‘ਪੰਜਾਬ ਟਾਈਮਜ਼’ ਦੇ 25 ਫਰਵਰੀ ਦੇ ਅੰਕ ਵਿਚ ਛਪੇ ਆਪਣੇ ਲੇਖ Ḕਕਹਿ ਰਵਿਦਾਸ ਨਿਦਾਨਿ ਦਿਵਾਨੇḔ ਵਿਚ ਜਸਵੰਤ ਸਿੰਘ ਜ਼ਫਰ ਨੇ ਭਗਤ ਰਵਿਦਾਸ ਜੀ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਸੰਤਾਂ-ਭਗਤਾਂ ਦੀ ਬਾਣੀ ਦਰਜ ਹੋਣ ਬਾਰੇ ਕੁਝ ਵਿਚਾਰ ਪੇਸ਼ ਕੀਤੇ ਸਨ।
ਸ਼ ਜ਼ਫਰ ਦੇ ਇਸ ਚਿੰਤਨ ਉਤੇ ਕੈਨੇਡਾ ਵਸਦੇ ਸ਼ ਅਮਰਜੀਤ ਸਿੰਘ ਖੋਸਾ ਨੇ ਹਥਲੇ ਲੇਖ ਵਿਚ ਕੁਝ ਕਿੰਤੂ ਜ਼ਾਹਰ ਕੀਤੇ ਹਨ। ਇਸ ਮੁੱਦੇ ਉਤੇ ਹੋਰ ਚਿੰਤਕਾਂ ਦੇ ਵਿਚਾਰਾਂ ਨੂੰ ਵੀ ਢੁਕਵੀਂ ਥਾਂ ਦਿਤੀ ਜਾਵੇਗੀ। -ਸੰਪਾਦਕ
ਅਮਰਜੀਤ ਸਿੰਘ ਖੋਸਾ
ਡੈਲਟਾ, ਬੀæਸੀæ ਕੈਨੇਡਾ
Ḕਪੰਜਾਬ ਟਾਈਮਜ਼Ḕ ਦੇ 25 ਫਰਵਰੀ ਦੇ ਅੰਕ ਵਿਚ ਜਸਵੰਤ ਸਿੰਘ ਜ਼ਫਰ ਦਾ ਲੇਖ Ḕਕਹਿ ਰਵਿਦਾਸ ਨਿਦਾਨਿ ਦਿਵਾਨੇḔ ਛਪਿਆ ਸੀ। ਇਸ ਲਿਖਤ ਬਾਰੇ ਮੇਰੇ ਕੁਝ ਸਵਾਲ ਹਨ ਜੇ ਜਸਵੰਤ ਸਿੰਘ Ḕਜ਼ਫਰḔ ਇਨ੍ਹਾਂ ਦਾ ਜਵਾਬ ਦੇ ਸਕਣ ਜਾਂ ਕੋਈ ਸੁਝਾਅ ਦੇ ਸਕਣ ਤਾਂ ਬਹੁਤ ਚੰਗਾ ਹੋਵੇਗਾ। ਮੈਂ ਉਨ੍ਹਾਂ ਦਾ ਅਹਿਸਾਨਮੰਦ ਹੋਵਾਂਗਾ।
ਲੇਖ ਵਿਚ ਸ਼ ਜ਼ਫਰ ਲਿਖਦੇ ਹਨ, “ਗੁਰੂ ਅਮਰਦਾਸ ਜੀ ਮੁਤਾਬਿਕ ਇਹ ਸਾਰੇ ਬਾਣੀਕਾਰ (ਭਗਤ) ਸਾਡੇ ਸਤਿਗੁਰੂ ਹਨ: ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ ੯੨੦)” ਪਰ ਜਦੋਂ ਅਸੀਂ ਅਨੰਦ ਸਾਹਿਬ ਦਾ ਇਹ ਸਾਰਾ ਬੰਦ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜ਼ਫਰ ਦਾ ਇਹ ਨਿਰਣਾ ਕਿਤਨਾ ਗਲਤ ਹੈ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ ੯੨੦)
ਅਰਥ: ਗੁਰ-ਆਸ਼ੇ ਤੋਂ ਉਲਟ ਬਾਣੀ ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਥਿੜਕ ਜਾਂਦੇ ਹਨ, ਤੇ ਜੋ ਅਜਿਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ। ਜੇ ਉਹ ਬੰਦੇ ਜੀਭ ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ, ਉਸ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਨ੍ਹਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ, ਜ਼ਬਾਨੀ ਹੀ ਬੋਲਦੇ ਹਨ। ਨਾਨਕ ਆਖਦਾ ਹੈ, ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਅਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।
ਅਰਥਾਤ ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦਿੰਦੀ ਹੈ। ਅਜਿਹੀ ਬਾਣੀ ਨਿੱਤ ਪੜ੍ਹਨ-ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਕਮਜ਼ੋਰ ਹੋ ਜਾਂਦੇ ਹਨ। ਅਜਿਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਅਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ।
ਸ਼ ਜ਼ਫਰ ਨੂੰ ਭਗਤ ਅਤੇ ਸਤਿਗੁਰੂ ਦਾ ਫਰਕ ਸਮਝਣਾ ਚਾਹੀਦਾ ਹੈ। ਸਤਿਗੁਰੂ ਆਪ ਅਕਾਲ ਪੁਰਖ ਵੱਲੋਂ ਸਰਬ ਕਲਾ ਸਮਰੱਥ, ਤ੍ਰੈਕਾਲ ਦਰਸ਼ੀ ਰੂਪ ਵਿਚ ਆਏ ਪਰ ਭਗਤ ਜਨਮਾਂ ਜਨਮਾਂਤਰਾਂ ਦੀ ਭਗਤੀ ਬਾਅਦ ਪਰਮਾਤਮਾ ਨਾਲ ਅਭੇਦ ਹੋਏ। ਜੋ ਸ਼ਬਦ ਉਸ ਅਭੇਦ ਅਵਸਥਾ ਵਿਚ ਉਨ੍ਹਾਂ ਭਗਤਾਂ ਨੇ ਉਚਾਰੇ, ਅਤੇ ਉਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੋਏ, ਉਹ ਸ਼ਬਦ ਗੁਰੂ ਦੀ ਪਦਵੀ ਰੱਖਦੇ ਹਨ। ਗੁਰੂ ਸਾਹਿਬਾਨ ਵੱਲੋਂ ਭਗਤ ਬਾਣੀ ਨੂੰ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਦਾ ਖਾਸ ਮਨੋਰਥ ਵਰਣ ਵੰਡ, ਜਾਤ-ਪਾਤ ਤੇ ਊਚ-ਨੀਚ ਨੂੰ ਖਤਮ ਕਰਕੇ ਸਮੁੱਚੇ ਮਨੁੱਖੀ ਭਾਈਚਾਰੇ ਦੀ ਏਕਤਾ ਸੀ। ਭਗਤ ਬਾਣੀ ਵੀ ਉਹ ਹੀ ਇਕੱਤਰ ਕੀਤੀ ਜੋ ਗੁਰਬਾਣੀ ਆਸ਼ੇ ਅਨੁਸਾਰ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਕਸਵੱਟੀ ‘ਤੇ ਪੂਰੀ ਉਤਰਦੀ ਸੀ।
ਗੁਰੂ ਅਰਜਨ ਦੇਵ ਜੀ ਪਾਸ ਆਪਣੀ ਬਾਣੀ ਲੈ ਕੇ ਹਾਜ਼ਰ ਹੋਏ ਛੱਜੂ, ਪੀਲੂ, ਕਾਨਾ ਤੇ ਹਸਨਾ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਮਿਲ ਸਕੀ, ਕਿਉਂਕਿ ਉਨ੍ਹਾਂ ਦੀ ਰਚਨਾ ਗੁਰਬਾਣੀ ਦੀ ਅਨੁਸਾਰੀ ਨਹੀਂ ਸੀ। ਗੁਰੂ ਸਾਹਿਬ ਇਸ ਦਾ ਨਿਬੇੜਾ ਆਪ ਹੀ ਕਰ ਗਏ ਹਨ। ਉਨ੍ਹਾਂ ਭਗਤ ਬਾਣੀ ਨੂੰ ਆਪਣੀ ਬਾਣੀ ਦੇ ਬਰਾਬਰ ਦਰਜ ਕੀਤਾ, ਲੇਕਿਨ ਭਗਤਾਂ ਨੂੰ ḔਸਤਿਗੁਰḔ ਨਾਂ ਲਿਖ ਕੇ, ਸਿਰਫ ḔਭਗਤḔ ਕਹਿ ਕੇ ਹੀ ਸੰਬੋਧਨ ਕੀਤਾ।
ਸ਼ ਜ਼ਫਰ ਲਿਖਦੇ ਹਨ, “ਪੰਚਮ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਅਰੰਭ ਵਿਚ ਗੁਰੂ ਲਿਖਣ ਦੀ ਬਜਾਇ ਇਹ ਬਾਣੀ ਸਾਧਾਰਨ ਸੂਚਨਾ ਵਾਂਗ ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ ਆਦਿ ਲਿਖ ਕੇ ਦਰਜ ਕੀਤੀ। ਪਰ ਰਵਿਦਾਸ ਜੀ ਦੇ ਸ਼ਬਦਾਂ ਅੱਗੇ ਬਾਣੀ Ḕਰਵਿਦਾਸ ਜੀ ਕੀḔ ਜਾਂ Ḕਰਵਿਦਾਸ ਜੀਓ ਕੀḔ ਲਿਖਿਆ ਹੈ, ਭਾਵ ਉਨ੍ਹਾਂ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਆਦਰ ਦਿੱਤਾ। ਗੁਰੂ ਸਾਹਿਬਾਨ ਨੇ ਹੋਰ ਪੂਰਬਲੇ ਬਾਣੀਕਾਰਾਂ ਦੇ ਨਾਲ ਨਾਲ ਉਨ੍ਹਾਂ ਨੂੰ ਆਪਣਾ ਪੁਰਖਾ ਮੰਨਿਆ ਅਤੇ ਉਨ੍ਹਾਂ ਨੂੰ ਆਪਣੇ ਤੋਂ ਉਚਾ ਸਥਾਨ ਦਿੱਤਾ।”
ਕੀ ਗੁਰੂ ਗ੍ਰੰਥ ਸਾਹਿਬ ਵਿਚ Ḕਬਾਣੀ ਸਧਨੇ ਕੀḔ, Ḕਸਲੋਕ ਸੇਖ ਫਰੀਦ ਕੇḔ, ਸਿਰੀ ਰਾਗੁ ਤ੍ਰਿਲੋਚਨ ਕਾḔ, ਜਾਂ ਬਾਣੀ ਭਗਤਾ ਕੀ ਤ੍ਰਿਲੋਚਨḔ ਲਿਖਿਆ ਪੜ੍ਹ ਕੇ ਸਮਝੀਏ ਕਿ ਉਨ੍ਹਾਂ ਦਾ ਵੱਡਾ ਆਦਰ ਨਹੀਂ ਹੋਇਆ? ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਵਾਂ ‘ਤੇ ਭਗਤਾਂ ਦਾ ਨਾਮ ਤੱਕ ਨਹੀਂ ਲਿਖਿਆ, ਸ਼ਬਦ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਕਿਸ ਦਾ ਸ਼ਬਦ ਹੈ; ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 93 ਉਤੇ ਸਿਰੀ ਰਾਗੁ ਸ਼ਬਦ ਰਵਿਦਾਸ ਜੀ ਦਾ ਹੈ, ਪੰਨਾ 710 ਉਤੇ ਜੈਤਸਰੀ ਬਾਣੀ ਭਗਤਾ ਕੀ ਸ਼ਬਦ ਰਵਿਦਾਸ ਜੀ ਦਾ ਹੈ, ਪੰਨਾ 718 ਉਤੇ ਟੋਡੀ ਬਾਣੀ ਭਗਤਾ ਕੀ ਸ਼ਬਦ ਨਾਮਦੇਉ ਜੀ ਦਾ ਹੈ ਆਦਿ।
ਜਿਸ ਨੂੰ ਗੁਰੂ ਨੇ ਕਬੂਲ ਕਰ ਲਿਆ, ਉਸ ਨੂੰ ਹੋਰ ਕਿਹੜਾ ਸਤਿਕਾਰ ਚਾਹੀਦਾ ਹੈ? ਭਗਤ ਤਾਂ ਗੁਰੂ ਦੀ ਇਕ ਨਜ਼ਰ ਨੂੰ ਤਰਸਦਾ ਸਾਰੀ ਜ਼ਿੰਦਗੀ ਲੰਘਾਉਂਦਾ ਹੈ। ਬਾਕੀ ਜਿਸ ਨੂੰ ਸ਼ ਜ਼ਫਰ ਸਾਧਾਰਨ ਸੂਚਨਾ ਕਹਿੰਦੇ ਹਨ, ਉਸ ਲਫਜ਼ ḔਮਹਲਾḔ ਜਾਂ ḔਮਹਲੁḔ ਦੇ ਅਰਥ ਅਤਿ ਗਹਿਰ-ਗੰਭੀਰ, ਅਧਿਆਤਮਕ ਮੰਜ਼ਿਲ ਦੀ ਸਿਖਰ ਹੈ। ਇਸ ਦਾ ਸਬੰਧ ਜੀਵ-ਇਸਤਰੀ, ਨਿਜਪਦ, ਅੰਤਹਕਰਨ, ਪਰਮਾਤਮਾ ਜਾਂ ਇਕ ਦੀ ਦੂਸਰੇ ਵਿਚ ਲੀਨਤਾ, ਜੋਤਿ, ਭਾਵ ਉਸ ਦੀ ਅੰਸ਼ ਲਈ ਹੈ।
ਮਹਲਾ ਜਾਂ ਮਹਲੁ ਤੋਂ ਭਾਵ ਪਰਮਾਤਮਾ ਦਾ ਨਿਜ ਘਰ, ਆਪਣਾ ਆਪਾ, ਗੁਰੂ ਨਾਨਕ ਦਾ ਹਿਰਦਾ ਜਿਸ ਵਿਚ ਪਰਮਾਤਮਾ ਦਾ ਵਾਸਾ ਸੀ, ਇਸ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਮਹਲੁ ਦੀ ਸੰਗਿਆ ਦਿੱਤੀ, ਇਸ ਕਰਕੇ ਸਭ ਗੁਰੂ ਸਾਹਿਬਾਨ ਹੀ ਮਹਲੁ ਅਖਵਾਏ:
ਮਹਲੈ ਅੰਦਰਿ ਮਹਲੁ ਕੋ ਪਾਏ॥
ਗੁਰ ਕੈ ਸਬਦਿ ਸਚਿ ਚਿਤੁ ਲਾਏ॥
ਜਿਸ ਨੋ ਸਚੁ ਦੇਇ ਸੋਈ ਸਚੁ ਪਾਏ
ਸਚੇ ਸਚਿ ਮਿਲਾਇਦਾ॥ (ਪੰਨਾ ੧੦੬੪)
ਭਾਵ ਜੋ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਆਪਣੇ ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ, ਉਹ ਸਦਾ ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ। ਪਰ ਹੇ ਭਾਈ! ਜਿਸ ਮਨੁੱਖ ਨੂੰ ਸਦਾ ਥਿਰ ਪ੍ਰਭੂ ਆਪਣਾ ਸਦਾ ਥਿਰ ਹਰਿ-ਨਾਮ ਦਿੰਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ ਉਹ ਹਰ ਵੇਲੇ ਇਸ ਸਦਾ ਥਿਰ ਹਰਿ-ਨਾਮ ਵਿਚ ਇਕ-ਮਿਕ ਰਹਿੰਦਾ ਹੈ:
ਮਹਲੁ ਸਾਹ ਕਾ ਕਿਨ ਬਿਧਿ ਪਾਵੈ॥
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ॥
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ॥
ਕਵਨੁ ਸੁ ਦਾਤਾ ਲੇ ਸੰਚਾਰੇ॥ (ਪੰਨਾ ੧੮੧)
ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕਿਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ? ਉਹ ਕਿਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ? ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕਰੋੜਾਂ ਜੀਵ ਤੇਰੇ ਵਣਜਾਰੇ ਹਨ। ਨਾਮ ਦੀ ਦਾਤਿ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ੍ਹ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ?
ਸ਼ ਜ਼ਫਰ ਦਾ ਕਹਿਣਾ ਹੈ, “ਗੁਰਦੁਆਰਿਆਂ ਵਿਚ ਕਬੀਰ ਸਾਹਿਬ, ਰਵਿਦਾਸ ਜੀ, ਨਾਮਦੇਵ ਜੀ ਅਤੇ ਦੂਸਰੇ ਬਾਣੀਕਾਰਾਂ ਦੇ ਪੁਰਬ ਵੀ ਮਨਾਉਂਦੇ ਹੁੰਦੇ। ਉਨ੍ਹਾਂ ਦਾ ਪੁਰਬ ਮਨਾਉਣਾ ਕੇਵਲ ਉਨ੍ਹਾਂ ਦੀ ਜਾਤ ਨਾਲ ਸਬੰਧਤ ਸ਼ਰਧਾਲੂਆਂ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਦੀ ਜਾਤੀ ਦੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਨਾਂ ‘ਤੇ ਵੱਖਰੇ ਗੁਰਦੁਆਰੇ ਜਾਂ ਮੰਦਿਰ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ।”
ਸਾਡਾ ਵਿਚਾਰ ਹੈ ਕਿ ਗੁਰਦੁਆਰਾ ਹਰ ਇਕ ਲਈ ਖੁੱਲ੍ਹਾ ਹੈ। ਜਿੱਥੇ ਭਗਤਾਂ ਦੇ ਅਨੁਆਈਆਂ ਦਾ ਜਾਤਾਂ ਦੇ ਨਾਂ ‘ਤੇ ਗੁਰਦੁਆਰੇ ਬਣਾਉਣਾ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੇ ਅਨੁਸਾਰ ਨਹੀਂ, ਉਥੇ ਗੁਰੂ ਦੇ ਸਿੱਖ ਕਹਾਉਣ ਵਾਲੇ ਵੀ ਜਾਤ ਦੇ ਆਧਾਰ ‘ਤੇ ਅਲੱਗ ਗੁਰਦੁਆਰਾ ਬਣਾਉਂਦੇ ਹਨ ਤਾਂ ਉਹ ਵੀ ਉਤਨੇ ਹੀ ਕਸੂਰਵਾਰ ਹਨ। ਗੁਰਬਾਣੀ ਦਾ ਫੁਰਮਾਨ ਹੈ:
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥ (ਪੰਨਾ ੫੯੬)
ਭਾਵ ਅੰਡੇ, ਜਿਉਰ, ਧਰਤੀ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਨ੍ਹਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ।
ਬਾਕੀ ਪੁਰਬ ਦਾ ਅਰਥ ਨਿਰਾਪੁਰਾ ਤਿਓਹਾਰ ਹੀ ਨਹੀਂ ਸਗੋਂ ਅਚਰਜ, ਵਡਿਆਈ ਜਾਂ ਸਿਫਤ ਵੀ ਹੁੰਦਾ ਹੈ। ਭਾਈ ਗੁਰਦਾਸ ਆਪਣੀ ਵਾਰ ਬਾਰਾਂ ਦੀ ਦੂਜੀ ਪਉੜੀ ਵਿਚ ਲਿਖਦੇ ਹਨ:
ਕੁਰਬਾਣੀ ਤਿਨਾ ਗੁਰ ਸਿਖਾ
ਭਾਇ ਭਗਤਿ ਗੁਰਪੁਰਬੁ ਕਰੰਦੇ।
ਗੁਰ ਸੇਵਾ ਫਲੁ ਸੁਫਲੁ ਫਲੰਦੇ।
ਭਾਵ ਮੈਂ ਉਨ੍ਹਾਂ ਗੁਰਮੁਖਾਂ ਤੋਂ ਸਦਕੇ ਹਾਂ ਜੋ ਪ੍ਰੇਮਾ ਭਗਤੀ ਨਾਲ ਗੁਰੂ ਨੂੰ ਸਲਾਹੁੰਦੇ ਹਨ, ਉਸ ਸੇਵਾ ਦੇ ਸੁਫਲ ਫਲਾਂ ਨਾਲ ਫਲਦੇ ਹਨ। ਜਦੋਂ ਸਿੱਖ ਗੁਰੂ ਦਾ ਪੁਰਬ ਮਨਾਉਂਦੇ ਹਨ ਤਾਂ ਇਸ ਦਾ ਮਤਲਬ ਵੀ ਨਿਰਾ ਪੁਰਾ ਤਿਓਹਾਰ ਹੀ ਨਹੀਂ ਸਮਝਣਾ ਚਾਹੀਦਾ, ਸਗੋਂ ਇਸ ਨੂੰ (ਸ਼ਬਦ) ਗੁਰੂ ਦੀ ਸਿਫਤਿ ਸਾਲਾਹ ਹੀ ਸਮਝਣਾ ਚਾਹੀਦਾ ਹੈ ਅਤੇ ਸਿਫਤਿ ਸਾਲਾਹ ਹੀ ਕੀਤੀ ਜਾਂਦੀ ਹੈ। Ḕਸਭਨਾ ਮਾਹਿ ਰਵੰਤਾḔ ਵਾਲਾ ਗੁਣ ਸਿਰਫ ਤੇ ਸਿਰਫ ਗੁਰੂ ਪਰਮੇਸ਼ਰ ਵਿਚ ਹੀ ਹੋ ਸਕਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
ਗੁਰੁ ਪਰਮੇਸਰੁ ਏਕੋ ਜਾਣੁ॥
ਜੋ ਤਿਸੁ ਭਾਵੈ ਸੋ ਪਰਵਾਣੁ॥੧ ਰਹਾਉ॥ (ਪੰਨਾ ੮੬੪)
Ḕਤੂ ਸਭਨਾ ਮਾਹਿ ਰਵੰਤਾḔ ਗੁਣ ਨੂੰ ਭਗਤਾਂ ਨਾਲ ਕਿਸੇ ਤਰ੍ਹਾਂ ਵੀ ਜੋੜਿਆ ਨਹੀਂ ਜਾ ਸਕਦਾ।
ਰਹੀ ਗੱਲ ਪਦ-ਪਦਵੀ ਦੀ, ਜਦੋਂ ਸਾਰੇ ਭਗਤਾਂ ਦਾ ਜਾਪ (ਗੁਰਮੰਤਰ) ਹੀ ਆਪਸ ਵਿਚ ਮੇਲ ਨਹੀਂ ਖਾਂਦਾ ਜਾਂ ਉਨ੍ਹਾਂ ਦੇ ਪੈਰੋਕਾਰ ਆਪਸ ਵਿਚ ਮੇਲ ਨਹੀਂ ਰੱਖਦੇ, ਫਿਰ ਉਨ੍ਹਾਂ ਨੂੰ ਗੁਰੂ ਸਾਹਿਬਾਨ ਮੁਤਾਬਿਕ ਪਦ (ਦਰਜਾ) ਕਿਵੇਂ ਦਿੱਤਾ ਜਾ ਸਕਦਾ ਹੈ? ਹਾਂ ਸਾਰੇ ਭਗਤਾਂ ਦੇ ਪੈਰੋਕਾਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ, ਫੋਕੇ ਕਰਮਕਾਂਡ ਤਿਆਗ ਕੇ, ਸਿੱਖ ਧਰਮ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਸਿੱਖ ਦੀ ਪਦਵੀ ਦਿੱਤੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਬਾਣੀ ਸ਼ਾਮਲ ਹੋਈ ਹੋਣ ਕਾਰਨ ਜੇ ਕਿਸੇ ਭਗਤ ਦੇ ਪੈਰੋਕਾਰ ਇਹ ਸਮਝਣ ਕਿ ਅਸੀਂ ਵੀ ਉਸੇ ਪਦ-ਪਦਵੀ ਦੇ ਹੱਕਦਾਰ ਹੋ ਗਏ ਹਾਂ ਜੋ ਇਕ ਸਿੱਖ ਦੀ ਹੈ, ਤਾਂ ਇਸ ਲਈ ਉਨ੍ਹਾਂ ਨੂੰ ਆਪ ਸਿੱਖ ਪੰਥ ਵਿਚ ਸ਼ਾਮਲ ਹੋਣਾ ਪਏਗਾ।
ਪੂਰਬ ਜਨਮ ਹਮ ਤੁਮਹਰੇ ਸੇਵਕ
ਅਬ ਤਉ ਮਿਟਿਆ ਨ ਜਾਈ॥
ਤੇਰੇ ਦੁਆਰੈ ਧੁਨਿ ਸਹਜ ਕੀ
ਮਾਥੈ ਮੇਰੇ ਦਗਾਈ॥ (ਪੰਨਾ ੯੭੦)
ਕਬੀਰ ਜੀ ਕਹਿ ਰਹੇ ਹਨ ਕਿ ਪੂਰਬਲੇ ਕਈ ਜਨਮਾਂ ਤੋਂ Ḕਹਮ ਤੁਮਰੇ ਸੇਵਕḔ ਬਣੇ ਆ ਰਹੇ ਹਾਂ ਤਾਂ ਇਹ ਗੱਲ ਗੁਰੂ ਸਾਹਿਬਾਨ ‘ਤੇ ਕਿਸੇ ਹਾਲਤ ਵੀ ਲਾਗੂ ਨਹੀਂ ਹੁੰਦੀ ਕਿਉਂਕਿ:
ਜਨਮ ਮਰਣੁ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਇ॥ (ਪੰਨਾ ੭੪੯)
ਅਰਥਾਤ ਹੇ ਭਾਈ! ਸੰਤ ਜਨ ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤ ਦੇ ਕੇ ਪ੍ਰਭੂ ਭਗਤੀ ਵਿਚ ਜੋੜਦੇ ਹਨ, ਅਤੇ ਉਨ੍ਹਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ।
ਭਾਈ ਮੰਝ ਵਾਂਗੂੰ (ਜੋ ਪਹਿਲਾਂ ਸੁਲਤਾਨੀਆਂ ਸੀ, ਫਿਰ ਗੁਰਬਾਣੀ ਦੇ ਅਸਰ ਨਾਲ ਇਕ ਕਰਤਾਰ ਦਾ ਉਪਾਸ਼ਕ ਹੋਇਆ ਤੇ ਘਰ ਵਿਚ ਬਣੀ ਕਬਰ ਨੂੰ ਢਾਹ ਕੇ ਸਿੱਖੀ ਵਿਚ ਦਾਖਲ ਹੋਇਆ) ਭਗਤਾਂ ਦੇ ਪੈਰੋਕਾਰ ਵੀ ਜਦੋਂ ਚਾਹੁਣ ਪਿਛਲਾ ਕਰਮਕਾਂਡ ਤਿਆਗ ਕੇ ਸਿੱਖੀ ਮੰਡਲ ਵਿਚ ਦਾਖਲ ਹੋ ਸਕਦੇ ਹਨ, ਕੋਈ ਰੁਕਾਵਟ ਨਹੀਂ।
ਸ਼ ਜ਼ਫਰ ਨੇ ਹੋਰ ਲਿਖਿਆ ਹੈ, “ਇਕ ਹੋਰ ਸ਼ਬਦ ਵਿਚ ਗੁਰੂ ਅਰਜਨ ਸਾਹਿਬ ਨੇ ਕਬੀਰ ਜੀ, ਸੈਨ ਜੀ, ਨਾਮਦੇਵ ਜੀ, ਰਵਿਦਾਸ ਜੀ ਅਤੇ ਦੂਸਰੇ ਬਾਣੀਕਾਰਾਂ ਦੀ ਸ੍ਰੇਸ਼ਟਤਾ ਦਾ ਧਿਆਨ ਧਰਦਿਆਂ ਇਨ੍ਹਾਂ ਨੂੰ ਆਪਣੇ ਪ੍ਰੇਰਨਾ ਸ੍ਰੋਤ ਮੰਨਿਆ ਹੈ। ਇਸ ਤੋਂ ਵੀ ਵਧ ਕੇ ਇਨ੍ਹਾਂ ਨੂੰ ਆਪਣੀ ਹਸਤੀ ਦੇ ਹੋਣ ਥੀਣ ਦਾ ਆਧਾਰ ਮੰਨਿਆ ਹੈ ਅਤੇ ਖੁਦ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਆਖਿਆ ਹੈ:
ਭਲੋ ਕਬੀਰੁ ਦਾਸੁ ਦਾਸਨ ਕੋ
ਊਤਮ ਸੈਨੁ ਜਨੁ ਨਾਈ॥
ਊਚ ਤੇ ਊਚ ਨਾਮਦੇਉ ਸਮਦਰਸੀ
ਰਵਿਦਾਸ ਠਾਕੁਰ ਬਣਿ ਆਈ॥੧॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ
ਇਹੁ ਮਨੁ ਸੰਤ ਰੇਨਾਈ॥
ਸੰਤ ਪ੍ਰਤਾਪਿ ਭਰਮ ਸਭਿ ਨਾਸੇ
ਨਾਨਕ ਮਿਲੇ ਗੁਸਾਈ॥ (ਪੰਨਾ ੧੨੦੭)”
ਜਦੋਂ ਅਸੀਂ ਇਹ ਸਾਰਾ ਸ਼ਬਦ ਪੜ੍ਹਾਂਗੇ ਤਾਂ ਸਪਸ਼ਟ ਹੋਵੇਗਾ:
ਸਾਰਗ ਮਹਲਾ ੫
ਉਆ ਅਉਸਰ ਕੈ ਹਉ ਬਲਿ ਜਾਈ॥
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ॥੧॥ ਰਹਾਉ॥
ਭਲੋ ਕਬੀਰੁ ਦਾਸੁ ਦਾਸਨ ਕੋ ਊਤਮ ਸੈਨੁ ਜਨੁ ਨਾਈ॥
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ॥੧॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ॥ (ਪੰਨਾ ੧੨੦੭)
ਅਰਥਾਤ ਹੇ ਭਾਈ! ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ। ਹੁਣ ਮੈਨੂੰ ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ ਮਿਲ ਗਿਆ ਹੈ, ਤੇ ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ।
ਹੇ ਭਾਈ! ਕਬੀਰ ਪਰਮਾਤਮਾ ਦੇ ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉਤਮ ਜੀਵਨ ਵਾਲਾ ਹੋ ਗਿਆ। ਸੰਤ ਜਨਾਂ ਦੀ ਸੰਗਤ ਨਾਲ ਨਾਮਦੇਵ ਉਚੇ ਤੋਂ ਉਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, ਸੰਤ ਜਨਾਂ ਦੀ ਕਿਰਪਾ ਨਾਲ ਹੀ ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ।
ਹੇ ਨਾਨਕ! ਆਖ ਹੇ ਭਾਈ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਾ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ।
ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀ ਤੁਕ ਵਿਚ ਹੁੰਦਾ ਹੈ, ਪਰ ਜ਼ਫਰ ਨੇ ਜਦ ਰਹਾਉ ਦੀ ਤੁਕ ਨੂੰ ਵਰਤਣਾ, ਸਮਝਣਾ ਜਾਂ ਲਿਖਣਾ ਹੀ ਨਹੀਂ ਤਾਂ ਨਤੀਜਾ ਸਾਹਮਣੇ ਹੈ। ਭਗਤਾਂ ਨੂੰ ਪ੍ਰੇਰਨਾ ਸ੍ਰੋਤ, ਇਨ੍ਹਾਂ ਨੂੰ ਆਪਣੀ ਹਸਤੀ ਦੇ ਹੋਣ ਥੀਣ ਦਾ ਆਧਾਰ ਅਤੇ ਉਨ੍ਹਾਂ ਦੇ ਹੀ ਚਰਨਾਂ ਦੀ ਧੂੜ, ਇਹ ਸਭ ਕੁੱਝ ਪੰਚਮ ਪਾਤਸ਼ਾਹ ਨੇ ਇਸ ਸ਼ਬਦ ਵਿਚ ਬਿਲਕੁਲ ਨਹੀਂ ਆਖਿਆ। ਲਿਖਿਆ ਤਾਂ ਇਹ ਹੈ ਕਿ ਸੰਤ ਜਨਾਂ ਦੀ ਸੰਗਤ ਨਾਲ ਭਗਤਾਂ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਇਸ ਸੰਗਤ ਦੀ ਬਰਕਤ ਨਾਲ ਭਗਤ ਜਨ ਪਰਮਾਤਮਾ ਦੇ ਦਾਸਾਂ ਦੇ ਦਾਸ ਬਣ ਗਏ, ਨਾ ਕਿ ਗੁਰੂ ਸਾਹਿਬਾਨ ਕਬੀਰ ਜਾਂ ਬਾਕੀ ਭਗਤਾਂ ਦੇ ਦਾਸ ਬਣ ਕੇ ਉਨ੍ਹਾਂ ਨੂੰ ਆਪਣੇ ਹੋਣ ਥੀਣ ਦਾ ਆਧਾਰ ਮੰਨਦੇ ਹਨ; ਜਿਵੇਂ ਕਿ ਸ਼ ਜ਼ਫਰ ਨੇ ਸਾਬਤ ਕੀਤਾ ਹੈ। ਸੰਤ ਦਾ ਮਤਲਬ ਗੁਰੂ, ਪਰਮਾਤਮਾ, ਸਾਧ ਸੰਗਤ ਹੁੰਦਾ ਹੈ ਅਤੇ ਭਗਤ ਦਾ ਮਤਲਬ ਅਕਾਲ ਪੁਰਖ ਦੀ ਭਗਤੀ ਕਰਨ ਵਾਲਾ। ਕਾਸ਼! ਸ਼ ਜ਼ਫਰ ਨੂੰ ਸੰਤ ਜਨਾਂ ਤੇ ਭਗਤ ਜਨਾਂ ਦੇ ਫਰਕ ਦਾ ਪਤਾ ਹੁੰਦਾ।
ਗੁਰੂ ਅਰਜਨ ਦੇਵ ਨੇ ਆਪਣੇ ਹੋਣ ਥੀਣ ਦਾ ਆਧਾਰ, ਸ੍ਰੇਸ਼ਟਤਾ ਦਾ ਧਿਆਨ, ਪ੍ਰੇਰਨਾ ਸ੍ਰੋਤ ਅਤੇ ਕਿਸ ਦੇ ਚਰਨਾਂ ਦੀ ਧੂੜ ਆਖਿਆ ਹੈ, ਉਹ ਇਸ ਸਲੋਕ ਵਿਚ ਸਪਸ਼ਟ ਕਰ ਦਿੰਦੇ ਹਨ, ਜੋ ਹਰ ਸਿੱਖ ਰੋਜ਼ਾਨਾ ਰਹਿਰਾਸ ਵਿਚ ਪੜ੍ਹਦਾ ਹੈ:
ਸਲੋਕ ਮਹਲਾ ੫
ਤੇਰਾ ਕੀਤਾ ਜਾਤੋ ਨਾਹੀ
ਮੈਨੋ ਜੋਗੁ ਕੀਤੋਈ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ
ਆਪੇ ਤਰਸੁ ਪਾeਓਈ॥
ਤਰਸੁ ਪਇਆ ਮਿਹਰਾਮਤਿ ਹੋਈ
ਸਤਿਗੁਰੁ ਸਜਣੁ ਮਿਲਿਆ॥
ਨਾਨਕ ਨਾਮੁ ਮਿਲੈ ਤ ਜੀਵਾ
ਤਨੁ ਮਨੁ ਥੀਵੈ ਹਰਿਆ॥ (ਪੰਨਾ ੧੪੨੯)
ਸ਼ ਜ਼ਫਰ ਲਿਖਦੇ ਹਨ, “ਗੁਰੂ ਗ੍ਰੰਥ ਸਾਹਿਬ ਵਿਚ ਭੱਟ ਕਲ ਜੀ ਨੇ ਆਪਣੇ ਸਵੱਈਆਂ ਵਿਚ ਇਨ੍ਹਾਂ ਆਦਿ ਬਾਣੀਕਾਰਾਂ ਜਾਂ ਆਦਿ ਗੁਰੂਆਂ (ਭਗਤਾਂ) ਦਾ ਵੱਡਾ ਸਤਿਕਾਰ ਕੀਤਾ ਹੈ:
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥ (ਪੰਨਾ ੧੩੯੦)”
ਪਰ ਇਹ ਸਾਰਾ ਬੰਦ ਦੇਖੋ:
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥ (ਪੰਨਾ ੧੩੯੦)
ਅਰਥਾਤ ਉਸ (ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ, ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; ਜੋ ਅਕਾਲ ਪੁਰਖ ਨੂੰ ਆਪਣੇ ਨੇਤਰਾਂ ਨਾਲ ਸਭ ਥਾਂਈਂ ਵੇਖ ਰਿਹਾ ਹੈ।
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ ੧੩੯੦)
ਅਰਥਾਤ (ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ, (ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।
ਸੁਖਦੇਉ ਪਰੀਖਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ॥ (ਪੰਨਾ ੧੩੯੦)
ਅਰਥਾਤ ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ ਜਸ ਗਾਂਵਿਆ ਹੈ। ਹੇ ਕਲਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ।
ਭੱਟ ਤਾਂ ਭਗਤਾਂ ਨੂੰ (ਗੁਰੂ ਨਾਨਕ) ਜੋਤਿ, ਜੋ ਪਰਮਾਤਮਾ ਨਾਲ ਅਭੇਦ ਸੀ, ਦੀ ਉਸਤਤ ਕਰਦੇ ਸਾਬਤ ਕਰਦੇ ਹਨ, ਜੋ ਕਿ ਸਾਰੇ ਸ਼ਬਦ ਦੇ ਅਰਥਾਂ ਵਿਚੋਂ ਸਪਸ਼ਟ ਹੈ, ਪਰ ਸ਼ ਜ਼ਫਰ ਸਮਝਦੇ ਹਨ ਕਿ ਉਸਤਤ ਜਾਂ ਸਤਿਕਾਰ ਆਦਿ ਗੁਰੂ (ਭਗਤਾਂ) ਅਤੇ ਆਦਿ ਬਾਣੀ (ਭਗਤ ਬਾਣੀ) ਦਾ ਕੀਤਾ ਗਿਆ ਹੈ, ਜੋ ਸਰਾਸਰ ਗਲਤ ਹੈ।
ਸ਼ ਜ਼ਫਰ ਇਹ ਵੀ ਲਿਖਦੇ ਹਨ, “ਚਿੰਤਨ ਗੋਚਰੀ ਗੱਲ ਇਹ ਹੈ ਕਿ ਅਸੀਂ ਕਿਧਰੇ ਕੇਸਾਂ ਅਤੇ ਪੱਗਾਂ ਦੇ ਦਿਖਾਵੇ ਦੇ ਨਾਲ ਹੀ ਗੁਜ਼ਰ ਬਸਰ ਅਤੇ ਸਬਰ ਕਰਨ ਜੋਗੇ ਨਾ ਰਹਿ ਜਾਈਏ। ਸੰਸਾਰ ਪੱਧਰ ‘ਤੇ ਸਮਾਜਿਕ ਅਤੇ ਰਾਜਨੀਤਕ ਕ੍ਰਾਂਤੀ ਦੀ ਸ਼ਕਤੀਸ਼ਾਲੀ ਲਹਿਰ ਬਣਨ ਦੀ ਬਜਾਇ ਇਕ ਹਾਸੋਹੀਣਾ ਫਿਰਕਾ ਨਾ ਬਣ ਕੇ ਰਹਿ ਜਾਈਏ। ਅਸਲ ਵਿਚ ਅਸੀਂ ਆਪਣੀਆਂ ਵਿਚਾਰਧਾਰਕ ਜੜ੍ਹਾਂ ਜਾਂ ਸਰੋਤਾਂ ਨਾਲੋਂ ਨਿਖੇੜਾ ਕਰਕੇ ਆਪਣਾ ਨੁਕਸਾਨ ਕਰ ਲਿਆ ਹੈ, ਸਿੱਖੀ ਦੀ ਮੂਲ ਤਾਸੀਰ ਗੁਆਈ ਜਾ ਰਹੇ ਹਾਂ। ਇਸ ਸਥਿਤੀ ਨੂੰ ਉਲਟਾਉਣ ਦੀ ਲੋੜ ਹੈ।”
ਸ਼ ਜ਼ਫਰ ਸਪਸ਼ਟ ਕਰਨ ਕਿ ਸੰਸਾਰ ਪੱਧਰ ‘ਤੇ ਸਮਾਜਿਕ ਅਤੇ ਰਾਜਨੀਤਕ ਕ੍ਰਾਂਤੀ ਦੀ ਸ਼ਕਤੀਸ਼ਾਲੀ ਲਹਿਰ ਬਣਨ ਲਈ ਅਤੇ ਇਕ ਹਾਸੋਹੀਣਾ ਫਿਰਕਾ ਬਣਨ ਤੋਂ ਬਚਣ ਲਈ ਕਿਸ ਸਰੋਤ ਨਾਲ ਜੁੜੀਏ? ਕੀ ਛੱਡੀਏ ਤੇ ਕੀ ਅਪਨਾਈਏ? ਸਥਿਤੀ ਨੂੰ ਕਿਵੇਂ ਉਲਟਾਉਣਾ ਹੈ, ਦੱਸਣ ਤਾਂ ਸਹੀ?
ਸਿੱਖ ਧਰਮ ਦੇ ਅਨੁਸਾਰੀ ਵਿਦਵਾਨਾਂ ਨੇ ਧਾਰਮਿਕ ਚਿੰਨ੍ਹ ਤਿੰਨ ਤਰ੍ਹਾਂ ਦੇ ਉਤਮ, ਮੱਧਮ, ਨਖਿੱਧ ਮੰਨੇ ਹਨ। ਉਤਮ ਉਹ ਹਨ ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁਧ ਕੁੱਛ ਨਾ ਕੀਤਾ ਜਾਵੇ ਤੇ ਜਿਹੜੇ ਚਿੰਨ੍ਹ ਧਾਰੇ ਜਾਣ, ਉਹ ਸਰੀਰ, ਧਰਮ ਤਥਾ ਦੇਸ਼ ਦੀ ਰੱਖਿਆ ਦਾ ਕਾਰਨ ਹੋਣ ਜੈਸੇ ਸਿੱਖਾਂ ਦੀ ਪੰਜ ਕੱਕਾਰੀ ਰਹਿਤ। ਫਿਰ ਮੱਧਮ ਉਹ ਹਨ ਜਿਨ੍ਹਾਂ ਤੋਂ ਸਰੀਰ, ਧਰਮ ਤੇ ਦੇਸ਼ ਨੂੰ ਕੋਈ ਫਾਇਦਾ ਨਹੀਂ ਜੈਸੇ ਜਟਾਂ, ਭਸਮ, ਜਨੇਊ, ਕੰਠੀ ਆਦਿਕ। ਤੀਸਰੇ ਨਖਿੱਧ ਜਿਨ੍ਹਾਂ ਕਰਕੇ ਸਿਰਜਣਹਾਰ ਦੀ ਮਰਿਆਦਾ ਖੰਡਿਤ ਕੀਤੀ ਜਾਵੇ ਅਤੇ ਸਰੀਰ, ਧਰਮ ਅਤੇ ਦੇਸ਼ ਦਾ ਕੋਈ ਹਿੱਤ ਨਾ ਹੋਵੇ, ਜੈਸੇ ਕੰਨ ਵਿੰਨਣੇ, ਸੁੰਨਤ, ਮੁੰਡਨ ਆਦਿ।
ਪੰਜ ਕੱਕਾਰਾਂ ‘ਤੇ ਇਤਰਾਜ਼ ਕਰਨ ਵਾਲੇ ਭੁੱਲ ਜਾਂਦੇ ਹਨ ਕਿ ਨਿਰਾ ਪੰਜ ਕੱਕਾਰ ਰੱਖਣੇ ਹੀ ਖਾਲਸੇ ਦੀ ਰਹਿਤ ਨੂੰ ਪੂਰਾ ਨਹੀਂ ਕਰ ਦਿੰਦੇ। ਪੰਜ ਕੱਕਾਰ ਖਾਲਸੇ ਦਾ ਦ੍ਰਿਸ਼ਟਮਾਨ ਚਿੰਨ੍ਹ ਹਨ, ਨਾ ਕਿ ਸਾਰੀ ਰਹਿਤ। ਇਥੇ ਇਹ ਪ੍ਰਸ਼ਨ ਹੋ ਸਕਦਾ ਹੈ ਕਿ ਅੰਤਰੀਵ ਜੀਵਨ ਦੇ ਲਖਾਇਕ ਬਾਹਰਲੇ ਚਿੰਨ੍ਹਾਂ ਦੀ ਕੀ ਲੋੜ ਹੈ? ਇਸ ਨੂੰ ਸਮਝਣ ਲਈ ਕਿਹਾ ਜਾ ਸਕਦਾ ਹੈ ਕਿ ਜਦੋਂ ਕੋਈ ਭਾਵ ਮਨ ਵਿਚ ਪੈਦਾ ਹੋਵੇ ਤਾਂ ਉਸ ਨੂੰ ਪ੍ਰਗਟਾਉਣ ਲਈ ਕੋਈ ਸ਼ਕਲ ਦੇਣੀ ਪੈਂਦੀ ਹੈ। ਬੋਲੀ, ਲਿਖਤ, ਰਾਗ, ਚਿਤਰ ਆਦਿ ਇਹ ਸਭ ਮਾਨਸਿਕ ਭਾਵਾਂ ਦਾ ਦ੍ਰਿਸ਼ਟਮਾਨ ਰੂਪ ਹਨ। ਜਿਸ ਤਰ੍ਹਾਂ ਬੀਜ ਬੀਜਣ ਨਾਲ ਟਾਹਣੀ, ਪੱਤੇ, ਫੁੱਲ ਆਪਣੇ ਆਪ ਨਿਕਲ ਆਉਂਦੇ ਹਨ, ਇਸ ਤਰ੍ਹਾਂ ਹੀ ਧਾਰਮਿਕ ਜੀਵਨ ਦੇ ਵਲਵਲੇ ਆਪਣੇ ਆਪ ਚਿੰਨ੍ਹਾਂ ਤੇ ਰਸਮਾਂ ਦਾ ਰੂਪ ਧਾਰ ਲੈਂਦੇ ਹਨ। ਧਾਰਮਿਕ ਚਿੰਨ੍ਹ ਵਾੜ ਦਾ ਕੰਮ ਵੀ ਦਿੰਦੇ ਹਨ, ਤੇ ਦੂਜਿਆਂ ਵਿਚ ਉਸ ਜੀਵਨ ਦੇ ਉਪਜਾਉਣ ਦਾ ਕੰਮ ਵੀ। ਜਿਨ੍ਹਾਂ ਨਾਲ ਕੋਈ ਭਾਵ ਜਾਂ ਜਜ਼ਬੇ ਸਬੰਧਤ ਨਾ ਹੋਣ, ਉਹ ਚਿੰਨ੍ਹ ਨਿਰਾ ਭੇਖ ਤੇ ਫਜ਼ੂਲ ਹਨ, ਪਰ ਜੇ ਉਹ ਕਿਸੇ ਜਜ਼ਬੇ ਦੇ ਲਖਾਇਕ ਤੇ ਪ੍ਰਗਟਾਊ ਹੋਣ ਤਾਂ ਉਹ ਬ੍ਰਿਥਾ ਨਹੀਂ। ਕਿਸੇ ਮਰਿਆਦਾ ਤੋਂ ਮੁਨਕਰ ਹੋਣ ਵਾਲਿਆਂ ਲਈ ਇਕ ਵਿਦਵਾਨ ਦਾ ਕਹਿਣਾ ਹੈ, “ਜੋ ਆਪਣੇ ਧਰਮ ਅਥਵਾ ਜੀਵਨ ਦੀਆਂ ਉਚੇਰੀਆਂ ਕੀਮਤੀ ਰਵਾਇਤਾਂ ਨੂੰ ਇਸ ਲਈ ਤਿਆਗ ਦਿੰਦੇ ਹਨ ਕਿ ਉਨ੍ਹਾਂ ਨੇ ਸੁਸਾਇਟੀ (ਵਿਸ਼ੇ ਵਿਕਾਰ-ਗ੍ਰਸਤ ਲੋਕਾਂ ਦਾ ਇਕੱਠ) ਵਿਚ ਵਿਚਰਨਾ ਹੈ, ਉਹ ਉਨ੍ਹਾਂ ਮੂਰਖਾਂ ਸਮਾਨ ਹਨ, ਜੋ ਆਪਣੀਆਂ ਜੁੱਤੀਆਂ ਇਸ ਲਈ ਪੈਰੋਂ ਲਾਹ ਦੇਣ ਕਿ ਉਨ੍ਹਾਂ ਨੇ ਤਿੱਖੇ ਪੱਥਰਾਂ ਉਤੇ ਤੁਰਨਾ ਹੈ।”
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥ (ਪੰਨਾ ੧੧੦੩)