ਗੁਰਮੇਹਰ ਦਾ ‘ਗੁਨਾਹ’ ਅਤੇ ਅਖੌਤੀ ‘ਦੇਸ਼ ਭਗਤੀ’ ਦੀ ਦਾਸਤਾਨ!

-ਜਤਿੰਦਰ ਪਨੂੰ
ਕਾਰਗਿਲ ਦੀ ਜੰਗ ਦੇ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀ। ਫਿਰ ਉਸ ਦੀ ਸਰਕਾਰ ਸਿਰਫ ਇੱਕ ਵੋਟ ਦੇ ਫਰਕ ਨਾਲ ਡਿੱਗ ਪਈ ਅਤੇ ਨਵੀਂਆਂ ਚੋਣਾਂ ਕਰਵਾਉਣੀਆਂ ਪਈਆਂ। ਸਾਰੇ ਦੇਸ਼ ਵਿਚ ਚੋਣ ਮੁਹਿੰਮ ਦੀ ਅਗਵਾਈ ਕਰਦਾ ਉਹ ਪੰਜਾਬ ਆਇਆ ਤਾਂ ਲੁਧਿਆਣੇ ਵਿਚ ਉਸ ਦੀ ਪ੍ਰੈਸ ਨਾਲ ਵਾਰਤਾ ਵਿਚ ਅਸੀਂ ਵੀ ਹਾਜ਼ਰ ਸਾਂ।

ਅਸੀਂ ਉਥੇ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦੇ ਕਿਸੇ ਰਾਜ ਦੀ ਸਰਕਾਰ ਕਾਰਗਿਲ ਦੇ ਸ਼ਹੀਦਾਂ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕਰਦੀ ਹੈ, ਕਿਸੇ ਰਾਜ ਦੇ ਮੁੱਖ ਮੰਤਰੀ ਦਾ ਦਸ ਲੱਖ ਰੁਪਏ ਦੇਣ ਦਾ ਬਿਆਨ ਆ ਜਾਂਦਾ ਹੈ, ਕੀ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਬੋਲੀ ਦੇਣ ਦੀ ਖੇਡ ਰੋਕ ਕੇ ਸਭ ਥਾਂਈਂ ਇੱਕੋ ਜਿਹੀ ਮਦਦ ਦਾ ਪੈਮਾਨਾ ਨਹੀਂ ਮਿਥਣਾ ਚਾਹੀਦਾ? ਅੱਗੋਂ ਵਾਜਪਾਈ ਦਾ ਜਵਾਬ ਸੀ, ਇਸ ਤਰ੍ਹਾਂ ਹਰ ਕੋਈ ਆਪੋ-ਆਪਣੇ ਹਿਸਾਬ ਨਾਲ ‘ਦੇਸ਼ ਭਗਤੀ’ ਦਾ ਪ੍ਰਗਟਾਵਾ ਕਰ ਰਿਹਾ ਹੈ, ਕੇਂਦਰ ਸਰਕਾਰ ਕਿਸੇ ਦੇ ਮਨ ਨੂੰ ਠੇਸ ਨਹੀਂ ਪੁਚਾਉਣਾ ਚਾਹੁੰਦੀ। ਹੁਣ ਜਦੋਂ ਗੁਰਮੇਹਰ ਕੌਰ ਦਾ ਮੁੱਦਾ ਚਰਚਾ ਵਿਚ ਹੈ ਤਾਂ ਇੱਕ ਵਾਰ ਫਿਰ ਇਹੋ ਜਾਪਦਾ ਹੈ ਕਿ ਹਰ ਕੋਈ ਆਪੋ-ਆਪਣੇ ਹਿਸਾਬ ਨਾਲ ‘ਦੇਸ਼ ਭਗਤੀ’ ਦਾ ਪ੍ਰਗਟਾਵਾ ਕਰ ਰਿਹਾ ਹੈ। ਸ਼ਹੀਦਾਂ ਦੀ ਮਦਦ ਦੀ ਬੋਲੀ ਦੇਣ ਵਰਗੇ ਵੱਖੋ-ਵੱਖ ਐਲਾਨ ਕਰ ਕੇ ‘ਦੇਸ਼ ਭਗਤੀ’ ਦੇ ਬੇਸ਼ਰਮ ਪਰਦੇ ਹੇਠ ਉਦੋਂ ਜਿਹੜੀ ਰਾਜਨੀਤੀ ਹੋ ਰਹੀ ਸੀ, ਅੱਜ ਫਿਰ ‘ਦੇਸ਼ ਭਗਤੀ’ ਦੇ ਨਾਂ ਹੇਠ ਉਸੇ ਦੰਭ ਦਾ ਵਿਖਾਵਾ ਹੋ ਰਿਹਾ ਹੈ।
ਗੁਰਮੇਹਰ ਕੌਰ ਦੇ ਮੁੱਦੇ ਕਾਰਨ ਹਰਿਆਣਾ ਵਿਧਾਨ ਸਭਾ ਵਿਚ ਹੋਈ ਬਹਿਸ ਬੜੀ ਹਾਸੋਹੀਣੀ ਸੀ। ਇੱਕ ਭਾਜਪਾ ਮੰਤਰੀ ਨੇ ਗੁਰਮੇਹਰ ਕੌਰ ਦੇ ਵਿਹਾਰ ਨੂੰ ਦੇਸ਼-ਧਰੋਹੀ ਕਿਹਾ ਤਾਂ ਵਿਰੋਧ ਕਰਨ ਵਾਸਤੇ ਇਨੈਲੋ ਪਾਰਟੀ ਦੇ ਆਗੂ ਨੇ ਇਹ ਦਲੀਲ ਦਿੱਤੀ ਕਿ ‘ਬੱਚਾ ਗਲਤੀ ਵੀ ਕਰ ਜਾਵੇ ਤਾਂ ਉਸ ਦੇ ਵਿਰੁਧ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।’ ਸਾਡੀ ਸਮਝ ਵਿਚ ਵੀ ਗੁਰਮੇਹਰ ਕੌਰ ਬੱਚੀ ਹੈ, ਪਰ ਉਸ ਨੇ ਗਲਤੀ ਕਿਹੜੀ ਕੀਤੀ ਹੈ? ਉਸ ਨੇ ਸਿਰਫ ਏਨਾ ਹੀ ਕਿਹਾ ਸੀ ਕਿ ਜੰਗਾਂ ਦਾ ਰਾਹ ਛੱਡ ਕੇ ਦੋ ਗਵਾਂਢੀ ਦੇਸ਼ਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਭਾਜਪਾ ਮੰਤਰੀ ਨੇ ਏਨੀ ਗੱਲ ਤੋਂ ਉਸ ਨੂੰ ਵੀ ਦੇਸ਼-ਧਰੋਹੀ ਤੇ ਉਸ ਦਾ ਪੱਖ ਲੈਣ ਵਾਲਿਆਂ ਨੂੰ ਵੀ ਦੇਸ਼ ਧਰੋਹੀ ਕਹਿ ਦਿੱਤਾ। ਗਿੱਠ ਜਿੱਡੀ ਜ਼ਬਾਨ ਵਾਲੇ ਉਸ ਮੰਤਰੀ ਦੀ ਜਾਣਕਾਰੀ ਲਈ ਗੁਰਮੇਹਰ ਕੌਰ ਦਾ ਪੱਖ ਸ਼ਰਦ ਪਵਾਰ ਨੇ ਵੀ ਲਿਆ ਹੈ, ਕੀ ਸ਼ਰਦ ਪਵਾਰ ਨੂੰ ਦੇਸ਼ ਧਰੋਹੀ ਕਿਹਾ ਜਾਵੇ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਕੁੜੀ ਦਾ ਪੱਖ ਲਿਆ ਹੈ, ਕੀ ਉਹ ਦੇਸ਼ ਧਰੋਹੀ ਹੋ ਗਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉਸ ਦੇ ਪੱਖ ਵਿਚ ਬੋਲਿਆ ਹੈ, ਕੀ ਉਸ ਨੂੰ ਭਾਜਪਾ ਦੇਸ਼ ਧਰੋਹੀ ਮੰਨੇਗੀ? ਅਕਾਲ ਤਖਤ ਦਾ ਜਥੇਦਾਰ ਵੀ ਕੁੜੀ ਦੇ ਪੱਖ ਵਿਚ ਬੋਲਿਆ ਹੈ, ਕੀ ਸਿੱਖਾਂ ਦੀ ਸਿਖਰਲੀ ਧਾਰਮਿਕ ਪਦਵੀ ਉਤੇ ਬੈਠੇ ਬੰਦੇ ਨੂੰ ਭਾਜਪਾ ਇਸ ਖਾਤੇ ਵਿਚ ਰੱਖ ਸਕਦੀ ਹੈ? ਕੀ ਸਭ ਲੋਕ ਕੁਪੱਤੇ ਅਤੇ ਸਿਰਫ ਭਾਜਪਾ ਵਾਲੇ ਦੇਸ਼-ਭਗਤ ਕਹੇ ਜਾਣ ਜੋਗੇ ਰਹਿ ਗਏ ਹਨ?
ਸਿਰ ਪੈ ਗਈ ਜੰਗ ਲੜਨੋਂ ਭਾਰਤ ਦੇ ਲੋਕ ਕਦੇ ਭੱਜੇ ਨਹੀਂ, ਪਰ ਸਵੇਰ-ਸ਼ਾਮ ਜੰਗ ਲੱਗਣ ਦੀ ਸੁੱਖਣਾ ਵੀ ਨਹੀਂ ਸੁੱਖਦੇ ਫਿਰਦੇ।
ਬਿਸਮਿਲ ਫਰੀਦਕੋਟੀ ਨੇ ਲਿਖਿਆ ਸੀ, ‘ਅਮਨਾਂ ਦੇ ਪੁਜਾਰੀ ਹਾਂ ਬਿਸਮਿਲਾ ਐਪਰ, ਦਾਅਵਤ ਜੰਗ ਦੀ ਤਾਂ ਫਿਰ ਜੰਗ ਹੀ ਸਹੀ।’ ਪਹਿਲੀ ਗੱਲ ਗੁਰਮੇਹਰ ਨੇ ਜੰਗ ਦੀ ਨਹੀਂ, ਅਮਨ ਦੀ ਕਹੀ ਸੀ। ਹਰ ਸਾਊ ਵਿਅਕਤੀ ਦੀ ਪਹਿਲੀ ਇੱਛਾ ਇਹੋ ਹੋਵੇਗੀ ਕਿ ਜੰਗਾਂ ਦੀ ਭੱਠੀ ਤੋਂ ਮਨੁੱਖਤਾ ਕਿਸੇ ਵੀ ਤਰ੍ਹਾਂ ਬਚਣੀ ਚਾਹੀਦੀ ਹੈ। ਗੁਰਮੇਹਰ ਕੌਰ ਨੇ ਵੀ ਇਹੀ ਇੱਛਾ ਜ਼ਾਹਰ ਕੀਤੀ ਸੀ, ਜਿਸ ਨੂੰ ਇੱਕ ਖਾਸ ਰਾਜਨੀਤੀ ਨਾਲ ਜੁੜੇ ਹੋਏ ਲੋਕ ਦੇਸ਼-ਧਰੋਹ ਕਹਿਣ ਤੱਕ ਚਲੇ ਗਏ ਹਨ। ਜੰਗ ਤਾਂ ਅਮਰੀਕਾ ਤੇ ਜਾਪਾਨ ਨੇ ਵੀ ਲੜੀ ਸੀ ਤੇ ਭਾਰਤ-ਪਾਕਿਸਤਾਨ ਤੋਂ ਵੱਧ ਖਤਰਨਾਕ ਜੰਗ ਲੜੀ ਸੀ। ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਵਿਚ ਜਿੰਨੀ ਤਬਾਹੀ ਮਚਾਈ ਸੀ, ਉਸ ਨੂੰ ਅਮਰੀਕਾ ਅੱਜ ਤੱਕ ਨਹੀਂ ਭੁੱਲ ਸਕਿਆ ਤੇ ਅਮਰੀਕਾ ਵਾਲਿਆਂ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਸ਼ਹਿਰਾਂ ਉਤੇ ਐਟਮ ਬੰਬ ਸੁੱਟਣ ਦਾ ਜਿਹੜਾ ਪਾਪ ਕੀਤਾ ਸੀ, ਉਸ ਨੂੰ ਸਿਰਫ ਜਾਪਾਨ ਵਾਲੇ ਨਹੀਂ, ਦੁਨੀਆਂ ਦੇ ਲੋਕ ਨਹੀਂ ਭੁਲਾ ਸਕੇ। ਉਹ ਲੋਕ ਵੀ ਹੁਣ ਇਹ ਕਹਿਣ ਤੱਕ ਆ ਗਏ ਹਨ ਕਿ ਉਦੋਂ ਜੋ ਕੁਝ ਹੋਇਆ ਸੀ, ਮੁੜ ਕੇ ਨਹੀਂ ਹੋਣਾ ਚਾਹੀਦਾ।
ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਕਾਰਗਿਲ ਦੀ ਜੰਗ ਵਿਚ ਆਪਣਾ ਬਾਪ ਗੁਆ ਚੁਕੀ ਉਸ ਕੁੜੀ ਦੇ ਮਨ ਵਿਚ ਇਹ ਸੋਚ ਆਈ ਕਿ ਹੁਣ ਹੋਰ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ, ਮੇਰੇ ਵਾਂਗ ਹੋਰ ਬੱਚੇ ਅਨਾਥ ਨਹੀਂ ਹੋਣੇ ਚਾਹੀਦੇ, ਤਾਂ ਇਹ ਕੋਈ ਗੁਨਾਹ ਨਹੀਂ ਬਣਦਾ।
ਇੱਕ ਖਾਸ ਰਾਜਨੀਤੀ ਦੇ ਲੋਕਾਂ ਨੂੰ ਜੰਗਾਂ ਦੀ ਥਾਂ ਅਮਨ ਦੀ ਗੱਲ ਕਰਨਾ ਗੁਨਾਹ ਲੱਗਦਾ ਹੈ ਤਾਂ ਇਸ ਮਾਮਲੇ ਵਿਚ ਦੇਸ਼ ਭਗਤੀ ਦੇ ਆਪੇ ਬਣੇ ਝੰਡਾ ਬਰਦਾਰਾਂ ਨੂੰ ਭਾਰਤ ਦੇਸ਼ ਦਾ ਇਤਿਹਾਸ ਫੋਲ ਲੈਣਾ ਚਾਹੀਦਾ ਹੈ।
ਕਾਰਗਿਲ ਦੀ ਜਿਹੜੀ ਜੰਗ ਵਿਚ ਗੁਰਮੇਹਰ ਕੌਰ ਦੇ ਬਾਪ ਨੇ ਇਸ ਦੇਸ਼ ਲਈ ਜਾਨ ਵਾਰੀ ਸੀ, ਉਹ ਭਾਜਪਾ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵਕਤ ਭਾਰਤ ਉਤੇ ਬਿਨਾ ਵਜ੍ਹਾ ਠੋਸੀ ਗਈ ਸੀ। ਪਾਕਿਸਤਾਨ ਵਿਚ ਉਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੀ, ਪਰ ਉਸ ਦਾ ਉਸ ਜੰਗ ਵਿਚ ਕੋਈ ਕਸੂਰ ਨਹੀਂ ਸੀ। ਸਾਰੀ ਸਾਜ਼ਿਸ਼ ਉਥੋਂ ਦੀ ਫੌਜ ਦੇ ਮੁਖੀ ਜਨਰਲ ਮੁਸ਼ੱਰਫ ਨੇ ਕੀਤੀ ਸੀ। ਜੰਗ ਪਿੱਛੋਂ ਮੁਸ਼ੱਰਫ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਪਾਕਿਸਤਾਨ ਦੀ ਕਮਾਨ ਸਾਂਭ ਲਈ ਅਤੇ ਧੱਕੇ ਨਾਲ ਉਥੇ ਰਾਸ਼ਟਰਪਤੀ ਬਣ ਗਿਆ। ਸ੍ਰੀ ਵਾਜਪਾਈ ਜਾਣਦੇ ਸਨ ਕਿ ਇਹ ਉਹੋ ਮੁਸ਼ੱਰਫ ਹੈ, ਜਿਸ ਨੇ ਸਾਡੇ ਉਤੇ ਕਾਰਗਿਲ ਦੀ ਜੰਗ ਠੋਸੀ ਸੀ ਅਤੇ ਸੈਂਕੜੇ ਭਾਰਤੀ ਫੌਜੀ ਉਸ ਜੰਗ ਵਿਚ ਮਾਰੇ ਗਏ ਸਨ। ਇਸ ਦੇ ਬਾਵਜੂਦ ਵਾਜਪਾਈ ਨੇ ਮੁਸ਼ੱਰਫ ਨਾਲ ਜੰਗਬਾਜ਼ੀ ਛੱਡ ਕੇ ਅਮਨ ਸਮਝੌਤਾ ਕਰਨ ਦੇ ਯਤਨ ਕੀਤੇ ਸਨ। ਮੁਸ਼ੱਰਫ ਦਿੱਲੀ ਦਾ ਜੰਮਿਆ ਹੋਇਆ ਸੀ ਤੇ ਉਸ ਦੀ ਦਾਈ ਵੀ ਜ਼ਿੰਦਾ ਸੀ। ਦਿੱਲੀ ਆਏ ਮੁਸ਼ੱਰਫ ਨੂੰ ਉਸ ਦੀ ਦਾਈ ਨਾਲ ਮਿਲਾਉਣ ਲਈ ਉਸ ਦੇ ਜਨਮ ਵਾਲੇ ਟਿਕਾਣੇ ‘ਨਹਿਰ ਵਾਲੀ ਹਵੇਲੀ’ ਤੱਕ ਇੱਕ ਖੂਬਸੂਰਤ ਸੜਕ ਵਾਜਪਾਈ ਨੇ ਉਚੇਚੀ ਬਣਵਾਈ ਸੀ। ਫਿਰ ਆਗਰੇ ਜਾ ਕੇ ਪਿਆਰ ਦਾ ਪ੍ਰਤੀਕ ਤਾਜ ਮਹਿਲ ਵਿਖਾਇਆ ਸੀ। ਆਖਰੀ ਵਕਤ ਸਮਝੌਤਾ ਹੁੰਦਾ-ਹੁੰਦਾ ਰਹਿ ਗਿਆ, ਇਹ ਗੱਲ ਵੱਖਰੀ ਹੈ, ਪਰ ਜੰਗ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਚੇਤਾ ਕਰ ਲੈਣਾ ਚਾਹੀਦਾ ਹੈ ਕਿ ਜੇ ਅਮਨ ਦੀ ਗੱਲ ਕਰਨਾ ਗੁਨਾਹ ਹੈ ਤਾਂ ਇਹ ਗੁਨਾਹ ਵਾਜਪਾਈ ਨੇ ਵੀ ਕੀਤਾ ਸੀ।
ਅਸੀਂ ਉਸ ਤੋਂ ਪਹਿਲਾਂ ਦੀ ਗੱਲ ਕਰ ਸਕਦੇ ਹਾਂ। ਜਿੱਥੇ ਅੱਜ ਬੰਗਲਾ ਦੇਸ਼ ਹੈ, ਇਸ ਨੂੰ ਅੰਗਰੇਜ਼ਾਂ ਨੇ ਵਾਪਸ ਜਾਣ ਵੇਲੇ ਪੱਛਮੀ ਪਾਕਿਸਤਾਨ ਵਜੋਂ ਭਾਰਤ ਤੋਂ ਵੱਖਰਾ ਕੀਤਾ ਸੀ। ਉਦੋਂ ਦੇ ਪਾਕਿਸਤਾਨ ਦੀ ਰਾਜਧਾਨੀ ਰਾਵਲਪਿੰਡੀ ਤੋਂ ਇਸ ਦੀ ਹਕੂਮਤ ਇੱਕ ਪਾਕਿਸਤਾਨੀ ਸੂਬੇ ਵਜੋਂ ਚਲਾਈ ਜਾਂਦੀ ਸੀ। ਫਿਰ ਹਾਲਾਤ ਵਿਗੜ ਗਏ। ਬੰਗਾਲੀ ਲੋਕਾਂ ਦੀ ਮਦਦ ਭਾਰਤੀ ਫੌਜ ਨੇ ਇੰਦਰਾ ਗਾਂਧੀ ਦੀ ਅਗਵਾਈ ਵਿਚ ਕੀਤੀ ਅਤੇ ਸਾਰੇ ਦੇਸ਼ ਦੇ ਲੋਕ ਇਸ ਮਦਦ ਦੇ ਹੱਕ ਵਿਚ ਇੰਦਰਾ ਗਾਂਧੀ ਦੇ ਨਾਲ ਖੜ੍ਹੇ ਸਨ। ਅੱਜ ਦੀ ਭਾਜਪਾ ਉਦੋਂ ਜਨ ਸੰਘ ਹੁੰਦੀ ਸੀ ਤੇ ਇਸ ਦੇ ਸਿਖਰਲੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਅਤੇ ਉਸ ਵੱਲੋਂ ਲਾਈ ਗਈ ਜੰਗ ਦੇ ਪੱਖ ਵਿਚ ਕਿਹਾ ਸੀ, ‘ਇੰਦਰਾ ਨਹੀਂ, ਯੇ ਆਜ ਕੀ ਦੁਰਗਾ ਹੈ।’ ਇਸ ਜੰਗ ਪਿੱਛੋਂ ਦੋਵਾਂ ਦੇਸ਼ਾਂ ਵਿਚ ਕੌੜ ਸਿਖਰਾਂ ਉਤੇ ਸੀ। ਫਿਰ ਵੀ ਅਮਨ ਲਈ ਗੱਲ ਚੱਲ ਪਈ। ਭਾਰਤ ਦੀ ਪ੍ਰਧਾਨ ਮੰਤਰੀ, ਉਹੋ ਦੁਰਗਾ ਕਹੀ ਜਾਂਦੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਵੱਲੋਂ ਬੰਗਲਾ ਦੇਸ਼ ਦੇ ਦੁਖਾਂਤ ਦੀ ਜੜ੍ਹ ਸਮਝਿਆ ਜਾਣ ਵਾਲਾ ਜੰਗ ਪਿੱਛੋਂ ਬਣਿਆ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਸਮਝੌਤਾ ਕਰਨ ਲਈ ਮਿਲਣਾ ਮੰਨ ਗਏ ਤਾਂ ਭਾਰਤੀ ਪਹਾੜੀ ਉਤੇ ਸ਼ਿਮਲੇ ਵਿਚ ਅਤੇ ਪਾਕਿਸਤਾਨ ਦੇ ਪਹਾੜੀ ਸਥਾਨ ਮੱਰੀ ਵਿਚ ਮੀਟਿੰਗਾਂ ਦੇ ਦੌਰ ਚੱਲ ਪਏ। ਉਦੋਂ ਤੱਕ ਇੰਦਰਾ ਗਾਂਧੀ ਦਾ ਰਾਜਸੀ ਵਿਰੋਧ ਸ਼ੁਰੂ ਕਰ ਚੁਕੀ ਜਨ ਸੰਘ ਦੇ ਆਗੂ ਵਾਜਪਾਈ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਦੇਸ਼-ਧਰੋਹ ਕਦੇ ਨਹੀਂ ਸੀ ਕਿਹਾ, ਇਸ ਦਾ ਪੱਖ ਪੂਰਿਆ ਸੀ।
ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਸਾਡਾ ਪ੍ਰਧਾਨ ਮੰਤਰੀ ਜਦੋਂ ਮਾਸਕੋ ਗਿਆ ਤੇ ਉਥੋਂ ਕਾਬਲ ਜਾ ਕੇ ਮੁੜਨ ਵੇਲੇ ਅਚਾਨਕ ਲਾਹੌਰ ਜਾ ਉਤਰਿਆ ਤਾਂ ਸਿਰਫ ਭਾਜਪਾ ਦੇ ਆਗੂਆਂ ਨੇ ਨਹੀਂ, ਵਿਰੋਧੀ ਧਿਰ ਦੇ ਸਭ ਸਾਊ ਲੀਡਰਾਂ ਨੇ ਵੀ ਇਸ ਦਾ ਸਵਾਗਤ ਕੀਤਾ ਸੀ। ਤਿੰਨ ਦਿਨ ਬਾਅਦ ਪਠਾਨਕੋਟ ਵਿਚ ਹਵਾਈ ਫੌਜ ਦੇ ਸਟੇਸ਼ਨ ਉਤੇ ਹਮਲਾ ਹੋ ਗਿਆ ਤਾਂ ਭਾਰਤ ਸਰਕਾਰ ਦੀ ਕੱਚ-ਘਰੜ ਕੂਟਨੀਤੀ ਦੀ ਆਲੋਚਨਾ ਹੋਈ ਸੀ, ਕਿਸੇ ਨੇ ਇਹ ਆਖਣ ਵਾਸਤੇ ਮੂੰਹ ਨਹੀਂ ਸੀ ਪਾੜਿਆ ਕਿ ਪਾਕਿਸਤਾਨ ਨਾਲ ਅਮਨ ਦਾ ਯਤਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਯਤਨਾਂ ਵੱਲੋਂ ਪਾਕਿਸਤਾਨ ਖਿਸਕਦਾ ਰਿਹਾ ਹੈ, ਭਾਰਤ ਨੇ ਕਦੇ ਇਸ ਤੋਂ ਪਾਸਾ ਨਹੀਂ ਵੱਟਿਆ। ਭਾਰਤ ਹਮੇਸ਼ਾ ਪਹਿਲ ਕਰਦਾ ਰਿਹਾ ਹੈ ਤੇ ਇਹੋ ਪਹਿਲ ਇਸ ਦੀ ਸੰਸਾਰ ਵਿਚ ਸਾਖ ਵਿਚ ਵਾਧਾ ਕਰਨ ਵਾਲੀ ਸਾਬਤ ਹੋਈ ਹੈ। ਜਿਹੜੇ ਭਾਰਤ ਦਾ ਇਤਿਹਾਸ ਸਿਰਫ ਸਿਰ ਪਈ ਜੰਗ ਨਾਲ ਨਿਪਟਣ ਤੇ ਅੱਗੋਂ-ਪਿੱਛੋਂ ਹਮੇਸ਼ਾ ਅਮਨ ਦੀ ਪਹਿਲ ਕਰਨ ਦਾ ਰਿਹਾ ਹੈ, ਉਸ ਦੇਸ਼ ਦੀ ਇੱਕ ਬੱਚੀ ਨੇ ਸਿਰਫ ਜੰਗ ਦੇ ਵਿਰੋਧ ਵਿਚ ਅਮਨ ਦੀ ਇੱਛਾ ਪ੍ਰਗਟ ਕਰ ਦਿੱਤੀ ਤਾਂ ਗੁਨਾਹ ਹੋ ਗਿਆ ਅਤੇ ਆਪ ਕਦੀ ਮਰਨ-ਮਾਰਨ ‘ਤੇ ਉਤਾਰੂ ਕਦੇ ਨਵਾਜ਼ ਸ਼ਰੀਫ ਦੇ ਜਵਾਕਾਂ ਨੂੰ ਸ਼ਗਨ ਦੇਣ ਵਾਲੇ ਦੇਸ਼ ਭਗਤ ਬਣ ਬੈਠੇ! ਭਾਜਪਾ ਆਗੂਆਂ ਨੇ ਇਹ ਗਜ ਪਤਾ ਨਹੀਂ ਕਿੱਥੋਂ ਲੈ ਆਂਦਾ ਹੈ! ਇਹ ਰਾਜਨੀਤੀ ਦੀਆਂ ਲੋੜਾਂ ਦਾ ਗਜ ਹੈ। ਮਨੁੱਖਤਾ ਲਈ ਰਾਜਨੀਤੀ ਦੀ ਲੋੜ ਵਾਲੇ ਗਜ ਨਹੀਂ, ਉਹ ਗਜ ਚਾਹੀਦੇ ਹਨ, ਜੇ ਕਿਸੇ ਮਿਆਰ ਉਤੇ ਪੂਰੇ ਉਤਰ ਸਕਦੇ ਹੋਣ।