ਦਿੱਲੀ ਗੁਰਦੁਆਰਾ ਚੋਣਾਂ ਅਤੇ ਸਿੱਖੀ ਸਿਧਾਂਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਕਾਰਜ ਨਜਿੱਠਿਆ ਗਿਆ ਹੈ। ਇਹ ਚੋਣਾਂ ਵੀ ਪਹਿਲਾਂ ਨਾਲੋਂ ਕੋਈ ਵੱਖਰੀਆਂ ਨਹੀਂ ਸਨ। ਚੋਣਾਂ ਜਿੱਤਣ ਲਈ ਉਹੀ ਦਾਅ-ਪੇਚ, ਉਹੀ ਸਿਆਸਤ। ਇਨ੍ਹਾਂ ਦਾਅ-ਪੇਚਾਂ ਅਤੇ ਸਿਆਸਤ ਕਾਰਨ ਸਿੱਖੀ ਸਿਧਾਂਤ ਇਕ ਵਾਰ ਫਿਰ ਦਰਕਿਨਾਰ ਕਰ ਦਿੱਤੇ ਗਏ।

ਇਸ ਅਹਿਮ ਮਸਲੇ ਬਾਰੇ ਇਹ ਲੇਖ ‘ਦਿੱਲੀ ਗੁਰਦੁਆਰਾ ਚੋਣਾਂ ਅਤੇ ਸਿੱਖੀ ਸਿਧਾਂਤ’ ਕੈਨੇਡਾ ਦੇ ਸ਼ਹਿਰ ਐਡਮੰਟਨ ਤੋਂ ਛਪਦੇ ਪਰਚੇ ‘ਏਸ਼ੀਅਨ ਵਿਜ਼ਨ’ ਦੇ ਸੰਪਾਦਕ ਹਰਪ੍ਰੀਤ ਸਿੰਘ ਨੇ ਲਿਖਿਆ ਹੈ। ਇਸ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਸਿੱਖੀ ਸਿਧਾਂਤਾਂ ਬਾਰੇ ਚਰਚਾ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਸੰਪਾਦਕ

ਹਰਪ੍ਰੀਤ ਸਿੰਘ (ਕੈਨੇਡਾ)
ਫੋਨ: 780-200-9289
ਗੁਰਦੁਆਰਾ ਉਹ ਪਵਿਤਰ ਪਾਠਸ਼ਾਲਾ ਹੈ ਜਿਥੇ ਭੇਦ-ਭਾਵ, ਰੰਗ-ਰੂਪ, ਨਸਲ, ਅਖੌਤੀ ਊਚ-ਨੀਚ, ਅਮੀਰੀ-ਗ਼ਰੀਬੀ ਅਤੇ ਖਿੱਤਿਆਂ ਦੇ ਵਖਰੇਵਿਆਂ ਆਦਿ ਸਭ ਨੂੰ ਮਨਫ਼ੀ ਕਰਨ ਦੀ ਸਿੱਖਿਆ ਦੇਣ ਵਾਲਾ ਗਿਆਨ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਮੁੱਖ ਧੁਰਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸ੍ਰਿਸ਼ਟੀ ਦੀ ਵੰਨ-ਸੁਵੰਨਤਾ (ਅਨੇਕਤਾ) ਵਿਚੋਂ ਇਕ ਅਕਾਲ ਪੁਰਖ ਨੂੰ ਤੱਕਣ, ਸਮਝਣ ਅਤੇ ਮਹਿਸੂਸ ਕਰਨ ਦਾ ਗੁਰ ਦਸਦਿਆਂ ਜੀਵ ਨੂੰ ਆਪਣੀ ਜੀਵਨ ਧਾਰਾ ਨੂੰ ਅੱਗੇ ਤੋਰਨ ਦਾ ਵੱਲ ਸਿਖਾਉਂਦੀ ਹੈ। ਗੁਰਬਾਣੀ, ਜੀਵ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦਿਆਂ ਉਸ ਨੂੰ ਗੁਣਾਂ ਦਾ ਧਾਰਨੀ ਬਣਾ ਕੇ, ਸੋਹਣਾ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦਿਆਂ ਉਸ ਦਾ ਮਾਰਗ ਦਰਸ਼ਨ ਕਰਦੀ ਹੈ।
ਸਿੱਖ ਦਾ ਗੁਰਦੁਆਰੇ ਜਾਣ ਦਾ ਮੁੱਖ ਮੰਤਵ ਹੀ ਗੁਰੂ ਦੇ ਹੁਕਮ ਨੂੰ ਸਮਝਣ, ਵਿਚਾਰਨ, ਵਿਹਾਰਨ ਅਤੇ ਪ੍ਰਚਾਰਨ ਦਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਦੁਨੀਆ ਨੂੰ ਕਦੇ ਬੋਲ ਕੇ ਨਹੀਂ ਦਸਦਾ ਕਿ ਉਹ ਕੌਣ ਹੈ। ਉਸ ਦੀ ਗੁਰਮਤਿ ਜੀਵਨ-ਸ਼ੈਲੀ ਹੀ ਉਸ ਦੇ ਗੁਣਾਂ ਨੂੰ ਪ੍ਰਗਟ ਕਰਦੀ ਹੈ। ਉਸ ਦਾ ਹਰ ਕਦਮ ਗੁਰੂ ਦੇ ਹੁਕਮ ਵਿਚ ਉਠਦਾ ਹੈ, ਸਿੱਖ (ਸਿਖਿਆਰਥੀ) ਦਾ ਚਾਲ-ਚਲਣ, ਕਾਰ-ਵਿਹਾਰ ਅਤੇ ਬੋਲ-ਬਾਣੀ ਗੁਰੂ ਗਿਆਨ ਦੇ ਪ੍ਰਭਾਵ ਅਧੀਨ ਹੋ ਜਾਂਦੀ ਹੈ। ਜਦੋਂ ਗੁਰਸਿੱਖ ਦਾ ਜੀਵਨ ਗੁਰਬਾਣੀ ਅਨੁਸਾਰ ਢਲ ਜਾਂਦਾ ਹੈ, ਫਿਰ ਈਰਖਾ, ਨਫ਼ਰਤ, ਦਵੈਤ, ਮਾੜੀ ਬੋਲੀ ਅਤੇ ਵਹਿਮ-ਭਰਮ ਆਦਿ ਜਿਹੇ ਔਗੁਣ ਉਸ ਵਿਚੋਂ ਸਦਾ ਲਈ ਲੋਪ ਹੋ ਜਾਂਦੇ ਹਨ ਅਤੇ ਉਹ ਸਮਾਜ ਵਿਚ ਸਰਬੱਤ ਦੇ ਭਲੇ ਦਾ ਮਜੱਸਮਾ ਬਣ ਕੇ ਵਿਚਰਦਾ ਹੈ। ਇਕ ਅਕਾਲ ਪੁਰਖ ‘ਦਾਤੇ’ ਉਪਰ ਉਸ ਦਾ ਵਿਸ਼ਵਾਸ ਇੰਨਾ ਪ੍ਰਪੱਕ ਹੋ ਜਾਂਦਾ ਹੈ ਕਿ ਉਹ ਕਿਸੇ ਦੁਨਿਆਵੀ ਜਾਂ ਅਖੌਤੀ ਦਾਤੇ ਨੂੰ ਟਿੱਚ ਜਾਣਦਾ ਹੈ। ਦੁਨਿਆਵੀ ਲਾਲਚ ਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਵਿਕਾਰ ਉਸ ਵਿਚੋਂ ਲੋਪ ਹੋ ਜਾਂਦੇ ਹਨ। ਗੁਰੂ ਦੁਆਰਾ ਪ੍ਰਾਪਤ ਕੀਤੇ ਗਿਆਨ ਕਾਰਨ ਉਹ ਹਮੇਸ਼ਾ ਖੇੜੇ ਵਿਚ ਰਹਿੰਦਾ ਹੈ, ਉਹ ਅਕਾਲ ਪੁਰਖ ਦੀ ਸਿਰਜਣਾ ਨੂੰ ਪਿਆਰ ਕਰਦਾ ਹੈ, ਮਾਣਦਾ ਹੈ, ਉਸ ਦੀ ਸੰਭਾਲ ਕਰਦਾ ਹੈ ਅਤੇ ਉਹ ਗੁਰਦੁਆਰੇ ਤੋਂ ਗੁਰਬਾਣੀ ਸਿਧਾਂਤਾਂ ਮੁਤਾਬਿਕ ਸਿੱਖਿਆ ਮੁਹੱਇਆ ਕਰਵਾਉਣ ਲਈ ਆਪਣੇ ਗੁਰੂ ਦਾ ਸੇਵਾਦਾਰ ਬਣ ਕੇ ਵਿਚਰਦਾ ਹੈ।
ਗੁਰਦੁਆਰਾ ਗਿਆਨ ਵੰਡਣ ਵਾਲੀ ਪਾਠਸ਼ਾਲਾ ਤੋਂ ਇਲਾਵਾ ਮਨੁੱਖਤਾ ਦੇ ਸਮੁੱਚੇ ਵਿਕਾਸ ਲਈ ਵੀ ਬਹੁਤ ਅਹਿਮ ਰੋਲ ਨਿਭਾਉਂਦਾ ਹੈ। ਇਥੋਂ ਗਿਆਨ ਪ੍ਰਾਪਤ ਕਰ ਕੇ ਸਿੱਖ ਗੁਰੂ ਆਸੇ ਮੁਤਾਬਿਕ ਸਿਹਤਮੰਦ ਸਮਾਜ ਸਿਰਜਣ ਵਿਚ ਯੋਗਦਾਨ ਪਾਉਂਦਾ ਹੈ। ਬਿਨਾਂ ਸ਼ੱਕ, ਗੁਰਦੁਆਰੇ ਤੋਂ ਗੁਰੂ ਦੇ ਸਿਧਾਂਤ ਦਾ ਪ੍ਰਚਾਰ-ਪਸਾਰ ਤਾਂ ਹੀ ਸੰਭਵ ਹੋਵੇਗਾ, ਜੇ ਇਸ ਦੇ ‘ਸੇਵਾਦਾਰ’ ਪ੍ਰਬੰਧਕੀ ਸੇਵਾਵਾਂ ਨੂੰ ਗੁਰਮਤਿ ਸਿਧਾਂਤ ਦੇ ਜ਼ਾਬਤੇ ਵਿਚ ਰਹਿ ਕੇ ਗੁਰਮਤਿ ਅਨੁਸਾਰ ਚਲਾਉਣਗੇ।
ਹਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀæਐਸ਼ਜੀæਪੀæਸੀæ) ਦੀ ਹੋਈ ਚੋਣ ਨੂੰ ਵੇਖਦਿਆਂ ਇੰਜ ਲੱਗਿਆ ਕਿ ਇਹ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲਿਆਂ ਦੀ ਚੋਣ ਨਾ ਹੋ ਕੇ ਕੋਈ ਤਾਕਤ ਅਜ਼ਮਾਈ ਦਾ ਮੈਦਾਨ ਹੋਵੇ; ਜਿਵੇਂ ਧਾੜਵੀ ਕਿਸੇ ਚੀਜ਼ ਨੂੰ ਹਥਿਆਉਣ ਲਈ ਰਣਨੀਤਕ ਪੈਂਤੜੇਬਾਜ਼ੀਆਂ ਅਪਣਾ ਕੇ ਆਪਣੇ ਦੁਸ਼ਮਣ ਨੂੰ ਪਛਾੜਨ ਲਈ ਹਰ ਜਾਇਜ਼-ਨਜਾਇਜ਼ ਹੀਲਾ ਵਰਤ ਰਹੇ ਹੋਣ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੀ ਕਿਸੇ ਸੰਸਥਾ ਵਿਚ ਸੇਵਾਦਾਰ ਬਣ ਕੇ ਨੁਮਾਇੰਦਾ ਰੋਲ ਕਰਨ ਵਾਲੇ ਲੋਕਾਂ ਦੀ ਜਨਤਕ ਬੋਲ-ਚਾਲ, ਇਕ-ਦੂਜੇ ਪ੍ਰਤੀ ਸੋਚ ਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਵਰਤੇ ਗਏ ਹੱਥਕੰਢਿਆਂ ਨੂੰ ਦੇਖ ਕੇ ਹੈਰਾਨੀ ਹੋਈ ਕਿ ਇਹ ਭੱਦਰ ਪੁਰਸ਼ ਉਨ੍ਹਾਂ ਪਵਿਤਰ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਉਤਾਵਲੇ ਹਨ, ਜਿਥੋਂ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਿਨ੍ਹਾਂ ਗੁਰਦੁਆਰਿਆਂ ਅੰਦਰ ਬਿਰਾਜਮਾਨ ‘ਗੁਰੂ’ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਮਨੁੱਖਤਾ ਨੂੰ ਪਿਆਰ ਦਾ ਗਿਆਨ ਬਖ਼ਸ਼ਦਾ ਹੈ ਤੇ ਹੰਕਾਰ ਨੂੰ ਤਿਆਗਣ ਦੀ ਬਾਤ ਪਾਉਂਦਾ ਹੈ। ਕੀ ਇਹ ਲੋਕ ਉਨ੍ਹਾਂ ਪਵਿਤਰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨਗੇ?
ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੁਝ ਕੁ ਦਾਅਵੇਦਾਰਾਂ ਵੱਲੋਂ ਸ਼ਰਾਬ ਵੰਡਣ ਅਤੇ ਗ਼ੈਰ-ਇਖ਼ਲਾਕੀ ਕੰਮਾਂ ਦੀਆਂ ਖ਼ਬਰਾਂ ਨੇ ਉਨ੍ਹਾਂ ਦੀ ਨੀਅਤ, ਮਾਨਸਿਕਤਾ, ਬੌਧਿਕਤਾ, ਗੁਣਬਾਣੀ ਸੋਝੀ ਅਤੇ ਕੌਮੀ ਜਵਾਬਦੇਹੀ ਉਤੇ ਸਿਰਫ਼ ਸਵਾਲੀਆਂ ਚਿੰਨ੍ਹ ਹੀ ਨਹੀਂ ਲਾਏ, ਸਗੋਂ ਉਨ੍ਹਾਂ ਦੀ ਪਿੱਠ ‘ਤੇ ਖੜ੍ਹੀਆਂ ਸਬੰਧਿਤ ਪਾਰਟੀਆਂ/ਧਿਰਾਂ ਦੇ ਮੋਹਰੀ ਲੋਕਾਂ ਦੇ ਕਿਰਦਾਰ ਨੂੰ ਵੀ ਜੱਗ-ਜ਼ਾਹਿਰ ਕੀਤਾ ਹੈ, ਜਿਨ੍ਹਾਂ ਨੇ ਅਜਿਹੇ ਉਮੀਦਵਾਰਾਂ ਦੀ ਚੋਣ ਕੀਤੀ ਹੈ, ਉਨ੍ਹਾਂ ਦਾ ਆਪਣਾ ਗੁਰਸਿੱਖੀ ਪੱਧਰ ਕੀ ਹੋਵੇਗਾ? ਗੁਰਦੁਆਰੇ ਦੀ ਸੇਵਾ-ਸੰਭਾਲ ਪ੍ਰਾਪਤ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਮੋਹਰੀਆਂ ਅਤੇ ਉਮੀਦਵਾਰਾਂ ਦੀਆਂ ਤਕਰੀਰਾਂ ਵਿਚ ਵਿਅਕਤੀਗਤ ਦੂਸਣਬਾਜ਼ੀ, ਇੱਕ-ਦੂਜੇ ਨੂੰ ਘਟੀਆ ਸਾਬਿਤ ਕਰਨ, ਅਸਭਿਅਕ ਭਾਸ਼ਾ ਦੀ ਵਰਤੋਂ, ਗੁਰਮਤਿ ਚਿੰਤਨ ਦੀ ਘਾਟ ਅਤੇ ਵਰਤਮਾਨ ਕੌਮੀ ਚੁਣੌਤੀਆਂ ਪ੍ਰਤੀ ਚਰਚਾ ਦੀ ਘਾਟ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਸੀ ਕਿ ਸੇਵਾਦਾਰ ਬਣਨ ਦੇ ਦਾਅਵੇਦਾਰਾਂ ਅੰਦਰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਸੰਕਲਪ ਕਿਹੋ ਜਿਹਾ ਹੋਵੇਗਾ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ-ਸੰਭਾਲ ਤਹਿਤ ਅਨੇਕਾਂ ਇਤਿਹਾਸਕ ਗੁਰਦੁਆਰੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ਼ਜੀæਪੀæਸੀæ) ਅੰਮ੍ਰਿਤਸਰ ਤੋਂ ਬਾਅਦ ਇਹ ਦੂਜੀ ਵੱਡੀ ਅਤੇ ਅਹਿਮ ਸਿੱਖ ਸੰਸਥਾ ਹੈ। ਇਨ੍ਹਾਂ ਸੰਸਥਾਵਾਂ ਲਈ ਮੌਜੂਦਾ ਚੋਣ ਪ੍ਰਣਾਲੀ ਮੁਕੰਮਲ ਤੌਰ ‘ਤੇ ਭਾਵੇਂ ਗੁਰਮਤਿ ਸਿਧਾਂਤਾਂ ਦੀ ਤਰਜਮਾਨੀ ਨਹੀਂ ਕਰਦੀ, ਕਿਉਂਕਿ ਇਹ ਸਿੱਧੇ ਤੌਰ ਉਤੇ ਭਾਰਤ ਦੇ ਕੇਂਦਰੀ ਕਾਨੂੰਨ ਤਹਿਤ ਹੈ।
ਸਰਕਾਰ ਦੀ ਦੇਖ-ਰੇਖ ਹੇਠ ਹੋਣ ਕਾਰਨ ਇਹ ਚੋਣਾਂ ਬਿਲਕੁਲ ਰਾਜਨੀਤਕ ਚੋਣ ਢੰਗ-ਤਰੀਕੇ ਅਨੁਸਾਰ ਹੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਚੋਣਾਂ ਵਿਚ ਸਿੱਧੇ ਤੌਰ ਉਤੇ ਰਾਜਨੀਤਕ ਪ੍ਰਭਾਵ ਝਲਕਦਾ ਹੈ। ਰਾਜਨੀਤਕ ਪਾਰਟੀਆਂ ਵੀ ਆਪਣੀ ਰਾਜਸੱਤਾ ਦਾ ਅਸਰ ਇਨ੍ਹਾਂ ਚੋਣਾਂ ਵਿਚ ਵਰਤਦੀਆਂ ਹਨ ਅਤੇ ਕੁਝ ਪਾਰਟੀਆਂ ਇਨ੍ਹਾਂ ਰਾਹੀ ਰਾਜਸੱਤਾ ਪ੍ਰਾਪਤ ਕਰਨ ਜਾਂ ਇਸ ਉਤੇ ਬਣੇ ਰਹਿਣ ਲਈ ਇਨ੍ਹਾਂ ਕਮੇਟੀਆਂ ਨੂੰ ਹੱਥਠੋਕੇ ਵੱਜੋਂ ਵੀ ਵਰਤਦੀਆਂ ਹਨ। ਸਿੱਖ ਜਗਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਤੌਰ ਜ਼ਿੰਮੇਵਾਰ ਸਿੱਖ ਸੰਸਥਾਵਾਂ ਐਸ਼ਜੀæਪੀæਸੀæ ਅਤੇ ਡੀæਐਸ਼ਜੀæਪੀæਸੀæ ਦੇ ਤਹਿਤ ਆਉਂਦੇ ਇਤਿਹਾਸਕ ਗੁਰਦੁਆਰਿਆਂ ਦੇ ਸੇਵਾ ਪ੍ਰਬੰਧਾਂ ਨੂੰ ਚਲਾਉਣ ਲਈ ਇਹ ਬਹੁਤ ਹੀ ਅਹਿਮ ਹੈ ਕਿ ਇਨ੍ਹਾਂ ਸੰਸਥਾਵਾਂ ਦਾ ਨਿਰੋਲ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਨਾਏ ਹੋਏ ਸਿੱਖੀ ਜਜ਼ਬੇ ਵਾਲੇ ਇਮਾਨਦਾਰ ਸਿੱਖ ਸੇਵਾਦਾਰਾਂ ਦੇ ਹੱਥਾਂ ਵਿਚ ਹੀ ਹੋਵੇ, ਰਾਜਨੀਤਕ ਲੋਕਾਂ ਦੇ ਹੱਥਾਂ ਵਿਚ ਨਹੀਂ, ਜਿਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅਜਿਹੇ ਲੋਕਾਂ ਦਾ ਮਕਸਦ ਤਾਂ ਸਿਸਟਮ ਦੀਆਂ ਖ਼ਾਮੀਆਂ ਦਾ ਫ਼ਾਇਦਾ ਲੈਂਦਿਆਂ ਗੁਰਦੁਆਰਾ ਪ੍ਰਬੰਧਾਂ ਵਿਚ ਘੁਸਪੈਠ ਕਰ ਕੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣਾ ਹੀ ਹੈ।
ਉਂਜ, ਸਿੱਖ ਜਗਤ ਦਾ ਇਸ ਗੱਲ ਉਤੇ ਚਿੰਤਨ ਕਰਨਾ ਬਣਦਾ ਹੈ ਕਿ ਜਿਸ ਖਿੱਤੇ ਵਿਚ 15 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਹੋਣ, ਉਥੇ ਸਿਰਫ਼ ਤਿੰਨ ਲੱਖ ਅੱਸੀ ਹਜ਼ਾਰ ਲੋਕ ਹੀ ਆਪਣੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਪ੍ਰਬੰਧਕਾਂ ਦੀ ਚੋਣ ਕਰਨ ਦੀ ਯੋਗਤਾ ਰੱਖਦੇ ਹੋਣ ਅਤੇ ਉਨ੍ਹਾਂ ਵਿਚ ਵੀ ਅੱਗਿਓਂ ਸਿਰਫ਼ ਇੱਕ ਲੱਖ ਪੰਜੱਤਰ ਹਜ਼ਾਰ ਲੋਕ ਹੀ ਇਨ੍ਹਾਂ ਪ੍ਰਬੰਧਕਾਂ ਦੀ ਚੋਣ ਵਿਚ ਹਿੱਸਾ ਲੈਣ। ਇਸ ਤੋਂ ਵੱਧ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਪੂਰਨ ਰੂਪ ਵਿਚ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਦੀ ਚੁਣੀ ਗਈ ਕਮੇਟੀ ਨੂੰ 15 ਲੱਖ ਸਿੱਖਾਂ ਵਿਚੋਂ ਤਕਰੀਬਨ ਲੱਖ ਕੁ ਸਿੱਖਾਂ ਦੀ ਹੀ ਵੋਟ ਨਾਲ ਚੁਣਿਆ ਗਿਆ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਕਰੋੜ ਤੋਂ ਵਧੇਰੇ ਦਾ ਸਾਲਾਨਾ ਬਜਟ ਹੈ ਜਿਸ ਨੂੰ ਖ਼ਰਚਣ ਦਾ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਕੋਲ ਹੀ ਹੁੰਦਾ ਹੈ। ਗੁਰਦੁਆਰਿਆਂ ਵਿਚ ਕਰੋੜਾਂ ਰੁਪਏ ਦਸਵੰਧ ਦੇਣ ਵਾਲੇ ਸਿੱਖਾਂ ਨੂੰ ਇਹ ਸੋਚਣਾ ਪੈਣਾ ਹੈ ਕਿ ਉਨ੍ਹਾਂ ਮਿਹਨਤ ਦੀ ਕਮਾਈ ਵਿਚੋਂ ਗੁਰਬਾਣੀ ਪ੍ਰਚਾਰ-ਪਸਾਰ ਅਤੇ ਕੌਮ ਦੇ ਹਿੱਤਾਂ ਲਈ ਦਿੱਤੇ ਦਸਵੰਧ ਦੀ ਗੁਰਮਤਿ ਅਨੁਸਾਰ ਸੁਚਾਰੂ ਵਰਤੋਂ ਤਾਂ ਹੀ ਸੰਭਵ ਹੋਵੇਗੀ, ਜੇ ਉਹ ਆਪਣੇ ਦਸਵੰਧ ਦੀ ਵਰਤੋਂ ਕਰਨ ਵਾਲਿਆਂ ਦੀ ਚੋਣ ਵਿਚ ਗੁਰੂ ਦੀ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ।