀ, ਉਸ ਨੇ ਦਹਿਸ਼ਤਗਰਦ ਵਾਰਦਾਤਾਂ ਬਾਰੇ ਹਿੰਦੁਸਤਾਨੀ ਖੁਫ਼ੀਆ ਏਜੰਸੀਆਂ ਅਤੇ ਮੀਡੀਆ ਵਲੋਂ ਖੜ੍ਹੀਆਂ ਕੀਤੀਆਂ ਬਹੁਤ ਸਾਰੀਆਂ ਮਿੱਥਾਂ ਦੇ ਪਰਖਚੇ ਉਡਾ ਦਿੱਤੇ। ਮੁੱਢਲੀ ਜਾਂਚ ਤੋਂ ਹੀ ਐਨੇ ਸਨਸਨੀਖੇਜ਼ ਇੰਕਸਾਫ਼ ਹੋਏ ਕਿ ਮੂੰਹਫਟ ਹਿੰਦੂਤਵੀ ਆਗੂ ਐਲ਼ਕੇæ ਅਡਵਾਨੀ ਨੇ ਤੁਰੰਤ ਸੰਘ ਬ੍ਰਿਗੇਡ ਦੀ ਸਫ਼ਾਈ ਦੇਣੀ ਸ਼ੁਰੂ ਕਰ ਦਿੱਤੀ ਕਿ ਹਿੰਦੂ ਤਾਂ ਦਹਿਸ਼ਤਗਰਦ ਹੋ ਹੀ ਨਹੀਂ ਸਕਦੇ, ਇਹ ਤਾਂ ਸੰਘ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸੰਘ ਪਰਿਵਾਰ ਜਿਸ ‘ਐਨਕਾਊਂਟਰ ਸਪੈਸ਼ਲਿਸਟ’ ਹੇਮੰਤ ਕਰਕਰੇ ਦੀ ਦੇਸ਼ ਭਗਤੀ ਦਾ ਗੁਣਗਾਣ ਕਰਦਾ ਨਹੀਂ ਸੀ ਥੱਕਦਾ, ਜਦੋਂ ਉਸ ਨੇ ਹਿੰਦੂਤਵੀ ਜਥੇਬੰਦੀਆਂ ਦਾ ਦਹਿਸ਼ਤਗਰਦ ਚਿਹਰਾ ਉਜਾਗਰ ਕੀਤਾ ਤਾਂ ਨਾ ਸਿਰਫ਼ ਉਸ ਦੇ ਖ਼ਿਲਾਫ਼ ਪ੍ਰਚਾਰ ਸ਼ੁਰੂ ਹੋ ਗਿਆ, ਸਗੋਂ ਸਾਜ਼ਿਸ਼ੀ ਤਰੀਕੇ ਨਾਲ ਉਸ ਦਾ ਸਫ਼ਾਇਆ ਵੀ ਕਰਵਾ ਦਿੱਤਾ ਗਿਆ (ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸ੍ਰੀ ਕਰਕਰੇ ਦੀ ਪਤਨੀ ਕਵਿਤਾ ਨੇ ਲਗਾਇਆ ਸੀ)।
29 ਸਤਬੰਰ 2008 ਨੂੰ ਮਾਲੇਗਾਓਂ ਦੇ ਭੀਕੂ ਚੌਕ ਵਿਚ ਵੱਡਾ ਬੰਬ ਧਮਾਕਾ ਹੋਇਆ ਜਿਸ ਵਿਚ ਛੇ ਜਣਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਲੋਕ ਜ਼ਖ਼ਮੀ ਹੋਏ। ਹਮੇਸ਼ਾ ਵਾਂਗ ਖੁਫ਼ੀਆ ਏਜੰਸੀ ਆਈæਬੀæ (ਇੰਟੈਲੀਜੈਂਸ ਬਿਊਰੋ) ਨੇ ‘ਸਿਮੀ’, ਇੰਡੀਅਨ ਮੁਜਾਹੀਦੀਨ, ‘ਹੂਜੀ’ ਵਰਗੀਆਂ ਮੁਸਲਿਮ ਜਥੇਬੰਦੀਆਂ ਵੱਲ ਬਿਨਾਂ ਕੋਈ ਜਾਂਚ ਕੀਤੇ ਉਂਗਲ ਕਰ ਦਿੱਤੀ ਅਤੇ ਮੀਡੀਆ ਨੇ ਇਸੇ ਨੂੰ ਖ਼ਬਰ ਬਣਾ ਕੇ ਲੋਕਾਂ ਅੱਗੇ ਪਰੋਸ ਦਿੱਤਾ; ਲੇਕਿਨ ਜਾਂਚ ਕਰਨ ‘ਤੇ ਵਾਰਦਾਤ ਵਾਲੀ ਥਾਂ ਤੋਂ ਬਾਈਕ ਮਿਲਿਆ ਜਿਸ ਦੀ ਮਾਲਕੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਸੀ। ਅਗਲੇਰੀ ਜਾਂਚ ਦੌਰਾਨ ਜਿਨ੍ਹਾਂ ਮੁਜਰਿਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਵਿਚ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ ਆਦਿ ਸ਼ਾਮਲ ਸਨ ਜਿਨ੍ਹਾਂ ਨੇ ਬੰਬ ਬਣਾਉਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਆਰæਡੀæਐਕਸ਼ ਵੀ ਸਪਲਾਈ ਕੀਤਾ ਸੀ। ਇਹ ਸਾਰੇ ਸੰਘ ਪਰਿਵਾਰ ਦੇ ਕਾਰਕੁਨ ਸਨ। ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਦਯਾਨੰਦ ਪਾਂਡੇ ਕੋਲੋਂ ਜੋ ਤਿੰਨ ਲੈਪਟਾਪ ਮਿਲੇ, ਉਨ੍ਹਾਂ ਵਿਚ ‘ਅਭਿਨਵ ਭਾਰਤ’ ਦੀਆਂ ਤਮਾਮ ਮੀਟਿੰਗਾਂ ਦੇ 48 ਆਡੀਓ ਅਤੇ ਵੀਡੀਓ ਰੱਖੇ ਹੋਏ ਸਨ। ਤਿੰਨ ਵੀਡੀਓ ਅਤੇ ਦੋ ਆਡੀਓ ਕਲਿੱਪ ਦਾ ਕਰਕਰੇ ਵਲੋਂ ਸ਼ਾਬਦਿਕ ਉਤਾਰਾ ਕੀਤੇ ਜਾਣ ‘ਤੇ ‘ਹਿੰਦੂ ਰਾਸ਼ਟਰ’ ਦੇ ਨਾਂ ਹੇਠ ਵਿਆਪਕ ਸਾਜ਼ਿਸ਼ ਦਾ ਭੇਤ ਖੁੱਲ੍ਹ ਗਿਆ। ਜਦੋਂ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਟੈਸਟ ਕੀਤੇ ਗਏ ਤਾਂ ਉਸ ਤੋਂ ਹੋਰ ਵੀ ਸਨਸਨੀਖੇਜ਼ ਖ਼ੁਲਾਸਾ ਹੋਇਆ ਕਿ ਮਾਲੇਗਾਓਂ ਵਾਰਦਾਤ ਤੋਂ ਪਹਿਲਾਂ ਜੋ ਸਮਝੌਤਾ ਐਕਸਪ੍ਰੈੱਸ, ਮਾਲੇਗਾਓਂ 2006, ਅਜਮੇਰ ਸ਼ਰੀਫ਼, ਮੱਕਾ ਮਸਜਿਦ (ਹੈਦਰਾਬਾਦ) ਆਦਿ ਬੰਬ ਧਮਾਕੇ ਹੋਏ ਸਨ, ਇਹ ਸਾਰੇ ਅਭਿਨਵ ਭਾਰਤ ਨੇ ਹੋਰ ਹਿੰਦੂਤਵੀ ਜਥੇਬੰਦੀਆਂ ਦੀ ਮਦਦ ਨਾਲ ਕੀਤੇ ਸਨ। ਕਰਕਰੇ ਦੇ ਮਾਰੇ ਜਾਣ ਨਾਲ ਬਾਕੀ 43 ਆਡੀਓ ਅਤੇ ਵੀਡੀਓ ਕਲਿੱਪਾਂ ਵਿਚ ਬੰਦ ਜਾਣਕਾਰੀ ਦਬਾ ਦਿੱਤੀ ਗਈ।
ਫਿਰ ਵੀ, ਇਸ ਜਾਂਚ ਤੋਂ ਘੱਟੋ-ਘੱਟ ਇਹ ਜ਼ਰੂਰ ਸਾਬਤ ਹੋ ਗਿਆ ਕਿ 2007 ਵਿਚ 11 ਅਕੂਤਬਰ ਨੂੰ ਅਜਮੇਰ ਸ਼ਰੀਫ਼ ਦਰਗਾਹ (ਰਾਜਸਥਾਨ) ਵਿਚ ਅਤੇ 18 ਅਗਸਤ ਨੂੰ ਮੱਕਾ ਮਸਜਿਦ (ਹੈਦਰਾਬਾਦ) ਵਿਚ ਹੋਏ ਬੰਬ ਧਮਾਕਿਆਂ ਨੂੰ ਆਈæਬੀæ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਸ਼ਕਰ-ਏ-ਤਾਇਬਾ, ਹੂਜੀ, ਜੈਸ਼-ਏ-ਮੁਹੰਮਦ, ਸਿਮੀ ਆਦਿ ਮੁਸਲਿਮ ਜਥੇਬੰਦੀਆਂ ਦੇ ਖ਼ਾਤੇ ਪਾ ਦਿੱਤਾ ਸੀ ਅਤੇ ਮੀਡੀਆ ਨੇ ਇਸ ਝੂਠੇ ਦਾਅਵੇ ਨੂੰ ਨਹਾਇਤ ਗ਼ੈਰ ਜ਼ਿੰਮੇਵਾਰੀ ਨਾਲ ਪ੍ਰਚਾਰਿਆ ਸੀ। 2007 ਤੋਂ 2010 ਤਕ ਫਰਜ਼ੀ ਸਬੂਤਾਂ ਦੇ ਆਧਾਰ ‘ਤੇ ਕਈ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲੈਫਟੀਨੈਂਟ ਕਰਨਲ ਪੁਰੋਹਿਤ ਸਮੇਤ ਤਿੰਨ ਹਿੰਦੂਤਵੀ ਦਹਿਸ਼ਤਗਰਦਾਂ ਦੇ ਨਾਰਕੋ ਟੈਸਟ ਦੇ ਆਧਾਰ ‘ਤੇ 2010 ਵਿਚ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਵਲੋਂ ਜਦੋਂ ਇਨ੍ਹਾਂ ਬੰਬ ਕਾਂਡਾਂ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਇਸ ਨਾਲ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਜੈ ਬੰਦੇ ਮਾਤ੍ਰਮ ਜਥੇਬੰਦੀਆਂ ਦੀ ਭੂਮਿਕਾ ਦੀ ਤਸਦੀਕ ਹੋ ਗਈ। ਇਸ ਜਾਂਚ ਵਿਚ ਸੁਨੀਲ ਜੋਸ਼ੀ, ਸੰਦੀਪ ਡਾਂਗੇ ਸਮੇਤ 10 ਉਘੇ ਹਿੰਦੂਤਵੀ ਕਾਰਕੁਨਾਂ ਦੇ ਨਾਂ ਸਾਹਮਣੇ ਆ ਗਏ ਜਿਨ੍ਹਾਂ ਵਿਚ ਆਰæਐਸ਼ਐਸ਼ ਦਾ ਉੱਘਾ ਆਗੂ ਸਵਾਮੀ ਅਸੀਮਾਨੰਦ ਵੀ ਸੀ।
ਇਸ ਨਾਲ ਸਮਝੌਤਾ ਐਕਸਪ੍ਰੈੱਸ ਬੰਬ ਦੀ ਮੁੜ ਜਾਂਚ ਦੀ ਜ਼ਰੂਰਤ ਉਭਰੀ। ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਦੋਸਤਾਨਾ ਰਿਸ਼ਤੇ ਦੀ ਬਹਾਲੀ ਲਈ ਚਲਾਈ ਸਮਝੌਤਾ ਐਕਸਪ੍ਰੈੱਸ ਟਰੇਨ ਵਿਚ 19 ਫਰਵਰੀ 2007 ਨੂੰ ਪਾਣੀਪਤ ਨੇੜੇ ਕੀਤੇ ਬੰਬ ਧਮਾਕੇ ਵਿਚ 68 ਲੋਕ ਮਾਰੇ ਗਏ ਸਨ। ਮੁੱਢਲੇ ਸਬੂਤਾਂ ਦੇ ਬਾਵਜੂਦ ਆਈæਬੀæ ਨੇ ਐਂਟੀ ਟੈਰਰਿਸਟ ਸੁਕਐਡ (ਮਹਾਰਾਸ਼ਟਰ) ਨੂੰ ਇਸ ਦੀ ਜਾਂਚ ਨਹੀਂ ਕਰਨ ਦਿੱਤੀ। ਆਖ਼ਿਰਕਾਰ 2010 ਵਿਚ ਕੌਮੀ ਜਾਂਚ ਏਜੰਸੀ ਵਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਮੱਕਾ ਮਸਜਿਦ ਅਤੇ ਅਜਮੇਰ ਸ਼ਰੀਫ਼ ਬੰਬ ਕਾਂਡਾਂ ਵਿਚ ਗ੍ਰਿਫ਼ਤਾਰ ਸਵਾਮੀ ਅਸੀਮਾਨੰਦ ਨੇ ਅਦਾਲਤ ਵਿਚ ਦਸੰਬਰ 2010 ਨੂੰ ਮੱਕਾ ਮਸਜਿਦ ਮਾਮਲੇ ਵਿਚ ਅਤੇ ਜਨਵਰੀ 2011 ਵਿਚ ਅਜਮੇਰ ਸ਼ਰੀਫ਼ ਮਾਮਲੇ ਵਿਚ ਇਕਬਾਲੀਆ ਬਿਆਨ ਦੇ ਕੇ ਭੇਤ ਖੋਲ੍ਹ ਦਿੱਤਾ ਕਿ ਇਨ੍ਹਾਂ ਦੋ ਬੰਬ ਕਾਂਡਾਂ ਤੋਂ ਇਲਾਵਾ ਮਾਲੇਗਾਓਂ 2006 ਅਤੇ ਸਮਝੌਤਾ ਐਕਸਪ੍ਰੈੱਸ 2007 ਦੇ ਧਮਾਕੇ ਵੀ ਹਿੰਦੂਤਵੀ ਜਥੇਬੰਦੀਆਂ ਨੇ ਹੀ ਕੀਤੇ ਸਨ ਅਤੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਸਲਿਮ ਨੌਜਵਾਨ ਬੇਕਸੂਰ ਹਨ। ਲਿਹਾਜ਼ਾ ਮਾਲੇਗਾਓਂ 2006 ਦੀ ਮੁੜ ਜਾਂਚ ਕੀਤੇ ਜਾਣ ‘ਤੇ ਗ੍ਰਿਫ਼ਤਾਰ ਕੀਤੇ 9 ਬੇਕਸੂਰ ਮੁਸਲਮਾਨਾਂ ਦੀ ਪੰਜ ਸਾਲ ਬਾਅਦ ਰਿਹਾਈ ਸੰਭਵ ਹੋਈ।
ਉਪਰੋਕਤ ਬੰਬ ਕਾਂਡਾਂ ਦੀ ਜਾਂਚ ਨੇ ਬਹੁਤ ਹੀ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਕਿ ਐਸੇ ਬੰਬ ਧਮਾਕੇ ਕਰਨ ਲਈ 2002-2003 ਦੌਰਾਨ ਵਿਸ਼ੇਸ਼ ਜਥੇਬੰਦੀ ‘ਅਭਿਨਵ ਭਾਰਤ’ ਬਣਾਈ ਗਈ ਸੀ ਜਿਸ ਦਾ ਮੁੱਖ ਉਦੇਸ਼ ਮੌਜੂਦਾ ਰਾਜ ਢਾਂਚੇ ਨੂੰ ਕਮਜ਼ੋਰ ਕਰ ਕੇ ਉਸ ਦੀ ਥਾਂ ‘ਤੇ ਮਨੂਸਮਰਿਤੀ ਅਤੇ ਵੇਦਾਂ ਉਪਰ ਆਧਾਰਤ ‘ਆਰੀਆਵ੍ਰਤ ਹਿੰਦੂ ਰਾਸ਼ਟਰ’ ਦਾ ਨਿਰਮਾਣ ਕਰਨਾ ਸੀ। ਇਹ ਆਰæਐਸ਼ਐਸ਼ ਦੇ ਕੱਟੜਵਾਦੀਆਂ ਵਲੋਂ ਬਣਾਈ ਜਥੇਬੰਦੀ ਸੀ। ਇਹ ਜਥੇਬੰਦੀ ਅਰਾਜਕਤਾ ਫੈਲਾਉਣ ਲਈ ਬੰਬ ਧਮਾਕੇ ਕਰਵਾ ਕੇ ਉਨ੍ਹਾਂ ਦਾ ਇਲਜ਼ਾਮ ਮੁਸਲਮਾਨਾਂ ਉਪਰ ਲਗਾਉਂਦੀ ਸੀ। ਇਸ ਲਈ ਫ਼ੌਜ ਵਿਚਲੇ ਆਪਣੇ ਅਹਿਮ ਸੰਪਰਕਾਂ ਜ਼ਰੀਏ ਨੇਪਾਲ ਅਤੇ ਇਜ਼ਰਾਈਲ ਵਰਗੇ ਮੁਲਕਾਂ ਅਤੇ ਨਾਗਾ ਬਾਗ਼ੀਆਂ ਦੀ ਮਦਦ ਲਈ ਜਾ ਰਹੀ ਸੀ। ਇਹ ਤਾਂ ਉਹ ਕਾਰਵਾਈਆਂ ਹਨ ਜਿਨ੍ਹਾਂ ਦਾ ਭੇਤ ਖੁੱਲ੍ਹ ਗਿਆ, ਜਦਕਿ ਆਰæਐਸ਼ਐਸ਼ ਦਾ ਸਾਜ਼ਿਸ਼ੀ ਤਾਣਾਬਾਣਾ ਅਨੰਤ ਹੈ ਜਿਸ ਦੀ ਪੂਰੀ ਤਸਵੀਰ ਸ਼ਾਇਦ ਹੀ ਕਦੇ ਸਾਹਮਣੇ ਆਵੇ।
ਇਹ ਹੈ ਸੰਘ ਪਰਿਵਾਰ ਦਾ ਅਸਲ ਚਿਹਰਾ ਜੋ ਇਸ ਵਕਤ ਮੁਲਕ ਦੀ ਕੇਂਦਰੀ ਸੱਤਾ ਉਪਰ ਆਪਣੇ ਕੰਟਰੋਲ ਦਾ ਫ਼ਾਇਦਾ ਉਠਾ ਕੇ ਹਰ ਆਲੋਚਕ ਆਵਾਜ਼ ਨੂੰ ਦੇਸ਼ ਧ੍ਰੋਹੀ ਦੇ ਫ਼ਤਵੇ ਦੇ ਰਿਹਾ ਹੈ ਜੋ ਇਸ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨਾਲ ਸਹਿਮਤ ਨਹੀਂ, ਜਦਕਿ ਸਭ ਤੋਂ ਵੱਡੀ ਦੇਸ਼ ਧ੍ਰੋਹੀ ਅਤੇ ਸਭ ਤੋਂ ਖ਼ਤਰਨਾਕ ਦਹਿਸ਼ਤਗਰਦ ਸੰਸਥਾ ਇਹ ਖ਼ੁਦ ਹੈ।