ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਛਪਦੀਆਂ ਆਪਣੀਆਂ ਲਿਖਤਾਂ ਵਿਚ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ।
ਕਮਰੇ ਬਾਰੇ ਉਨ੍ਹਾਂ ਲਿਖਿਆ ਸੀ ਕਿ ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ। ਉਨ੍ਹਾਂ ਨਸੀਹਤ ਕੀਤੀ ਸੀ ਕਿ ਦਸਤਕ ਦੀ ਦਾਸਤਾਨ ਜ਼ਰੂਰ ਸੁਣਿਓ ਤਾਂ ਕਿ ਤੁਸੀਂ ਕਦੇ ਤਾਂ ਦਸਤਕ ਦੇ ਰੂ-ਬ-ਰੂ ਹੋ, ਆਪਣੇ ਸਾਹਾਂ ਉਤੇ ਨਰੋਏ ਨਕਸ਼ਾਂ ਦੀ ਇਬਾਦਤ ਲਿਖ ਸਕੋ। ਉਨ੍ਹਾਂ ਦੱਸਿਆ ਸੀ ਕਿ ਮਾਂ, ਸਿਰਫ ਮਾਂ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ। ਪਿਛਲੇ ਲੇਖ ਵਿਚ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਕਰਦਿਆਂ ਕਿਹਾ ਸੀ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਹਥਲੇ ਲੇਖ ਵਿਚ ਦੱਸਿਆ ਹੈ ਕਿ ਜਦੋਂ ਬੱਚੇ ਵੱਡੇ ਹੋ ਕੇ ਪੰਛੀਆਂ ਵਾਂਗ ਉਡਾਰੀ ਮਾਰ ਜਾਂਦੇ ਹਨ ਤਾਂ ਮਾਪੇ ਖੁਸ਼ ਹੁੰਦੇ ਹਨ ਪਰ ਅੰਦਰੋਂ ਬੱਚਿਆਂ ਦਾ ਹੇਰਵਾ ਸਦਾ ਬਣਿਆ ਰਹਿੰਦਾ ਹੈ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਜੀਵਨ ਦੀ ਢਲਦੀ ਦੁਪਹਿਰ। ਵੱਡੇ ਸਾਰੇ ਘਰ Ḕਚ ਇਕੱਲੇ ਬੈਠੇ ਮੀਆਂ-ਬੀਵੀ। ਬੱਚਿਆਂ ਨਾਲ ਕਦੇ ਧੜਕਦੇ ਘਰ Ḕਚ ਪਸਰੀ ਸ਼ਾਂਤੀ। ਪਰਿਵਾਰ ਦੀ ਸ਼ੁਰੂਆਤ ਤੋਂ ਆਪੋ ਆਪਣੀਆਂ ਮੰਜ਼ਿਲਾਂ Ḕਤੇ ਪਹੁੰਚਣ ਦੀ ਲੰਮੀ ਤਫਸੀਲ। ਪਤੀ-ਪਤਨੀ ਤੋਂ ਸ਼ੁਰੂ ਹੋ ਕੇ ਫਿਰ ਪਤੀ-ਪਤਨੀ ਤੀਕ, ਸੰਪੂਰਨ ਹੋ ਚੁੱਕਾ ਜੀਵਨ ਦਾ ਇਕ ਗੇੜ। ਬੋਟਾਂ ਦੇ ਪਨਪਣ, ਪਲਰਣ, ਵਿਗਸਣ ਅਤੇ ਉਡਾਰ ਹੋ ਜਾਣ ਤੀਕ ਦੇ ਸਮੇਂ ਦੀ ਗਾਥਾ। ਵਿਹਲਾਪਣ ਅਤੇ ਇਕੱਲ ਨੂੰ ਨਵੇਂ ਅਰਥ ਦੇਣ ਦੀਆਂ ਸਲਾਹਾਂ ਅਤੇ ਉਨ੍ਹਾਂ Ḕਚੋਂ ਉਪਜਦੀਆਂ, ਨਵੇਂ ਦਿਸਹੱਦਿਆਂ ਤੀਕ ਲੈ ਕੇ ਜਾਂਦੀਆਂ ਰਾਹਾਂ।
ਜਦ ਬੱਚੇ ਜਨਮਦੇ ਨੇ ਤਾਂ ਰੁਝੇਵੇਂ ਪੈਦਾ ਹੁੰਦੇ ਨੇ। ਖਿਡੌਣਿਆਂ ਦੀ ਰੁੱਤ ਦਸਤਕ ਦਿੰਦੀ ਏ। ਘਰ ਲੋਰੀਆਂ, ਤੋਤਲੇ ਬੋਲਾਂ, ਮਾਸੂਮ ਹਰਕਤਾਂ ਅਤੇ ਅਣਭੋਲ ਕ੍ਰਿਆਵਾਂ Ḕਚ ਭਾਈਵਾਲ ਬਣਦਾ ਏ। ਮਾਪਿਆਂ ਲਈ ਕਰਮਸ਼ੀਲਤਾ ਨਵੇਂ ਮਾਪਦੰਡ ਪੈਦਾ ਕਰਦੀ ਏ। ਤਰਜੀਹਾਂ ਬਦਲ ਜਾਂਦੀਆਂ ਨੇ। ਬੱਚਿਆਂ ਦੀਆਂ ਲੋੜਾਂ, ਥੋੜਾਂ ਤੇ ਲਾਡ, ਮਨ-ਮਸਤਕ ਦੀ ਦਾਅਵਤ ਬਣਦੇ ਨੇ। ਘਰ ਦੇ ਵਧਦੇ ਰੁਝੇਵੇਂ, ਬਾਹਰ ਦੇ ਘੱਟਦੇ ਰੁਝੇਵਿਆਂ ਦਾ ਕਾਰਨ ਬਣਦੇ ਨੇ।
ਲਾਇਕ ਬੱਚੇ ਆਪਣਾ ਨਿਵੇਕਲਾ ਸੰਸਾਰ ਖੁਦ ਸਿਰਜਣ ਲਈ, ਆਪਣੀ ਪਛਾਣ ਕਾਇਮ ਕਰਨ ਲਈ, ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਲਈ, ਭਵਿੱਖ ਦੇ ਸੰਦਲੀ ਸੁਪਨਿਆਂ ਦੀ ਪ੍ਰਾਪਤੀ ਲਈ, ਵਿਸ਼ਵ ਨੂੰ ਆਪਣਾ ਕਰਮ ਖੇਤਰ ਮਿੱਥ ਕੇ, ਸ਼ਗਨਾਂ ਨਾਲ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਧਰਦੇ ਨੇ ਅਤੇ ਫਿਰ ਨਰੋਈ ਪਛਾਣ ਦਾ ਚਿਰਾਗ ਬਣ, ਦਰ Ḕਤੇ ਸ਼ੁਭ ਦਸਤਕ ਬਣਦੇ ਨੇ। ਦਰਅਸਲ ਨਵੀਂਆਂ ਮੰਜ਼ਿਲਾਂ ਨੂੰ ਨਿੱਗਰ ਕਦਮਾਂ ਦੀ ਹਮੇਸ਼ਾ ਉਡੀਕ ਰਹਿੰਦੀ ਹੈ, ਜਿਸ ਦੀ ਪੂਰਤੀ ਨੌਜਵਾਨਾਂ ਨੇ ਕਰਨੀ ਹੁੰਦੀ ਏ।
ਬੱਚਿਆਂ ਤੋਂ ਉਪਰਾਮ ਹੋਇਆ ਚੌਂਕਾ, ਖਾਣ-ਪੀਣ ਦੀ ਪਸੰਦਗੀ ਤੋਂ ਵਿਰਵਾ ਹੋ ਜਾਂਦਾ ਏ। ਬੱਚਿਆਂ ਦੀ ਪਸੰਦ Ḕਚੋਂ ਸਵਾਦ ਮਾਣਨ ਵਾਲੇ ਮਾਪਿਆਂ ਦੀ ਭੁੱਖ ਘੱਟ ਜਾਂਦੀ ਹੈ। ਬੱਚਿਆਂ ਲਈ, ਉਨ੍ਹਾਂ ਦਾ ਮਨ-ਪਸੰਦ ਬਣਾਉਣ ਵਾਲੀ, ਖਵਾਉਣ ਅਤੇ ਕਈ ਵਾਰ ਧੱਕੇ ਨਾਲ ਉਨ੍ਹਾਂ ਦੇ ਮੂੰਹ Ḕਚ ਬੁਰਕੀਆਂ ਪਾਉਣ ਵਾਲੀ ਮਾਂ ਜਦੋਂ ਕਦੇ ਬੀਤੇ ਪਲਾਂ ਨੂੰ ਚਿਤਵਦੀ ਏ ਤਾਂ ਉਸ ਦਾ ਹਿਰਦਾ ਮੂੰਹ ਨੂੰ ਆਉਂਦਾ ਏ।
ਜਦੋਂ ਬੱਚੇ ਉਡਾਰੀ ਭਰਦੇ ਨੇ ਤਾਂ ਉਨ੍ਹਾਂ ਦੇ ਖਿਡੌਣੇ, ਖੇਡਣੋਂ ਹੱਟ ਜਾਂਦੇ ਨੇ, ਉਨ੍ਹਾਂ ਦੀਆਂ ਗੇਮਾਂ, ਨਿੱਕੇ-ਨਿੱਕੇ ਹੱਥਾਂ ਨੂੰ ਤਰਸ ਜਾਂਦੀਆਂ ਨੇ। ਉਨ੍ਹਾਂ ਦੀਆਂ ਨਰਸਰੀ ਆਦਿ ਦੀਆਂ ਕਾਪੀਆਂ ਵਿਚਲੇ ਅੱਖਰਾਂ ਵਿਚੋਂ ਖਾਮੋਸ਼ ਅਰਦਾਸਾਂ, ਉਨ੍ਹਾਂ ਦੀ ਪ੍ਰਾਪਤੀ ਲਈ ਅਰਦਾਸ ਬਣਦੀਆਂ ਨੇ। ਉਨ੍ਹਾਂ ਦਾ ਕਮਰਾ, ਮਾਸੂਮੀਅਤ ਦੀ ਘਾਟ ਮਹਿਸੂਸਦਾ, ਉਸ ਲਈ ਦੁਆ ਬਣ ਜਾਂਦਾ ਏ। ਕੰਧਾਂ Ḕਤੇ ਮਾਰੀਆਂ ਲੀਕਾਂ ਬਣ ਜਾਂਦੀਆਂ ਨੇ ਉਡੀਕ। ਉਨ੍ਹਾਂ ਦੇ ਬਚਪਨੇ ਨਾਲ ਜੁੜੀ ਹਰ ਵਸਤ ਬਣ ਜਾਂਦੀ ਏ ਤਵਾਰੀਖ।
ਘੜੀ-ਮੁੜੀ ਨਵੀਂ ਮੰਗ ਲੈ ਕੇ ਹਾਜ਼ਰ ਹੋਣ ਵਾਲੇ ਬੱਚਿਆਂ ਦਾ ਚੇਤਾ, ਮਾਪਿਆਂ ਨੂੰ ਕਰਦਾ ਏ ਉਪਰਾਮ। ਵੇਲੇ-ਕੁਵੇਲੇ ਮੰਗਾਂ ਮੰਨਵਾਉਣ ਵਾਲੇ ਬੱਚਿਆਂ ਸੰਗ ਲੰਘਾਇਆ ਵਕਤ ਮਨ ਦੀ ਨਿਸ਼ਾਨਦੇਹੀ ਕਰਦਿਆਂ ਉਦਾਸ ਕਰ ਜਾਂਦਾ ਏ।
ਬੱਚੇ ਇਕੱਲੇ ਹੀ ਮਾਪਿਆਂ ਤੋਂ ਦੂਰ ਨਹੀਂ ਜਾਂਦੇ, ਉਨ੍ਹਾਂ ਨਾਲ ਹੀ ਦੂਰ ਹੋ ਜਾਂਦਾ ਏ, ਉਨ੍ਹਾਂ ਦਾ ਆਪੂੰ ਸਿਰਜਿਆ ਸੰਸਾਰ, ਦੋਸਤਾਂ-ਮਿੱਤਰਾਂ ਦਾ ਵਸੀਹ ਦਾਇਰਾ, ਉਨ੍ਹਾਂ ਦੀਆਂ ਸਾਂਝਾਂ ਤੇ ਮੁਹੱਬਤਾਂ ਦਾ ਫੇਰਾ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਘੇਰਾ। ਜਦ ਕਦੇ ਬੱਚੇ ਘਰੇ ਗੇੜਾ ਮਾਰਦੇ ਨੇ ਤਾਂ ਉਨ੍ਹਾਂ ਸੰਗ, ਉਨ੍ਹਾਂ ਦੀ ਮਿੱਤਰ-ਮੰਡਲੀ ਦਾ ਆਉਣਾ, ਘਰ ਜਿਉਣ ਦਾ ਅਦਬ ਮਨ Ḕਚ ਪਾਲਦਾ ਏ।
ਜਦ ਬੱਚੇ ਦੂਰ ਤੁਰ ਜਾਂਦੇ ਨੇ ਤਾਂ ਮਾਪਿਆਂ ਦੀ ਸੋਚ Ḕਚ ਆਇਆ ਬਦਲਾਅ, ਬੱਚਿਆਂ ਦੁਆਲੇ ਘੁੰਮਦੀ ਜ਼ਿੰਦਗੀ ਤੋਂ ਸਭ ਲਈ ਸੁਨਹਿਰੇ ਭਵਿੱਖ ਦੀ ਕਾਮਨਾ ਬਣ ਜਾਂਦਾ ਏ।
ਬੱਚੇ ਕੰਮ ਵਧਾਉਂਦੇ ਨੇ, ਹਰ ਵੇਲੇ ਬਦਲਾਅ ਉਪਜਾਉਂਦੇ ਨੇ, ਹਰ ਨੁੱਕਰੇ ਕਿਤਾਬਾਂ, ਕੱਪੜੇ ਤੇ ਖਿਡੌਣੇ ਖਿਲਾਰਦੇ ਨੇ। ਘਰ ਦੀ ਹਰ ਵਸਤ Ḕਤੇ ਬਾਲਪਨੇ ਦੀ ਮੋਹਰ ਲਾਉਂਦੇ ਨੇ। ਘਰ Ḕਚ ਕਾਰਜਸ਼ੀਲਤਾ ਲਿਆਉਂਦੇ ਨੇ। ਬੱਚਿਆਂ ਦੇ ਘਰੋਂ ਜਾਣ Ḕਤੇ ਹਰ ਵਸਤ ਸਥਿਰਤਾ ਦੀ ਅਉਧ ਹੰਢਾਉਂਦੀ ਏ ਅਤੇ ਉਥਲ-ਪੁਥਲ ਕਰਨ ਵਾਲਿਆਂ ਦੀ ਅਣਹੋਂਦ, ਪਿੰਡੇ Ḕਤੇ ਉਕਰਾਉਂਦੀ ਏ।
ਬੱਚਿਆਂ ਦੀ ਹੋਂਦ Ḕਚ ਘਰ ਨੂੰ ਸੰਪੂਰਨ ਘਰ ਦਾ ਵਰ ਮਿਲਦਾ ਏ, ਫਿਜ਼ਾ Ḕਚ ਇੱਲਤਾਂ ਤੇ ਸ਼ਰਾਰਤਾਂ ਦਾ ਸ਼ੋਰ ਤਰਦਾ ਏ ਜੋ ਚੁੱਪ ਦੀ ਝੋਲੀ ਨੂੰ ਭਰਦਾ ਏ।
ਘਰ ਦੀ ਚਾਰ-ਦੀਵਾਰੀ ਤੋਂ ਬਾਹਰ, ਨਵੀਂ ਦੁਨੀਆਂ ਦੀਆਂ ਨਵੀਨਤਮ ਚੁਣੌਤੀਆਂ ਦੀ ਕਬੂਲੀ Ḕਚੋਂ, ਨਵੀਂਆਂ ਸੰਭਾਵਨਾਵਾਂ ਨਾ ਪੈਦਾ ਕਰ ਸਕਣਾ ਸਿਰਫ ਮਾਨਸਿਕ ਤੌਰ Ḕਤੇ ਅਪਾਹਜ ਬੱਚਿਆਂ ਦੀ ਮਜਬੂਰੀ ਹੋ ਸਕਦੀ ਏ।
ਬੱਚੇ ਦੂਰ ਹੋ ਜਾਂਦੇ ਨੇ ਤਾਂ ਟੈਲੀਫੂਨ/ਈ-ਮੇਲ/ਚਿੱਠੀਆਂ/ਸੁਨੇਹੇ ਨੇੜੇ ਹੋ ਜਾਂਦੇ ਨੇ। ਮਨ ਦੀ ਤਾਰ, ਹਮੇਸ਼ਾ ਬੱਚਿਆਂ ਨਾਲ ਜੁੜੀ, ਉਨ੍ਹਾਂ ਦੀ ਤੰਦਰੁਸਤੀ ਤੇ ਕਾਮਯਾਬੀ ਦਾ ਧਿਆਨ ਧਰਦੀ ਏ।
ਬੱਚੇ ਘਰ ਹੋਣ ਤਾਂ ਵਿਆਹ ਗੁਜ਼ਰਦਾ ਏ, ਲੰਘਦੇ ਸਮੇਂ ਦਾ ਚੇਤਾ ਵਿਸਰ ਜਾਂਦਾ ਏ। ਮਾਪੇ ਰੁਝੇ ਰਹਿੰਦੇ ਨੇ। ਉਨ੍ਹਾਂ ਦੀ ਮਸ਼ਰੂਫੀਅਤ ਅਕਾਰਥ ਨਹੀਂ ਜਾਂਦੀ। ਉਨ੍ਹਾਂ ਦੇ ਸਾਹਵੇਂ, ਉਨ੍ਹਾਂ ਦੇ ਸੁਪਨੇ ਤਾਮੀਰ ਹੁੰਦੇ ਨੇ।
ਬੱਚੇ ਜਦੋਂ ਆਪਣੇ ਟੀਚਿਆਂ ਦੀ ਪ੍ਰਾਪਤੀ ਦਾ ਐਲਾਨ ਕਰਦੇ ਨੇ ਤਾਂ ਇਕ ਸਮੂਹਿਕ ਸੰਤੁਸ਼ਟੀ ਮਾਪਿਆਂ ਦਾ ਨਸੀਬ ਬਣਦੀ ਏ। ਉਨ੍ਹਾਂ ਦੀ ਢਲਦੀ ਰੁੱਤ ਨੂੰ ਮਿਲਿਆ ਹੁਲਾਸ ਅਤੇ ਜਿਉਣ ਦੀ ਨਵਜਨਮੀ ਆਸ।
ਫੁੱਲਾਂ ਦੀ ਘਾਟ ਚਮਨ ਨੂੰ ਰੜਕਦੀ ਏ ਅਤੇ ਉਦਾਸੀ ਦੀ ਪਤਲੀ ਪਰਤ, ਚਮਨ ਦਾ ਨਸੀਬ ਬਣਦੀ ਏ। ਪਰ ਹਰ ਪੱਤਝੜ ਤੋਂ ਬਾਅਦ ਦਸਤਕ ਦਿੰਦੀ ਬਹਾਰ ਦੀ ਆਸ, ਚਮਨ ਦੀ ਉਦਾਸੀ ਨੂੰ ਚਿਰੰਜੀਵੀ ਨਹੀਂ ਰਹਿਣ ਦਿੰਦੀ। ਚਮਨ ਖੇੜਿਆਂ ਤੇ ਮਹਿਕਾਂ ਦਾ ਵਣਜਾਰਾ ਅਤੇ ਵਕਤ ਦੀ ਵਹੀ Ḕਤੇ ਚਮਕਦਾ ਏ ਨਿਰਸੁਆਰਥ ਚਮਨ ਦਾ ਕਰਮ ਖੇਤਰ।
ਜਦੋਂ ਬੱਚੇ ਦੂਰ ਜਾ ਕੇ ਆਪਣੀ ਨਵੀਂ ਦੁਨੀਆਂ ਵਸਾਉਂਦੇ, ਨਵੇਂ ਹਾਲਾਤ ਦਾ ਸਾਹਮਣਾ ਕਰਦੇ ਨੇ, ਨਵੇਂ ਰਿਸ਼ਤੇ ਸਿਰਜਦੇ ਨੇ, ਨਵੀਆਂ ਸਾਂਝਾਂ ਕਾਇਮ ਕਰਦੇ ਨੇ, ਆਪਣੀ ਪਛਾਣ ਖੁਦ ਸਿਰਜਣ ਦੇ ਆਹਰ Ḕਚ ਰੁਝਦੇ ਨੇ ਤਾਂ ਦੁਨੀਆਂ ਉਨ੍ਹਾਂ Ḕਚੋਂ ਤੁਹਾਨੂੰ ਨਿਹਾਰਦੀ ਹੈ ਕਿਉਂਕਿ ਬੱਚੇ ਮਾਪਿਆਂ ਦਾ ਬਿੰਬ ਹੁੰਦੇ ਨੇ। ਘਰ, ਪਰਿਵਾਰ ਤੇ ਮਾਪਿਆਂ ਦੀਆਂ ਸਦਾਚਾਰਕ ਕੀਮਤਾਂ ਦੇ ਪਹਿਰੇਦਾਰ ਅਤੇ ਉਨ੍ਹਾਂ ਦੇ ਦੂਤ। ਕਿਹੜਾ ਬਿੰਬ, ਕਿੰਨੀ ਤੀਬਰਤਾ ਨਾਲ ਫੈਲਦਾ ਏ, ਇਹ ਬੱਚੇ ਨੂੰ ਮਿਲੀ ਸੇਧ, ਸਿੱਖਿਆ, ਸਰੋਕਾਰ ਅਤੇ ਵਿਚਾਰਾਂ ਦੀ ਸੁੱਚਮ Ḕਤੇ ਨਿਰਭਰ ਕਰਦਾ ਏ।
ਬੱਚਿਆਂ ਤੋਂ ਦੂਰ ਇਕੱਲ ਭੋਗਦੇ ਮਾਪੇ, ਪੁਰਾਣੀ ਐਲਬਮ ਦੇ ਵਰਕਿਆਂ ਨੂੰ ਵਾਚਣ ਅਤੇ ਪਰਤਣ Ḕਚ ਮਸ਼ਰੂਫ। ਦੀਦਿਆਂ ਦੇ ਗਿੱਲੇ ਕੋਏ। ਤਸਵੀਰਾਂ, ਬੱਚਿਆਂ ਦੇ ਵਿਕਾਸ ਦਾ ਚਿੱਤਰਪਟ। ਉਤਪਤੀ ਦਾ ਗਰਾਫ, ਤੋਤਲੇ ਬੋਲਾਂ ਤੋਂ ਬੁਲਾਰੇ ਬਣਨ ਤੀਕ ਦੀ ਗਾਥਾ। ਰਿੜ੍ਹਨ ਤੋਂ ਦੌੜਨ ਤੀਕ ਦਾ ਸਫਰ। ਰੋਣ ਤੋਂ ਰਿਆਜ਼ ਤੱਕ ਦੀ ਝਲਕ। ਪੈਂਤੀ ਅੱਖਰੀ ਤੋਂ ਸਫਲਤਾ ਦੇ ਨਵੇਂ ਕਾਇਮ ਕੀਤੇ ਮਾਪਦੰਡ। ਹਰ ਇਕ ਲਡਾਇਆ ਲਾਡ, ਬੱਚਿਆਂ ਦੇ ਮੁਖੜੇ Ḕਤੇ ਵਸਦਾ ਖੇੜਾ ਅਤੇ ਰੌਣਕਾਂ ਵਾਲਾ ਵਿਹੜਾ।
ਬੱਚਿਆਂ ਨੂੰ ਆਪੋ-ਆਪਣੇ ਟਿਕਾਣੇ ਵੰਨੀਂ ਤੋਰ, ਮਾਪੇ ਬਹਿ ਜਾਂਦੇ ਨੇ ਬੀਤੀ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨ ਕਿ ਕੀ ਖੱਟਿਆ ਤੇ ਕੀ ਗਵਾਇਆ? ਕਿਸ ਨੂੰ ਰੁਆਇਆ ਅਤੇ ਕਿੰਨੇ ਰੋਂਦਿਆਂ ਨੂੰ ਚੁੱਪ ਕਰਾਇਆ? ਕਿੰਨੇ ਹਿਰਦਿਆਂ ਨੂੰ ਠੇਸ ਪਹੁੰਚਾਈ ਤੇ ਕਿੰਨਿਆਂ ਦੇ ਰਿਸਦੇ ਜ਼ਖਮਾਂ Ḕਤੇ ਮਰਹਮ ਲਾਈ? ਕਿਹੜੇ ਵਕਤ Ḕਚ ਕਿਸ ਨਾਲ ਵਫਾ ਨਿਭਾਈ? ਕਿਸ ਦੇ ਵਾਅਦਿਆਂ ਦੀ ਸਰਜ਼ਮੀਂ ਨੂੰ ਪਾਣੀ ਲਾਇਆ? ਕਿਸ ਦੇ ਦੀਦਿਆਂ Ḕਚ ਸੂਹਾ ਸੁਪਨਾ ਟਿਕਾਇਆ? ਰੋਟੀਓਂ ਆਤੁਰ ਪਲਾਂ Ḕਚ ਕਿਨ੍ਹਾਂ ਨੇ ਹਰ ਮੋੜ Ḕਤੇ ਸਾਥ ਨਿਭਾਇਆ? ਕਿਹੜੇ ਕੁਲਹਿਣੇ ਸਮੇਂ ਨੇ ਸਾਡਾ ਸੂਰਜ ਗਹਿਣੇ ਪਾਇਆ ਅਤੇ ਕਿਸ ਰਹਿਬਰ ਨੇ ਸੱਗਵਾਂ ਸੂਰਜ ਝੋਲੀ ਪਾਇਆ? ਕਿਸ ਤਰ੍ਹਾਂ ਦੇ ਪਲਾਂ Ḕਚ ਸ਼ਬਦਾਂ ਨਾਲ ਸਾਂਝ ਪਾਈ ਅਤੇ ਕਿੰਨੀ ਕੁ ਵਾਟ ਤੀਕ ਇਹ ਸਾਂਝ ਨਿਭਾਈ?
ਜਦੋਂ ਚਮਨ ਦੇ ਵਿਹੜੇ Ḕਚ ਬੱਚਿਆਂ ਦੀ ਪੈੜ-ਚਾਲ ਦੂਰ ਤੁਰ ਜਾਂਦੀ ਹੈ ਤਾਂ ਤਿੱਤਲੀਆਂ ਪਕੜਨ ਦੀ ਰੁੱਤ ਉਦਾਸ ਹੋ ਜਾਂਦੀ ਏ। ਫੁੱਲਾਂ ਨਾਲ ਗੱਲਾਂ ਕਰਨ ਵਾਲਾ ਵਕਤ ਮਸੋਸ ਕੇ ਰਹਿ ਜਾਂਦਾ ਏ। ਬੂਟਿਆਂ ਨੂੰ ਪਾਣੀ ਪਾਉਣ ਵਾਲਾ ਸ਼ਰਾਰਤੀ ਸਕੂਨ ਬੇਚੈਨ ਹੋ ਜਾਂਦਾ ਏ।
ਬੱਚਿਆਂ ਦੇ ਦੂਰ ਤੁਰ ਜਾਣ Ḕਤੇ ਵਿਹਲੇ ਮਾਪੇ, ਵਿਹਲੇ ਸਮਿਆਂ Ḕਚ ਬੱਚਿਆਂ ਦੇ ਨਿੱਕੇ ਨਿੱਕੇ ਝਗੜਿਆਂ, ਉਨ੍ਹਾਂ ਦੀ ਸਿਮਰਤੀ ਨਾਲ ਜੁੜੀਆਂ ਵਸਤਾਂ, ਉਨ੍ਹਾਂ ਦੀਆਂ ਪੁਰਾਣੀਆਂ ਕਿਤਾਬਾਂ, ਕਾਪੀਆਂ ਜਾਂ ਬਚਪਨੇ ਦਾ ਵਹੀ ਖਾਤਾ ਖੋਲ੍ਹ ਵਕਤ ਦੀ ਦਹਿਲੀਜ਼ ‘ਤੇ ਸਰੋਂ ਦਾ ਤੇਲ ਚੋਂਦੇ ਨੇ। ਫਿਰ ਯਾਦਾਂ Ḕਚ ਗੁੰਮਿਆਂ ਲਈ ਬੀਤਦੇ ਵਕਤ ਦਾ ਅਹਿਸਾਸ ਨਹੀਂ ਰਹਿੰਦਾ।
ਬੱਚੇ ਮਾਂ-ਪਿਉ ਦੀ ਪਰਵਾਜ਼ ਅਤੇ ਮਾਂ-ਪਿਉ ਬੱਚਿਆਂ ਦੇ ਸੁਪਨ-ਸਾਜ਼। ਮਾਪੇ ਬੱਚਿਆਂ ਦੇ ਮਸਤਕ ਦੀਆਂ ਰੇਖਾਵਾਂ ਅਤੇ ਬੱਚੇ, ਮਾਪਿਆਂ ਦੀਆਂ ਚੁਫੇਰੇ ਫੈਲੀਆਂ ਭੁਜਾਵਾਂ। ਮਾਪੇ, ਨੌਜਵਾਨਾਂ ਦੀ ਪ੍ਰੇਰਨਾ ਸਰੋਤ ਅਤੇ ਨੌਜਵਾਨ, ਬਜ਼ੁਰਗੀ ਦੀ ਟੁੱਟਦੀ ਖੜੋਤ।
ਦੂਰ ਉਡਾਰੀ ਮਾਰ ਗਏ ਪਰਿੰਦੇ, ਜਦੋਂ ਆਲ੍ਹਣੇ ਨੂੰ ਵਿਸਾਰ ਦਿੰਦੇ ਨੇ ਤਾਂ ਬਾਬਿਆਂ ਵਰਗੇ ਬਿਰਖ ਉਦਾਸੀਨਤਾ ਦਾ ਪਹਿਰਾਵਾ ਪਹਿਨਦੇ ਨੇ। ਕਦੇ ਕਦੇ ਉਡੀਕ ਇੰਨੀ ਲੰਬੀ ਹੋ ਜਾਂਦੀ ਹੈ ਕਿ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੀਆਂ ਆਖਰੀ ਰਸਮਾਂ ਪੂਰੀਆਂ ਕਰਨਾ ਵੀ ਭੁੱਲ ਜਾਂਦਾ ਏ। ਨੌਕਰਾਂ ਹੱਥੀਂ ਬਜ਼ੁਰਗਾਂ ਦੀ ਸੇਵਾ-ਸੰਭਾਲ ਅਤੇ ਸਸਕਾਰ, ਹੁਣ ਸਾਡੀ ਮਾਨਸਿਕਤਾ ਲਈ ਓਪਰੇ ਨਹੀਂ ਰਹੇ।
ਜਦ ਬੁੱਢੇ ਮਾਪੇ ਤੁਰ ਜਾਣ ਤਾਂ ਘਰਾਂ ਦੀਆਂ ਖੋਖਲੀਆਂ ਕੰਧਾਂ, ਸਿਉਂਕੇ ਦਰਵਾਜੇ ਸੰਦੂਕ Ḕਚ ਸਲ੍ਹਾਬੇ ਦਰੀਆਂ, ਖੇਸ ਤੇ ਫੁਲਕਾਰੀਆਂ ਅਤੇ ਪੋਟਲੀ Ḕਚ ਸਾਂਭੀਆਂ ਨਿਸ਼ਾਨੀਆਂ ਹੀ ਘਰਾਂ ਨੂੰ ਪਰਤਦੇ ਪੈਰਾਂ ਦਾ ਸਵਾਗਤ ਕਰਦੀਆਂ ਨੇ।
ਆਪਣਾ ਸੁਭਾਅ, ਵਰਤਾਰਾ, ਵਿਚਾਰਾਂ ਅਤੇ ਸਰੋਕਾਰਾਂ ਨੂੰ ਸਮੇਂ ਦੇ ਹਾਣ ਦਾ ਕਰਨ ਵਾਲੇ ਮਾਪੇ ਬੱਚਿਆਂ ਦੇ ਮਨਾਂ ਦਾ ਇੱਜ਼ਤਦਾਰ ਜਗ੍ਹਾ ਬਣਾਉਂਦੇ ਨੇ। ਸਮਾਜਕ ਮਾਰਗ ਦੇ ਮੀਲ-ਪੱਥਰ ਬਣਦੇ ਨੇ। ਉਨ੍ਹਾਂ ਦੀ ਸੋਚ ਦੇ ਬਨੇਰਿਆਂ Ḕਤੇ ਜਗਦੇ ਦੀਵਿਆਂ ਦਾ ਚਾਨਣ, ਅਜੋਕੀ ਮਨੁੱਖੀ ਭਟਕਣਾ ਦਾ ਸਾਰਥਕ ਮਾਰਗ ਬਣਦਾ ਏ।
ਬੱਚਿਆਂ ਦੇ ਉਡਾਰੀ ਭਰਨ ਦਾ ਜਸ਼ਨ ਮਨਾਈਏ। ਚੜ੍ਹਦੇ ਸੂਰਜ ਦੇ ਵਿਹੜੇ ਝੂਮਰ ਪਾਈਏ। ਚਾਨਣਾਂ ਦਾ ਹੋਕਾ ਲਾਈਏ। ਹਉਕਾ ਬਣੇ ਸਾਹਾਂ Ḕਚ ਮਹਿਕਾਂ ਰਚਾਈਏ। ਉਦਾਸੀ ਦੇ ਆਲਮ ਤੋਂ ਨਿਜਾਤ ਪਾਈਏ। ਬੱਚਿਆਂ ਦੀ ਪ੍ਰਾਪਤੀ ਦਾ ਸ਼ੁਕਰ ਮਨਾਈਏ ਅਤੇ ਜ਼ਿੰਦਗੀ ਨੂੰ ਆਦਰਸ਼ਕ ਮਾਰਗ-ਦਰਸ਼ਕ ਬਣਾਈਏ।