ਗੁਜਰਾਤ ਫਾਈਲਾਂ: ਖਾਮੋਸ਼ੀ ਦਾ ਖੁਲਾਸਾ ਤੇ ਤਹਿਲਕਾ

‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।

-ਸੰਪਾਦਕ

ਛਾਣਬੀਣ ਤੋਂ ਬਾਅਦ ਮੈਂ ਵਾਪਸ ਮੁੰਬਈ ਆ ਗਈ ਸੀ ਅਤੇ ਫਿਰ ਇਕ ਦਿਨ ਪੀæਸੀæ ਪਾਂਡੇ ਦਾ ਫ਼ੋਨ ਆਇਆ- ਕੀ ਮੈਂ ਫਿਲਮ ਬਾਰੇ ਆਪਣਾ ਖੋਜ ਦਾ ਕੰਮ ਸਮੇਟ ਲਿਆ ਸੀ। ਉੁਸ ਨੇ ਸੁਝਾਅ ਦਿੱਤਾ ਕਿ ਮੈਂ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਮਿਲਾਂ। ਮੈਨੂੰ ਹੋਰ ਕੀ ਚਾਹੀਦਾ ਸੀ। ਮੈਂ ਆਪਣੇ ਸੀਨੀਅਰਾਂ ਨੂੰ ਮੇਲ ਕੀਤੀ ਅਤੇ ਸ਼ੋਮਾ ਚੌਧਰੀ ਤੇ ਤਰੁਣ ਤੇਜਪਾਲ ਨੇ ਮੈਨੂੰ ਤੁਰੰਤ ਹਰੀ ਝੰਡੀ ਦੇ ਦਿੱਤੀ। ਉਨ੍ਹਾਂ ਨੇ ਆਖ਼ਰੀ ਵਾਰ ਮੇਰੀ ਮਦਦ ਕਰਨ ਲਈ ਮਾਈਕ ਨੂੰ ਅਹਿਮਦਾਬਾਦ ਭੇਜਣ ਦਾ ਇੰਤਜ਼ਾਮ ਵੀ ਕਰ ਦਿੱਤਾ। ਮਾਈਕ ਦੇ ਮਾਂ-ਪਿਓ ਉਸ ਨੂੰ ਮਿਲਣ ਲਈ ਦਿੱਲੀ ਆਏ ਹੋਏ ਸਨ, ਪਰ ਕਿਵੇਂ ਨਾ ਕਿਵੇਂ ਉਸ ਨੇ ਇਕ ਦਿਨ ਲਈ ਅਹਿਮਦਾਬਾਦ ਜਾਣ ਦਾ ਬਹਾਨਾ ਬਣਾ ਲਿਆ।
ਮੈਂ ਮਾਈਕ ਨੂੰ ਸਪਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਕਰੜੀ ਤਲਾਸ਼ੀ ਹੋਵੇਗੀ ਅਤੇ ਸਾਨੂੰ ਉਥੇ ਜਾਣਾ ਹੀ ਪਵੇਗਾ; ਨਹੀਂ ਤਾਂ ਪੀæਸੀæ ਪਾਂਡੇ ਨੂੰ ਸ਼ੱਕ ਹੋ ਜਾਵੇਗਾ। ਰਿਕਾਰਡਿੰਗ ਕਰਨ ਲਈ ਮੈਂ ਆਪਣੀ ਉਹ ਘੜੀ ਪਹਿਨ ਲਈ ਜਿਸ ਵਿਚ ਕੈਮਰਾ ਜੜਿਆ ਹੋਇਆ ਸੀ। ਉਸ ਦਿਨ ਅਸੀਂ ਇਕ ਸਥਾਨਕ ਟੂਰਿਸਟ ਟੈਕਸੀ ਕਿਰਾਏ ‘ਤੇ ਲੈ ਲਈ ਸੀ। ਮੈਂ ਕਿਉਂਕਿ ਹੁਣ ਫਾਊਂਡੇਸ਼ਨ ਵਿਖੇ ਨਹੀਂ ਰਹਿ ਰਹੀ ਸੀ, ਇਸ ਲਈ ਇਕ ਦਿਨ ਦੀ ਖ਼ਾਤਰ ਮੈਂ ਐਸ਼ਜੀæ ਹਾਈਵੇਅ ਉਪਰਲੇ ਉਸੇ ਸੁੰਨ-ਮਸਾਨ ਬੰਗਲੇ ਦੀਆਂ ਚਾਬੀਆਂ ਲੈ ਲਈਆਂ ਸਨ। ਮਾਈਕ ਅਤੇ ਮੈਂ ਮੋਦੀ ਦੀ ਗਾਂਧੀਨਗਰ ਵਾਲੀ ਰਿਹਾਇਸ਼ ਉਪਰ ਇਕ ਘੰਟਾ ਪਹਿਲਾਂ ਹੀ ਜਾ ਪਹੁੰਚੇ। ਅਸੀਂ ਆਪਣੇ ਟੈਕਸੀ ਚਾਲਕ ਨੂੰ ਟੈਕਸੀ ਕਿਤੇ ਲਾਗੇ ਹੀ ਲਗਾਉਣ ਲਈ ਕਿਹਾ ਤੇ ਇੱਧਰ ਅਸੀਂ ਕੰਧ-ਘੜੀ ਦੀ ਟਿੱਕ-ਟਿੱਕ ‘ਤੇ ਨਜ਼ਰ ਟਿਕਾਈ ਇੰਤਜ਼ਾਰ ਕਰਨ ਲੱਗੇ। ਮੈਂ ਪ੍ਰੇਸ਼ਾਨ ਸੀ, ਜਦਕਿ ਮਾਈਕ ਮੁਸਕਰਾ ਰਿਹਾ ਸੀ। ਮੇਰੀ ਫ਼ਿਕਰਮੰਦੀ ਇਹ ਸੀ ਕਿ ਜੇ ਤਲਾਸ਼ੀ ਲੈਣ ਵੇਲੇ ਸੁਰੱਖਿਆ ਅਮਲੇ ਅਤੇ ਮੈਟਲ ਡਿਟੈਕਟਰ ਨਾਕੇ ਉਪਰ ਕੈਮਰੇ ਦਾ ਭੇਤ ਖੁੱਲ੍ਹ ਗਿਆ, ਬਸ ਸਾਡੀ ਸ਼ਾਮਤ ਆ ਜਾਣੀ ਸੀ। ਅੱਧੇ ਕੁ ਘੰਟਾ ਬਾਅਦ ਜਦੋਂ ਅਸੀਂ ਮੁੱਖ ਮੰਤਰੀ ਦੇ ਘਰ ਵਿਚ ਦਾਖ਼ਲ ਹੋਏ ਤਾਂ ਮੈਂ ਸੁੱਖ ਦਾ ਸਾਹ ਲਿਆ, ਕਿਉਂਕਿ ਮੈਂ ਸੁਰੱਖਿਆ ਇੰਤਜ਼ਾਮਾਂ ਦੇ ਅੱਖੀਂ ਘੱਟਾ ਪਾ ਕੇ ਸਹੀ-ਸਲਾਮਤ ਲੰਘ ਗਈ ਸੀ।
ਮੋਦੀ ਦਾ ਓæਐਸ਼ਡੀæ ਸੰਜੇ ਭਾਵਸਰ ਸਾਨੂੰ ਆ ਕੇ ਮਿਲਿਆ। ਆਖ਼ਿਰਕਾਰ ਸਾਨੂੰ ਮੁੱਖ ਮੰਤਰੀ ਦੇ ਕਮਰੇ ਵਿਚ ਲਿਜਾਇਆ ਗਿਆ। ਉਸ ਨੇ ਖੜ੍ਹੇ ਹੋ ਕੇ ਸਾਡੀ ਆਓ-ਭਗਤ ਕੀਤੀ। ਮਾਈਕ ਚਹਿਕ ਕੇ ਬੋਲਿਆ ਕਿ ਉਸ ਨੇ ਅਹਿਮਦਾਬਾਦ ਦੇ ਆਟੋਆਂ ਉਪਰ ਉਸ ਦੇ ਪੋਸਟਰ ਲੱਗੇ ਦੇਖੇ ਸਨ ਅਤੇ ਉਹ ਉਸ ਦੀ ਹਰਮਨਪਿਆਰਤਾ ਤੋਂ ਬਹੁਤ ਪ੍ਰਭਾਵਿਤ ਸੀ। ਮੇਜ਼ ਉਪਰ ਬਰਾਕ ਓਬਾਮਾ ਬਾਰੇ ਦੋ ਕਿਤਾਬਾਂ ਪਈਆਂ ਸਨ। ਮੈਂ ਤੁਰੰਤ ਸਵਾਲ ਕੀਤਾ- ‘ਤਾਂ ਫਿਰ ਤੁਸੀਂ ਅਗਲੇ ਪ੍ਰਧਾਨ ਮੰਤਰੀ ਹੋਵੋਗੇ ਸਰ?’ ਉਸ ਦੇ ਚਿਹਰੇ ਉਪਰ ਲਾਲੀ ਦੌੜ ਗਈ ਅਤੇ ਉਸ ਨੇ ਬਰਾਕ ਓਬਾਮਾ ਅਤੇ ਸਵਾਮੀ ਵਿਵੇਕਾਨੰਦ ਦੀਆਂ ਖ਼ੂਬੀਆਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਦੀ ਪ੍ਰੇਰਨਾ ਸਨ। ਅੱਧੇ ਘੰਟੇ ਦੀ ਗੱਲਬਾਤ ਤੋਂ ਬਾਅਦ, ਮੁੱਖ ਮੰਤਰੀ ਨੇ ਭਾਵਸਰ ਨੂੰ ਅੰਦਰ ਸੱਦਿਆ ਅਤੇ ਉਸ ਨੂੰ ਹਦਾਇਤ ਕੀਤੀ ਕਿ ਉਹ ਸਾਨੂੰ ਸਾਰਾ ਕੁਝ ਦਿਖਾ ਦੇਵੇ ਜੋ ਉਸ ਬਾਰੇ ਲਿਖਿਆ ਗਿਆ ਸੀ। ਭਾਵਸਰ ਸਾਨੂੰ ਆਪਣੇ ਕੈਬਿਨ ਵਿਚ ਲੈ ਗਿਆ। ਮੇਜ਼ ਉਪਰ ‘ਤਹਿਲਕਾ’ ਅਤੇ ‘ਦਿ ਹਿੰਦੂ’ ਵਲੋਂ ਛਾਪੀਆਂ ਕਹਾਣੀਆਂ ਦੇ ਪ੍ਰਿੰਟ-ਆਊਟ ਤਿਆਰ ਪਏ ਸਨ। ਮੈਂ ਉਨ੍ਹਾਂ ਬਾਰੇ ਸਵਾਲ ਕੀਤਾ ਤਾਂ ਭਾਵਸਰ ਨੇ ਜਵਾਬ ਦਿੱਤਾ ਕਿ ਮੁੱਖ ਮੰਤਰੀ ਦੇ ਬਥੇਰੇ ਦੁਸ਼ਮਣ ਹਨ। ਮੈਨੂੰ ਇੰਞ ਮਹਿਸੂਸ ਹੋਇਆ ਜਿਵੇਂ ਇਹ ਸੁਣ ਕੇ ਅੰਦਰੋ-ਅੰਦਰੀ ਮਾਈਕ ਨੂੰ ਖੁਸ਼ੀ ਹੋਈ ਸੀ। ਬਾਅਦ ਵਿਚ ਸਾਨੂੰ ਉਹ ਵੱਖੋ-ਵੱਖਰੀਆਂ ਕਿਤਾਬਾਂ ਦਿਖਾਈਆਂ ਗਈਆਂ ਜੋ ਮੁੱਖ ਮੰਤਰੀ ਨੇ ਲਿਖੀਆਂ ਹੋਈਆਂ ਸਨ ਅਤੇ ਸਾਨੂੰ ਉਸ ਦੀਆਂ ਤਕਰੀਰਾਂ ਵੀ ਸੁਣਾਈਆਂ ਗਈਆਂ ਜੋ ਉਸ ਵਲੋਂ ਹਿੰਦੁਸਤਾਨ ਅਤੇ ਦੁਨੀਆ ਵਿਚ ਹੋਰ ਥਾਈਂ ਕੀਤੀਆਂ ਸਨ।
ਸੰਜੇ ਭਾਵਸਰ ਨੇ ਮੈਨੂੰ ਕਿਹਾ ਕਿ ਮੈਂ ਸਾਰੇ ਕੁਝ ਦੀ ਇਕ ਕਾਪੀ ਲੈ ਲਵਾਂ, ਕਿਉਂਕਿ ਇਹ ਫਿਲਮ ਬਣਾਉਣ ਵਿਚ ਮੇਰੀ ਮਦਦ ਕਰੇਗੀ। ਮੈਂ ਕਿਹਾ ਕਿ ਇਹ ਮੈਂ ਅਗਲੀ ਮਿਲਣੀ ‘ਤੇ ਲੈ ਜਾਵਾਂਗੀ। ਅਸੀਂ ਘਰ ਵਾਪਸ ਆ ਗਏ ਅਤੇ ਮਾਈਕ ਨੇ ਆਪਣਾ ਸਮਾਨ ਬੰਨ੍ਹ ਲਿਆ, ਉਸ ਨੇ ਦਿੱਲੀ ਦੀ ਉਡਾਣ ਫੜਨੀ ਸੀ। ਜਦੋਂ ਉਸ ਨੂੰ ਹਵਾਈ ਅੱਡੇ ‘ਤੇ ਲਿਜਾਣ ਲਈ ਟੈਕਸੀ ਆ ਗਈ ਤਾਂ ਮੈਂ ਉਸ ਨੂੰ ਗਲਵੱਕੜੀ ਪਾ ਕੇ ਮਿਲੀ। ਥੋੜ੍ਹੇ ਮਿੰਟਾਂ ਬਾਅਦ ਮਾਈਕ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਜਦੋਂ ਉਹ ਹਵਾਈ ਅੱਡੇ ਉਪਰ ਪਹੁੰਚਿਆ ਤਾਂ ਉਸ ਨੂੰ ਆਪਣੀ ਜੇਬ ਵਿਚ ਇਕ ਰੁਪਈਆ ਵੀ ਨਹੀਂ ਮਿਲਿਆ ਅਤੇ ਟੈਕਸੀ ਡਰਾਈਵਰ ਨੇ ਨਾ ਸਿਰਫ਼ ਉਸ ਨੂੰ ਕਿਰਾਇਆ ਮਾਫ਼ ਕਰ ਦਿੱਤਾ, ਸਗੋਂ ਸਫ਼ਰ ਖ਼ਰਚ ਲਈ ਆਪਣੇ ਕੋਲੋਂ ਦੋ ਸੌ ਰੁਪਏ ਵੀ ਦਿੱਤੇ। ਮਾਈਕ ਕਹਿ ਰਿਹਾ ਸੀ ਕਿ ਇਹ ਹੈ ਹਾਸਲ ਜੋ ਉਹ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਮੈਂ ਤਹਿ ਦਿਲੋਂ ਉਸ ਨਾਲ ਸਹਿਮਤੀ ਪ੍ਰਗਟਾਈ। ਇਹ ਆਖ਼ਰੀ ਵਾਰ ਸੀ ਜਦੋਂ ਮੈਂ ਮਾਈਕ ਨੂੰ ਮਿਲੀ ਅਤੇ ਮੈਨੂੰ ਯਕੀਨ ਹੈ ਕਿ ਉਹ ਜਿਥੇ ਕਿਤੇ ਵੀ ਹੋਵੇਗਾ, ਉਹ ਮੈਥਿਲੀ ਨੂੰ, ਆਪਣੀ ਵੱਡੀ ਭੈਣ ਅਤੇ ਸੰਗੀ-ਸਾਥੀ ਨੂੰ ਚੇਤੇ ਰੱਖੇਗਾ।
ਇਸ ਪਿੱਛੋਂ ਮੈਂ ਸ਼ੋਮਾ ਚੌਧਰੀ ਨੂੰ ਫ਼ੋਨ ਕੀਤਾ ਅਤੇ ਸਾਰੀ ਤਫ਼ਸੀਲ ਦੱਸ ਦਿੱਤੀ। ਉਸ ਨੇ ਪੁੱਛਿਆ ਕਿ ਮੈਂ ਮੁੱਖ ਮੰਤਰੀ ਨੂੰ ਫ਼ਸਾਦਾਂ ਬਾਰੇ ਸਵਾਲ ਕੀਤਾ ਸੀ? ਮੈਂ ਜਵਾਬ ਦਿੱਤਾ- ‘ਜਾਣ ਵੀ ਦਿਓ ਸ਼ੋਮਾ, ਇਹ ਅਖ਼ੀਰ ਵਿਚ ਕਰਨ ਵਾਲਾ ਕੰਮ ਹੈ, ਕੀ ਮੈਂ ਇਹ ਆਪਣੀ ਪਹਿਲੀ ਫੇਰੀ ਉਪਰ ਕਰਾਂਗੀ!’
ਬਾਅਦ ਵਿਚ ਸ਼ਾਮ ਨੂੰ ਮੈਨੂੰ ਸ਼ੋਮਾ ਨੇ ਫ਼ੋਨ ਕਰ ਕੇ ਕਿਹਾ- ‘ਰਾਣਾ ਦਿੱਲੀ ਵਾਪਸ ਆ ਜਾ।’ ਮੈਂ ਅਜੇ ਰੋਸ ਜ਼ਾਹਿਰ ਕਰਨਾ ਸ਼ੁਰੂ ਹੀ ਕੀਤਾ ਸੀ ਜਦੋਂ ਉਸ ਨੇ ਕਹਿ ਦਿੱਤਾ ਕਿ ਇਸ ਦੀ ਵਿਆਖਿਆ ਉਹ ਮੇਰੇ ਵਾਪਸ ਮੁੜਨ ‘ਤੇ ਦੇਵੇਗੀ।
ਅਗਲੀ ਸਵੇਰ ਮੈਂ ਦਿੱਲੀ ਪਹੁੰਚ ਗਈ ਅਤੇ ਸਿੱਧੀ ‘ਤਹਿਲਕਾ’ ਦੇ ਦਫ਼ਤਰ ਚਲੀ ਗਈ। ਮੈਂ ਨਰੇਂਦਰ ਮੋਦੀ ਦੀ ਰਿਕਾਰਡਿੰਗ ਦੀ ਫੁਟੇਜ ਆਪਣੇ ਲੈਪਟਾਪ ਵਿਚ ਉਤਾਰ ਲਈ ਸੀ। ਤਰੁਣ ਤੇਜਪਾਲ ਆਪਣੇ ਕੈਬਿਨ ਵਿਚ ਸੀ। ਸ਼ੋਮਾ ਚੌਧ੍ਰੀ ਵੀ ਉਥੇ ਆ ਗਈ। ਮੈਂ ਉਨ੍ਹਾਂ ਨੂੰ ਫੁਟੇਜ ਦਿਖਾਈ। ਬਰਾਕ ਓਬਾਮਾ ਦੀਆਂ ਕਿਤਾਬਾਂ ਦੇਖ ਕੇ ਉਨ੍ਹਾਂ ਨੂੰ ਹਾਸਾ ਆ ਗਿਆ।
‘ਫਿਰ ਮੈਨੂੰ ਵਾਪਸ ਕਿਉਂ ਸੱਦਿਆ ਗਿਆ?’ ਮੈਂ ਪੁੱਛਿਆ। ‘ਉਸ ਦਾ ਦਫ਼ਤਰ ਕੁਝ ਦਿਨਾਂ ਵਿਚ ਮੈਨੂੰ ਫ਼ੋਨ ਕਰੇਗਾ ਅਤੇ ਮੈਂ ਉਸ ਨੂੰ ਦੁਬਾਰਾ ਮਿਲਣਾ ਹੈ।’
ਤਰੁਣ ਤੇਜਪਾਲ ਕਹਿੰਦਾ- ‘ਦੇਖੋ ਰਾਣਾ, ਬੰਗਾਰੂ ਲਕਸ਼ਮਣ ਉਪਰ ‘ਤਹਿਲਕਾ’ ਸਟਿੰਗ ਕਰਨ ਤੋਂ ਬਾਅਦ ਉਨ੍ਹਾਂ ਸਾਡਾ ਦਫ਼ਤਰ ਬੰਦ ਕਰਵਾ ਦਿੱਤਾ। ਮੋਦੀ ਸਭ ਤੋਂ ਤਾਕਤਵਰ ਆਦਮੀ ਬਣਨ ਜਾ ਰਿਹੈ, ਪ੍ਰਧਾਨ ਮੰਤਰੀ। ਜੇ ਅਸੀਂ ਉਸ ਨੂੰ ਹੱਥ ਪਾਉਂਦੇ ਹਾਂ ਤਾਂ ਤਬਾਹ ਹੋ ਜਾਵਾਂਗੇ।’
ਮੈਂ ਸਹਿਮਤ ਨਹੀਂ ਸੀ। ਕੀ ਸਮੁੱਚਾ ਸਟਿੰਗ ਓਪਰੇਸ਼ਨ ਆਪਣੇ ਆਪ ਵਿਚ ਵੱਡਾ ਜ਼ੋਖ਼ਮ ਨਹੀਂ ਸੀ? ਪਰ ਮੈਨੂੰ ਹਰ ਦਲੀਲ ਦਾ ਜਵਾਬ ਨਾਂਹ ਵਿਚ ਮਿਲਿਆ।
ਉਸੇ ਸ਼ਾਮ ਮੈਨੂੰ ਸੰਜੇ ਭਾਵਸਰ ਦਾ ਫ਼ੋਨ ਆ ਗਿਆ। ਫ਼ੋਨ ਦੀ ਘੰਟੀ ਵੱਜਦੀ ਰਹੀ। ਉਸ ਨੇ ਤਿੰਨ ਵਾਰ ਫ਼ੋਨ ਕੀਤਾ ਅਤੇ ਫਿਰ ਟੈਕਸਟ ਮੈਸੇਜ ਭੇਜ ਦਿੱਤਾ ਕਿ ਮੁੱਖ ਮੰਤਰੀ ਅਗਲੇ ਐਤਵਾਰ ਮੈਨੂੰ ਮਿਲਣਾ ਚਾਹੁਣਗੇ। ਮੈਂ ਪੀæਸੀæਓ ਉਪਰ ਗਈ ਅਤੇ ਭਾਵਸਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਮੈਂ ਦਿੱਲੀ ਵਿਚ ਸਾਂ, ਕਿ ਮੇਰੇ ਕਿਸੇ ਸਕੇ-ਸਬੰਧੀ ਦਾ ਦੇਹਾਂਤ ਹੋ ਗਿਆ ਸੀ ਤੇ ਇਥੇ ਮੇਰੀ ਜ਼ਰੂਰਤ ਸੀ। ਫਿਰ ਵੀ ਮੈਂ ਉਸ ਨੂੰ ਯਕੀਨ ਦਿਵਾਇਆ ਕਿ ਹਫ਼ਤੇ ਦੇ ਅੰਦਰ ਮੈਂ ਉਸ ਨੂੰ ਖ਼ੁਦ ਫ਼ੋਨ ਕਰਾਂਗੀ। ਦੋ ਦਿਨ ਬਾਅਦ ਮੈਂ ਆਪਣਾ ਯੂਨੀਨਰ ਦਾ ਸਿਮ ਫ਼ੋਨ ਵਿਚੋਂ ਕੱਢਿਆ, ਤੋੜਿਆ ਅਤੇ ਕੂੜਾਦਾਨ ਵਿਚ ਸੁੱਟ ਦਿੱਤਾ। ਇਸੇ ਤਰ੍ਹਾਂ ਮੈਂ ਫ਼ੋਨ ਵੀ ਨਸ਼ਟ ਕਰ ਦਿੱਤਾ। ਉਸ ਦਿਨ ਤੋਂ ਮੈਥਿਲੀ ਹਮੇਸ਼ਾ ਲਈ ਮਰ-ਮੁੱਕ ਗਈ। ਸੰਪਾਦਕਾਂ ਨੇ ਫ਼ੈਸਲਾ ਕਰ ਲਿਆ ਕਿ ਮਿਹਨਤ ਅਤੇ ਜੋਖਮ ਉਠਾ ਕੇ ਕੀਤੀ ਗਈ ਛਾਣਬੀਣ ਛਾਪੀ ਨਹੀਂ ਜਾਵੇਗੀ।
ਉਦੋਂ ਤੋਂ ਮੈਂ ਖ਼ਾਮੋਸ਼ ਹਾਂ।æææਹੁਣ ਤਕ।
(ਸਮਾਪਤ)