ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਦੇ ਚਿੰਤਨ ਬਾਰੇ ‘ਪੰਜਾਬ ਟਾਈਮਜ਼’ ਦੇ 7 ਜਨਵਰੀ 2017 ਦੇ ਅੰਕ ਵਿਚ ਛਪੇ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਨਾਲ ਅਰੰਭ ਹੋਈ ਚਰਚਾ ਤਹਿਤ ਪਾਠਕ ਹਜਾਰਾ ਸਿੰਘ ਮਿਸੀਸਾਗਾ (ਕੈਨੇਡਾ), ਤਰਲੋਕ ਸਿੰਘ ਨਿਊ ਜਰਸੀ, ਕਮਲਜੀਤ ਸਿੰਘ ਫਰੀਮਾਂਟ, ਡਾæ ਸੰਦੀਪ ਸਿੰਘ, ਹਾਕਮ ਸਿੰਘ, ਪੰਜਾਬੀ ਯੂਨੀਵਰਸਿਟੀ-ਪਟਿਆਲਾ ਵਿਚ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਮੁਖੀ ਰਹਿ ਚੁਕੇ ਡਾæ ਗੁਰਨਾਮ ਕੌਰ ਕੈਨੇਡਾ ਅਤੇ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਦੇ ਵਿਚਾਰ ਪੜ੍ਹ ਚੁਕੇ ਹਾਂ।
ਇਸੇ ਲੜੀ ਵਿਚ ਐਤਕੀਂ ਹਾਕਮ ਸਿੰਘ ਦੇ ਵਿਚਾਰ ਛਾਪ ਰਹੇ ਹਾਂ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਾਡਾ ਮਨਸ਼ਾ ਇਸ ਮੁੱਦੇ ਉਤੇ ਸੰਜੀਦਾ ਬਹਿਸ ਚਲਾਉਣਾ ਹੈ। ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਹਾਕਮ ਸਿੰਘ
ਪੰਜਾਬ ਟਾਈਮਜ਼ ਵਿਚ ਖਾਲਿਸਤਾਨ ਨਾਲ ਸਬੰਧਤ ਵਿਚਾਰ-ਚਰਚਾ ਵਿਚ ਖਾਲਿਸਤਾਨ ਦੇ ਮੂਲ ਆਧਾਰ ਅਤੇ ਉਸ ਦੇ ਇਤਿਹਾਸਕ ਪਿਛੋਕੜ ਬਾਰੇ ਸੰਖੇਪ ਵਿਚਾਰ ਕਰ ਲੈਣੀ ਅਣਉਚਿੱਤ ਨਹੀਂ ਹੋਵੇਗੀ। ਖਾਲਿਸਤਾਨ ਧਰਮਤੰਤਰਕ (ਠਹeੋਚਰਅਟਚਿ) ਰਾਜ ਪ੍ਰਣਾਲੀ ਦਾ ਸੰਕਲਪ ਹੈ। ਧਰਮਤੰਤਰ ਧਰਮ ਅਤੇ ਰਾਜਨੀਤੀ ਦੇ ਸੁਮੇਲ ਦੀ ਉਪਜ ਹੈ। ਧਰਮ ਅਤੇ ਰਾਜਨੀਤੀ ਦੋ ਵੱਖਰੀਆਂ ਅਤੇ ਵਿਰੋਧੀ ਵਿਚਾਰਧਾਰਾਵਾਂ ਹਨ। ਇਨ੍ਹਾਂ ਵਿਚ ਮੂਲ ਅੰਤਰ ਹੈ। ਸਿੱਖ ਜਗਤ ਵਿਚ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ ਕਿ ਖਾਲਿਸਤਾਨ ਦੀ ਧਰਮਤੰਤਰਕ ਰਾਜ ਪ੍ਰਣਾਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੀ ਉਲੰਘਣਾ ਕਰਦੀ ਹੈ। ਬਹੁਤੇ ਲੋਕ ਅਗਿਆਨ ਵੱਸ ਸ਼ਰਧਾ ਭਾਵਨਾ ਦੇ ਵਹਾਓ ਵਿਚ ਹੀ ਧਰਮਤੰਤਰਕ ਰਾਜ ਪ੍ਰਣਾਲੀ ਦੇ ਸਮਰਥਕ ਬਣੇ ਹੋਏ ਹਨ। ਗੁਰਬਾਣੀ ਪ੍ਰੇਮੀਆਂ ਨੂੰ ਧਰਮਤੰਤਰ ਦੀ ਅਸਲੀਅਤ ਜਾਣਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ।
ਧਰਮ ਅਤੇ ਰਾਜਨੀਤੀ ਵਿਚ ਅੰਤਰ ਹੈ:
1æ ਧਰਮ ਅਧਿਆਤਮਕ ਵਿਚਾਰਧਾਰਾ ਤੇ ਆਧਾਰਤ ਨਿਜੀ ਜੀਵਨ ਢੰਗ ਹੈ। ਰਾਜਨੀਤੀ ਸਮਾਜ ਨੂੰ ਸੰਗਠਤ ਕਰਕੇ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਦੀ ਕ੍ਰਿਆ ਹੈ।
2æ ਧਰਮ ਦੀ ਅਧਿਆਤਮਕ ਵਿਚਾਰਧਾਰਾ ਸੰਸਾਰ ਵਿਚ ਤ੍ਰੈਗੁਣੀ ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਵਿਆਪਕ ਪ੍ਰਭਾਵ ਮੰਨਦੀ ਹੈ ਅਤੇ ਇਨ੍ਹਾਂ ਤੋਂ ਬਚਣ ਦਾ ਸੁਝਾ ਦਿੰਦੀ ਹੈ। ਇਸ ਦੇ ਉਲਟ ਰਾਜਨੀਤੀ ਲੋਕਾਂ ਨੂੰ ਉਸੇ ਮਾਇਆ, ਸੰਪੱਤੀ ਅਤੇ ਸ਼ਕਤੀ ਵਿਚ ਲੀਨ ਹੋ ਕੇ ਉਸ ਵਿਚ ਵਾਧਾ ਕਰਨ ਲਈ ਪ੍ਰੇਰਿਤ ਕਰਦੀ ਹੈ।
3æ ਧਰਮ ਦਾ ਅਧਿਆਤਮਕ ਗਿਆਨ ਮਨੁੱਖ ਨੂੰ ਸੰਸਾਰਕ ਮੋਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੁਰਗ ਪ੍ਰਾਪਤੀ ਜਾਂ ਪ੍ਰਭੂ ਨਾਲ ਮਿਲਾਪ ਦਾ ਉਪਦੇਸ਼ ਕਰਦਾ ਹੈ। ਪਰ ਰਾਜਨੀਤੀ ਕਾਨੂੰਨ ਅਤੇ ਪ੍ਰਬੰਧਕੀ ਸੇਵਾਵਾਂ ਰਾਹੀਂ ਸੰਸਾਰਕ ਜੀਵਨ ਨੂੰ ਹੀ ਸੁਰਖਿਅਤ ਅਤੇ ਖੁਸ਼ਹਾਲ ਬਣਾ ਕੇ ਮਨੁੱਖ ਲਈ ਆਰਾਮਦੇਹ ਜੀਵਨ ਦਾ ਅਵਸਰ ਪ੍ਰਦਾਨ ਕਰਨ ਦਾ ਯਤਨ ਕਰਦੀ ਹੈ।
4æ ਧਰਮ ਵਿਸ਼ਵਾਸ ‘ਤੇ ਆਧਾਰਤ ਹੁੰਦਾ ਹੈ। ਰਾਜਨੀਤੀ ਤਰਕ, ਪ੍ਰਮਾਣ ਅਤੇ ਸ਼ਕਤੀ ਵਿਚ ਵਿਸ਼ਵਾਸ ਰੱਖਦੀ ਹੈ।
5æ ਧਰਮ ਦੀ ਅਧਿਆਤਮਕ ਵਿਚਾਰਧਾਰਾ ਮਨੁੱਖ ਨੂੰ ਪ੍ਰਭੂ ਦੇ ਅਧੀਨ ਪਰ ਸੰਸਾਰ ਵਿਚ ਪੂਰਨ ਸੁਤੰਤਰ ਅਤੇ ਬਰਾਬਰ ਮੰਨਦੀ ਹੈ। ਰਾਜਨੀਤੀ ਮਨੁੱਖ ਨੂੰ ਕਾਨੂੰਨ ਅਧੀਨ ਕਰਕੇ ਸੀਮਤ ਅਧਿਕਾਰਾਂ ਦਾ ਹੱਕਦਾਰ ਬਣਾਉਂਦੀ ਹੈ।
6æ ਸਮਾਜ ਵਿਚ ਸਫਲਤਾ ਬੁੱਧੀ, ਮਿਹਨਤ ਅਤੇ ਲਗਨ ‘ਤੇ ਨਿਰਭਰ ਕਰਦੀ ਹੈ। ਧਰਮ ਅਨੁਸਾਰ ਸਫਲਤਾ ਅਤੇ ਤੰਦਰੁਸਤੀ ਲਈ ਪੂਜਾ, ਪਾਠ, ਪੁੰਨ, ਦਾਨ, ਅਰਦਾਸ ਅਤੇ ਕਰਮ ਕਾਂਡ ਕਰਨ ਦੀ ਲੋੜ ਹੁੰਦੀ ਹੈ।
7æ ਰਾਜਨੀਤੀ ਸੰਸਾਰ ਵਿਚ ਵੰਡੀਆਂ ਪਾ ਕੇ ਸਮਾਜ ਸਿਰਜਦੀ ਅਤੇ ਕੌਮਾਂ ਤੇ ਰਾਜ ਦੀ ਸਥਾਪਨਾ ਕਰਦੀ ਹੈ। ਧਰਮ ਸਮਾਜ ਵਿਚ ਵੰਡੀਆਂ ਪਾ ਕੇ ਵਖਰੇਵਾਂ ਅਤੇ ਦਵੈਖ ਪੈਦਾ ਕਰਦਾ ਹੈ।
ਧਰਮ ਅਤੇ ਰਾਜਨੀਤੀ ਦੇ ਮੂਲ ਅੰਤਰ ਦਾ ਇਹੋ ਅਰਥ ਹੈ ਕਿ ਜਿਥੇ ਰਾਜਨੀਤੀ ਹੁੰਦੀ ਹੈ, ਉਥੇ ਧਰਮ ਨਹੀਂ ਹੁੰਦਾ। ਧਰਮ ਅਸਲ ਵਿਚ ਮਨੁੱਖੀ ਮਨ ਨੂੰ ਸਾਧਣ, ਕਾਬੂ ਕਰਨ ਜਾਂ ਮਾਰਨ ਦੀ ਵਿਧੀ ਹੈ। ਰਾਜਨੀਤੀ ਦਾ ਸਬੰਧ ਮਨੁੱਖੀ ਸਰੀਰ ਨਾਲ ਹੁੰਦਾ ਹੈ, ਮਨ ਨਾਲ ਨਹੀਂ। ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਪਸ਼ਟ ਕਰ ਦਿੱਤਾ ਸੀ ਕਿ ਇੱਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ, ਜਿਥੇ ਮੀਰੀ ਹੋਵੇਗੀ, ਉਥੇ ਪੀਰੀ ਨਹੀਂ ਹੋ ਸਕਦੀ। ਹਾਂ, ਮਨੁੱਖ ਆਪਣੇ ਜੀਵਨ ਵਿਚ ਮੀਰੀ ਨਾਲ ਪੀਰੀ ਵੀ ਧਾਰ ਸਕਦਾ ਹੈ ਪਰ ਇਨ੍ਹਾਂ ਦੋਹਾਂ ਜੀਵਨ ਢੰਗਾਂ ਦੇ ਫਰਜ਼ਾਂ ਨੂੰ ਜੁਦੇ ਰੱਖਣਾ ਪਵੇਗਾ।
ਧਰਮ ਮਨ ਦੀ ਕ੍ਰਿਆ ਹੈ, ਇਸ ਲਈ ਇਸ ਦਾ ਪ੍ਰਸਾਰ ਜ਼ੋਰ, ਜਬਰ ਜਾਂ ਸ਼ਕਤੀ ਨਾਲ ਨਹੀਂ ਕੀਤਾ ਜਾ ਸਕਦਾ। ਲੋਕਾਂ ਦਾ ਮਨ ਜਿਤਣ ਲਈ ਪ੍ਰੇਮ ਦੀ ਲੋੜ ਹੁੰਦੀ ਹੈ, ਸ਼ਕਤੀ ਦੀ ਨਹੀਂ। ਗੁਰੂ ਨਾਨਕ ਸਾਹਿਬ ਕੋਲ ਕਿਹੜੀ ਰਾਜ ਸ਼ਕਤੀ ਸੀ ਜਿਸ ਨਾਲ ਦੁਨੀਆਂ ਭਰ ਦੇ ਧਾਰਮਕ ਆਗੂ ਉਨ੍ਹਾਂ ਦੇ ਉਪਾਸ਼ਕ ਬਣ ਗਏ? ਸਾਰੇ ਪੈਗੰਬਰਾਂ ਨੇ ਆਪੋ ਆਪਣੇ ਧਰਮ ਦਾ ਪ੍ਰਸਾਰ ਪਿਆਰ ਨਾਲ ਲੋਕਾਂ ਦਾ ਮਨ ਜਿੱਤ ਕੇ ਕੀਤਾ ਹੈ। ਧਰਮ ਵਿਚ ਦਿਖਾਵੇ ਲਈ ਵੀ ਕੋਈ ਥਾਂ ਨਹੀਂ ਹੁੰਦੀ ਪਰ ਰਾਜ ਦਿਖਾਵੇ ਤੋਂ ਬਿਨਾ ਚਲ ਨਹੀਂ ਸਕਦਾ। ਦਿਖਾਵੇ ਵਾਲਾ ਧਰਮ ਤਾਂ ਪਖੰਡ ਹੁੰਦਾ ਹੈ। ਧਰਮ ਦੇ ਸੰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਪੁਜਾਰੀਆਂ ਤੇ ਧਰਮਸ਼ਾਸਤਰੀਆਂ ਅਤੇ ਉਨ੍ਹਾਂ ਵਲੋਂ ਸਥਾਪਤ ਸੰਸਥਾਵਾਂ ਦੀ ਹੁੰਦੀ ਹੈ। ਸ਼ਾਸਨ ਵਿਚ ਧਰਮ ਦੇ ਸੰਚਾਰ ਦੀ ਯੋਗਤਾ ਨਹੀਂ ਹੁੰਦੀ।
ਸਿੱਖ ਧਰਮ ਨੂੰ ਪੰਜਾਬ ਵਿਚ ਦੂਜੇ ਧਰਮਾਂ ਨਾਲੋਂ ਵਧੇਰੇ ਅਧਿਕਾਰ ਪ੍ਰਾਪਤ ਹਨ ਕਿਉਂਕਿ ਸਿੱਖ ਆਗੂਆਂ ਨੇ ਆਪਣੇ ਧਾਰਮਕ ਅਧਿਕਾਰ ਆਪ ਗੁਰਦੁਆਰਾ ਐਕਟ ਬਣਵਾ ਕੇ ਨਿਰਧਾਰਤ ਕੀਤੇ ਸਨ। ਸਿੱਖ ਜਗਤ ਆਪਣੇ ਧਰਮ ਅਸਥਾਨਾਂ ਦੇ ਪ੍ਰਬੰਧ ਲਈ ਕਮੇਟੀ ਚੁਣਨ ਦਾ ਅਧਿਕਾਰੀ ਹੈ ਅਤੇ ਸ਼੍ਰੋਮਣੀ ਕਮੇਟੀ ਕੋਲ ਸਿੱਖ ਧਰਮ ਦਾ ਪ੍ਰਸਾਰ ਕਰਨ ਲਈ ਕਾਨੂੰਨ ਅਧੀਨ ਪੂਰੇ ਅਖਤਿਆਰ ਹਨ। ਸਿੱਖ ਧਰਮ ਦੀਆਂ ਅਨੇਕਾਂ ਹੀ ਸੰਪਰਦਾਵਾਂ, ਡੇਰੇ ਅਤੇ ਠਾਠਾਂ ਆਪੋ ਆਪਣੇ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਹਨ। ਸਾਰੇ ਸਿੱਖਾਂ ਨੂੰ ਧਰਮ ਪ੍ਰਚਾਰ ਦੀ ਪੂਰੀ ਆਜ਼ਾਦੀ ਅਤੇ ਸੁਵਿਧਾ ਹੈ। ਧਰਮਤੰਤਰਕ ਰਾਜ ਵੀ ਸ਼ਾਇਦ ਏਨੀਆਂ ਧਾਰਮਕ ਸਹੂਲਤਾਂ ਨਾ ਦੇ ਸਕਦਾ?
ਧਰਮ ਦੇ ਵਿਸ਼ਵਾਸਾਂ ਅਤੇ ਰਾਜਨੀਤੀ ਦੇ ਮੰਤਵਾਂ ਵਿਚ ਪਰਸਪਰ ਵਿਰੋਧਤਾ ਹੋਣ ਦੇ ਬਾਵਜੂਦ ਪੁਰਾਤਨ ਸਮਿਆਂ ਤੋਂ ਰਾਜੇ ਅਤੇ ਪੁਜਾਰੀ ਹਜ਼ਾਰਾਂ ਸਾਲ ਹਕੂਮਤ ਵਿਚ ਭਾਗੀਦਾਰ ਬਣੇ ਰਹੇ ਹਨ। ਉਨ੍ਹਾਂ ਸਮਿਆਂ ਵਿਚ ਆਮ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਤੇ ਸੂਝ ਹੁੰਦੀ ਸੀ ਅਤੇ ਉਨ੍ਹਾਂ ਦੇ ਜੀਵਨ ਵੀ ਬਹੁਤ ਸਾਧਾਰਨ ਹੁੰਦੇ ਸਨ। ਲੋਕਾਂ ਦਾ ਇੱਕੋ ਧਰਮ ਹੁੰਦਾ ਸੀ ਅਤੇ ਪੁਜਾਰੀ ਵਰਗ ਲੋਕਾਂ ਦੀ ਪੂਜਾ ਪਾਠ ਤੇ ਨੈਤਿਕ ਜੀਵਨ ਬਤੀਤ ਕਰਨ ਵਿਚ ਅਗਵਾਈ ਕਰਦਾ ਸੀ। ਪਰ ਉਸ ਧਰਮਤੰਤਰਕ ਰਾਜ ਪ੍ਰਣਾਲੀ ਵਿਚ ਮਨੁੱਖੀ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਅਪਰਾਧ ਸਮਝਿਆ ਜਾਂਦਾ ਸੀ ਅਤੇ ਲੋਕਾਂ ਨੂੰ ਡਰਾ ਕੇ ਅਧੀਨ ਰਖਿਆ ਜਾਂਦਾ ਸੀ। ਸਿਰਜਣਾਤਮਕ ਅਤੇ ਆਜ਼ਾਦ ਸੋਚ ਵਾਲੇ ਵਿਅਕਤੀਆਂ ਨੂੰ ਸਖਤ ਸਜ਼ਾਵਾਂ ਦਿਤੀਆਂ ਜਾਂਦੀਆਂ ਸਨ। ਲੋਕਾਂ ਨੂੰ ਅਨਜਾਣ ਅਤੇ ਗਿਆਨਹੀਣ ਰੱਖਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਅਧੀਨ ਕਰਨ ਲਈ ਹਰ ਕਾਰਗਰ ਢੰਗ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਾਸਨ ਸ਼ਕਤੀ ਦੇ ਜ਼ੋਰ ‘ਤੇ ਜਨਤਾ ਨੂੰ ਅਧੀਨ ਕਰਦਾ ਸੀ ਅਤੇ ਪੁਜਾਰੀ ਵਰਗ ਅਸੀਮ ਅਤੇ ਅੰਨ੍ਹੀਂ ਸ਼ਰਧਾ ਉਤੇਜਿਤ ਕਰਕੇ ਲੋਕਾਂ ਦੀ ਸੋਚ ਅਤੇ ਸਿਰਜਣਾਤਮਕ ਬਿਰਤੀਆਂ ਨੂੰ ਕੰਟਰੋਲ ਕਰਦੇ ਸਨ।
ਮਨੁੱਖੀ ਸਮਾਜ ਵਿਚ ਬੇਚੈਨੀ ਅਤੇ ਵਿਦਰੋਹ ਦੀ ਭਾਵਨਾ ਪੈਦਾ ਹੋਣੀ ਸੁਭਾਵਕ ਹੁੰਦੀ ਹੈ, ਇਸ ਲਈ ਸ਼ਾਸਕ ਲੋਕਾਂ ਨੂੰ ਸੰਤੁਸ਼ਟ ਅਤੇ ਅਧੀਨ ਰੱਖਣ ਲਈ ਪੁਜਾਰੀਆਂ ਦੀ ਸਹਾਇਤਾ ਲੈਂਦੇ ਸਨ। ਪੁਜਾਰੀ ਵੀ ਆਪਣੇ ਸ਼ਰਧਾਲੂਆਂ ਵਿਚ ਵਾਧਾ ਕਰਨ, ਸ਼ਕਤੀਵਾਨ ਅਤੇ ਧਨਾਢ ਬਣਨ ਲਈ ਰਾਜ ਸਰਕਾਰ ਦੀ ਸਹਾਇਤਾ ਦੇ ਅਭਿਲਾਸ਼ੀ ਹੁੰਦੇ ਸਨ। ਦੋਹਾਂ ਧਿਰਾਂ ਲਈ ਰਲ-ਮਿਲ ਕੇ ਰਾਜ ਭਾਗ ਚਲਾਉਣਾ ਲਾਹੇਵੰਦ ਹੁੰਦਾ ਸੀ। ਪਰ ਫਿਰ ਵੀ ਉਨ੍ਹਾਂ ਵਿਚ ਤਣਾਓ ਦੀ ਸਥਿਤੀ ਬਣੀ ਰਹਿੰਦੀ ਸੀ।
ਭਾਰਤ ਦੀ ਧਰਮਤੰਤਰਕ ਰਾਜ ਪ੍ਰਣਾਲੀ ਵਿਚ ਰਾਜੇ ਅਤੇ ਰਾਜ ਪੁਰੋਹਿਤ ਹਕੂਮਤ ਵਿਚ ਭਾਈਵਾਲ ਹੁੰਦੇ ਹੋਏ ਵੀ ਅਕਸਰ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ। ਯੂਰਪੀਨ ਧਰਮਤੰਤਰ ਵਿਚ ਵੀ ਧਰਮ ਅਤੇ ਰਾਜਨੀਤੀ ਦੀ ਸਾਂਝ ਤੇ ਟਕਰਾ ਦਾ ਬਹੁਤ ਲੰਮਾ ਇਤਿਹਾਸ ਹੈ। ਲਗਭਗ ਇੱਕ ਹਜ਼ਾਰ ਸਾਲ ਪਾਦਰੀ ਤੇ ਸ਼ਹਿਨਸ਼ਾਹ ਰਾਜ ਭਾਗ ਵਿਚ ਭਾਈਵਾਲ ਰਹੇ ਅਤੇ ਆਪਸੀ ਮਤਭੇਦਾਂ ਨੂੰ ਨਜਿੱਠਣ ਲਈ ਉਨ੍ਹਾਂ ਨੇ ਗਿਲੇਸੀਅਸ ਦੀਆਂ ਦੋ ਤਲਵਾਰਾਂ ਦਾ ਸਿਧਾਂਤ (ਘeਲਅਸਿਸ’ਸ ਠੱੋ-ਸੱੋਰਦਸ ਠਹeੋਰੇ) ਅਪਨਾ ਲਿਆ ਸੀ ਜਿਸ ਅਨੁਸਾਰ ਸ਼ਹਿਨਸ਼ਾਹ ਨੂੰ ਸੰਸਾਰਕ ਸ਼ਕਤੀ ਅਤੇ ਪਾਦਰੀ ਨੂੰ ਪ੍ਰਮਾਰਥਕ ਸ਼ਕਤੀ ਮੰਨਿਆ ਜਾਂਦਾ ਸੀ। ਦੋ ਤਲਵਾਰਾਂ ਦੇ ਸਿਧਾਂਤ ਨੂੰ ਇੰਗਲੈਂਡ ਦੇ ਸ਼ਹਿਨਸ਼ਾਹ ਹੈਨਰੀ 8 (੍ਹeਨਰੇ ੜੀ) ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਅਧੀਨ ਇੰਗਲੈਂਡ ਦਾ ਚਰਚ ਸਥਾਪਤ ਕਰ ਲਿਆ ਸੀ।
ਯੂਰਪ ਦੇ ਵਿਦਵਾਨਾਂ ਅਤੇ ਫਿਲਾਸਫਰਾਂ ਨੇ ਲਗਭਗ ਤਿੰਨ ਸੌ ਸਾਲ ਵਿਅਕਤੀ, ਸਮਾਜ, ਸਟੇਟ ਅਤੇ ਧਰਮ ਦੇ ਸਬੰਧਾਂ ਬਾਰੇ ਡੂੰਘੀ ਅਤੇ ਵਿਸਤ੍ਰਿਤ ਵਿਚਾਰ-ਚਰਚਾ ਵੀ ਕੀਤੀ ਸੀ। ਆਖਰ ਨੂੰ ਉਦਯੋਗ, ਵਿਗਿਆਨ, ਸਿਖਿਆ ਤੇ ਜਾਣਕਾਰੀ ਵਿਚ ਵਾਧੇ ਅਤੇ ਸੁਤੰਤਰਤਾ ਸੰਗਰਾਮਾਂ ਕਾਰਨ ਸਮਾਜ ਵਿਚ ਪਰਿਵਰਤਨ ਆ ਗਿਆ ਜਿਸ ਦੇ ਫਲਸਰੂਪ ਯੂਰਪੀਨ ਦੇਸ਼ਾਂ ਨੇ ਧਰਮ ਨਿਰਪੱਖ ਸੰਵਿਧਾਨ ਬਣਾ ਕੇ ਰਾਜਾਂ ਵਿਚੋਂ ਧਰਮ ਦੀ ਦਖਲ-ਅੰਦਾਜ਼ੀ ਸਮਾਪਤ ਕਰ ਦਿੱਤੀ। ਪਰ ਯੂਰਪ ਦੇ ਧਰਮ ਨਿਰਪੱਖ ਕੌਮੀ ਰਾਜ (ਂਅਟਿਨ ੰਟਅਟeਸ) ਸ਼ਾਂਤੀ ਕਾਇਮ ਕਰਨ ਵਿਚ ਸਫਲ ਨਾ ਹੋ ਸਕੇ। ਉਨ੍ਹਾਂ ਵਲੋਂ ਕੀਤੇ ਦੋ ਭਿਆਨਕ ਵਿਸ਼ਵ ਯੁਧਾਂ ਵਿਚ ਕਰੋੜਾਂ ਮਾਸੂਮ ਮਾਰੇ ਗਏ। ਜੰਗਾਂ ਦੀ ਸੰਭਾਵਨਾ ਖਤਮ ਕਰਨ ਲਈ ਲੀਗ ਆਫ ਨੇਸ਼ਨਜ਼ ਹੋਂਦ ਵਿਚ ਆਈ ਪਰ ਉਸ ਨੂੰ ਫਾਸ਼ੀ ਅਤੇ ਨਾਜ਼ੀ ਸ਼ਕਤੀਆਂ ਨੇ ਖਤਮ ਕਰ ਦਿੱਤਾ। ਵਿਸ਼ਵ ਦੇ ਰਾਜਾਂ ਨੇ ਮਿਲ ਕੇ ਹੁਣ ਸੰਯੁਕਤ ਰਾਸ਼ਟਰ (ੂਂੌ) ਬਣਾਇਆ ਹੈ। ਵਿਸ਼ਵ ਦੇ ਰਾਜਾਂ ਨੇ ਆਰਥਿਕ, ਜਲ ਵਾਯੂ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਗਲੋਬਲ ਨੀਤੀ ਨਿਰਧਾਰਤ ਕਰਨ ਦੇ ਨਿਰਣੇ ਲਏ ਹਨ ਪਰ ਹਾਲੇ ਵੀ ਸੰਯੁਕਤ ਰਾਸ਼ਟਰ ਦੁਨੀਆਂ ਵਿਚ ਸ਼ਾਂਤੀ ਕਾਇਮ ਕਰਨ ਦੇ ਯੋਗ ਨਹੀਂ ਬਣ ਸਕਿਆ।
ਮਾਨਵਤਾ ਦੇ ਇਤਿਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਸਮਾਜ ਦਾ ਆਰਥਕ ਢਾਂਚਾ ਉਸ ਦੇ ਸਭਿਆਚਾਰ ਅਤੇ ਰਾਜ ਪ੍ਰਣਾਲੀ ਨੂੰ ਨਿਰਧਾਰਤ ਕਰਦਾ ਹੈ। ਪੁਰਾਤਨ ਅਤੇ ਮੱਧਕਾਲੀਨ ਸਮਿਆਂ ਦੀ ਆਰਥਿਕਤਾ ਵਿਚ ਧਰਮਤੰਤਰਕ ਰਾਜ ਪ੍ਰਣਾਲੀ ਕਾਰਗਰ ਹੋਣ ਕਾਰਨ ਪ੍ਰਚਲਿਤ ਰਹੀ ਸੀ। ਅਜੋਕੇ ਯੁੱਗ ਵਿਚ ਉਦਯੋਗ, ਵਿਗਿਆਨ, ਜਾਣਕਾਰੀ ਅਤੇ ਤਕਨਾਲੌਜੀ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਨਾਲ ਸਭਿਆਚਾਰ ਵਿਚ ਆਧੁਨਿਕਤਾ ਅਤੇ ਧਰਮਾਂ ਵਿਚ ਅਨੇਕਤਾ ਆ ਗਈ ਹੈ। ਅੱਜ ਦੇ ਸਮਾਜ ਵਿਚ ਧਰਮਤੰਤਰਕ ਰਾਜ ਪ੍ਰਣਾਲੀ ਪ੍ਰਸੰਗਿਕ ਨਹੀਂ ਰਹੀ ਹੈ ਕਿਉਂਕਿ ਸਾਰੀਆਂ ਸਮਾਜਕ ਸੰਸਥਾਵਾਂ ਵਿਚ ਜਮਹੂਰੀ ਢੰਗ ਪ੍ਰਚਲਿਤ ਹੋ ਗਏ ਹਨ।
ਗੁਰਬਾਣੀ ਵਿਚ ਇੱਕ ਓਅੰਕਾਰ ਦੀ ਸਾਜੀ ਸ੍ਰਿਸ਼ਟੀ ਵਿਚ ਏਕਤਾ ਅਤੇ ਸਾਂਝੀਵਾਲਤਾ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਅਨੁਸਾਰ “ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸਿਸਟਿ ਸਬਾਈ॥ ਏਕੰਕਾਰੁ ਅਵਰ ਨਹੀਂ ਦੂਜਾ ਨਾਨਕ ਏਕੁ ਸਮਾਈ॥” (ਪੰਨਾ 931) ਸੂਝਵਾਨ ਅਤੇ ਮਾਨਵਤਾ ਦੇ ਹਿਤੈਸ਼ੀ ਵਿਅਕਤੀ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਸੰਸਾਰ ਵਿਚ ਮੇਲ-ਮਿਲਾਪ ਅਤੇ ਮਨੁੱਖੀ ਸੁਤੰਤਰਤਾ ਤੇ ਬਰਾਬਰੀ ਲਈ ਉਦਮ ਕਰ ਰਹੇ ਹਨ। ਭਾਵੇਂ ਕਈ ਥਾਵਾਂ ‘ਤੇ ਅਸ਼ਾਂਤੀ ਦੇ ਬਦਲ ਮੰਡਲਾਏ ਹੋਏ ਹਨ ਪਰ ਮਨੁੱਖਤਾ ਸਹਿਜੇ ਸਹਿਜੇ ਗੁਰਬਾਣੀ ਵਲੋਂ ਸੁਝਾਈ ਗਈ ਮਾਨਵ ਏਕਤਾ ਅਤੇ ਸੁਤੰਤਰਤਾ ਵਲ ਨੂੰ ਵੱਧ ਰਹੀ ਹੈ। ਖਾਲਸਿਆਂ ਦੀ ਤਾਂ ਜ਼ਿੰਮੇਵਾਰੀ ਸੀ ਕਿ ਗੁਰਬਾਣੀ ਦੇ ਸੰਸਾਰਕ ਏਕਤਾ ਅਤੇ ਮਨੁੱਖੀ ਸਾਂਝੀਵਾਲਤਾ ਦੇ ਸੰਦੇਸ਼ ਦਾ ਸਾਰੇ ਜਗਤ ਵਿਚ ਪ੍ਰਸਾਰ ਕਰਦੇ ਪਰ ਉਹ ਤਾਂ ਵੰਡੇ ਹੋਏ ਸੰਸਾਰ ਵਿਚ ਹੋਰ ਵੰਡੀਆਂ ਪਾਉਣ ਵਿਚ ਹੀ ਰੁੱਝ ਗਏ!