ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

ਡਾ. ਗੁਰਨਾਮ ਕੌਰ, ਕੈਨੇਡਾ
ਮਨੁੱਖੀ ਹੋਂਦ ਦੇ ਇਤਿਹਾਸ ਵੱਲ ਝਾਤੀ ਮਾਰਦਿਆਂ ਇੱਕ ਗੱਲ ਸਪਸ਼ਟ ਸਮਝ ਆਉਂਦੀ ਹੈ ਕਿ ਜਦੋਂ ਤੋਂ ਮਨੁੱਖ ਨੇ ਚੇਤੰਨਤਾ ਗ੍ਰਹਿਣ ਕੀਤੀ ਹੈ, ਉਦੋਂ ਤੋਂ ਹੀ ਉਹ ਜੀਵਨ ਅਤੇ ਹੋਂਦ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਉਂ ਹੀ ਮਨੁੱਖ ਵਿਚ ਸਵੈ-ਚੇਤਨਾ ਜਾਗੀ, ਉਦੋਂ ਤੋਂ ਹੀ ਦੋ ਪ੍ਰਸ਼ਨ ਉਸ ਦੇ ਮਨ ਮਸਤਕ ਵਿਚ ਪੈਦਾ ਹੋਏ। ਜ਼ਿੰਦਗੀ ਦਾ ਅਰਥ ਕੀ ਹੈ? ਆਲੇ-ਦੁਆਲੇ ਪਸਰੇ ਬ੍ਰਹਿਮੰਡ ਦਾ ਸੁਭਾਅ ਕੀ ਹੈ?

ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਕਦੋਂ ਤੱਕ ਵੱਖ ਵੱਖ ਦਿਸ਼ਾਵਾਂ ਵਿਚ ਇਨ੍ਹਾਂ ਪ੍ਰਸ਼ਨਾਂ ਨਾਲ ਦਿਮਾਗੀ ਤੌਰ ‘ਤੇ ਜੂਝਦਾ ਰਿਹਾ ਪਰ ਇਕ ਅਵਸਥਾ ਆਈ ਜਦੋਂ ਉਸ ਦੀ ਸੋਚ ਨੇ ਇਕ ਖਾਸ ਦਿਸ਼ਾ ਅਖਤਿਆਰ ਕਰ ਲਈ ਅਤੇ ਉਸ ਨੇ ਵਿਚਾਰ ਅਤੇ ਚਿੰਤਨ ਦੇ ਰਾਹ ‘ਤੇ ਚੱਲਣਾ ਸ਼ੁਰੂ ਕਰ ਦਿੱਤਾ। ਇਹ ਨਿਯਮਬੱਧ, ਪ੍ਰਣਾਲੀਬੱਧ ਚਿੰਤਨ ਦਾ ਅਰੰਭ ਸੀ।
ਧਰਮ ਨੇ ਮਨੁੱਖ ਦੇ ਜੀਵਨ ਨੂੰ ਅਰਥ ਦੇਣ ਦੀ ਕੋਸ਼ਿਸ਼ ਕੀਤੀ ਅਤੇ ਬ੍ਰਹਿਮੰਡ ਦਾ ਸੁਭਾਅ ਸਮਝਾਉਣ ਤੇ ਉਸ ਨਾਲ ਮਨੁੱਖ ਦਾ ਰਿਸ਼ਤਾ ਕਾਇਮ ਕਰਨ ਦਾ ਉਪਰਾਲਾ ਕੀਤਾ। ਧਰਮ ਨੂੰ ਦਰਸ਼ਨ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ, ਖਾਸ ਕਰਕੇ ਅੱਜ ਦੇ ਯੁੱਗ ਵਿਚ, ਜਦੋਂ ਧਰਮ ਪ੍ਰਤੀ ਵੱਖ ਵੱਖ ਕਿਸਮ ਦੀਆਂ ਅਕਾਂਖਿਆਵਾਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਪੁੱਛਾਂ ਦਾ ਉਤਰ ਤਰਕ ਅਤੇ ਤਰਕ-ਸ਼ਾਸਤਰ ਰਾਹੀਂ ਹੀ ਲੱਭਿਆ ਜਾ ਸਕਦਾ ਹੈ।
ਭਾਰਤ ਵਿਚ ਧਰਮ ਅਤੇ ਦਰਸ਼ਨ ਇੱਕ ਦੂਜੇ ਨਾਲ ਓਤ-ਪੋਤ ਰਹੇ ਹਨ, ਵੱਖ ਵੱਖ ਨਹੀਂ। ਇਥੇ ਦੋ ਕਿਸਮ ਦੀ ਵਿਚਾਰਧਾਰਾ ਪ੍ਰਚਲਿਤ ਸੀ-ਆਸਤਿਕ ਅਤੇ ਨਾਸਤਿਕ। ਆਸਤਿਕ ਤੋਂ ਭਾਵ ਉਹ ਵਿਚਾਰਧਾਰਾ ਸੀ ਜਿਸ ਦੀ ਵੇਦਾਂ ਵਿਚ ਆਸਥਾ ਸੀ ਅਤੇ ਵੇਦਾਂ ਨੂੰ ਸ਼ਬਦ-ਪ੍ਰਮਾਣ ਮੰਨਦੀ ਸੀ, ਵੇਦਾਂ ਨੂੰ ਅੰਤਿਮ ਪ੍ਰਭੁਤਾ ਮੰਨਦੀ ਸੀ। ਇਸ ਵਿਚਾਰਧਾਰਾ ਵਿਚ ਛੇ ਦਰਸ਼ਨ ਪ੍ਰਚਲਿਤ ਹੋਏ, ਜਿਨ੍ਹਾਂ ਨੂੰ ਵੈਦਿਕ ਦਰਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਲਈ ਵੇਦ ਅੰਤਿਮ ਸਤਿ ਹਨ। ਜੋ ਦਰਸ਼ਨ ਵੇਦਾਂ ਨੂੰ ਸ਼ਬਦ-ਪ੍ਰਮਾਣ ਅਰਥਾਤ ਅੰਤਮ ਸਤਿ ਨਹੀਂ ਮੰਨਦੇ ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਚਾਰਵਾਕ, ਬੁੱਧ ਦਰਸ਼ਨ ਅਤੇ ਜੈਨ ਮਤਿ ਸ਼ਾਮਲ ਹਨ। ਇਸ ਕਸਵੱਟੀ ਅਨੁਸਾਰ ਕਿਸੇ ਦਰਸ਼ਨ ਦਾ ਆਸਤਿਕ ਜਾਂ ਨਾਸਤਿਕ ਹੋਣਾ ਪ੍ਰਭੂ ਵਿਚ ਵਿਸ਼ਵਾਸ ਜਾਂ ਨਾ-ਵਿਸ਼ਵਾਸ ਹੋਣ ‘ਤੇ ਆਧਾਰਤ ਨਾ ਹੋ ਕੇ ਵੇਦਾਂ ਨੂੰ ਪ੍ਰਮਾਣ ਸਵੀਕਾਰ ਜਾਂ ਅਸਵੀਕਾਰ ਕਰਨ ਨਾਲ ਸਬੰਧਤ ਹੈ। ਫਿਲਾਸਫੀ ਨੂੰ ਭਾਰਤ ਵਿਚ ਦਰਸ਼ਨ (ੜਸਿਨ) ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ-ਦੇਖਣਾ; ਗਿਆਨ ਇੰਦ੍ਰਿਆਂ ਰਾਹੀਂ ਗ੍ਰਹਿਣ ਕਰਨਾ, ਸਮਝਣਾ, ਬੁੱਧੀ। ḔਧਰਮḔ ਸ਼ਬਦ ਜਿਸ ਦੀ ਵਰਤੋਂ, ਰਿਗ ਵੇਦ ਤੋਂ ਵੀ ਪਹਿਲਾਂ ਹੋਈ ਮੰਨੀ ਜਾਂਦੀ ਹੈ, ਦਾ ਅਰਥ ਹੈ-ਸਥਾਪਤ, ਪੱਕਾ, ਸਥਿਰ, ਨਿਯਮ, ਆਦੇਸ਼ਤ ਵਰਤਾਉ, ਫਰਜ਼, ਸਹੀ, ਗੁਣ। ਨੈਤਿਕਤਾ ਅਤੇ ਧਰਮ-ਦਰਸ਼ਨ ਦਾ ਭਾਵ ਹੈ, ਫਰਜ਼ ਦਾ ਗਿਆਨ। ਭਾਰਤ ਵਿਚ ਧਰਮ ਅਤੇ ਦਰਸ਼ਨ ਵੱਖ-ਵੱਖ ਨਾ ਮੰਨੇ ਜਾਂਦੇ ਰਹੇ ਹੋਣ ਕਾਰਨ ਹੀ ਉਪਰੋਕਤ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨਾ ਕੇਵਲ ਦਾਰਸ਼ਨਿਕ ਹੀ ਸਨ ਸਗੋਂ ਧਾਰਮਿਕ ਵੀ ਸਨ। ਭਾਰਤੀ ਪਰੰਪਰਾ ਅਨੁਸਾਰ ਧਰਮ ਚਿੰਤਨ-ਪੱਧਤੀ ਰਿਹਾ ਹੈ।
ਗੁਰਮਤਿ ਦਰਸ਼ਨ ਭਾਰਤੀ ਧਰਮ-ਦਰਸ਼ਨਾਂ ਦੇ ਪ੍ਰਸੰਗ ਵਿਚ ਲਗਭਗ ਅੰਤਲੀ ਦੇਣ ਹੈ। ਇਸੇ ਪ੍ਰਸੰਗ ਵਿਚ ਇਸ ਨੂੰ ਭਾਰਤੀ ਦਰਸ਼ਨਾਂ ਦਾ ਸਿਖਰ ਮੰਨਣ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ; ਪਰ ਇਸ ਨੂੰ ਜਿਵੇਂ ਸਿਰਦਾਰ ਕਪੂਰ ਸਿੰਘ ਨੇ ਕਿਹਾ ਹੈ, “ਸਿੱਖ ਮੱਤ ਦੀ ਵਿਚਾਰਧਾਰਾ, ਇਸ ਦੇ ਸਿਧਾਂਤ ਅਤੇ ਇਸ ਦਾ ਵਿਕਾਸ, ਆਰੀਆਈ ਆਤਮਾ ਦਾ ਅੰਤਿਮ ਫਲ ਅਤੇ ਰਸ ਹਨ”, ਕਹਿਣਾ ਗੁਰਮਤਿ ਅਨੁਸਾਰੀ ਨਹੀਂ ਜਾਪਦਾ ਕਿਉਂਕਿ ਗੁਰਮਤਿ ਦਰਸ਼ਨ ਕਿਸੇ ਨਸਲੀ ਵਿਤਕਰੇ ਜਾਂ ਵੰਡ ਨੂੰ ਨਹੀਂ ਮੰਨਦਾ। ਇਸ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਭਗਤਾਂ ਦੀ ਬਾਣੀ ਦਾ ਸ਼ਾਮਲ ਕੀਤੇ ਜਾਣਾ ਹੈ ਜੋ ਆਰੀਆਂ ਵੱਲੋਂ ḔਦਾਸੂḔ ਕਰਕੇ ਜਾਣੀ ਜਾਂਦੀ ਨਸਲੀ ਵੰਡ ਵਿਚ ਆਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਗਵਾਹੀ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ-ਦਰਸ਼ਨ ਅਜਿਹੀ ਕਿਸੇ ਵੰਡ ਦਾ ਮੁੱਦਈ ਨਹੀਂ ਹੈ।
ਸਿੱਖ ਧਰਮ ਇੱਕ ਇਲਹਾਮੀ ਧਰਮ ਹੈ ਜਿਸ ਦਾ ਪ੍ਰਕਾਸ਼ਨ ਸ੍ਰੀ ਗੁਰੂ ਨਾਨਕ ਦੇਵ ਦੇ 1499 ਈæ ਵਿਚ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਹੋਇਆ ਮੰਨਿਆ ਜਾਂਦਾ ਹੈ। ਸਿੱਖ ਧਰਮ-ਚਿੰਤਨ ਦਾ ਇਲਹਾਮ ਬਾਣੀ ਦੇ ਰੂਪ ਵਿਚ ਹੋਇਆ ਹੈ ਜਿਸ ਦਾ ਮਾਧਿਅਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਨੂੰ ਪ੍ਰਵਾਨ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੂੰ ਸਤਿ ਦਾ ਜੋ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਬਾਣੀ ਦੇ ਰੂਪ ਵਿਚ ਪ੍ਰਗਟ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸ ਨੂੰ Ḕਇਕੁ ਸੁਖੁ ਮਾਨਿਆ ਸਹਜਿ ਮਿਲਾਇਆ॥ ਨਿਰਮਲ ਬਾਣੀ ਭਰਮੁ ਚੁਕਾਇਆ॥Ḕ ਅਤੇ Ḕਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥Ḕ ਕਿਹਾ ਹੈ। ਗੁਰੂ ਅੰਗਦ ਦੇਵ ਨਾ ਸਿਰਫ ਬਾਣੀ ਨੂੰ ਗਿਆਨ ਧਿਆਨ ਵਿਚ ਆਈ ਮੰਨਦੇ ਹਨ ਬਲਕਿ ਵੇਦਾਂ ਪ੍ਰਤੀ ਗੁਰਮਤਿ ਨਜ਼ਰੀਏ ਨੂੰ ਵੀ ਪ੍ਰਗਟ ਕਰਦੇ ਹਨ:
ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ॥
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ॥
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥ (ਪੰਨਾ 1243)
ਗੁਰੂ ਅਮਰਦਾਸ ਨੇ ਬਾਣੀ ਨੂੰ ਸੱਚੀ ਬਾਣੀ ਹੋਣ ਦੇ ਨਾਲ ਨਾਲ ਸਿੱਖ ਨੂੰ ਇਸ ਨੂੰ ਗਾਉਣ, ਸੁਣਨ ਦਾ ਅਦੇਸ਼ ਵੀ ਕੀਤਾ ਹੈ, Ḕਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥Ḕ ਜਿਸ ਨੂੰ ਸੁਣਨ ਨਾਲ ਦੁੱਖ, ਰੋਗ ਅਤੇ ਸੰਤਾਪ ਉਤਰ ਜਾਂਦੇ ਹਨ। ਗੁਰੂ ਰਾਮਦਾਸ ਨੇ ਬਾਣੀ ਨੂੰ Ḕਧੁਰਿ ਕੀḔ ਹੋਣ ਦੀ ਪ੍ਰੋੜਤਾ ਇਹ ਕਹਿ ਕੇ ਕਰਦਿਆਂ Ḕਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏḔ ਨਾਲ ਹੀ ਬਾਣੀ ਨੂੰ, ਸ਼ਬਦ ਨੂੰ ਗੁਰੂ ਹੋਣ ਦਾ ਦਰਜਾ ਵੀ ਦਿੱਤਾ ਹੈ, Ḕਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥Ḕ ਗੁਰੂ ਅਰਜਨ ਦੇਵ ਬਾਣੀ ਨੂੰ ਧੁਰੋਂ ਆਈ ਮੰਨਦਿਆਂ ਇਸ ਨੂੰ ਮਨੁੱਖ ਦੇ ਫਿਕਰਾਂ ਨੂੰ ਦੂਰ ਕਰਨ, ਮਿਟਾਉਣ ਦਾ ਸਾਧਨ ਵੀ ਮੰਨਦੇ ਹਨ ਕਿਉਂਕਿ ਇਹ ਮਨੁੱਖ ਦੀ ਰਾਹ-ਦਰਸਾਵਾ ਹੈ, Ḕਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥Ḕ
ਗੁਰੂ ਅਰਜਨ ਦੇਵ ਨੇ ਪੰਜ ਗੁਰੂ ਸਾਹਿਬਾਨ (ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਤੱਕ), ਸ਼ੇਖ ਫਰੀਦ, ਭਾਈ ਮਰਦਾਨਾ, ਬਾਬਾ ਸੁੰਦਰ, ਸਤਾ ਤੇ ਬਲਵੰਡ ਅਤੇ ਭੱਟਾਂ ਦੀ ਬਾਣੀ ਦੇ ਨਾਲ ਨਾਲ ਭਗਤਾਂ-ਸਧਨਾ, ਸੂਰਦਾਸ, ਸੈਣ, ਕਬੀਰ, ਜੈ ਦੇਵ, ਤ੍ਰਿਲੋਚਨ, ਧੰਨਾ, ਨਾਮਦੇਵ, ਪਰਮਾਨੰਦ, ਪੀਪਾ, ਬੇਣੀ, ਭੀਖਣ, ਰਵਿਦਾਸ, ਰਾਮਾਨੰਦ ਦੀ ਬਾਣੀ ਦਾ ਸੰਕਲਨ ਕਰਕੇ Ḕਗ੍ਰੰਥḔ (ਪੋਥੀ ਸਾਹਿਬ) ਤਿਆਰ ਕੀਤਾ ਜਿਸ ਦਾ ਪ੍ਰਥਮ ਪ੍ਰਕਾਸ਼ 1604 ਈæ ਵਿਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਨੇ Ḕਗ੍ਰੰਥ ਸਾਹਿਬḔ ਵਿਚ ਨੌਵੇਂ ਪਾਤਿਸ਼ਾਹ ਦੀ ਬਾਣੀ ਦਰਜ ਕਰਕੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਪਰੰਪਰਾ ਅਨੁਸਾਰ Ḕਗ੍ਰੰਥ ਸਾਹਿਬḔ ਨੂੰ ਗੁਰੂ ਦਾ ਦਰਜਾ ਦਿੱਤਾ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ-ਚਿੰਤਨ ਦਾ ਮੂਲ ਸੋਮਾ ਹੈ।
ਇਸ ਦੇ ਨਾਲ ਦਸਮ ਗ੍ਰੰਥ ਦੀਆਂ ਕਿੰਤੂ ਮੁਕਤ ਰਚਨਾਵਾਂ ਵੀ ਸਿੱਖ ਧਰਮ-ਚਿੰਤਨ ਵਿਚ ਸ਼ਾਮਲ ਹੋ ਸਕਦੀਆਂ ਹਨ ਪਰ ਸਮੁੱਚੀਆਂ ਰਚਨਾਵਾਂ ਨਹੀਂ। ਕਾਰਨ ਇਹ ਹੈ ਕਿ ਸਾਡੇ ਕੋਲ ਮੂਲ ਕਸਵੱਟੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਦਸਮ ਗ੍ਰੰਥ ਵਿਚ ਸ਼ਾਮਲ ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਸਿਧਾਂਤਾਂ ‘ਤੇ ਪੂਰੀਆਂ ਨਹੀਂ ਉਤਰਦੀਆਂ। Ḕਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਬਾਣੀਕਾਰ ਬਾਬਾ ਫਰੀਦ ਹੀ ਕਿਉਂ ਹਨ?Ḕ ਦੇ ਨਾਲ ਹੀ ਪ੍ਰਸ਼ਨ ਇਹ ਵੀ ਪੈਦਾ ਹੋ ਸਕਦਾ ਹੈ ਕਿ ਸੂਫੀ ਸੰਤਾਂ ਵਿਚੋਂ ਬਾਬਾ ਫਰੀਦ ਦੀ ਬਾਣੀ ਹੀ ਕਿਉਂ ਦਰਜ ਕੀਤੀ ਗਈ ਹੈ? ਜਾਂ ਵੈਸ਼ਨਵ ਹਿੰਦੂ ਭਗਤਾਂ ਦੇ ਨਾਲ ਨਾਲ ਤੁਲਸੀ ਦਾਸ ਜਾਂ ਮੀਰਾ ਬਾਈ ਆਦਿ ਦੀ ਕੋਈ ਰਚਨਾ ਕਿਉਂ ਸ਼ਾਮਲ ਨਹੀਂ ਕੀਤੀ ਗਈ? ਇਸ ਦਾ ਉਤਰ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਹੀ ਸੰਤਾਂ, ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ, ਜਿਨ੍ਹਾਂ ਦੀ ਬਾਣੀ ਸਿਧਾਂਤਕ ਤੌਰ ‘ਤੇ ਗੁਰਮਤਿ ਨਾਲ ਇਕਸੁਰਤਾ ਵਿਚ ਸੀ। ਤੁਲਸੀ ਦਾਸ ਤੇ ਮੀਰਾ ਬਾਈ ਦੀਆਂ ਰਚਨਾਵਾਂ ਜਾਂ ਭਜਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨਾਲ ਇਕਸੁਰਤਾ ਵਿਚ ਨਹੀਂ ਹਨ। ਬਾਬਾ ਫਰੀਦ ਦੀ ਬਾਣੀ ਵਿਚ ਵੀ ਜਿੱਥੇ ਕਿਤੇ ਉਨ੍ਹਾਂ ਦੀ ਸੁਰ ਸਖਤ ਜਾਪਦੀ ਹੈ, ਉਥੇ ਗੁਰੂ ਸਾਹਿਬਾਨ ਨੇ ਆਪਣਾ ਸਲੋਕ ਨਾਲ ਦਰਜ ਕੀਤਾ ਹੈ।
ਸਿਰਦਾਰ ਕਪੂਰ ਸਿੰਘ ਅਨੁਸਾਰ “ਅਸਾਂ ਸਨਾਤਨ ਧਰਮ, ਪ੍ਰਾਚੀਨ ਪੱਥ ਲੱਭਿਆ ਹੈ, ਜਿਸ ਪੱਥ ਉਤੇ ਪ੍ਰਾਚੀਨ ਬੁੱਧ ਚਲਦੇ ਰਹੇ ਹਨ, ਉਸੇ ਪੱਥ ਉਤੇ ਅਸੀਂ ਚੱਲ ਰਹੇ ਹਾਂ।æææਇਸੇ ਮਹਾਨ ਅਤੇ ਪ੍ਰਾਚੀਨ ਆਦਰਸ਼ ਦਾ ਪ੍ਰਚਾਰ ਸਿੱਖ ਗੁਰੂਆਂ ਨੇ ਕੀਤਾ।” ਇੱਥੇ ਕਿਹਾ ਜਾ ਸਕਦਾ ਹੈ ਕਿ ਬੁੱਧ ਧਰਮ ਵਿਚ ਵੇਦਾਂ ਨੂੰ ਅੰਤਿਮ ਪ੍ਰਮਾਣ ਨਹੀਂ ਮੰਨਿਆ ਗਿਆ, ਵਰਣ-ਵੰਡ ਨੂੰ ਨਕਾਰਿਆ ਗਿਆ ਹੈ, ਕਰਮ ਕਾਂਡ ਦਾ ਵਿਰੋਧ ਕੀਤਾ ਗਿਆ ਹੈ। ਸਿੱਖ ਧਰਮ ਵਿਚ ਵੀ ਵੇਦਾਂ ਨੂੰ ਸ਼ਬਦ ਪ੍ਰਮਾਣ ਨਹੀਂ ਮੰਨਿਆ ਗਿਆ ਜਿਵੇਂ ਉਪਰ ਅਸੀਂ ਬਾਣੀ ਦੀ ਗੱਲ ਕਰਦਿਆਂ ਵੀ ਦੇਖਿਆ ਹੈ। ਇਸੇ ਤਰ੍ਹਾਂ ਕਰਮ ਕਾਂਡ ਨੂੰ ਵੀ ਨਕਾਰਿਆ ਹੈ ਕਿਉਂਕਿ ਇਸ ਰਾਹੀਂ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਵਰਣ-ਵੰਡ ਦੀ ਨਿਖੇਧੀ ਇਸ ਆਧਾਰ ‘ਤੇ ਕੀਤੀ ਹੈ ਕਿ ਬ੍ਰਹਿਮੰਡ ਦੀ ਰਚਨਾ ਉਸ ਅਕਾਲ ਪੁਰਖ ਨੇ ਆਪਣੇ ਆਪ ਤੋਂ ਕੀਤੀ ਹੈ, ਇਸ ਲਈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” ਅਨੁਸਾਰ ਸਾਰੇ ਮਨੁੱਖ ਬਰਾਬਰ ਹਨ, ਕੋਈ ਛੋਟਾ-ਵੱਡਾ, ਜਾਂ ਉਚਾ-ਨੀਵਾਂ ਨਹੀਂ ਹੈ। ਕੀ ਬੁੱਧ ਧਰਮ ਨੇ ਵੀ ਇਹੀ ਸਿਧਾਂਤਕ ਆਧਾਰ ਸਿਰਜੇ ਹਨ? ਕਿਸੇ ਵੀ ਦੋ ਧਰਮ ਦਰਸ਼ਨਾਂ ਵਿਚ ਸਮਾਨਤਾ ਜਾਂ ਕਿਸੇ ਕਿਸਮ ਦੀ ਵਿਰੋਧਤਾ ਦੇਖਣ ਲਈ ਇਹ ਵੀ ਦੇਖਣਾ ਪੈਂਦਾ ਹੈ ਕਿ ਕੀ ਪੱਖ ਜਾਂ ਵਿਰੋਧ ਵਿਚ ਦਿੱਤੇ ਗਏ ਆਧਾਰ ਜਾਂ ਸਿਰਜਿਆ ਗਿਆ ਤਰਕ ਵੀ ਉਹੀ ਹੈ ਜਾਂ ਕਾਰਨ ਉਹੀ ਹਨ? ਕੀ ਸਿਰਦਾਰ (ਭਾਈ) ਕਪੂਰ ਸਿੰਘ ਦਾ ਦੱਸਿਆ Ḕਪ੍ਰਾਚੀਨ ਪੱਥḔ ਉਹੀ ਹੈ, ਜਿਸ ‘ਤੇ Ḕਪ੍ਰਾਚੀਨ ਬੁੱਧ ਚਲਦੇ ਰਹੇ ਹਨ?Ḕ ਜਿਸ ਨੂੰ ਪੰਚਮ ਨਾਨਕ ਜੋਤਿ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਦੱਸਿਆ ਹੈ, “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥” ਗੁਰੂ ਨਾਨਕ ਸਾਹਿਬ ਦੇ ਮਾਰਗ ਨੂੰ ਸਿੱਧੇ ਸਾਦੇ ਸ਼ਬਦਾਂ ਵਿਚ Ḕਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾḔ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ; ਜਿਸ ਦਾ ਸਿਧਾਂਤਕ ਆਧਾਰ ਹੈ:
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣੁ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥੧॥ (ਪੰਨਾ 1245)
ਕੀ ਮਹਾਤਮਾ ਬੁੱਧ ਦੇ ਦਿੱਤੇ ਅਸ਼ਟਾਂਗ ਮਾਰਗ ਦਾ ਆਧਾਰ-ਸਿਧਾਂਤ ਵੀ ਇਹੀ ਹੈ ਜੋ ਗੁਰੂ ਨਾਨਕ ਨੇ ਗੁਰਮਤਿ ਮਾਰਗ ਦਾ ਉਪਰ ਦਿਤੇ ਹਵਾਲੇ ਅਨੁਸਾਰ ਸਿਰਜਿਆ ਹੈ? ਜਾਂ Ḕਪ੍ਰਾਚੀਨ ਬੁੱਧḔ ਪੱਥ ਕੁੱਝ ਹੋਰ ਸੀ ਜਿਸ ਦਾ ਆਮ ਸਿੱਖ ਨੂੰ ਪਤਾ ਹੀ ਨਾ ਹੋਵੇ? ਮੇਰੇ ਅਲਪ ਗਿਆਨ ਅਨੁਸਾਰ ਗੌਤਮ ਬੁੱਧ ਕਿਸੇ ਰੱਬ, ਪਰਮਾਤਮਾ, ਪਰਮਹਸਤੀ ਜਾਂ ਉਸ ਦੀ ਸਰਵਵਿਆਪਕਤਾ ਨੂੰ ਨਹੀਂ ਸੀ ਮੰਨਦੇ। ਸਿਰਦਾਰ ਕਪੂਰ ਸਿੰਘ ਨੇ ਬੁੱਧ ਧਰਮ ਅਤੇ ਸਿੱਖ ਧਰਮ ਵਿਚ ਸਮਾਨਤਾ ਦੱਸਣ ਲਈ ਹਵਾਲਾ ਦਿੱਤਾ, “ਪਾਲੀ ਭਾਸ਼ਾ ਵਿਚ ḔਸਿੱਖḔ ਧਰਮ ਮਾਰਗ ‘ਤੇ ਚੱਲਣ ਵਾਲੇ ਨੂੰ ਕਹਿੰਦੇ ਹਨ ਅਤੇ ḔਸਿੰਘḔ ਧਰਮ ਵਿਚ ਪਰਿਪੱਕ ਮਹਾਨ ਹਸਤੀ ਨੂੰ ਕਿਹਾ ਜਾਂਦਾ ਹੈ।æææਖਾਲਸਾ ਪੰਥ ਦੀ ਅੰਤਮ ਰੂਪ ਰੇਖਾ ਬੰਨ੍ਹਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਗੌਤਮ ਬੁੱਧ ਅਤੇ ਬੋਧੀ ਸੰਘ ਦੀ ਰਹੁ ਰੀਤ ਦੀ ਸਪੱਸ਼ਟ ਪਰ ਬਿਨਾ ਨਾਮ ਲਿਆਂ ਸਿੱਧੀ ਸੋਭਾ ਕੀਤੀ। ਜਿਵੇਂ ਸਾਰਨਾਥ ਵਿਚ ਧਰਮਚੱਕਰ ਦਾ ਪ੍ਰਾਰੰਭ ਕਰਨ ਸਮੇਂ ਗੌਤਮ ਬੁੱਧ ਨੇ ਬੋਧੀ ਸੰਘ ਦੀ ਨੀਂਹ ਪੰਜ ਭਿਕਸ਼ੂ ਦੀਖਤ ਕਰਕੇ ਰੱਖੀ ਸੀ, ਇਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਪੰਜ ਪਿਆਰੇ ਥਾਪ ਕੇ ਰੱਖੀ। ਬੁੱਧ ਮੱਤ ਅਤੇ ਸਿੱਖ ਮੱਤ ਦਾ ਸਾਂਝਾ ਸਿਧਾਂਤ ਹੈ ਕਿ ਮਨੁੱਖੀ ਸਭਿਅਤਾ ਅਤੇ ਸਮਾਜਕ ਉਨਤੀ ਦੀ ਅਗਵਾਈ ਤੇ ਰੱਖਿਆ ਵਿਅਕਤੀ ਨਹੀਂ, ਸਗੋਂ ਪੰਚਾਇਤ ਕਰੇ।”
ਅਜਿਹਾ ਕਥਨ ਕਿਸੇ ਵੀ ਇਲਹਾਮੀ ਧਰਮ ਨਾਲ ਜ਼ਿਆਦਤੀ ਜਾਪਦੀ ਹੈ ਕਿਉਂਕਿ ਕਿਸੇ ਵੀ ਇਲਹਾਮ (੍ਰeਵeਲਅਟਿਨ) ਦੀ ਵਿਲੱਖਣਤਾ ਇਸ ਤੱਥ ਵਿਚ ਹੈ ਕਿ ਉਸ ਨੇ ਕਿਸ ਕਿਸਮ ਦੇ ਵਿਅਕਤੀਤਵ ਦੀ ਘਾੜਤ ਕੀਤੀ ਹੈ। ਗੁਰੂ ਨਾਨਕ ਨੇ ਮਨੁੱਖੀ ਸਵੈ ਲਈ ਆਦਰਸ਼ ḔਸਚਿਆਰḔ ਹੋਣ ਦਾ ਰੱਖਿਆ ਹੈ ਜਿਸ ਨੂੰ ਗੁਰਮੁਖਿ, ਸੰਤ ਜਾਂ ਬ੍ਰਹਮ ਗਿਆਨੀ ਵੀ ਕਿਹਾ ਗਿਆ ਹੈ। ਸਿੱਖ ਧਰਮ ਦੇ ਇਲਹਾਮ ਅਰਥਾਤ ਗੁਰੂ ਜੋਤਿ ਅਤੇ ਗੁਰੂ ਜੁਗਤ ਰਾਹੀਂ ਬਾਣੀ ਦੇ ਸਿਧਾਂਤਕ ਪ੍ਰਕਾਸ਼ਨ ਦੇ ਸਿੱਟੇ ਵਜੋਂ ਜਿਸ ਕਿਸਮ ਦੇ ਵਿਅਕਤੀਤਵ ਦੀ ਘਾੜਤ ਖਾਲਸੇ ਦੇ ਰੂਪ ਵਿਚ ਸਾਹਮਣੇ ਆਈ, ਉਹ ਇੱਕੋ ਸਮੇਂ Ḕਸੰਤ ਅਤੇ ਸਿਪਾਹੀḔ ਦੀ ਕਰਨੀ ਦਾ ਇਕਸੁਰ ਹੋਣਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਬੁੱਧ ਧਰਮ ਦੇ ਅਮਲੀ ਪ੍ਰਕਾਸ਼ਨ ਦਾ ਸਿੱਟਾ ਇੱਕ ਬੋਧੀ ਦੇ ਵਿਅਕਤੀਤਵ ਦੀ ਵੀ ਇਹੀ ਘਾੜਤ ਸਾਰਨਾਥ ਵਿਚ ਸਾਹਮਣੇ ਆਈ ਜੋ ਅਨੰਦਪੁਰ ਦੀ ਧਰਤੀ ‘ਤੇ ਖਾਲਸੇ ਦੇ ਰੂਪ ਵਿਚ ਆਈ?
ਇੱਕ ਹੋਰ ਹਵਾਲੇ ਅਨੁਸਾਰ “ਚੱਕਰਵਰਤੀ ਰਾਜਗੋਪਾਲਚਾਰੀਆ ਨੇ ਸ਼ੰਕਰਾਚਾਰੀਆ ਦੀ ਕਵਿਤਾ ḔਭਜਗੋਵਿੰਦਮḔ ਦੀ ਵਿਆਖਿਆ ਵਿਚ ਦੱਸਿਆ ਹੈ ਕਿ ਕਿਵੇਂ ਸ਼ੰਕਰ ਨੇ ਭਾਰਤੀ ਸਨਾਤਨ ਸੱਚ, ਵੇਦਾਂਤ ਅਰਥਾਤ ਗਿਆਨ ਨੂੰ ਮਸਤਕ ਤੋਂ ਉਤਾਰ ਕੇ ਹਿਰਦੇ ਵਿਚ ਪਰਵੇਸ਼ ਕਰਾਇਆ। ਸ਼ੰਕਰ ਨੇ ਦਸਨਾਮੀ ਪਰੰਪਰਾ ਅਤੇ ਚਾਰ ਮੱਠਾਂ ਦੀ ਸਥਾਪਨਾ ਕੀਤੀ ਅਤੇ ਭਗਤੀ ਧਾਰਾ ਦਾ ਪ੍ਰਚਲਨ ਕੀਤਾ, ਜੋ ਰਾਮਾਨੁਜ ਅਤੇ ਦਸ ਅਲਵਾਰ ਸਾਧੂਆਂ ਵਿਚੋਂ ਹੁੰਦੀ ਹੋਈ, ਰਾਮਾਨੰਦ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਭਾਗ ਬਣੀ। ਸਿੱਖ ਅਰਦਾਸ ਵਿਚ ਦਸ ਗੁਰੂ ਸਾਹਿਬਾਨ ਨੇ ਦਸ ਨਾਂਵਾਂ ਦੀ ਅਰਾਧਨਾ ਅਤੇ ਚਾਰ ਤਖਤਾਂ ਦੀ ਸਥਾਪਨਾ ਵਿਚ ਵੀ ਸਿੱਖੀ ਦੀ ਸਨਾਤਨਤਾ ਦਾ ਸੰਕੇਤ ਹੈ।…ਚਾਰ ਵੇਦ, ਚਾਰ ਕਤੇਬ, ਚਾਰ ਵਰਣ, ਚਾਰ ਮਜ਼ਹਬ, ਚਾਰ ਮੱਠ, ਚਾਰ ਧੂੰਏਂ ਅਤੇ ਚਾਰ ਤਖਤ ਕਿਸੇ ਸਾਂਝੇਪਣ ਦਾ ਸੰਕੇਤ ਹਨ।”
ਸਿੱਖ ਇਲਹਾਮ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਰੂਪ ਵਿਚ ਇੱਕ ਨਿਰੰਤਰ ਅਮਲ ਹੈ ਪਰ ਇਸ ਨੂੰ ਪਹਿਲੇ ਧਰਮਾਂ ਦੀ ਉਸ ਨਿਰੰਤਰਤਾ ਵਿਚ ਲੈਣਾ ਤਰਕ-ਸੰਗਤਿ ਨਹੀਂ ਜਾਪਦਾ। ਇੱਕ ਪਰੰਪਰਾ ਵਿਚੋਂ ਸ਼ਬਦ ਜਦੋਂ ਦੂਜੀ ਪਰੰਪਰਾ ਵਿਚ ਜਾਂਦੇ ਹਨ ਤਾਂ ਸੰਕਲਪਕ ਅਰਥਾਂ ਦੀ ਟਰਾਂਸਫਰਮੇਸ਼ਨ ਹੋ ਜਾਂਦੀ ਹੈ। ਸਿੱਖ ਧਰਮ ਅਨੇਕਤਾ ਵਿਚ ਏਕਤਾ ਨੂੰ ਪ੍ਰਵਾਨ ਕਰਦਾ ਹੈ ਕਿਉਂਕਿ ਸਾਰਿਆਂ ਵਿਚ ਉਸ ਇੱਕ ਦੀ ਜੋਤਿ ਵਿਆਪਕ ਹੈ। ਪੰਚਮ ਪਾਤਿਸ਼ਾਹ ਦਾ ਬਚਨ ਹੈ:
ਤੂੰ ਪੇਡੁ ਸਾਖ ਤੇਰੀ ਫੂਲੀ॥
ਤੂੰ ਸੂਖਮੁ ਹੋਆ ਅਸਥੂਲੀ॥
ਤੂੰ ਜਲ ਨਿਧਿ ਤੂੰ ਫੇਨੁ ਬੁਦਬੁਦਾ
ਤੁਧੁ ਬਿਨੁ ਅਵਰੁ ਨ ਭਾਲੀਐ ਜੀਉ॥੧॥
ਤੂੰ ਸੂਤੁ ਮਣੀਏ ਭੀ ਤੂੰਹੈ॥
ਤੂੰ ਗੰਠੀ ਮੇਰੁ ਸਿਰਿ ਤੂੰਹੈ॥
ਆਦਿ ਮਧਿ ਅੰਤਿ ਪ੍ਰਭੁ ਸੋਈ
ਅਵਰੁ ਨ ਕੋਇ ਦਿਖਾਲੀਐ ਜੀਉ॥੨॥
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ॥
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ॥
ਅਪਣੇ ਕਰਤਬ ਆਪੇ ਜਾਣਹਿ
ਆਪੇ ਤੁਧੁ ਸਮਾਲੀਐ ਜੀਉ॥੩॥
ਤੂੰ ਠਾਕੁਰੁ ਸੇਵਕੁ ਫੁਨਿ ਆਪੇ॥
ਤੂੰ ਗੁਪਤੁ ਪਰਗਟੁ ਪ੍ਰਭ ਆਪੇ॥
ਨਾਨਕ ਦਾਸੁ ਸਦਾ ਗੁਣ ਗਾਵੈ
ਇਕ ਭੋਰੀ ਨਦਰਿ ਨਿਹਾਲੀਐ ਜੀਉ॥੪॥ (ਪੰਨਾ ੧੦੨-੩)
ਗੁਰੂ ਨਾਨਕ ਨੇ ਸਾਰੀਆਂ ਦਿਸ਼ਾਵਾਂ ਵਿਚ ਉਦਾਸੀਆਂ ਕੀਤੀਆਂ ਅਤੇ ਦਿਸ਼ਾਵਾਂ ਚਾਰ ਹੀ ਹੁੰਦੀਆਂ ਹਨ। ਇਸ ਲਈ ਉਦਾਸੀਆਂ ਚਾਰ ਹੀ ਹੋਣੀਆਂ ਸਨ, ਵੱਧ ਘੱਟ ਕਿਵੇਂ ਹੁੰਦੀਆਂ? ਗੁਰੂ ਨਾਨਕ ਨੇ ਬਾਬਾ ਸ੍ਰੀ ਚੰਦ ਨੂੰ ਛੱਡ ਕੇ ਭਾਈ ਲਹਿਣਾ ਨੂੰ ਗੁਰਗੱਦੀ ਕਿਉਂ ਦਿੱਤੀ? ਭਾਈ ਗੁਰਦਾਸ ਦੀ ਪਹਿਲੀ ਵਾਰ ਉਪਰੋਕਤ ਗਿਣਤੀਆਂ-ਮਿਣਤੀਆਂ ‘ਤੇ ਸੰਖੇਪ ਪਰ ਬਹੁਤ ਗੰਭੀਰ ਚਾਨਣੁ ਪਾਉਂਦੀ ਹੈ; ਜਿਵੇਂ “ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ। ਕਰਮ ਭ੍ਰਿਸਟਿ ਸਭਿ ਭਈ ਲੋਕਾਈ। ਚਹੁੰ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ।æææਆਪੋ ਆਪਣੇ ਮਤਿ ਸਭਿ ਗਾਵੈ। ਕਲਿਜੁਗਿ ਬੋਧੁ ਅਉਤਾਰੁ ਹੈ ਬੋਧੁ ਅਬੋਧੁ ਨ ਦ੍ਰਿਸਟੀ ਆਵੈ।æææਫੋਕਟਿ ਧਰਮੀ ਭਰਮਿ ਭੁਲਾਵੈ। ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ। ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ। ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ।æææ ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਕਾਣੇ।” ਇਸ ਸਭ ਦਾ ਸਿੱਟਾ ਇਹ ਕੱਢਿਆ ਹੈ, “ਧਰਮ ਧਉਲੁ ਪੁਕਾਰੈ ਤਲੈ ਖੜੋਆ॥”
ਭਾਈਚਾਰਕ ਸਾਂਝ, Ḕਸਰਬੱਤ ਦਾ ਭਲਾḔ ਦੇ ਆਧਾਰ-ਸਿਧਾਂਤ ਬਾਣੀ ਵਿਚੋਂ ਹੀ ਲੱਭ ਲਏ ਜਾਣ ਤਾਂ ਇੱਕ ਸਿੱਖ ਵਜੋਂ ਬਿਹਤਰ ਹੋਵੇਗਾ। ਸ਼ਾਇਦ ਮਾਰਗ ਹੱਥ ਲੱਗ ਹੀ ਜਾਵੇ!