ਯਾਰਾਂ ਨਾਲ ਬਹਾਰਾਂ

ਸਦਾਬਹਾਰ ਗੁਲਜ਼ਾਰ ਸਿੰਘ ਸੰਧੂ-6/ਆਖਰੀ ਕਿਸ਼ਤ
ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਜਾਪਦੀਆਂ ਹਨ। ਉਨ੍ਹਾਂ ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਉਨ੍ਹਾਂ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਇਹ ਲੰਮਾ ਲੇਖ ਭੇਜਿਆ ਹੈ ਜੋ ਉਨ੍ਹਾਂ ਦੀ ਮਾਰਚ ਮਹੀਨੇ ਛਪ ਕੇ ਆ ਰਹੀ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਵਿਚ ਸ਼ਾਮਲ ਹੋਵੇਗਾ।

ਪ੍ਰਿੰਸੀਪਲ ਸਰਵਣ ਸਿੰਘ ਵੀ ਸੰਧੂ ਜੱਟ ਹਨ। ਹੁਣ ਇਹ ਫੈਸਲਾ ਪਾਠਕਾਂ ‘ਤੇ ਛਡਦੇ ਹਾਂ ਕਿ ਉਹ ਇਸ ਲੇਖ ਵਿਚ ਆਪਣੇ ਸੰਧੂ ਭਰਾ (ਗੁਲਜ਼ਾਰ ਸੰਧੂ) ਦੀ ਵਡਿਆਈ ਕਰਦੇ ਹਨ ਜਾਂ ਫਿਰ ਸ਼ਰੀਕ ਬਣ ਕੇ ਉਨ੍ਹਾਂ ਦੇ ਪਾਜ਼ ਉਧੇੜਦੇ ਹਨ। -ਸੰਪਾਦਕ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਇਕੇਰਾਂ ਅਸੀਂ ਪਟਿਆਲੇ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਠਹਿਰੇ। ਖੁੱਲ੍ਹੀਆਂ ਗੱਲਾਂ ਹੋਈਆਂ। ਨਿਊ ਆਰਟਸ ਕਾਲਜ ਦਿੱਲੀ ਦੀ ਸਿਰ-ਕੱਢ ਕੁੜੀ ਬਾਰੇ ਵੀ। ਰੋਟੀ ਖਾ ਕੇ ਮੁੜੇ ਤਾਂ ਸਾਥੋਂ ਜਿੰਦਾ ਨਾ ਖੁੱਲ੍ਹੇ। ਮੈਂ ਗੁਲਜ਼ਾਰ ਸੰਧੂ ਪੁੱਛ ਲਿਆ, ਕਦੇ ਕੋਈ ਜਿੰਦਾ ਤੋੜਿਆ? ਕਹਿਣ ਲੱਗਾ, “ਬਥੇਰੇ ਜਿੰਦੇ ਤੋੜੇ, ਪਰ ਆਪਣੇ ਘਰ ਦਾ ਨਹੀਂ।” ਖ਼ੈਰ, ਗੈਸਟ ਹਾਊਸ ਦਾ ਉਹ ਜਿੰਦਾ ਆਪਣੇ ਆਪ ਖੁੱਲ੍ਹ ਗਿਆ, ਤੋੜਨ ਦੀ ਲੋੜ ਨਾ ਪਈ।
ਚੰਡੀਗੜ੍ਹ ਮੇਲ ਹੋਇਆ ਜਿਥੇ ਉਹਦੀਆਂ ਫੋਟੋਆਂ ਵੇਖੀਆਂ। 1968 ਵਿਚ ਉਹਦੇ ਦਿੱਲੀ ਵਾਲੇ ਘਰ ਵਿਚ ਅਤਰ ਸਿੰਘ, ਹਰਿਭਜਨ ਸਿੰਘ, ਮੋਹਣ ਸਿੰਘ, ਬਲਵੰਤ ਗਾਰਗੀ ਅਤੇ ਗੁਲਜ਼ਾਰ ਦੇ ਵਿਚਕਾਰ ਅੰਮ੍ਰਿਤਾ ਪ੍ਰੀਤਮ ਬੈਠੀ ਹੈ। ਹੁਸਨ ਦੀ ਮਲਕਾ। ਹੱਥਾਂ ‘ਚ ਗਲਾਸ। ਸਾਰੇ ਖ਼ੁਸ਼ ਰੌਂਅ ਵਿਚ ਹਨ। ਮੈਨੂੰ ਦੱਸਿਆ ਗਿਆ ਕਿ ਮੋਹਣ ਸਿੰਘ ਇਸੇ ਮਹਿਫ਼ਲ ਵਿਚ Ḕਬਸ ਓ ਬੱਚੀ ਬਸḔ Ḕਬਸ ਓ ਬੱਚੀ ਬਸḔ ਕਹਿੰਦਿਆਂ ਨੱਚ ਉੱਠਿਆ ਸੀ।
ਜਦੋਂ ਉਸ ਨੂੰ Ḕਪੰਜਾਬੀ ਟ੍ਰਿਬਿਊਨḔ ਤੋਂ ਜਵਾਬ ਮਿਲਿਆ ਤਾਂ ਕੁਝ ਦਿਨਾਂ ਬਾਅਦ ਰਾਜ ਭਵਨ ਵਿਚ ਸ਼ਾਮ ਦੀ ਪਾਰਟੀ ਸੀ। ਸੰਧੂ ਦੱਸਦਾ ਹੈ- ਮੈਂ ਅਤੇ ਉਸ ਵੇਲੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਾਈਸ ਚਾਂਸਲਰ ਐਸ਼ਐਸ਼ ਬੱਲ ਇਕ ਪਾਸੇ ਖੜ੍ਹੇ ਪੈੱਗ ਲਾ ਰਹੇ ਸਾਂ। ਗੇੜਾ ਕੱਢਦਾ ਗਵਰਨਰ ਰੇਅ ਸਾਡੇ ਕੋਲ ਆਣ ਖੜ੍ਹਾ ਹੋਇਆ। ਰੇਅ ਮੈਥੋਂ ਗਿੱਠ ਉੱਚਾ ਹੋਊ। ਉਹ ਮੇਰੇ ਮੋਢੇ ਉਤੇ ਕੂਹਣੀ ਰੱਖ ਕੇ ਬੱਲ ਨਾਲ ਗੱਲਾਂ ਕਰੀ ਜਾਵੇ ਜਿਵੇਂ ਮੈਂ ਖੁੰਢ ਹੋਵਾਂ। ਮੇਰਾ ਮੋਢਾ ਦੁਖਣ ਲੱਗ ਪਿਆ, ਪਰ ਉਸ ਮਾਈ ਦੇ ਲਾਲ ਨੇ ਕੂਹਣੀ ਨਹੀਂ ਚੁੱਕੀ। ਮੈਨੂੰ ਆਪਣਾ ਦੁੱਖ ਦੱਸਣ ਦੀ ਹਿੰਮਤ ਨਾ ਪਈ। ਉਥੇ ਗਿਆ ਤਾਂ ਮੈਂ ਸੁਰਜੀਤ ਲਈ ਰੈੱਡ ਕਰਾਸ ਦੀ ਸਕੱਤਰੀ ਵਾਸਤੇ ਸੀ, ਰੇਅ ਨੇ ਦੇ ਦਿੱਤੀ ਮੈਨੂੰ।
ਸਵੈਜੀਵਨੀ ਲਿਖਣ ਦੇ ਸਵਾਲ ਦਾ ਜੁਆਬ ਉਹ ਇਹ ਕਹਿ ਕੇ ਦਿੰਦਾ ਹੈ, “ਮੈਂ ਜੋ ਕੁਝ ਵੀ ਲਿਖਿਆ ਹੈ, ਉਸ ਵਿਚ ਮੈਂ ਹੀ ਹਾਂ। ਜਿਥੇ ਮੈਂ ਨਹੀਂ, ਉਥੇ ਮੇਰਾ ਦ੍ਰਿਸ਼ਟੀਕੋਣ ਹੈ, ਮੇਰਾ ਜੀਵਨ ਫ਼ਲਸਫ਼ਾ। ਮੈਂ ਆਪਣੀ ਜੀਵਨੀ ਲਿਖ ਕੇ ਇਸ ਸਭ ਕਾਸੇ ਦਾ ਵਿਸਥਾਰ ਕਿਉਂ ਕਰਾਂ?”
ਉਹਨੇ ਆਪਣੀਆਂ ਕਹਾਣੀਆਂ ਕਿਸੇ ਵਾਦ ਦੀ ਕਿੱਲੀ ‘ਤੇ ਨਹੀਂ ਟੰਗੀਆਂ। ਉਹਦੀਆਂ ਬਹੁਤੀਆਂ ਕਹਾਣੀਆਂ ਪਾਤਰ ਪ੍ਰਧਾਨ ਹਨ। ਸਾਹਿਤ ਅਕਾਡਮੀ ਅਵਾਰਡ ਉਸ ਨੂੰ ਕਹਾਣੀ ਸੰਗ੍ਰਹਿ Ḕਅਮਰ ਕਥਾḔ ਲਈ ਮਿਲਿਆ ਸੀ। ਉਸ ਦੀਆਂ ਕੁਲ ਕਹਾਣੀਆਂ ਦੀ ਗਿਣਤੀ ਸੌ ਦੇ ਕਰੀਬ ਹੈ। ਅੱਜ ਕੱਲ੍ਹ ਉਹਦਾ ਤੋਰਾ ਫੇਰਾ ਘਟਿਆ ਹੋਇਐ। ਫਿਰ ਵੀ ਕਿਤੇ ਜਾਣਾ ਪਵੇ ਤਾਂ ਇਕੋ ਫੇਰੀ ‘ਚ ਕਈ ਕੰਮ ਕਰ ਆਉਣ ਦੀ ਕੋਸ਼ਿਸ਼ ਹੁੰਦੀ ਹੈ। ਦਿੱਲੀ ਜਾਵੇ ਤਾਂ ਚੰਡੀਗੜ੍ਹ ਆ ਕੇ ਕਹਿੰਦਾ ਹੈ, “ਦਿੱਲੀ ਆਪਣੀ ਸਾਹਿਤ ਸਭਾ ਦੀਆਂ ਦੋ ਮੀਟਿੰਗਾਂ ਭੁਗਤਾ ਲਈਆਂ, ਭਾਸਕਰ ਵਾਲਿਆਂ ਦੀ ਚਿੱਠੀ ਲੈ ਲਈ, ਰੇਣੂਕਾ ਨੂੰ ਮਿਲ ਲਿਆ, ਹਰਵੰਤ ਵੱਲੋਂ ਹੋ ਆਇਆ ਅਤੇ ਕੈਨੇਡਾ ਤੋਂ ਆਈ ਭੈਣ ਨੂੰ ਏਅਰ-ਪੋਰਟ ਤੋਂ ਲੈ ਆਇਆ। ਕਿਤਾਬ ਦੇ ਪਰੂਫ਼ ਵੇਖ ਲਏ, ਪਰ ਅਫਸੋਸ ਕਿ ਮਾਮੀ ਨੂੰ ਮਿਲਣੋਂ ਰਹਿ ਗਿਆ।”
ਉਸ ਨੇ ਹਰ ਉਮਰ ‘ਚ ਪੁਲ ਬਣਾਏ। ਪੁਲ ਉਹਦੇ ਸਹਾਇਕ ਬਣੇ। ਵੱਡੀਆਂ ਕੁਰਸੀਆਂ, ਵੱਡੇ ਅਹੁਦੇ, ਵੱਡੇ ਅਵਾਰਡ। ਉਨ੍ਹਾਂ ‘ਚ ਜੱਟ ਹੋਣ ਦਾ ਸਰੀਆ ਵੀ ਪਿਆ ਹੋਇਆ ਸੀ। ਗੁਲਜ਼ਾਰ ਗਤੀਸ਼ੀਲ ਹੋਣ ਦਾ ਨਾਂ ਹੈ। ਗੁਲਜ਼ਾਰ ‘ਚ ਗਤੀ ਈ ਗਤੀ ਹੈ। ਇਹ ਵੀ ਕਿਹਾ ਜਾ ਸਕਦੈ, ਉਹਦੀ ਗਤੀ ਈ ਗਤੀ ਨਾਲ ਹੋਵੇਗੀ। ਉਹ ਨਿਚੱਲਾ ਨਹੀਂ ਰਹਿ ਸਕਦਾ। ਨਿੱਠ ਕੇ ਨਹੀਂ ਬੈਠ ਸਕਦਾ। ਇਸੇ ਕਰ ਕੇ ਤਿੰਨ ਘੰਟੇ ਲੰਮੀ ਫਿਲਮ ਨਹੀਂ ਵੇਖ ਸਕਦਾ। ਉਹ ਦਿਨ ‘ਚ ਨੀਂਦ ਦੀਆਂ ਕਈ ਝੁੱਟੀਆਂ ਲਾਉਂਦੈ ਜਿਨ੍ਹਾਂ ਨਾਲ ਨੌਂ-ਬਰ-ਨੌਂ ਹੋ ਜਾਂਦੈ।
ਪੈਰ ਸਵਾਰੀ ਤੋਂ ਬਾਅਦ ਉਹਦੀ ਸਵਾਰੀ ਸਾਈਕਲ, ਫਿਰ ਮੋਟਰ ਸਾਈਕਲ ਤੇ ਫਿਰ ਕਾਰ ਸਵਾਰੀ ਬਣੀ; ਪਰ ਜੋ ਮੌਜ ਬਹਾਰਾਂ ਮੋਟਰ ਸਾਈਕਲ ਦੀ ਸਵਾਰੀ ‘ਚ ਸਨ, ਉਹ ਕਿਸੇ ਵੀ ਹੋਰ ਸਵਾਰੀ ‘ਚ ਨਹੀਂ ਜੁੜੀਆਂ। ਕਦੇ ਕਾਲਾ ਮੋਟਰ ਸਾਈਕਲ ਉਹਦੀ ਸਵਾਰੀ ਮਨਭਾਉਂਦੀ ਸਵਾਰੀ ਸੀ, ਅੱਜ ਕੱਲ੍ਹ ਸਾਵੀ ਸਵਿਫਟ ਕਾਰ ਮਨਭਾਉਂਦੀ ਹੈ। ਇਕ ਵਾਰੀ ਉਹ ਮੋਟਰ ਸਾਈਕਲ ‘ਤੇ ਆਪਣੀ ਭੈਣ ਨੂੰ ਕਾਲਜ ਛੱਡਣ ਗਿਆ। ਜਦੋਂ ਉਹ ਸ਼ਾਮੀਂ ਘਰ ਪਰਤੀ, ਉਹਨੇ ਗੁਲਜ਼ਾਰ ਨੂੰ ਦੱਸਿਆ- ਵੀਰ, ਮੇਰੀਆਂ ਸਹੇਲੀਆਂ ਨੇ ਤੁਹਾਨੂੰ ਬਾਪੂ ਸਮਝ ਲਿਆ। ਤੁਹਾਡੀ ਖੁੱਲ੍ਹੀ ਦਾੜ੍ਹੀ ਕਰ ਕੇ। ਗੁਲਜ਼ਾਰ ਨੇ ਉਸੇ ਵੇਲੇ ਕੈਂਚੀ ਫੜੀ ਤੇ ਦਾੜ੍ਹੀ ਓਡੀ ਕੁ ਕਰ ਦਿੱਤੀ ਜਿੱਡੀ ਨਾਲ ਉਹ ਬਾਪੂ ਨਹੀਂ, ਵੀਰ ਲੱਗੇ!
ਉਹਨੇ ਜੋ ਕੁਝ ਰਚਿਆ, ਬਹੁਤਾ ਮੁਸਾਫ਼ਰੀ ਸਮੇਂ ਰਚਿਆ। ਜਦੋਂ ਪੈਰ ਹਿਲਦੇ ਨੇ, ਕਲਮ ਵੀ ਉਦੋਂ ਹੀ ਹਿਲਦੀ ਹੈ। ਉਹਦੀ ਰਚਨਾ ਉਹਦੀ ਗਤੀ ਦੀ ਉਂਗਲ ਫੜ ਕੇ ਚਲਦੀ ਹੈ। ਪਾਕਿਸਤਾਨੀ ਪਿੰਡ ਗਾਹੁਣ ਪਿੱਛੋਂ ਉਹਨੇ ਅੱਧੀ ਦਰਜਨ ਕਹਾਣੀਆਂ Ḕਸੋਨੇ ਦੀ ਇੱਟḔ ਲਈ ਲਿਖੀਆਂ। ਹੁਣ ਸੋਲਨ ਤੋਂ ਉਰ੍ਹਾਂ ਕੁਮਾਰਹੱਟੀ ਪਿੰਡ ‘ਚ ਗੁਲਜ਼ਾਰ ਨੇ ਛੋਟਾ ਜਿਹਾ ਘਰ ਬਣਾਇਆ ਹੋਇਐ ਜਿਥੇ ਉਹ ਗੋਡਿਆਂ ਉਤੇ ਸਿਰ੍ਹਾਣਾ ਰੱਖ ਕੇ ਲਿਖਦੈ।
ਪਿਆਰਾ ਸਿੰਘ ਭੋਗਲ ਸੰਧੂ ਨੂੰ ਇਨਸਾਨ ਦੋਸਤ ਕਹਾਣੀਕਾਰ ਮੰਨਦਾ ਹੈ। ਉਹ ਇੰਨੇ ਨਾਲ ਹੀ ਸੰਤੁਸ਼ਟ ਹੈ। ਗੁਲਜ਼ਾਰ ਸੰਧੂ ਦੇਸ਼-ਵੰਡ ਦਾ ਚਸ਼ਮਦੀਦ ਗਵਾਹ ਹੈ। ਉਹ ਸੇਖੋਂ ਵਾਂਗ ਠੋਸ ਵਸਤੂ ਦੁਆਲੇ ਘੁੰਮਦਾ ਹੋਇਆ ਵੀ ਮਨੁੱਖੀ ਭਾਵਨਾ ਦੇ ਸੂਖਮ ਭਾਵਾਂ ਨੂੰ ਛੂੰਹਦਾ ਹੈ। 47 ਦੇ ਦੁਖਾਂਤ ਬਾਰੇ Ḕਸ਼ਹੀਦḔ ਕਹਾਣੀ ਪਾਠਕ ਨੂੰ ਕੀਲ ਲੈਂਦੀ ਹੈ ਤੇ ਕੰਬਾ ਵੀ ਦਿੰਦੀ ਹੈ।
ਸੰਧੂ ਨੇ ਤਰਾਸੀ ਕੋਹ ਦੀ ਵਾਟ ਮਾਰਦਿਆਂ ਬਹੁਤ ਕੁਝ ਨੇੜਿਓਂ ਵੇਖਿਆ। ਤੀਹਵਿਆਂ ਦਾ ਮੰਦਵਾੜਾ, ਚਾਲ੍ਹੀਵਿਆਂ ਦੀ ਵੱਡੀ ਜੰਗ, ਸੰਤਾਲੀ ਦੀ ਦੇਸ਼-ਵੰਡ, ਨਕਸਲੀ ਲਹਿਰ, ਹਰਾ ਇਨਕਲਾਬ, ਦਿੱਲੀ ਦਾ ਸਿੱਖ ਕਤਲੇਆਮ, ਅਤਿਵਾਦ ਦੀ ਦਹਿਸ਼ਤ ਅਤੇ ਅੱਜ ਵਾਲੀ ਮਹਿੰਗਾਈ। ਉਸ ਨੇ ਪਲੇਗ ਦੀ ਪਰਲੋ ਦੇ ਦੁੱਖ ਸੁਣੇ, ਪੀੜ ਤੱਕੀ। ਦੁੱਖ ਤੇ ਪੀੜ ਵਿਚੋਂ ਮੁੜ ਮੁੜ ਹੌਸਲੇ ਨਾਲ ਉਠਦਾ ਪੰਜਾਬ ਵੇਖਿਆ। ਉਸ ਨੂੰ ਹੱਥੀਂ ਕੰਮ ਕਰ ਕੇ ਕਮਾਉਣ ਵਾਲਿਆਂ ਦੇ ਟਾਕਰੇ ਉਤੇ ਪੀੜਾ ਤੇ ਦੁੱਖ ਦੀ ਨੁਮਾਇਸ਼ ਲਾਉਣ ਵਾਲਿਆਂ ਨਾਲ ਕੋਈ ਹਮਦਰਦੀ ਨਹੀਂ। ਉਸ ਨੂੰ ਗੁਰਦਿਆਲ ਸਿੰਘ ਦੇ ਚਰਚਿਤ ਨਾਵਲ Ḕਮੜ੍ਹੀ ਦਾ ਦੀਵਾḔ ਵਿਚਲੇ ਜਗਸੀਰ ਨਾਲ ਵੀ ਕੋਈ ਹਮਦਰਦੀ ਨਹੀਂ ਜਾਗਦੀ। ਨਾਵਲ ਵਿਚਲੇ ਰੋਣੇ ਧੋਣੇ ਨਾਲ ਵੀ ਨਹੀਂ।
ਉਸ ਦਾ ਇਕ ਨਾਵਲ ਅਨਾਥ ਆਸ਼ਰਮ ਵਿਚ ਪਲੇ ਬੱਚਿਆਂ ਦੇ ਉਦਮ ਬਾਰੇ ਹੈ। ਉਹ ਉਦਮ ਕਰ ਕੇ ਪੈਰਾਂ ‘ਤੇ ਖਲੋਣ ਵਾਲਿਆਂ ਨਾਲ ਖਲੋਂਦਾ ਹੈ, ਵਿਰਲਾਪ ਰਾਹੀਂ ਕਮਾਈ ਕਰਨ ਵਾਲਿਆਂ ਨਾਲ ਨਹੀਂ। ਮਾਹਿਲਪੁਰ ਕਾਲਜ ਵਿਚ ਉਸ ਨੂੰ ਅੰਗਰੇਜ਼ੀ ਪੜ੍ਹਾਉਣ ਵਾਲਾ ਪ੍ਰੋਫ਼ੈਸਰ ਕਰਤਾਰ ਸਿੰਘ ਕਹਿੰਦਾ ਹੁੰਦਾ ਸੀ- “ਗੁਲਜ਼ਾਰ ਸਿੰਘ ਨੇ ਦਿੱਲੀ ਉਤੇ ਧਾਵਾ ਬੋਲਿਆ ਤੇ ਦਿੱਲੀ ਫਤਿਹ ਕਰ ਲਈ!”
ਸੰਧੂ ਦੇ ਪਿਤਾ ਜੀ ਸਮਝੌਤਾਵਾਦੀ ਸਨ। ਉਹ ਵੱਡੇ ਤੋਂ ਵੱਡੇ ਝਗੜੇ ਨੂੰ ਸਹਿਜ ਨਾਲ ਨਿਪਟਾ ਲੈਂਦੇ। ਉਨ੍ਹਾਂ ਨੇ ਕਦੇ ਡਾਂਗ ਨਹੀਂ ਵਾਹੀ। ਬਲਦ ਨੂੰ ਵੀ ਪਰਾਣੀ ਮਾਰਨ ਦੀ ਥਾਂ Ḕਤੈਨੂੰ ਚੋਰ ਲੈ ਜਾਣḔ ਦਾ ਸਰਾਪ ਹੀ ਦਿੰਦੇ, ਪਰ ਬੱਕਰਾ ਵੱਢਣਾ ਹੋਵੇ ਤਾਂ ਪਹਿਲੇ ਵਾਰ ਗਰਦਨ ਲਾਹ ਦਿੰਦੇ। ਗੱਲਾਂ ਕਰਨ ਦੇ ਸ਼ੌਕੀਨ ਸਨ। ਉਹ 93 ਸਾਲ ਦੇ ਹੋ ਕੇ ਗੁਜ਼ਰੇ। ਗੁਲਜ਼ਾਰ ਦਾ ਕਾਫੀ ਕੁਝ ਬਾਪ ਨਾਲ ਮਿਲਦਾ ਹੈ। ਸੰਧੂ ਦਾ ਨਾਨਾ ਸ਼ਾਹੂਕਾਰਾ ਕਰਦਾ ਸੀ। ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਸਭ ਕੁਝ ਹੁੰਦਿਆਂ ਸੁੰਦਿਆਂ ਚੋਰੀ ਦਾ ਖ਼ਬਤ ਸੀ। ਚੱਕੀਆਂ, ਬੇਲਣੇ, ਕੜਾਹੇ ਉਸ ਨੂੰ ਕੁਝ ਵੀ ਭਾਰਾ ਨਹੀਂ ਸੀ ਲੱਗਦਾ ਤੇ ਉਹ ਸਭ ਕੁਝ ਚੁੱਕ ਲਿਆਉਂਦਾ। ਨਿਡਰ ਇੰਨਾ ਕਿ ਬਲਦੇ ਸਿਵੇ ਉਤੋਂ ਛੱਲੀਆਂ ਭੁੰਨ ਕੇ ਖਾ ਲੈਂਦਾ ਸੀ, ਹੋਲਾਂ ਵੀ। ਕਿਸੇ ਦੇ ਚੁੱਕਿਆਂ-ਚੁਕਾਇਆਂ ਪਿੰਡ ਦੀ ਸ਼ਾਮਲਾਟ ਉਤੇ ਹੱਕ ਜਮਾਉਣ ਲਈ ਕੇਸ ਪਾ ਦਿੱਤਾ। ਵਕੀਲ ਪੈਸੇ ਖਾਂਦੇ ਰਹੇ। ਹੋਣਾ ਕੀ ਸੀ? ਨਾਨਾ ਪਾਗਲ ਹੋ ਗਿਆ। ਪਗੜੀ ਵਿਚ ਮੋਰ ਦਾ ਖੰਭ ਟੰਗ ਕੇ ਫਿਰਨ ਲੱਗਿਆ।
Ḕਪੰਜਾਬੀ ਟ੍ਰਿਬਿਊਨḔ ਦੀ ਨੌਕਰੀ ਦੌਰਾਨ ਭੈੜੇ ਦਿਨਾਂ ਨੂੰ ਯਾਦ ਕਰਦਿਆਂ ਕਹਿੰਦਾ ਹੈ ਕਿ ਅਤਿਵਾਦੀਆਂ ਨੇ ਊਧਮ ਮਚਾ ਰੱਖਿਆ ਸੀ। ਗੰਦੀਆਂ ਗਾਲ੍ਹਾਂ ਦੀਆਂ ਚਿੱਠੀਆਂ ਤੇ ਅਵੱਗਿਆ ਕਰਨ ਦੀ ਸੂਰਤ ਵਿਚ ਸੋਧੇ ਜਾਣ ਦੀਆਂ ਚਿੱਠੀਆਂ ਸਾਹ ਨਹੀਂ ਸਨ ਲੈਣ ਦਿੰਦੀਆਂ। ਮਾਰਚ 1986 ਵਿਚ ਰੰਧਾਵਾ ਜੀ ਚੱਲ ਵਸੇ। ਫਿਰ ਪ੍ਰੇਮ ਭਾਟੀਆ ਵੀ ਛੱਡ ਗਏ। ਮੇਰੇ ਨਾਲ Ḕਦੇਸ਼ ਸੇਵਕḔ ਦੀ ਸੰਪਾਦਕੀ ਸਮੇਂ ਵੀ ਏਦਾਂ ਹੀ ਹੋਇਆ। 31 ਮਈ 1998 ਨੂੰ ਮੇਰੀ ਸਹਾਇਤਾ ਕਰਨ ਵਾਲੇ ਪਿੱਛੇ ਜਾ ਪਏ। ਮੈਂ ਕਈ ਧੱਕੇ ਖਾਧੇ। ਧੱਕੇ ਸਹਿਣ ਦਾ ਮੈਨੂੰ ਇਕ ਸੁਖ ਸੀ ਕਿ ਮੇਰੀ ਆਪਣੀ ਕੋਈ ਔਲਾਦ ਨਹੀਂ। ਮੇਰੇ ਗਲ ਵਿਚ ਅੰਗੂਠਾ ਦੇ ਕੇ ਮੰਗਣ ਵਾਲਾ ਕੋਈ ਨਹੀਂ। ਮੇਰੇ ਮਨ ਦੀ ਮੌਜ ਨੇ ਮੈਨੂੰ ਕਦੀ ਨਿਰਾਸ਼ ਨਹੀਂ ਕੀਤਾ। ਮੈਂ ਜੋ ਚਾਹਿਆ, ਕਰਦਾ ਰਿਹਾਂ। ਮੈਂ ਛਾਬੜੀ ਵਾਲਾ ਹਾਂ ਜੀਹਨੂੰ ਕੋਲਾ ਚੁਕਾਉਣ ਵਾਲੇ ਵੀ ਮਿਲਦੇ ਰਹੇ, ਸੋਨਾ ਚੁਕਾਉਣ ਵਾਲੇ ਵੀ। ਮੈਂ ਕਦੀ ਕਿਸੇ ਧਰਨੇ ‘ਤੇ ਨਹੀਂ ਬੈਠਿਆ। ਜਲੂਸ ਵਿਚ ਸ਼ਾਮਲ ਨਹੀਂ ਹੋਇਆ। ਦਿੱਲੀ ਦੰਗਿਆਂ ਵਿਚ ਮੇਰਾ ਸਭ ਤੋਂ ਛੋਟਾ ਮਾਮਾ ਮਾਰਿਆ ਗਿਆ ਸੀ ਅਤੇ ਮੇਰੇ ਯਮਨਾ ਪਾਰ ਵਾਲੇ ਸਭ ਤੋਂ ਵੱਡੇ ਮਾਮੇ ਨੇ ਆਪਣੇ ਸਿਰ ਦੇ ਕੇਸ ਕਟਵਾ ਦਿੱਤੇ ਸਨ।
ਜਿਥੇ ਬਹੁਤ ਸਾਰੇ ਲੇਖਕਾਂ ਨੇ ਸੰਧੂ ਬਾਰੇ ਲਿਖਿਆ, ਉਥੇ ਸੰਧੂ ਨੇ ਵੀ ਬਹੁਤ ਸਾਰੇ ਲੇਖਕਾਂ ਬਾਰੇ ਲਿਖਿਆ। ਉਹ ਖ਼ੁਸ਼ਵੰਤ ਸਿੰਘ ਦੀ ਲੇਖਣੀ ਦਾ ਮੱਦਾਹ ਸੀ। ਵੀਹ ਸਾਲ ਉਹਦਾ ਵਾਸਾ ਉਹਦੇ ਇਕ ਫਰਲਾਂਗ ਸੱਜੇ ਖੱਬੇ ਰਿਹਾ। ਸੰਧੂ ਨੇ ਉਸ ਦੇ ਘਰ ਏਨੀਆਂ ਦਾਅਵਤਾਂ ਖਾਧੀਆਂ, ਜਿੰਨੀਆਂ ਉਸ ਨੂੰ ਖੁਆਈਆਂ ਨਹੀਂ। ਖ਼ੁਸ਼ਵੰਤ ਦੀ ਚਿੱਟ Ḕਮੈਂ ਗੁਲਜ਼ਾਰ ਨੂੰ ਮਿੱਤਰ ਵਜੋਂ ਜਾਣਦਾ ਹਾਂḔ ਨੂੰ ਉਹ ਵੱਡਾ ਸਨਮਾਨ ਸਮਝਦੈ। ਉਸ ਨੇ ਡਾæ ਐਮæ ਐਸ਼ ਰੰਧਾਵਾ ਨੂੰ ਦੂਲਾ ਪਾਤਸ਼ਾਹ ਕਿਹਾ ਜਿਸ ਨੂੰ ਖਾਣ ਪੀਣ ਦਾ ਉਕਾ ਹੀ ਕੋਈ ਵੈਲ ਨਹੀਂ ਸੀ। ਉਸ ਦੀ ਇਕੋ ਇੱਛਾ ਕਿਸੇ ਦੇ ਕੰਮ ਆ ਕੇ ਸੋਭਾ ਕਮਾਉਣਾ ਤੇ ਆਪਣੇ ਪਿੱਛੇ ਆਪਣੀਆਂ ਯਾਦਾਂ ਛੱਡਣਾ ਸੀ। ਅੰਮ੍ਰਿਤਾ ਪ੍ਰੀਤਮ ਨੂੰ ਸੁਰਮਾ ਪਾਉਣਾ ਵੀ ਆਉਂਦਾ ਸੀ ਤੇ ਮਟਕਾਉਣਾ ਵੀ। ਸੰਤ ਸਿੰਘ ਸੇਖੋਂ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦਾ ਸੀ ਜੋ ਸੰਧੂ ਨੂੰ ਨਹੀਂ ਸੀ ਆਉਂਦਾ। ਸੰਧੂ ਵਿਰਕ ਨੂੰ ਪੰਜਾਬੀ ਕਹਾਣੀ ਦਾ ਓæ ਹੈਨਰੀ ਮੰਨਦਾ ਸੀ। ਆਪਣੇ ਬਾਰੇ ਕਹਿੰਦਾ ਹੈ ਕਿ ਮੈਂ ਛੋਟੀ ਰੇਸ ਵਾਲਾ ਅਥਲੀਟ ਹਾਂ। ਮੇਰੀ ਵਿਲੱਖਣਤਾ ਇਹੋ ਹੈ ਕਿ ਮੈਂ ਵਿਅਕਤੀ ਦੇ ਮਨ ਦੀ ਗੱਲ ਕਰਦਾ ਹਾਂ। ਅੰਦਰਲੀਆਂ ਤਹਿਆਂ ਫਰੋਲਦਾ ਹਾਂ ਤੇ ਸਿਹਤਮੰਦ ਸੰਦੇਸ਼ ਦਿੰਦਾ ਹਾਂ।
ਸੰਧੂ ਦਾ ਕਥਨ: ਪਲੇਗ ਰੱਬੀ ਵਰਤਾਰਾ ਸੀ। ਦੇਸ਼ ਵੰਡ ਮਨੁੱਖੀ ਕਾਰਾ। ਸਾਰੇ ਇਨਕਲਾਬ ਬੰਦੂਕ ਦੀ ਨੋਕ ‘ਤੇ ਚੜ੍ਹ ਕੇ ਨਹੀਂ ਆਉਂਦੇ।
ਉਹ ਆਪਣੀ ਜ਼ਿੰਦਗੀ ਦੇ ਵੀਹ ਸਾਲ ਨਾਨਕੇ ਦਾਦਕੇ ਪਿੰਡਾਂ ਵਿਚ ਰਿਹਾ। 30 ਸਾਲ ਵੱਡੇ ਸ਼ਹਿਰ ਤੇ ਦੇਸ਼ ਦੀ ਰਾਜਧਾਨੀ ਦਿੱਲੀ, ਨਵੀਂ ਦਿੱਲੀ ਤੇ ਹੁਣ ਬੱਤੀ ਸਾਲਾਂ ਤੋਂ ਚੰਡੀਗੜ੍ਹ ਵਿਚ ਹੈ। ਨੌਕਰੀ ਦੇ ਮਾਮਲੇ ਵਿਚ ਉਹ ਬੇਹੱਦ ਭਾਗਾਂ ਵਾਲਾ ਹੈ। ਮਨ ਦੀ ਮੌਜ ਲਈ ਲਿਖਦਾ ਹੈ। ਡਾæ ਸੁਰਜੀਤ ਦੱਸਦੀ ਹੈ ਕਿ ਸੰਧੂ ਨਾਲ ਵਿਆਹ ਕਰਨ ਲਈ ਹਾਂ ਕਰਨ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਕੰਜੂਸ ਨਹੀਂ। ਉਹਦੀ ਸਾਫ਼ਬਿਆਨੀ, ਦਰਿਆਦਿਲੀ, ਘੁੰਮਣ-ਫਿਰਨ ਦਾ ਸ਼ੌਕ ਤੇ ਖਾਣ-ਪਹਿਨਣ ਬਾਰੇ ਨਖਰੇਬਾਜ਼ ਨਾ ਹੋਣਾ ਅਤੇ ਗੱਲਬਾਤ ਕਰਨ ਦਾ ਚੱਜ ਵੀ ਵਿਆਹ ਕਰਾਉਣ ਦੇ ਕਾਰਨ ਬਣੇ। ਗਹਿਣੇ-ਗੱਟੇ ਤੇ ਸੋਨਾ ਉਸ ਨੂੰ ਪਸੰਦ ਨਹੀਂ। ਸੁਰਜੀਤ ਦੱਸਦੀ ਹੈ ਕਿ ਇਕ ਵਾਰ ਸਾਡੇ ਘਰ ਚੋਰੀ ਹੋ ਗਈ ਅਤੇ ਚੋਰ ਮੇਰੇ ਕੰਨਾਂ ਵਿਚ ਪਾਉਣ ਵਾਲੇ ਨਿੱਕੇ-ਮੋਟੇ ਨੌਂ ਟ੍ਰਿੰਕਸ ਲੈ ਗਏ। ਗੁਲਜ਼ਾਰ ਨੇ ਕਿਹਾ, ਚਲੋ ਚੰਗਾ ਹੋਇਆ, ਰਾਖੀ ਮੁੱਕੀ।
Ḕਦੇਸ਼ ਸੇਵਕḔ ਅਖ਼ਬਾਰ ਸ਼ੁਰੂ ਕਰਨ ਵੇਲੇ ਉਸ ਨੇ ḔਪਾਇਨੀਅਰḔ ਅਖ਼æਬਾਰ ਦੀ ਨਕਲ ਮਾਰੀ। Ḕਦਿ ਹਿੰਦੂḔ ਦਾ ਪ੍ਰਭਾਵ ਪਹਿਲਾਂ ਹੀ ਸੀ। ਮਿਡਲ ਪੰਜਾਬੀ ਅਖ਼ਬਾਰਾਂ ਵਿਚ ਪਹਿਲੀ ਵਾਰ Ḕਦੇਸ਼ ਸੇਵਕḔ ਨੇ ਛਾਪੇ। ਸੰਧੂ ਦਿੱਲੀ ਤੋਂ ਚੰਡੀਗੜ੍ਹ ਆਇਆ ਤਾਂ ਪਹਿਲਾਂ ਪਹਿਲ ਪੰਜਾਬ ਵਾਲੇ ਉਸ ਨੂੰ ḔਊਂਈਂḔ ਸਮਝਦੇ ਸਨ। ਬਾਅਦ ਵਿਚ ਸੰਧੂ ਨੇ ਲਿਖਿਆ, “ਏਥੇ ਚੰਗਾ ਲੇਖਕ ਬਣਨ ਲਈ ਹਰ ਕਿਸੇ ਨੂੰ ਪ੍ਰਗਤੀਵਾਦੀ, ਨਕਸਲਵਾਦੀ, ਵਾਸ਼ਨਾਵਾਦੀ ਜਾਂ ਅਤਿਵਾਦੀ ਹੋਣਾ ਪੈਂਦਾ ਸੀ। ਮੇਰਾ ਇਨ੍ਹਾਂ ਵਾਦਾਂ ਨਾਲ ਸੰਬੰਧ ਆਸ਼ਕਾਨਾ ਤਾਂ ਸੀ ਪਰ ਸ਼ਾਦੀਆਨਾ ਨਹੀਂ।”
ਹੁਣ ਜਦੋਂ ਉਹ ਵੱਡੀਆਂ ਨੌਕਰੀਆਂ ਕਰ ਚੁੱਕੈ ਤਾਂ ਪੁੱਛਣ ਵਾਲੇ ਪੁੱਛਦੇ ਹਨ, “ਵਾਈਸ ਚਾਂਸਲਰੀ ਨੂੰ ਹੱਥ ਕਿਉਂ ਨਾ ਮਾਰਿਆ?”
ਉਹਦਾ ਜਵਾਬ ਹੈ, “ਮੰਗਦਿਆਂ ਸੰਗ ਲਗਦੀ ਸੀ। ਕੋਈ ਇਹ ਨਾ ਆਖੇ ਕਿ ਮੈਨੂੰ ਰੱਜ ਹੀ ਨਹੀਂ ਆਉਂਦਾ!”
ਪਰ ਇਹ ਦੱਸਦਿਆਂ ਉਸ ਨੂੰ ਕੋਈ ਸੰਗ ਨਹੀਂ ਲੱਗਦੀ ਕਿ ਉਹ ਸਫ਼ਲ ਨਕਲਚੀ ਹੈ। ਪੜ੍ਹਦੇ ਸਮੇਂ ਇਮਤਿਹਾਨਾਂ ਵਿਚ ਤਾਂ ਨਕਲ ਨਹੀਂ ਮਾਰੀ ਪਰ ਆਪਣੇ ਤੋਂ ਪਹਿਲੇ ਲੇਖਕਾਂ ਦੀ ਕਾਰਜ ਸ਼ੈਲੀ ਦੀ ਨਕਲ ਜ਼ਰੂਰ ਮਾਰਦਾ ਰਿਹੈ। ਕਹਾਣੀ ਕਲਾ ਵਿਚ ਵਿਰਕ, ਦੁੱਗਲ ਤੇ ਮੁਪਾਂਸਾ ਦੀ, ਕਾਲਮ-ਨਵੀਸੀ ਵਿਚ ਖੁਸ਼ਵੰਤ ਸਿੰਘ ਦੀ ਅਤੇ ਪ੍ਰਬੰਧਕੀ ਕੰਮਾਂ ‘ਚ ਡਾæ ਮਹਿੰਦਰ ਸਿੰਘ ਰੰਧਾਵਾ ਦੀ।
000
ਗੁਲਜ਼ਾਰ ਸੰਧੂ ਨੇ ਬਹੁਤ ਸਾਰੇ ਲੇਖਕਾਂ ਤੇ ਮੋਹਤਬਰ ਬੰਦਿਆਂ ਦੇ ਰੇਖਾ ਚਿੱਤਰ ਵੀ ਲਿਖੇ ਹਨ। ਗੁਰਮੁਖ ਸਿੰਘ ਮੁਸਾਫ਼ਰ ਉਹਦੀ ਨਜ਼ਰ ਵਿਚ ਦਰਸ਼ਨੀ ਸ਼ਖਸੀਅਤ ਸੀ। ਉੱਚਾ ਲੰਮਾ ਕੱਦ, ਗੋਰਾ ਚਿੱਟਾ, ਹਸੂੰ ਹਸੂੰ ਕਰਦਾ ਮੁਖੜਾ। ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਬਾਰੇ ਲਿਖਦਿਆਂ ਉਹ ਕਹਿੰਦਾ ਹੈ ਕਿ ਮੇਰੇ ਲਈ ਗੁਰਬਖ਼ਸ਼ ਸਿੰਘ ਦੇ ਪ੍ਰੀਤ ਕੋਸ਼ ਵਿਚੋਂ ਮਿਲੇ ਚਾਨਣ ਤੋਂ ਮੁਨਕਰ ਹੋਣਾ ਮੁਸ਼ਕਿਲ ਹੈ। ਪ੍ਰੀਤ ਲੜੀ, ਪ੍ਰੀਤ ਨਗਰ, ਪ੍ਰੀਤ ਮਿਲਣੀ, ਪ੍ਰੀਤ ਵਿਹਾਰ, ਪ੍ਰੀਤੀ ਭੋਜਨ, ਪ੍ਰੀਤ ਸੈਨਕ, ਪ੍ਰੀਤ ਮੰਡਲੀ, ਪ੍ਰੀਤ ਹਾਦਸਾ ਤੇ ਪ੍ਰੀਤ ਕੰਬਣੀ ਆਦਿ। ਮੈਂ ਗੁਰਬਖਸ਼ ਸਿੰਘ ਦੀ ਸ਼ਬਦਾਂ ਨਾਲ ਖੇਡਣ ਦੀ ਜੁਗਤ ਨੂੰ ਕੋਟਲਾ ਛਪਾਕੀ ਦੀ ਖੇਡ ਨਾਲ ਮੇਚਦਾ ਹਾਂ। ਉਸ ਦਾ ਕੋਈ ਸਾਨੀ ਨਹੀਂ ਸੀ। ਉਹ ਅਦੁੱਤੀ ਸੀ। ਅਨੋਖਾ ਤੇ ਇਕੱਲਾ।
ਸੰਧੂ ਦੇ ਲਿਖਣ ਅਨੁਸਾਰ ਡਾæ ਰੰਧਾਵਾ ਤੇ ਕੈਰੋਂ ਨੂੰ ਨੁਕਤੇ ਸੁਝਦੇ ਹੀ ਆਪਣੀ ਮਿੱਟੀ ਦੇ ਮੋਹ ਵਿਚੋਂ ਸਨ ਪਰ ਲਾਗੂ ਕਰਨ ਵੇਲੇ ਉਹ ਇਨ੍ਹਾਂ ਦਾ ਛੱਟਾ ਸਮੁੱਚੇ ਭਾਰਤ ਉਤੇ ਦੇ ਛੱਡਦੇ ਸਨ। ਮਹਿੰਦਰ ਸਿੰਘ ਰੰਧਾਵਾ ਨੂੰ ਉਸ ਨੇ ਇਕੋ ਸਮੇਂ ਤਿੰਨ ਤਿੰਨ ਮੀਟਿੰਗਾਂ ਦੀ ਪ੍ਰਧਾਨਗੀ ਕਰਦੇ ਤੇ ਨੌਂ ਨੌਂ ਉਮੀਦਵਾਰਾਂ ਵਿਚੋਂ ਮਸਤਕ ਦੇਖ ਕੇ ਇਕ ਦੀ ਚੋਣ ਕਰਦੇ ਵੇਖਿਆ ਸੀ। ਉਹ ਚਲਦੇ ਫਿਰਦੇ ਪ੍ਰਧਾਨ ਸਨ।
ḔਪੰਜਾਬḔ ਪੁਸਤਕ ਦਾ ਮੁੱਖ ਸੰਪਾਦਕ ਡਾæ ਰੰਧਾਵਾ ਸੀ। ਉਸ ਲਈ ਡਾæ ਗੰਡਾ ਸਿੰਘ ਨੇ ਸਪਤ-ਸਿੰਧੂ ਪੰਜਾਬ, ਮੁਲਕ ਰਾਜ ਅਨੰਦ ਨੇ ਸਿੱਖ ਰਾਜ ਸਮੇਂ ਦੀ ਚਿੱਤਰਕਾਰੀ, ਐਮæ ਐਸ਼ ਰੰਧਾਵਾ ਨੇ ਕਾਂਗੜਾ ਕਲਾ, ਗਿਆਨੀ ਗੁਰਦਿੱਤ ਸਿੰਘ ਨੇ ਮੇਲੇ ਅਤੇ ਤਿਉਹਾਰ, ਦੇਵਿੰਦਰ ਸਤਿਆਰਥੀ ਨੇ ਲੋਕ ਗੀਤ, ਮੋਹਨ ਸਿੰਘ ਨੇ ਪੰਜਾਬੀ ਸਾਹਿਤ, ਪ੍ਰੋæ ਪ੍ਰੀਤਮ ਸਿੰਘ ਨੇ ਬੋਲੀ ਤੇ ਲਿਪੀ, ਅੰਮ੍ਰਿਤਾ ਪ੍ਰੀਤਮ ਨੇ ਅਜੋਕੀ ਕਵਿਤਾ, ਗੁਰਬਖਸ਼ ਸਿੰਘ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਕਿਰਪਾਲ ਸਿੰਘ ਨਾਰੰਗ ਨੇ ਪੰਜਾਬ ਦੀ ਦੇਣ ਤੇ ਗੁਲਜ਼ਾਰ ਸੰਧੂ ਨੇ ਰਸਮ-ਰਿਵਾਜ ਤੇ ਹਾਰ ਸ਼ਿੰਗਾਰ ਬਾਰੇ ਵਿਸ਼ੇਸ਼ ਲੇਖ ਲਿਖੇ। ਰੰਧਾਵੇ ਦਾ ਕਮਾਲ ਤੇ ਜਮਾਲ ਐਸਾ ਸੀ ਕਿ ਉਨ੍ਹਾਂ ਦੇ ਇਕ ਬੋਲ ਉਤੇ ਪੰਜਾਬ ਦੇ ਮੁੱਖ ਮੰਤਰੀ ਕਲਾ ਪ੍ਰੀਸ਼ਦ ਚੰਡੀਗੜ੍ਹ ਲਈ ਪੰਜਾਹ ਪੰਜਾਹ ਲੱਖ ਰੁਪਏ ਦੀ ਗਰਾਂਟ ਦੇਣੀ ਮੰਨ ਜਾਂਦੇ ਸਨ। ਰੰਧਾਵਾ ਸਟੈਨੋ ਨੂੰ ਟਾਈਪ ਬਾਬੂ, ਐਪਲੀਕੇਸ਼ਨ ਨੂੰ ਦਰਖ਼ਾਸਤ, ਡੀæਓæ ਲੈਟਰ ਨੂੰ ਚਿੱਠੀ ਤੇ ਪੈਂਫਲਟ ਨੂੰ ਪੋਥਾ ਕਿਤਾਬ ਕਹਿੰਦਾ ਸੀ। ਉਹ ਗੁਰਬਖ਼ਸ਼ ਸਿੰਘ ਨੂੰ ਪ੍ਰੀਤ ਨਗਰ ਵਾਲਾ, ਮੋਹਣ ਸਿੰਘ ਨੂੰ ਪੰਜ ਦਰਿਆ ਵਾਲਾ, ਭਾਪਾ ਪ੍ਰੀਤਮ ਸਿੰਘ ਨੂੰ ਨਵਯੁੱਗ ਵਾਲਾ ਅਤੇ ਗੁਲਜ਼ਾਰ ਨੂੰ ਪੰਜਾਬੀ ਵਾਲਾ ਕਹਿ ਕੇ ਸੱਦਦਾ। ਚਕਰਵਰਤੀ ਨੂੰ ਇੰਦਰ ਸਿਆਂ, ਵਿਰਕ ਨੂੰ ਕੁਲਵੰਤ ਸਿੰਘ, ਉਪਾਸ਼ਕ ਨੂੰ ਬਿਸ਼ਨ ਸੂੰਹ ਅਤੇ ਮਸਤਾਨੇ ਨੂੰ ਆਸਾ ਸਿੰਘ ਕਹਿ ਕੇ ਬੁਲਾਉਂਦਾ ਸੀ।
ਉਹਦਾ ਖਰੜ ਗਾਰਡਨ ਕਾਲੋਨੀ ਵਿਚ ਦਸ ਕੁ ਏਕੜ ਰਕਬੇ ਵਿਚ ਬੜਾ ਖ਼ੂਬਸੂਰਤ ਤੇ ਆਰਾਮਦੇਹ ਘਰ ਸੀ। ਉਹ ਗੁਲਜ਼ਾਰ ਨੂੰ ਹੁੱਬ ਕੇ ਦੱਸਦਾ, ਅਹਿ ਮੇਰਾ ਪੜ੍ਹਨ ਦਾ ਕਮਰਾ ਹੈ, ਐਥੇ ਬੈਠ ਕੇ ਸ਼ਾਮ ਨੂੰ ਚਾਹ ਪੀਂਦਾ ਹਾਂ। ਅਹਿ ਨਾਲ ਹੀ ਪੁਸਤਕਾਲਾ ਹੈ। ਅਹੁ ਸੰਤਰਿਆਂ ਮਾਲਟਿਆਂ ਦੇ ਬੂਟੇ ਹਨ ਤੇ ਅਹੁ ਮੂਲੀਆਂ-ਗਾਜਰਾਂ ਦੇ ਵਿਟਾਮਿਨ। ਇਥੇ ਖੁੱਲ੍ਹੀ ਧੁੱਪ ਹੈ, ਧੁੱਪ ਵਿਚ ਵਿਟਾਮਿਨ ਹਨ। ਔਹ ਜ਼ਰਾ ਹਟਵਾਂ ਕਮਰਾ ਮਹਿਮਾਨਾਂ ਲਈ ਹੈ। ਤੂੰ ਏਥੇ ਆ ਕੇ ਠਹਿਰਿਆ ਕਰ।
ਸੰਧੂ ਦੱਸਦਾ ਹੈ ਕਿ ਡਾæ ਰੰਧਾਵਾ ਨੇ ਦਿੱਲੀ ਵਿਚ ਮੇਰੇ ਕੋਲੋਂ ਗੁਰਮੁਖੀ ਸਿੱਖੀ ਸੀ। ਹਰ ਐਤਵਾਰ ਉਹ ਮੇਰੀਆਂ ਕੱਢੀਆਂ ਗ਼ਲਤੀਆਂ ਨੂੰ ਕਈ ਕਈ ਵਾਰ ਲਿਖ ਕੇ ਰੱਖਦੇ। ਲਗਾਂ ਮਾਤਰਾਂ ਤੇ ਸ਼ਬਦ-ਜੋੜਾਂ ਵੱਲ ਏਦਾਂ ਧਿਆਨ ਦਿੰਦੇ ਜਿਵੇਂ ਛੋਟਾ ਬਾਲਕ। ਮਿਲਣ ਵਾਲੇ ਹਰ ਸ਼ਾਮ ਉਸ ਨੂੰ ਸੈਰ ਕਰਦਿਆਂ ਜਾ ਫੜਦੇ ਸਨ। ਮੈਂ ਉਨ੍ਹਾਂ ਨਾਲ ਹਰਚਰਨ ਸਿੰਘ ਨਾਟਕਕਾਰ ਨੂੰ ਸੁਹਾਗੇ ਵਾਂਗ ਧੂਹ ਹੁੰਦਿਆਂ ਤੇ ਕਪੂਰ ਸਿੰਘ ਆਈæਸੀæਐਸ਼ ਨੂੰ ਥੱਲੇ ਦੇ ਬਲਦ ਵਾਂਗ ਜੁਤਿਆ ਵੇਖਿਆ ਹੈ। ਇਕ ਦਿਨ ਮੈਂ ਤੇ ਸੁਰਜੀਤ ਜਾ ਫਸੇ। ਏਨੀ ਤੇਜ਼ ਤੁਰਨ ਕਿ ਸਾਥੋਂ ਰਲਿਆ ਨਾ ਜਾਵੇ। Ḕਪਿੱਠ ਦਰਦ ਕਰ ਰਹੀ ਹੈ, ਇਸ ਨੂੰ ਠੀਕ ਕਰਨ ਦਾ ਇਹੀਓ ਤਰੀਕਾ ਹੈ।Ḕ ਕਹਿ ਕੇ ਉਹ ਹੋਰ ਤੇਜ਼ ਹੋ ਗਏ।
ਪ੍ਰੇਮ ਭਾਟੀਆ ਤੇ ਖੁਸ਼ਵੰਤ ਸਿੰਘ ਦੋਹਾਂ ਨੇ ਸੰਧੂ ਨੂੰ ਹਮ-ਪਿਆਲਾ ਤੇ ਹਮ-ਨਿਵਾਲਾ ਬਣਉਣ ਦਾ ਮਾਣ ਦੇਈ ਰੱਖਿਆ। ਪ੍ਰੇਮ ਭਾਟੀਆ ਵਿਦੇਸ਼ੀ ਸਕਾਚ ਦਾ ਸਹਿੰਦਾ-ਸਹਿੰਦਾ ਪੈੱਗ ਦਿੰਦਾ ਸੀ ਤੇ ਖੁਸ਼ਵੰਤ ਮਟਕੇ ਦੀ ਰੰਮ ਦਾ ਛੱਟਾ। ਇਕ ਪੁਰਤਕੱਲਫ਼ ਸੀ ਦੂਜਾ ਬੇਤਕੱਲਫ਼। ਖੁਸ਼ਵੰਤ ਨੂੰ ਸ਼ਹਿਜ਼ਾਦੀਆਂ ਤੋਂ ਲੈ ਕੇ ਮੁੰਬਈ ਦੀਆਂ ਭਿਖਾਰਨਾਂ ਤਕ ਦਾ ਜਿਸਮ ਤਾੜਨ ਦੀ ਆਦਤ ਸੀ। ਉਹ ਵਿਸਕੀ ਪੀਂਦਾ ਤੇ ਪਾਨ ਚੱਬਦਾ ਹਫ਼ਤੇ ਵਿਚ ਤਿੰਨ ਤਿੰਨ ਕਾਲਮ ਲਿਖ ਮਾਰਦਾ ਸੀ। ਉਹਦਾ ਨੁਸਖਾ ਸਿੱਖੀ, ਸੈਕਸ, ਸਕਾਚ ਤੇ ਸਕਾਲਰਸ਼ਿਪ ਸੀ। ਰਾਜ, ਧਰਮ, ਰਾਜਨੀਤੀ, ਡਾਕੇ, ਚੋਰੀ, ਯਾਰੀ, ਕਾਨੂੰਨ, ਕਲੱਬ ਤੇ ਕਬੀਲੇ। ਉਹਦੇ ਵੀਕਲੀ ਦਾ ਹਰ ਅੰਕ ਵਿਸ਼ੇਸ਼ ਅੰਕ ਹੁੰਦਾ ਸੀ।
ਦਵਿੰਦਰ ਸਤਿਆਰਥੀ ਦਿੱਲੀ ਦਾ ਟੈਗੋਰ ਸੀ। ਗੁਲਜ਼ਾਰ ਨੂੰ ਦਿੱਲੀ ਅੱਪੜਦਿਆਂ ਹੀ ਉਹ ਟੱਕਰ ਗਿਆ ਸੀ। ਸਤਿਆਰਥੀ ਰਾਹ ਖਹਿੜੇ ਮਿਲਣ ਵਾਲੇ ਨੂੰ ਆਪਣੀਆਂ ਕਹਾਣੀਆਂ ਦਾ ਸਰੋਤਾ ਬਣਾ ਲੈਂਦਾ ਸੀ। ਫਿਰ ਉਸ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ ਸੀ ਹੁੰਦਾ। ਸੰਧੂ ਫਸ ਜਾਂਦਾ ਸੀ। ਮੈਂ ਖਿਡਾਰੀ ਹੋਣ ਕਰ ਕੇ ਭੱਜ ਜਾਂਦਾ ਸਾਂ ਤੇ ਛੇਤੀ ਕੀਤਿਆਂ ਸਤਿਆਰਥੀ ਨੂੰ ਡਾਹੀ ਨਹੀਂ ਸਾਂ ਦਿੰਦਾ।
ਸੰਧੂ ਨੇ ਸਤਿਆਰਥੀ ਦਾ ਵੀ ਰੇਖਾ ਚਿੱਤਰ ਲਿਖਿਆ ਜਿਸ ਦਾ ਨਿਚੋੜ ਹੈ: 1956 ਵਾਲੀ ਏਸ਼ੀਅਨ ਲੇਖਕਾਂ ਦੀ ਕਾਨਫਰੰਸ ਵਿਚ ਮੈਂ ਜਦੋਂ ਸਤਿਆਰਥੀ ਵੱਲ ਵੇਖ ਰਿਹਾ ਹੁੰਦਾ, ਉਸ ਦੀ ਆਪਣੀ ਨਜ਼ਰ ਸੁੰਦਰ, ਸੁਡੌਲ ਤੇ ਜਵਾਨ ਚੀਨੀ ਕੁੜੀਆਂ ਉਤੇ ਟਿਕੀ ਹੁੰਦੀ। ਗੁੰਦਵੇਂ ਪੱਟਾਂ ਤੇ ਨਿੱਕੀ ਕਾਟ ਦੀਆਂ ਅੱਖਾਂ ਉਤੇ। ਉਹ ਅਲੌਕਿਕ ਸ਼ਬਦਾਂ ਦਾ ਸ਼ਿਕਾਰੀ ਸੀ- ਸੋਨਾ ਗਾਚੀ, ਕੁੰਗ ਪੋਸ਼, ਦੇਵਤਾ ਡਿੱਗ ਪਿਆ, ਸੂਈ ਬਜ਼ਾਰ, ਲੱਕ ਟੁਣੂ ਟੁਣੂ, ਸੰਦਲੀ ਗਲੀ, ਬੁੱਢੀ ਨਹੀਂ ਧਰਤੀ, ਲੰਕਾ ਦੇਸ ਹੈ ਕੋਲੰਬੂ। ਚੜ੍ਹਦੀ ਉਮਰੇ ਅੰਮ੍ਰਿਤਸਰ ਅਖ਼ਬਾਰਾਂ ਦਾ ਹਾਕਰ, ਲਾਹੌਰ ਕਾਰਖਾਨੇ ਦੀਆਂ ਸਿਲਾਂ ਘਸਾਈਆਂ, ਟਾਟਾ ਨਗਰ ਲੋਹੇ ਦੀਆਂ ਚਾਦਰਾਂ ਢੋਈਆਂ। ਆਪਣੇ 60ਵੇਂ ਜਨਮ ਦਿਨ ‘ਤੇ ਆਪਣੇ ਆਪ ਨੂੰ ਅੱਧਾ ਆਦਮੀ ਕਹਿ ਕੇ 120 ਸਾਲ ਤੱਕ ਜਿਉਣ ਦੀ ਕਾਮਨਾ ਰੱਖਣ ਵਾਲਾ ਸਤਿਆਰਥੀ 95 ਸਾਲ ਦੀ ਉਮਰੇ ਤੁਰ ਗਿਆ। ਸਤਿਆਰਥੀ ਨੇ ḔਚਰਖਾḔ ਨਾਮੀ ਦੇਵਤਾ ਪੰਜ ਦਹਾਕੇ ਪਹਿਲਾਂ ਡਿਗਦਾ ਵੇਖਿਆ ਸੀ। ਅਸੀਂ ਉਸ ਰਚਨਾ ਦਾ ਲੇਖਕ 12 ਫਰਵਰੀ 2003 ਨੂੰ ਡਿਗਦਾ ਵੇਖਿਆ। ਦੇਵਤਾ ਸਦਾ ਲਈ ਡਿੱਗ ਪਿਆ।
ਇਕ ਵਾਰ ਸੰਧੂ ਦੀ ਪਤਨੀ ਸੁਰਜੀਤ ਵਿਦੇਸ਼ ਗਈ ਤਾਂ ਉਹਦੇ ਕਹਿਣ ‘ਤੇ ਪ੍ਰੇਮ ਭਾਟੀਆ ਲਈ ਰਾਇਲ ਸਲੂਟ ਦਾ ਤੋਹਫ਼ਾ ਲੈ ਕੇ ਆਈ। ਸੰਧੂ ਨੇ ਉਹ ਬੋਤਲ ਪ੍ਰੇਮ ਭਾਟੀਆ ਦੇ ਦਫ਼ਤਰ ਵਿਚ ਪੁਚਾਈ ਤਾਂ ਉਹ ਸੰਧੂ ਦੇ ਦਫ਼ਤਰ ਸ਼ੁਕਰੀਆਂ ਕਰਨ ਆਇਆ ਤੇ ਕਹਿਣ ਲੱਗਿਆ, “ਤੈਨੂੰ ਪਤੈ ਇਹ ਸ਼ਰਾਬ ਕਿੰਨੀ ਮਹਿੰਗੀ ਹੈ। ਇਕ ਘੁੱਟ ਭਰਿਆਂ ਸੌ ਰੁਪਏ ਅੰਦਰ ਚਲੇ ਜਾਂਦੇ ਹਨ। ਮੈਂ ਨਹੀਂ ਪੀ ਸਕਦਾ। ਮੈਂ ਆਪਣੀਆਂ ਗਰਲ ਫ੍ਰੈਂਡਜ਼ ਲਈ ਰੱਖ ਲਈ ਹੈ।”
ਸੰਧੂ ਦੀ ਲਿਖਤ ਅਨੁਸਾਰ ਕਰਤਾਰ ਸਿੰਘ ਦੁੱਗਲ ਏਨਾ ਸੁਹਣਾ ਨਹੀਂ ਸੀ ਜਿੰਨਾ ਦਿਸਦਾ ਸੀ। ਉਸ ਦਾ ਨੱਕ ਚੌੜਾ ਸੀ, ਅੱਖਾਂ ਦੇ ਝਿੰਮਣ ਕੱਚੇ ਵੱਢ ਦੀ ਸਵੇਰ ਵਰਗੇ, ਦਾੜ੍ਹੀ ਛਿਦਰੀ ਤੇ ਪਗੜੀ ਸੋਧਵਾਦੀ। ਭਾਸ਼ਾ ਪੋਠੋਹਾਰੀ ਪੁੱਠ ਵਾਲੀ। ਝਨਾਂ ਦੇ ਪਾਣੀਆਂ ਵਿਚ ਭਿੱਜੀ ਹੋਈ। ਦੁੱਗਲ ਨੇ ਪੋਠੋਹਾਰ ਦੀ ਮਿੱਟੀ ਤੇ ਭਾਸ਼ਾ ਅਤੇ ਬਲਵੰਤ ਗਾਰਗੀ ਨੇ ਮਾਲਵੇ ਦੀ ਮਿੱਟੀ ਤੇ ਭਾਸ਼ਾ ਤੋਂ ਲੰਮੇ ਪੈਂਡਿਆਂ ‘ਤੇ ਖਾਧੀ ਜਾਣ ਵਾਲੀ ਚੂਰੀ ਦਾ ਕੰਮ ਲਿਆ। ਸੰਧੂ ਨੇ ਦੁੱਗਲ ਦੇ ਘਰ ਰੱਖੀ ਸ਼ੀਸ਼ੀ ਦਾ ਨਸ਼ਾ ਵੀ ਲਿਆ, ਪਰ ਦੁੱਗਲ ਦਾਰੂ ਨੂੰ ਹੱਥ ਨਹੀਂ ਸੀ ਲਾਉਂਦਾ। ਦੁੱਗਲ ਦੇਖਣ ਨੂੰ ਹੁਸੀਨ ਸੀ। ਪਤਨੀ ਹੋਰ ਵੀ ਹੁਸੀਨ। ਉਹਦੀ ਲਿਖਤ ਦੋਨਾਂ ਤੋਂ ਵੱਧ ਹੁਸੀਨ!
ਲਿਖਤ ਸੰਧੂ ਦੀ ਵੀ ਹੁਸੀਨ ਹੈ: ਮੇਰੇ ਕੋਲ ਮੋਟਰਸਾਈਕਲ ਸੀ ਤੇ ਬਹੁਤ ਵਾਰੀ ਪੰਜਾਬ ਦੇ ਪੰਜਾਬੀ ਲੇਖਕ ਮੇਰੇ ਕੋਲ ਹੀ ਆ ਕੇ ਠਹਿਰਦੇ ਸਨ। ਦਿੱਲੀ ਜਾ ਕੇ ਅੰਮ੍ਰਿਤਾ ਪ੍ਰੀਤਮ ਨੂੰ ਮਿਲੇ ਬਿਨਾਂ ਚਲੇ ਜਾਣਾ ਉਨ੍ਹਾਂ ਲਈ ਏਦਾਂ ਸੀ ਜਿਵੇਂ ਕੋਈ ਅੰਮ੍ਰਿਤਸਰ ਜਾ ਕੇ ਹਰਿਮੰਦਰ ਸਾਹਿਬ ਮੱਥਾ ਟੇਕੇ ਬਿਨਾਂ ਵਾਪਸ ਪਰਤ ਆਵੇ। ਇਕ ਵਾਰ ਮੁਲਕ ਰਾਜ ਅਨੰਦ ਦੀ ਮਹਿਫ਼ਲ ਵਿਚ ਮੈਂ ਅੰਮ੍ਰਿਤਾ ਦਾ ਡਰਾਈਵਰ ਬਣ ਕੇ ਸ਼ਾਮਲ ਹੋਇਆ। ਹਾਲ ਦੇ ਐਨ ਵਿਚਕਾਰ ਕੜਾਹੀ ਥੱਲੇ ਮੱਠੀ-ਮੱਠੀ ਅੱਗ ਬਲ ਰਹੀ ਸੀ। ਕੜਾਹੀ ਵਿਚ ਸ਼ਰਾਬ ਸੀ ਤੇ ਸ਼ਰਾਬ ਵਿਚ ਛਿੱਲੇ ਹੋਏ ਸੰਗਤਰੇ ਤੇ ਪੈੱਗ ਭਰਨ ਲਈ ਡੋਹਰੀ। ਮੌਸਮ ਠੰਢਾ ਸੀ ਤੇ ਸ਼ਰਾਬ ਤੱਤੀ। ਰੰਗਾਂ ਰਸਾਂ ਵਾਲੀ ਜਿਸ ਨੂੰ ਅੰਗਰੇਜ਼ੀ ਵਿਚ ਪੰਚ ਕਹਿੰਦੇ ਹਨ। ਇਹੋ ਜਿਹੀ ਮਹਿਫਲ ਨੂੰ ਪੰਚ ਮਹਿਫਲ ਕਹਿ ਸਕਦੇ ਹਾਂ। ਮੈਂ ਹੁਸਨ ਦੀ ਮਲਕਾ ਨੂੰ ਸਾਂਭ ਸਿਕਰ ਕੇ ਉਸ ਦੇ ਘਰ ਵਾਪਸ ਲੈ ਆਇਆ। ਜਿਹੜਾ ਮੋਰਚਾ ਬਾਬਾ ਮਹਿਤਾਬ ਸਿੰਘ ਭੰਗੂ ਨੇ ਤਲਵਾਰ ਦੇ ਜ਼ੋਰ ਨਾਲ ਸਰ ਕੀਤਾ ਸੀ, ਇੰਦਰਜੀਤ ਭੰਗੂ ਨੇ ਨਿੱਕੇ ਜਿਹੇ ਬੁਰਸ਼ ਨਾਲ ਜਿੱਤ ਲਿਆ ਸੀ।
ਸ਼ਿਵ ਕੁਮਾਰ ਬਾਰੇ: ਇਕ ਸ਼ਾਮ ਪੋਰਟ ਬਲੇਅਰ ਦੇ ਗੈੱਸਟ ਹਾਊਸ ਵਿਚ ਡਾਕੀਏ ਨੇ ਮੇਰੀ ਪਤਨੀ ਦੀ ਉਹ ਚਿੱਠੀ ਲਿਆ ਫੜਾਈ ਜਿਸ ਵਿਚ ਸ਼ਿਵ ਕੁਮਾਰ ਬਟਾਲਵੀ ਦੇ ਇਸ ਦੁਨੀਆ ਤੋਂ ਤੁਰ ਜਾਣ ਦੀ ਖ਼ਬਰ ਸੀ। ਸ਼ਿਵ ਦੀ ਕਵਿਤਾ ਵਿਚ ਅੱਗ ਤੇ ਬਿਰਹਾ ਦਾ ਰਹੱਸਮਈ ਮੇਲ ਸੀ। ਅੱਗ ਬਿਰਹਾ ਦਾ ਪੱਲਾ ਫੜਦੀ ਸੀ ਅਤੇ ਬਿਰਹਾ ਅਗਨੀ ਦਾ। ਲੂਣਾ ਦਾ ਸਾਰਾ ਜੀਵਨ ਅਗਨੀ ਯਾਤਰਾ ਹੀ ਤਾਂ ਸੀ। ਸ਼ਿਵ ਦੀ ਅੱਗ ਪਿਆਸ ਦੀ ਅੱਗ ਸੀ।
ਈਸ਼ਵਰ ਚਿਤਰਕਾਰ ਸਿੱਧਾ, ਸੱਚਾ, ਸਾਦਾ, ਮਾਸੂਮ, ਸਾਧੂ ਸੁਭਾਅ ਤੇ ਬਹਿਸ਼ਤੀ ਬੰਦਾ ਸੀ। ਉਹ ਸੁੰਦਰਤਾ ਦਾ ਚਿੱਤਰਕਾਰ ਸੀ। ਕੱਦ ਉਚਾ ਸੀ ਤੇ ਚਿਹਰਾ ਨੂਰੀ। ਪਗੜੀ ਗੋਲ ਬੰਨ੍ਹਦਾ ਤੇ ਟਾਈ ਲਾਲ ਲਾਉਂਦਾ। ਉਹਦਾ ਤਕੀਆ ਕਲਾਮ ḔਕਿਬਲਾḔ ਸੀ। ਪੰਜ ਪਾਂਡੋ ਸਨ ਕਰਤਾਰ ਸੁਮੇਰ, ਈਸ਼ਵਰ ਚਿੱਤਰਕਾਰ, ਸੁਜਾਨ ਸਿੰਘ, ਪਾਲ ਸਿੰਘ ਤੇ ਬਾਵਾ ਬਲਵੰਤ। ਹਰਿਭਜਨ ਦੀ ਵਿਦਵਤਾ, ਈਸ਼ਵਰ ਦੀ ਮੁਸਕਾਨ ਅਤੇ ਤਾਰਾ ਸਿੰਘ ਦੀਆਂ ਟਿੱਪਣੀਆਂ ਲਾਜਵਾਬ ਸਨ।
ਤੇਰਾ ਸਿੰਘ ਚੰਨ ਦੀ ਦਾੜ੍ਹੀ ਮਸ਼ਹੂਰ ਸੀ। ਪ੍ਰਤਾਪ ਸਿੰਘ ਕੈਰੋਂ ਦੀ ਦਾੜ੍ਹੀ ਨਾਲੋਂ ਵੀ ਵੱਧ। ਚੰਨ ਦੀ ਦੁਪਹੀਆ ਸਾਈਕਲ ‘ਤੇ ਝੂਲਦੀ ਦਾੜ੍ਹੀ ਦੂਰ ਦੂਰ ਤਕ ਮਾਰ ਕਰਦੀ ਸੀ। ਜੇ ਤੇਰਾ ਸਿੰਘ ਸਿੱਖ ਪਰਿਵਾਰ ਦੀ ਥਾਂ ਕਿਸੇ ਹੋਰ ਧਰਮ ਵਾਲੇ ਪਰਿਵਾਰ ਵਿਚ ਜੰਮਿਆ ਹੁੰਦਾ ਤਾਂ ਉਹਦਾ ਨਾਂ ਅੱਲਾ ਰੱਖਾ ਜਾਂ ਦੇਵੀ ਦਿੱਤਾ ਹੋਣਾ ਸੀ। ਜਿਹੜਾ ਕੰਮ ਮੇਰੇ ਵਰਗੇ ਮੋਟਰ ਸਾਈਕਲ ਸਵਾਰ ਹੋ ਕੇ ਵੀ ਨਹੀਂ ਸਨ ਕਰ ਸਕਦੇ, ਚੰਨ ਸਾਈਕਲ ਦੀ ਭੰਬੀਰੀ ਬਣਾ ਕੇ ਕਰ ਲੈਂਦਾ ਸੀ।
ਗੁਰਸ਼ਰਨ ਭਾਅ ਜੀ: ਉਹਦੀ ਸ਼ਖਸੀਅਤ ਪੌਣਾਂ ਵਿਚ ਰੁਮਕਦੀ ਤੇ ਪਾਣੀਆਂ ‘ਚ ਤੁਰਦੀ ਰਹੀ। ਸਾਗਰ ਦੀਆਂ ਛੱਲਾਂ ਤੋਂ ਪੈਦਾ ਹੋਣ ਵਾਲੇ ਚਿੱਟੇ ਘੋੜਿਆਂ ਦੀ ਹਾਣੀ। ਪੁਸਤਕਾਂ ਦੀ ਗਿਣਤੀ ਦਰਜਨ ਤੋਂ ਵੱਧ, ਨਾਟਕਾਂ ਦੀ ਸੈਂਕੜਿਆਂ ‘ਚ ਤੇ ਪੇਸ਼ਕਾਰੀਆਂ ਦੀ ਹਜ਼ਾਰਾਂ ਵਿਚ। ਡੇਢ ਸੌ ਨਾਟਕਾਂ ਦੇ ਅੱਠ ਹਜ਼ਾਰ ਸ਼ੋਅ! ਉਹ ਬਣਿਆ ਬਣਾਇਆ ਰੇਖਾ ਚਿੱਤਰ, ਲਿਖਿਆ ਲਿਖਾਇਆ ਸਨਦ ਪੱਤਰ ਤੇ ਚੁਣਿਆ ਚੁਣਾਇਆ ਪੰਜਾਬੀ ਸੀ। ਇਕ ਵਾਰ Ḕਪੰਜਾਬੀ ਟ੍ਰਿਬਿਊਨḔ ਨੇ ਚੋਣਵਾਂ ਪੰਜਾਬੀ ਚੁਣਨ ਲਈ ਪਾਠਕਾਂ ਦਾ ਮੱਤਦਾਨ ਕਰਾਇਆ ਤਾਂ ਭਾਅ ਜੀ ਨੂੰ 3665, ਸੀਚੇਵਾਲ ਨੂੰ 1269 ਅਤੇ ਜਰਨੈਲ ਜੇæਜੇæ ਸਿੰਘ ਨੂੰ 227 ਮੱਤ ਮਿਲੇ ਸਨ।
ਐਸ਼ਐਸ਼ ਮੀਸ਼ਾ ਮਿੱਤਰ ਮੋਹ ਦਾ ਮੁਜੱਸਮਾ ਸੀ। ਉਹ ਧੀਮੇ ਬੋਲਾਂ ਵਾਲਾ ਵੱਡਾ ਕਵੀ ਸੀ। ਉਹਦੇ ਕੋਲ ਮਿੱਤਰਾਂ ਨੂੰ ਇੰਤਜ਼ਾਰ ਦੀ ਸੂਲੀ ‘ਤੇ ਟੰਗੇ ਰੱਖਣ ਦੀ ਕਲਾ ਸੀ। ਮੀਸ਼ੇ ਦਾ ਬੇਟਾ ਅਮਰਦੀਪ ਸਿੰਘ ਕੈਲੀਫੋਰਨੀਆ ਵਿਚ ਬਹੁਤ ਵੱਡੀ ਕੰਪਿਊਟਰ ਕੰਪਨੀ ਦਾ ਮਾਲਕ ਹੈ। ਉਸ ਦੀ ਧੀ ਗੁਰਜੋਤ ਕੌਰ ਅਮਰੀਕਾ ਵਿਚ ਡਾਕਟਰ ਲੱਗੀ ਹੋਈ ਹੈ। ਉਸ ਦੀ ਪਤਨੀ ਸੁਰਿੰਦਰ ਕੌਰ ਵੀ ਉਨ੍ਹਾਂ ਦੇ ਕੋਲ ਹੀ ਰਹਿੰਦੀ ਹੈ।
ਗਿਆਨੀ ਕਰਤਾਰ ਸਿੰਘ ਕਛਹਿਰਾ ਚੁੱਕ ਕੇ ਆਏ ਗਏ ਦੀ ਸਿਫਾਰਸ਼ ਕਰਨ ਲਈ ਕੈਰੋਂ ਕੋਲ ਤੁਰਿਆ ਰਹਿੰਦਾ ਸੀ। ਕੈਰੋਂ ਪੁੱਛਦਾ, “ਕੰਮ ਜਾਇਜ਼ ਹੈ?”
ਗਿਆਨੀ ਕੈਰੋਂ ਨੂੰ ਹੱਸ ਕੇ ਕਹਿੰਦਾ, “ਜੇ ਜਾਇਜ਼ ਹੁੰਦਾ ਤਾਂ ਫੇਰ ਤੁਹਾਡੀ ਸਿਫਾਰਸ਼ ਦੀ ਕੀ ਲੋੜ ਸੀ? ਸਿਫਾਰਸ਼ ਦੀ ਲੋੜ ਤਾਂ ਨਜਾਇਜ਼ ਕੰਮ ਲੈਣ ਵੇਲੇ ਹੀ ਪੈਂਦੀ ਹੈ।”
ਗੁਲਜ਼ਾਰ ਸੰਧੂ ਜਿੰਨਾ ਘੁੰਮੱਕੜ ਸ਼ਾਇਦ ਹੀ ਕੋਈ ਹੋਰ ਪੰਜਾਬੀ ਲੇਖਕ ਹੋਵੇ। ਉਸ ਨੇ ਭਾਰਤ ਦੇ ਸ਼ਹਿਰ ਹੀ ਨਹੀਂ; ਏਸ਼ੀਆ, ਯੂਰਪ ਤੇ ਅਮਰੀਕਾ ਦੇ ਦਰਜਨਾਂ ਦੇਸ਼ ਗਾਹੇ ਹਨ। ਉਹਦੀਆਂ ਬਹੁਤੀਆਂ ਲਿਖਤਾ ਸੈਰ ਸਪਾਟੇ ਦੇ ਅਨੁਭਵਾਂ ‘ਚੋ ਨਿਕਲੀਆਂ ਹਨ। ਇਕੇਰਾਂ ਜਾਤੀ ਉਮਰਾ ਦੇ ਸਰਪੰਚ ਅਰਜਨ ਸਿੰਘ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮਿਲਿਆ। ਜਾਤੀ ਉਮਰਾ ਨਵਾਜ਼ ਸ਼ਰੀਫ਼ ਦੇ ਵਡੇਰਿਆਂ ਦਾ ਜੱਦੀ ਪਿੰਡ ਹੈ। ਪਾਕਿਸਤਾਨ ਦੀ ਫੇਰੀ ‘ਚੋਂ ਉਹ Ḕਉਹ ਰੱਬ ਤੇਰਾ ਇਹ ਰੱਬ ਮੇਰਾḔ ਵਰਗੀਆਂ ਕਹਾਣੀਆਂ ਨਾਲ ਲੈਸ ਹੋ ਕੇ ਵਾਪਸ ਆਇਆ। ਉਸ ਕਹਾਣੀ ਨੇ ਸਾਬਤ ਕੀਤਾ ਕਿ ਪੈਦਾਇਸ਼ੀ ਧਰਮ ਨਾਲੋਂ ਪਾਲਣ ਪੋਸਣ ਵਾਲੇ ਦਾ ਧਰਮ ਵੱਧ ਸ਼ਕਤੀਸ਼ਾਲੀ ਹੁੰਦਾ। ਏਧਰ ਓਧਰ ਜਾਂਦਿਆਂ ਉਸ ਨੇ ਸੁਣਿਆਂ, ਫਰਾਂਸੀਸੀ ਬੁੱਧੀਜੀਵੀ ਹਨ, ਅਮਰੀਕਨ ਮਨੁੱਖੀ ਰਿਸ਼ਤਿਆਂ ਵਿਚ ਚੰਗੇ ਹਨ, ਪਰ ਉਨ੍ਹਾਂ ਦੀ ਉਪਰਲੀ ਰਾਜਨੀਤੀ ਗੰਦੀ ਹੈ। ਅਫਗ਼ਾਨ ਲੋਕ ਦਿਆਨਤਦਾਰ ਹਨ, ਪਿਆਰ ਕਰਨ ਵਾਲੇ। ਅਰਬਾਂ ਤੇ ਅਫਗ਼ਾਨਾਂ ਵਿਚ ਆਰੀਅਨ ਸਭਿਅਤਾ ਪ੍ਰਧਾਨ ਹੈ। ਔਰਤਾਂ ਫਰਾਂਸ, ਸਵੀਡਨ ਤੇ ਜਰਮਨੀ ਦੀਆਂ ਵਧੀਆ। ਮੇਲ-ਮਿਲਾਪ ਲਈ ਜਰਮਨ ਤੇ ਅਮਰੀਕਨ ਔਰਤਾਂ ਦੀ ਰੀਸ ਨਹੀਂæææ।
ਪਿੱਛੇ ਜਿਹੇ ਮੈਂ ਚੰਡੀਗੜ੍ਹ ਉਹਨੂੰ ਮਿਲਣ ਗਿਆ। ਸਿਹਤ ਦਾ ਹਾਲ ਚਾਲ ਪੁੱਛਿਆ ਤਾਂ ਜਵਾਬ ਮਿਲਿਆ, “ਚਲਦੈ।” ਹੋਰਨਾਂ ਬਾਰੇ ਦੱਸਣ ਲੱਗ ਪਿਆ, “ਹਰਿਭਜਨ ਨੂੰ ਆਖ਼ਰੀ ਉਮਰੇ ਸਟਰੋਕ ਹੋ ਗਿਆ ਸੀ। ਮੈਂ ਵਣਜਾਰਾ ਬੇਦੀ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਹਰਿਭਜਨ ਸਿੰਘ, ਤੇਰਾ ਸਿੰਘ ਚੰਨ ਤੇ ਵਿਰਕ ਦੇ ਮਾੜੇ ਦਿਨ ਤੱਕੇ ਹਨ। ਆਪਣੀ ਸੱਸ, ਮਾਂ, ਗਿਆਨੀ ਜੈæਲ ਸਿੰਘ ਤੇ ਸਾਥੀ ਸੁਰਜੀਤ ਦੇ ਵੀ। ਆਪਾਂ ਮੰਜੇ ‘ਤੇ ਡਿੱਗੇ ਤਾਂ ਮਿੱਤਰਾਂ ਪਿਆਰਿਆਂ ਨੂੰ ਕਹਾਂਗੇ, ਸਾਡੀਆਂ ਅੱਡੀਆਂ ਨਾ ਰਗੜਾਉਣ। ਛੇਤੀ ਤੁਰਦੇ ਕਰਨ।”
11 ਮਾਰਚ 2016 ਨੂੰ ਸੰਧੂ ਜੋੜੇ ਨੇ ਵਿਆਹ ਦੀ 50ਵੀਂ ਵਰ੍ਹੇ ਗੰਢ ਰੀਝ ਨਾਲ ਮਨਾਈ। ਮਹੀਨਾ ਪਹਿਲਾਂ ਫੈਸਲਾ ਕਰ ਲਿਆ ਕਿ ਜੇ ਇਕ ਜਣਾ ਪਹਿਲਾਂ ਹੀ ਚਲਾ ਗਿਆ ਤਾਂ ਜਿਉਂਦੇ ਜੀਅ ਨੇ ਵਰ੍ਹੇ-ਗੰਢ ਜ਼ਰੂਰ ਮਨਾਉਣੀ ਹੈ। ਹਾਲ ਬੁੱਕ ਕੀਤਾ ਹੀ ਹੋਇਐ। ਆਇਆ ਗਿਆ ਨਿਰਾਸ਼ ਨਾ ਮੁੜੇ। ਨਾਲੇ ਵਿਆਹ ਦੀ ਗੋਲਡਨ ਜੁਬਲੀ ਕਿਹੜਾ ਨਿੱਤ ਨਿੱਤ ਆਉਣੀ ਐਂ! ਇਹ ਫੈਸਲਾ ਕਰ ਕੇ ਗੁਲਜ਼ਾਰ ਨੇ ਤਾਂ ਹੱਸਣਾ ਹੀ ਸੀ, ਸੁਰਜੀਤ ਵੀ ਖ਼ੂਬ ਹੱਸੀ। ਉਂਜ ਦੋਹਾਂ ਵਿਚ ਇੱਟ-ਖੜਿੱਕਾ ਵੀ ਚਲਦਾ ਹੈ। ਤੂੰ ਤੂੰ ਮੈਂ ਮੈਂ ਤੇ ਮਨਜ਼ੂਰੀ ਨਾ ਮਨਜ਼ੂਰੀ ਵੀ; ਪਰ ਹੈ ਪਲ ਛਿਣ ਦੀ।
ਗੱਲ ਗੁਲਜ਼ਾਰ ਦੇ ਹਾਸੇ ਤੋਂ ਤੁਰੀ ਸੀ। ਹਾਸੇ ਦੀਆਂ ਗੱਲਾਂ ਉਹ ਅਜੇ ਵੀ ਹੱਸ ਹੱਸ ਕੇ ਕਰਦੈ। ਕਦੇ ਕਦੇ ਪੁਰਾਣੇ ਕਿੱਸੇ ਛੇੜ ਬਹਿੰਦੈ। ਅਖੇ, ਡਾæ ਹਰਿਭਜਨ ਸਿੰਘ ਨੂੰ ਕਿਸੇ ਕਵੀ ਦਰਬਾਰ ਵਿਚ ਸਨਮਾਨ ਵਜੋਂ ਕਿਰਪਾਨ ਭੇਟਾ ਕੀਤੀ ਗਈ। ਹਰਿਭਜਨ ਸਿੰਘ ਕਿਰਪਾਨ ਲੈਣੋਂ ਝਿਜਕਦਿਆਂ ਕਹਿਣ ਲੱਗਾ, “ਮੈਂ ਤਾਂ ਜੀ ਕਲਮ ਦਾ ਬੰਦਾ ਹਾਂ ਫੇਰ ਵੀæææ ਤਾਰਾ ਸਿੰਘ ਨੇ ਵਾਕ ਪੂਰਾ ਨਹੀਂ ਹੋਣ ਦਿੱਤਾ ਤੇ ਵਿਚੋਂ ਹੀ ਕਿਹਾ, ਲੈ ਲੈ ਹਰਿਭਜਨ ਸਿਹਾਂ, ਆਪਾਂ ਦੰਦੇ ਕਢਵਾ ਲਵਾਂਗੇ!”
ਇਕ ਕਵੀ ਦਰਬਾਰ ਵਿਚ ਤਾਰਾ ਸਿੰਘ ਕਵਿਤਾ ਪੜ੍ਹਨ ਲੱਗਾ ਤਾਂ ਤਿੰਨ ਵਾਰ ਮਿਸਰਾ ਉਚਾਰਿਆ- ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾæææ। ਹਜ਼ਾਰਾ ਸਿੰਘ ਗੁਰਦਾਸਪੁਰੀ ਪ੍ਰਧਾਨਗੀ ਕਰ ਰਿਹਾ ਸੀ। ਸੀਗਾ ਉਹ ਵੀ ਰਾਮਗੜ੍ਹੀਆ। ਕਹਿੰਦਾ, ਹੁਣ ‘ਗਾਂਹ ਵੀ ਤੁਰ। ਹੋਰ ਨਾਲ ਦਾ ਘਰ ਸੋਢੀਆਂ ਦਾ ਹੋਣਾ ਸੀ!
ਗੁਰਦਾਸਪੁਰੀ ਬੀਰ ਰਸੀ ਵਾਰਾਂ ਸੁਣਾਉਂਦਿਆਂ ਜੋਸ਼ ਵਿਚ ਆਪਣੀ ਦਾੜ੍ਹੀ ਦੇ ਵਾਲ ਆਪ ਹੀ ਪੁੱਟ ਛੱਡਦਾ ਤੇ ਸਰੋਤਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੰਦਾ। ਇਕ ਵਾਰ ਹਿੰਦ-ਪਾਕਿ ਜੰਗ ਸਮੇਂ ਉਹ ਘਰ ਦੀ ਛੱਤ ‘ਤੇ ਦੋਸਤਾਂ ਨਾਲ ਦਾਰੂ ਪੀਵੀ ਜਾਵੇ। ਹਵਾਈ ਜਹਾਜ਼ ਵੇਖ ਕੇ ਪਤਨੀ Ḕਵਾਜਾਂ ਮਾਰਨ ਲੱਗ ਪਈ, ਛੇਤੀ ਥੱਲੇ ਆ ਜਾਓ। ਹੋਰ ਨਾ ਕਿਤੇ ਬੰਬ ਆ ਡਿੱਗੇ। ਗੁਰਦਾਸਪੁਰੀ ਨੇ ਗੁਲਜ਼ਾਰ ਦੇ ਗਲਾਸ ਵਿਚ ਇਕ ਹੋਰ ਹਾੜਾ ਪਾਉਂਦਿਆਂ ਕਿਹਾ, “ਤੂੰ ਤਾਂ ਕਮਲੀ ਏਂ ਸਵਰਨ ਕੁਰੇ। ਅਸੀਂ ਜਹਾਜ਼ਾਂ ਦੇ ਉਤੋਂ ਦੀ ਉੱਡ ਰਹੇ ਹਾਂ ਤੇ ਤੂੰ ਸਾਨੂੰ ਥੱਲੇ ਲਾਹੁਣਾ ਚਾਹੁੰਦੀ ਏਂ!”
ਭਲਕ ਦਾ ਪਤਾ ਨਹੀਂ ਕੀ ਹੋਵੇ, ਹਾਲ ਦੀ ਘੜੀ ਤਾਂ ਸੂਨੀ ਵਾਲਿਆਂ ਦਾ ਗੁਲਜ਼ਾਰ ਸਿਓਂ ਹਵਾਈ ਜਹਾਜ਼ਾਂ ਦੇ ਉਤੋਂ ਦੀ ਉਡ ਰਿਹੈ!
(ਸਮਾਪਤ)