ਚਰਨਜੀਤ ਸਿੰਘ ਸਾਹੀ
ਫੋਨ: 317-430-6545
“ਹੁਣ ਦੱਸ ਜੀਤਾਂ! ਇਸ ਖਜਾਨੇ ਦਾ ਕੀ ਕਰਨਾ?” ਬਲਰਾਜ ਸਿੰਘ ਨੇ ਥੋੜਾ ਖਰਵੀਂ ਆਵਾਜ਼ ‘ਚ ਲੋਹੇ ਦੀ ਵੱਡੀ ਪੇਟੀ ਵੱਲ ਇਸ਼ਾਰਾ ਕਰ ਆਪਣੀ ਪਤਨੀ ਗੁਰਜੀਤ ਕੌਰ, ਜਿਹਨੂੰ ਪਿਆਰ ਨਾਲ ਜੀਤਾਂ ਵੀ ਕਹਿ ਲੈਂਦਾ ਸੀ, ਨੂੰ ਪੁਛਿਆ।
“ਵੇਖੋ ਜੀ, ਬਾਕੀ ਸਾਮਾਨ ਭਾਵੇਂ ਵੇਚੋ, ਕਿਸੇ ਨੂੰ ਮੁਫਤ ਦੇਵੋ, ਪਰ ਮੈਂ ਆਪਣੇ ਦਾਜ ਵਾਲੀ ਪੇਟੀ ਜੀਂਦੇ ਜੀ ਐਂ ਨ੍ਹੀਂ ਚੁਕਾਉਣੀ।” ਜੀਤਾਂ ਨੇ ਦੋ ਟੁੱਕ ਗੱਲ ਮੁਕਾਈ।
“ਫੇਰ ਜਹਾਜੇ ਲੱਦ ਅਮਰੀਕਾ ਲੈ ਜਾਂਦੇ ਆਂ।” ਖਿੱਝ ਕੇ ਕਹਿੰਦਾ ਬਲਰਾਜ ਬਾਹਰਲੇ ਗੇਟ ਦੀ ਘੰਟੀ ਸੁਣ ਗੇਟ ਵੱਲ ਹੋ ਤੁਰਿਆ।
—
ਬਲਰਾਜ ਤੇ ਗੁਰਜੀਤ ਕੁਝ ਸਾਲ ਪਹਿਲਾਂ ਪੁੱਤਰ ਦੇ ਸੱਦੇ ‘ਤੇ ਆਪੋ ਆਪਣੇ ਮਹਿਕਮੇ ਤੋਂ ਅਗਾਊਂ ਰਿਟਾਇਰਮੈਂਟ ਲੈ ਅਮਰੀਕਾ ਪੱਕੇ ਰਹਿਣ ਲਈ ਚਲੇ ਗਏ। ਜਾਣ ਤੋਂ ਪਹਿਲਾਂ ਘਰ ਦਾ ਕੁਝ ਹਿੱਸਾ ਕਿਰਾਏ ‘ਤੇ ਦੇ ਕੇ ਬਾਕੀ ‘ਚ ਘਰ ਦਾ ਸਮਾਨ ਪੈਕ ਕਰਕੇ ਬੰਦ ਕਰ ਗਏ। ਦੋ ਤਿੰਨ ਸਾਲ ਪਿਛੋਂ ਚੱਕਰ ਲੱਗਦਾ ਪਰ ਇਸ ਵਾਰ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਬਾਹਰੋਂ ਫੋਨ ਕਰ ਕੇ ਕਿਰਾਏਦਾਰਾਂ ਕੋਲੋਂ ਮਕਾਨ ਖਾਲੀ ਕਰਾ ਲਿਆ। ਉਨ੍ਹਾਂ ਨੂੰ ਲੱਗਾ, ਬੰਦ ਪਿਆ ਸਾਮਾਨ ਤਾਂ ਖਰਾਬ ਹੋ ਰਿਹੈ, ਕਿਉਂ ਨਾ ਇਸ ਦਾ ਕੁਝ ਕੀਤਾ ਜਾਵੇ। ਕੁਝ ਦਿਨਾਂ ‘ਚ ਜੋ ਵਿਕਿਆ, ਵੇਚ ਦਿੱਤਾ ਬਾਕੀ ਆਂਢ-ਗਵਾਂਢ ਨੂੰ ਚੁਕਾ ਦਿੱਤਾ। ਗੱਲ ਅੜ ਗਈ ਦਾਜ ਵਾਲੀ ਪੇਟੀ ‘ਤੇ, ਜਿਸ ਦੇ ਕੁੰਡੇ ਨੂੰ ਬੱਝੀ ਸ਼ਗਨਾਂ ਵਾਲੀ ਮੌਲੀ ਦਾ ਰੰਗ ਵੀ ਚਾਲੀ ਸਾਲਾਂ ਵਿਚ ਘਸਮੈਲਾ ਹੋ ਚੁਕਾ ਸੀ ਤੇ ਉਸ ਵਿਚ ਪਿਆ ਦਾਜ ਵਾਲਾ ਸਾਮਾਨ ਵੀ ਘੱਟ ਵੱਧ ਹੀ ਵਰਤ ਹੋਇਆ ਸੀ। ਗੁਰਜੀਤ ਹਮੇਸ਼ਾ ਉਹਦੇ ਉਪਰ ਸਾਫ ਕੱਪੜਾ ਵਿਛਾ ਕੇ ਰੱਖਦੀ ਤੇ ਗਾਹੇ-ਬਗਾਹੇ ਪੇਟੀ ਦੀ ਝਾੜ-ਪੂੰਝ ਕਰਦੀ ਰਹਿੰਦੀ।
“ਐਂ ਕਰਦੇ ਆਂ, ਜੇ ਤੂੰ ਮੰਨੇ, ਪਿੰਡ ਵਾਲੇ ਸਾਂਝੇ ਘਰ ਰੱਖ ਦੇਨੇ ਆਂ।” ਘਰ ਦਾ ਸਾਮਾਨ ਅੱਗੇ-ਪਿੱਛੇ ਕਰਦਿਆਂ ਹੰਭ ਚੁੱਕੇ ਬਲਰਾਜ ਨੇ ਮੱਥੇ ਤੋਂ ਪਸੀਨਾ ਪੂੰਝਦਿਆਂ ਜੀਤਾਂ ਨੂੰ ਪੁਛਿਆ। ਫਿਰ ਮਨ ‘ਚ ਕਹਿਣ ਲੱਗਾ, “ਪਤਾ ਨਹੀਂ ਸਾਲਾ ਕਿਹੜਾ ਕੋਹ-ਕਾਫ ਦਾ ਖਜਾਨਾ ਰੱਖਿਆ ਪੇਟੀ ਵਿਚ?”
“ਕੀ ਕਿਹਾ ਤੁਸੀਂ? ਮੈਂ ਸੁਣ ਲਿਆ। ਇਹ ਹੀ ਤਾਂ ਇਕ ਨਿਸ਼ਾਨੀ ਰਹਿ ਗਈ ਮੇਰੇ ਪੇਕਿਆਂ ਦੀ, ਜਿਹਨੂੰ ਖਜਾਨਾ ਖਜਾਨਾ ਕਰੀ ਜਾਨੇਂ ਓਂ। ਮੇਰੇ ਕੰਨਾਂ ਤੇ ਹੱਥਾਂ ਵਾਲੀਆਂ ਟੂਮਾਂ ਤਾਂ ਵੇਚ ਕੇ ਪਲਾਟ ਲੈ ਲਿਆ ਸੀ, ਜੋ ਖਜਾਨਾ ਮੇਰੇ ਮਾਪਿਆਂ ਪਾਇਆ ਸੀ।”
“ਓ ਹੋ! ਜਨਾਬ ਜੀ, ਕਿਧਰ ਦੀ ਗੱਲ ਕਿਧਰ ਲੈ ਤੁਰੇ।” ਬਲਰਾਜ ਨੇ ਜਾਨ ਛੁਡਾਉਣੀ ਚਾਹੀ।
“ਹੋਰ ਸੁਣ ਲਉ, ਫੇਰ ਕਹੋਂਗੇ, ਆਹ ਮਕਾਨ ਦਾ ਵੀ ਕੁਝ ਕਰਕੇ ਜਾਣਾ।”
ਇਹ ਸੁਣ ਬਲਰਾਜ ਤੋਂ ਰਿਹਾ ਨਾ ਗਿਆ, “ਏਡੀ ਛੇਤੀ ਨ੍ਹੀਂ ਵਿਕਣਾ-ਵੁਕਣਾ ਮਕਾਨ। ਧਰਮੇ ਦਲਾਲ ਨੂੰ ਕਹਿ ਸੇਲ ‘ਤੇ ਲਾ ਦੇਨੇਂ ਆਂ। ਮੁਖਤਿਆਰਨਾਮਾ ਛੋਟੇ ਨੂੰ ਦੇ ਜਾਵਾਂਗੇ, ਵਿਕਣ ‘ਤੇ ਪੈਸੇ ਸਾਡੇ ਬੈਂਕ ‘ਚ ਜਮ੍ਹਾਂ ਕਰਾ ਦਊ।”
ਸੁਣ ਕੇ ਜੀਤਾਂ ਨੂੰ ਜਿਵੇਂ ਬਿਜਲੀ ਦਾ ਕਰੰਟ ਲੱਗਾ। ਉਹ ਝੱਟ ਬੋਲੀ, “ਛੋਟੇ ਨੂੰ ਕਿਉਂ?”
“ਫੇਰ ਤੇਰੇ ਭਾਈ ਨੂੰ ਦੇ ਜਾਨੇ ਆਂ!” ਬਲਰਾਜ ਨੇ ਮਾਹੌਲ ‘ਚ ਤਲਖੀ ਤਾਰੀ ਹੋਣ ਦੇ ਡਰੋਂ ਕਿਹਾ।
“ਲੈ, ਮੇਰਾ ਭਾਈ ਕਿਤੇ ਵਿਹਲਾ, ਇਨ੍ਹਾਂ ਵਾਧੂ ਕੰਮਾਂ ਨੂੰ। ਮੇਰੇ ਭਾਣੇ ਕਾਲੇ ਚੋਰ ਨੂੰ ਦੇ ਕੇ ਜਾਓ, ਨਾਲੇ ਲੈ ਲਿਉ ਛੋਟੇ ਤੋਂ ਪੈਸੇ! ਪਹਿਲੇ ਤਾਂ ਮੁੜੇ ਨ੍ਹੀਂ ਜੋ ਕਈ ਸਾਲ ਪਹਿਲਾਂ ਦਿੱਤੇ ਸੀ, ਕੁੜੀ ਦੇ ਵਿਆਹ ਲਈ। ‘ਗਾਂਹ ਉਹਦੇ ਜਵਾਕ ਵੀ ਵਿਆਹੁਣ ਵਾਲੇ ਹੋ ਗਏ।”
“ਚੱਲ ਬਾਬਾ, ਬੱਸ ਕਰ! ਪਹਿਲਾਂ ਆਹ ਪੇਟੀ ਦਾ ਦੱਸ, ਇਹਨੂੰ ਕਿਉਂ ਕੂਚੀ ਜਾਨੀਂ ਏ, ਗਿੱਲੇ ਕੱਪੜੇ ਨਾਲ? ਜੰਗਾਲ ਲੱਗ ਜਾਊ।” ਬਲਰਾਜ ਨੇ ਗੁਰਜੀਤ ਦੇ ਹੱਥੋਂ ਉਹ ਗਿੱਲਾ ਕੱਪੜਾ ਫੜ ਦੂਰ ਵਗਾਹ ਮਾਰਿਆ, ਜਿਸ ਨਾਲ ਉਹ ਪੇਟੀ ਪੂੰਝ ਰਹੀ ਸੀ।
ਅਗਲੇ ਦਿਨ ਰੇਹੜੇ ‘ਤੇ ਲੱਦ ਪੇਟੀ ਪਿੰਡ ਲੈ ਗਏ। ਸਾਂਝੇ ਘਰ ਵਾਲੇ ਵੱਡੇ ਕਮਰੇ ‘ਚ, ਜਿਥੇ ਦੋ ਮਾਤਾ ਦੀਆਂ ਅਤੇ ਦੋ ਛੋਟੇ ਭਾਈ ਦੀਆਂ ਪਈਆਂ ਸਨ, ਉਥੇ ਰੱਖ ਦਿੱਤੀ।
“ਲੈ, ਹੁਣ ਖੁਸ਼ ਏਂ!” ਬਲਰਾਜ ਨੇ ਗੁਰਜੀਤ ਨੂੰ ਕਹਿ ਸੁੱਖ ਦਾ ਸਾਹ ਲਿਆ।
ਗੁਰਜੀਤ ਨੇ ਪੇਟੀ ਫੇਰ ਝਾੜ-ਪੂੰਝ, ਉਪਰ ਡੱਬੀਦਾਰ ਕੱਪੜਾ ਵਿਛਾ ਦਿੱਤਾ, ਜੋ ਉਹ ਨਾਲ ਲੈ ਕੇ ਆਈ ਸੀ। ਗੁਰਜੀਤ ਨੂੰ ਐਂ ਲੱਗਾ ਜਿਵੇਂ ਉਹਦੀ ਪੇਟੀ ਕੂੰਜਾਂ ਦੀਆਂ ਡਾਰਾਂ ‘ਚੋਂ ਵਿਛੜੀ ਸੀ ਜੋ ਮੁੜ ਆ ਰਲੀ ਹੋਵੇ। ਪੰਜਾਂ ਪੇਟੀਆਂ ਨਾਲ ਭਰਿਆ ਕਮਰਾ ਕਿਸੇ ਪੇਟੀਆਂ ਵਾਲੇ ਗੁਦਾਮ ਤੋਂ ਘੱਟ ਨਹੀਂ ਸੀ ਲੱਗ ਰਿਹਾ।
“ਕੋਈ ਨੀ ਪੁੱਤ, ਕਹੇਂ ਤਾਂ ਮੈਂ ਕੁੜੀਆਂ ਨੂੰ ਨਾਲ ਲਾ ਸਾਮਾਨ ਕੱਢ ਧੁੱਪ ਲਵਾ ਦਉਂ ਗਰਮੀਆਂ ‘ਚ।” ਬਲਰਾਜ ਦੀ ਮਾਤਾ ਨੇ ਜੀਤਾਂ ਦੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ।
“ਨਹੀਂ, ਨਹੀਂ ਮਾਂ ਜੀ, ਤੁਸੀਂ ਨਾ ਖੇਚਲ ਕਰਿਓ। ਅਸੀਂ ਆਵਾਂਗੇ ਜਦੋਂ ਫੇਰ ਵੇਖਾਂਗੇ।”
“ਇਨ੍ਹੇ ਨਹੀਂ ਮਾਤਾ, ਖਜਾਨੇ ਨੂੰ ਹੱਥ ਲਾਉਣ ਦੇਣਾ, ਕਿਸੇ ਹੋਰ ਨੂੰ।” ਬਲਰਾਜ ਬੁੜ ਬੁੜ ਕਰਦਾ ਬਾਹਰ ਨਿਕਲ ਗਿਆ।
–
ਚਾਰ ਮਹੀਨੇ ਕਦੋਂ ਲੰਘ ਗਏ, ਪਤਾ ਹੀ ਨਾ ਲੱਗਾ। ਮਕਾਨ ਵੇਚਣਾ ਲਾ ਦੋਵੇਂ ਵਾਪਸ ਅਮਰੀਕਾ ਚਲੇ ਗਏ। ਕੁਝ ਸਾਲਾਂ ਬਾਅਦ ਮਾਤਾ ਚਲਾਣਾ ਕਰ ਗਈ ਤੇ ਛੋਟੇ ਭਾਈ ਨੂੰ ਉਹਦੀ ਕੁੜੀ ਪਰਿਵਾਰ ਸਣੇ ਅਮਰੀਕਾ ਲੈ ਗਈ, ਜਿਸ ਨੂੰ ਬਲਰਾਜ ਕੋਈ ਗੰਢ-ਤਰੁੱਪ ਕਰਕੇ ਅਮਰੀਕਾ ਲੈ ਗਿਆ ਸੀ। ਪਿੰਡ ਵਾਲੇ ਸਾਂਝੇ ਘਰ ਨੂੰ ਤਾਲਾ ਲੱਗ ਗਿਆ।
ਬਲਰਾਜ ਤੇ ਬਾਕੀ ਸਾਰੇ ਪਰਿਵਾਰ ਨੇ ਗੁਰਜੀਤ ਨੂੰ ਮਨਾ ਲਿਆ ਕਿ ਕਿਉਂ ਨਾ ਪੇਟੀ ਤੇ ਵਿਚਲਾ ਸਾਮਾਨ ਅਤੇ ਮਾਤਾ ਵਾਲਾ ਸਾਂਝਾ ਸਾਮਾਨ ਕਿਸੇ ਆਸ਼ਰਮ ਨੂੰ ਦਾਨ ਦੇ ਦਿਤਾ ਜਾਵੇ, ਨਹੀਂ ਤੇ ਪਿਆ ਈ ਗਲ-ਸੜ ਜਾਣਾ। ਬੱਚਿਆਂ ਨੇ ਬਲਰਾਜ ਤੇ ਗੁਰਜੀਤ ਨੂੰ ਕੁਝ ਹੋਰ ਪੈਸੇ ਦਾਨ ਵਾਸਤੇ ਦੇ ਕੇ ਇੰਡੀਆ ਤੋਰ ਦਿੱਤਾ। ਇਕ ਵਾਰ ਪਰਿਵਾਰ ਨੇ ਅਮਰੀਕਾ ਵਿਚ ਹੀ ਟੈਲੀਵਿਜ਼ਨ ‘ਤੇ ਪ੍ਰਭ ਆਸਰਾ ਟਰੱਸਟ ਦੇ ਸੰਚਾਲਕਾਂ ਦੀ ਇੰਟਰਵਿਊ ਵੇਖੀ ਸੀ ਜੋ ਉਨ੍ਹਾਂ ਨੂੰ ਚੰਗੀ ਲੱਗੀ। ਪੰਜਾਬ ਪਹੁੰਚ ਕੇ ਉਨ੍ਹਾਂ ਪ੍ਰਭ ਆਸਰਾ ਟਰੱਸਟ ਵਾਲਿਆਂ ਨਾਲ ਫੋਨ ‘ਤੇ ਗੱਲਬਾਤ ਕੀਤੀ, ਜਿਨ੍ਹਾਂ ਆਉਂਦੇ ਸਨਿਚਰਵਾਰ ਟਰਾਲੀ ਤੇ ਸੇਵਾਦਾਰ ਭੇਜਣ ਦਾ ਵਾਅਦਾ ਕਰ ਦਿੱਤਾ।
ਅਜੇ ਦਿਨ ਦਾ ਸੂਰਜ ਨਹੀਂ ਸੀ ਚੜ੍ਹਿਆ, “ਗੁਰਜੀਤ ਹੁਣ ਇਸ ਘਰ ‘ਚ ਰਹਿਣ ਨੂੰ ਬਿਲਕੁਲ ਦਿਲ ਨਹੀਂ ਕਰਦਾ।” ਬਲਰਾਜ ਸ਼ੈਲਫ ‘ਤੇ ਪਈ ਮਾਂ ਦੀ ਫੋਟੋ ਅੱਗੇ ਅੱਖਾਂ ‘ਚ ਹੰਝੂ ਭਰੀ ਪਤਾ ਨਹੀਂ ਕਦੋਂ ਦਾ ਖੜਾ ਸੀ, “ਲੈ ਵੇਖ ਲੈ, ਮਾਂ ਬਿਨ ਕਿਸੇ ਸਿਰ ਪਲੋਸਿਆ? ਕਿਸੇ ਕਿਹਾ ਜਵਾਨੀਆਂ ਮਾਣੇ? ਜਦੋਂ ਮਾਂ ਨੂੰ ਸਾਡੇ ਆਉਣ ਦੀ ਖਬਰ ਮਿਲ ਜਾਂਦੀ ਸੀ, ਦੱਸਦੇ ਨੇ ਬਈ ਸਾਰਾ ਦਿਨ ਕੁਰਸੀ ਡਾਹ ਗੇਟ ਅੱਗੇ ਬੈਠੀ ਉਡੀਕਦੀ ਰਹਿੰਦੀ ਸੀ। ਰੋਟੀ ਨਹੀਂ ਸੀ ਖਾਂਦੀ, ਪੁੱਤ ਆ ਜਾਵੇ, ਇਕੱਠੇ ਖਾਵਾਂਗੇ। ਇਸੇ ਘਰ ਨੂੰ ਪਹਿਲਾਂ ਸਾਡੇ ਦਾਦਾ-ਦਾਦੀ ਕਹਿੰਦੇ ਸੀ-ਸਾਡਾ ਘਰ, ਫਿਰ ਮਾਤਾ-ਪਿਤਾ, ਫਿਰ ਮੈਂ ਤੇ ਛੋਟਾ ਭਾਈ। ਹੁਣ ਘਰ ਨੂੰ ਤਾਲਾ ਲੱਗ ਜਾਣਾ। ਕਹਿੰਦੇ ਨੇ ਨਾ, ਇਥੇ ਬੈਠ ਕਿਸੇ ਨ੍ਹੀਂ ਰਹਿਣਾ ਮੇਲਾ ਦੋ ਦਿਨ ਦਾ।”
“ਰਾਤ ਸੁੱਤੇ ਵੀ ਓਂ ਕਿ ਇਥੇ ਈ ਖੜੇ ਓਂ ਰਾਤ ਦੇ?” ਜੀਤਾਂ ਚਾਹ ਦੇ ਕੱਪ ਫੜੀ ਬਲਰਾਜ ਪਿੱਛੇ ਖੜੀ ਸੀ।
“ਸੱਚ ਅੱਜ ਤਾਂ ਪ੍ਰਭ ਆਸਰੇ ਵਾਲਿਆਂ ਆਉਣਾ, ਆਪਾਂ ਤਾਂ ਭੁੱਲ ਹੀ ਗਏ ਸੀ।” ਬਲਰਾਜ ਨੂੰ ਯਾਦ ਆਇਆ।
“ਆਉ ਫੇਰ ਮੇਰੇ ਨਾਲ ਪੇਟੀ ਖਾਲੀ ਕਰਾਓ, ਬਾਹਰ ਕੱਢਣੀ ਸੌਖੀ ਹੋ ਜਾਊ, ਤੁਸੀਂ ਚਾਹ ਪੀ ਕੇ। ਆਹ ਵੱਡਾ ਮੰਜਾ ਡਾਹੋ ਵਰਾਂਡੇ ‘ਚ, ਉਹਦੇ ਉਤੇ ਸਾਮਾਨ ਕੱਢ ਕੱਢ ਰੱਖ ਲੈਨੇ ਆਂ ਪਹਿਲਾਂ।”
“ਸ਼ੁਕਰ ਏ ਪੇਟੀ ਤੋਂ ਜਾਨ ਛੁੱਟੂæææ।” ਬਲਰਾਜ ਮੂੰਹ ਵਿਚ ਹੀ ਬੁੜਬੁੜਾਇਆ।
“ਕੀ ਬੋਲੀ ਜਾਨੇ ਓਂ?”
“ਕੁਛ ਨ੍ਹੀਂ, ਕੁਝ ਨ੍ਹੀਂ।” ਬਲਰਾਜ ਨੇ ਠੰਡੀ ਹੋ ਰਹੀ ਚਾਹ ਦੇ ਵੱਡੇ ਵੱਡੇ ਘੁੱਟ ਭਰੇ ਤੇ ਖਾਲੀ ਕੱਪ ਗੁਰਜੀਤ ਨੂੰ ਫੜਾ ਮੰਜਾ ਡਾਹੁਣ ਲੱਗ ਗਿਆ। ਪੇਟੀ ਕੋਲ ਆ ਜੀਤਾਂ ਨੇ ‘ਵਾਹਿਗੁਰੂ’ ਕਹਿ ਪੇਟੀ ਤੋਂ ਕੱਪੜਾ ਐਂ ਲਾਹਿਆ ਜਿਵੇਂ ਕੋਈ ਧਾਰਮਿਕ ਗ੍ਰੰਥ ਖੋਲ੍ਹਣਾ ਹੋਵੇ, “ਉਰੇ ਨੇੜੇ ਆ ਜਾਉ।”
“ਆ ਗਿਆ ਬਈ, ਆ ਗਿਆ।”
“ਹੱਥ ਪੁਆਓ।” ਦੋਹਾਂ ਨੇ ਪੇਟੀ ਦਾ ਢੱਕਣ ਖੋਲ੍ਹ ਦਿਤਾ। ਸਭ ਦੇ ਉਪਰੋਂ ਜੀਤਾਂ ਇਕ ਲਾਲ ਰੰਗ ਦਾ ਕੱਪੜਾ ਚੁੱਕਦੀ ਬੋਲੀ, “ਆਹ ਦੇਖੋ, ਫੁਲਕਾਰੀ ਮੇਰੀ ਨਾਨੀ ਨੇ ਮੇਰੀ ਮਾਂ ਨੂੰ ਦਿੱਤੀ ਸੀ, ਫੇਰ ਮਾਂ ਨੇæææ।”
ਵਿਚੋਂ ਹੀ ਟੋਕਦਿਆਂ ਬਲਰਾਜ ਬੋਲਿਆ, “ਫੇਰ ਤੈਨੂੰ ਮਿਲ ਗਈ। ਸੋਹਣੀ ਆ, ਬਈ ਸੋਹਣੀ ਆ।”
“ਆਹ ਦੇਖੋ ਰਜਾਈਆਂ ਸਾਰੀਆਂ ਸ਼ਨੀਲ ਦੀਆਂ, ਬੱਸ ਆਹ ਤਿੰਨ ਕਾਟਨ ਦੀਆਂ।”
ਬਲਰਾਜ ਨੂੰ ਵੇਖ-ਸੁਣ ਪਸੀਨਾ ਆ ਰਿਹਾ ਸੀ।
“ਉਸ ਸਾਲ ਤਾਂ ਘਰ ਦੀ ਕਪਾਹ ਵੀ ਬਹੁਤ ਹੋਈ ਸੀ। ਰੂੰ ਵੀ ਵੱਧ ਪਵਾਇਆ ਸੀ ਮਾਂ ਨੇ।”
ਰਜਾਈਆਂ-ਤਲਾਈਆਂ ਮੰਜੇ ‘ਤੇ ਰੱਖ ਰੱਖ ਬਲਰਾਜ ਨੇ ਢੇਰ ਲਾ ਦਿੱਤਾ।
“ਦੇਖੋ ਖੇਸ ਅਣਸੀਤੇ ਹੀ ਪਏ ਨੇ।” ਉਸ ਡੱਬੀਆਂ ਵਾਲੇ, ਸਫੈਦ, ਰੰਗ-ਬਰੰਗੇ ਖੇਸਾਂ ਦੀ ਪੰਡ ਬੰਨ ਦੂਜੇ ਮੰਜੇ ‘ਤੇ ਟਿਕਾ ਦਿੱਤੀ।
“ਆਹ ਦੇਖੋ ਦਰੀਆਂ, ਲਹਿਰੀਏ ਵਾਲੀਆਂ, ਝੱਜਰੀ ਵਾਲੀਆਂ-ਨੀ ਮੈਂ ਮਰ ਜਾਂ! ਆਹ ਦਰੀ ਤਾਂ ਮੈਂ ਭੁੱਲੀ ਬੈਠੀ ਸੀ। ਨਮੂਨਾ ਬਹੁਤ ਔਖਾ ਸੀ-ਪੰਛੀ ਪਾਉਣੇ ਕਿਤੇ ਸੌਖੇ ਹੁੰਦੇ ਆ! ਮੈਂ, ਮੇਰੀਆਂ ਸਹੇਲੀਆਂ-ਮਿੰਦੋ ਤੇ ਕੰਤੋ ਨੇ ਮਹੀਨੇ ‘ਚ ਬੁਣੀ ਸੀ। ਕਈ ਵਾਰੀ ਛੋਟਾ ਭਾਈ ਦਰੀ ਵਾਲੇ ਅੱਡੇ ਆ ਸੂਤ ਨੂੰ ਗੁੰਝਲਾਂ ਪਾ ਦਿੰਦਾ, ਮਸੀਂ ਸਿਰੇ ਚੜ੍ਹੀ। ਫੇਰ ਲੁਕੋ ਕੇ ਰੱਖੀ ਘਰ, ਬਈ ਕੋਈ ਨਮੂਨਾ ਨਾ ਦੇਖ ਲਵੇ।” ਜੀਤਾਂ ਕਿੰਨਾ ਚਿਰ ਦਰੀ ਨੂੰ ਗੋਦੀ ਚੁੱਕੀ ਬੋਲੀ ਗਈ। ਐਂ ਲੱਗਦਾ ਸੀ, ਜਿਵੇਂ ਉਹ ਆਪਣੇ ਪਿੰਡ ਵਾਲੇ ਵਿਹੜੇ ‘ਚ ਮਾਂ ਤੇ ਸਹੇਲੀਆਂ ਨਾਲ ਤੁਰੀ ਫਿਰਦੀ ਚੜ੍ਹਦੀ ਜਵਾਨੀ ‘ਚ ਆਉਣ ਵਾਲਾ ਭਵਿਖ ਸਿਰਜ ਰਹੀ ਹੋਵੇ।
“ਆ ਦਸੂਤੀ ਸੈਟ ਕੱਢਦਿਆਂ ਸੂਈ ਫਿਰ ਗਈ ਸੀ ਪੋਟੇ ‘ਚ। ਦਾਜ ਕਿਤੇ ਸੌਖਾ ਤਿਆਰ ਹੁੰਦਾ ਸੀ! ਅੱਜ ਵਾਂਗ ਥੋੜਾ, ਝੱਟ ਮੰਗਣੀ ਤੇ ਪੱਟ ਵਿਆਹ। ਪੰਡਾਂ ਪੈਸਿਆਂ ਦੀਆਂ ਖਰਚ ਅਗਲੇ ਦਿਨ ਵਿਆਹ ਕਰ ਲਓ। ਨਾ ਕੁੜੀਆਂ ਨੂੰ ਸਿਊਣਾ ਆਵੇ, ਨਾ ਪਰੋਣਾ।”
“ਚੱਲ ਗੁਰਜੀਤ, ਮੁਕਾ ਕੰਮ ਹੁਣ।” ਬਲਰਾਜ ਨੇ ਥੋੜ੍ਹਾ ਕਾਹਲੇ ਪੈਂਦਿਆਂ ਕਿਹਾ।
“ਖੜ੍ਹ ਜਾਓ, ਚੰਗੀ ਤਰ੍ਹਾਂ ਵੇਖ ਲੈਣ ਦਿਉ, ਅੱਜ ਸਾਰਾ ਕੁਝ ਦੇ ਈ ਦੇਣਾ ਪਰ ਆਹ ਤਿੰਨ ਦਰੀਆਂ ਤੇ ਫੁਲਕਾਰੀ ਮੈਂ ਨਾਲ ਲੈ ਜਾਣੀਆਂ, ਨੂੰਹਾਂ-ਧੀਆਂ ਨੂੰ ਨਿਸ਼ਾਨੀ ਦਊਂ।”
“ਠੀਕ ਐ, ਠੀਕ ਐ, ਜੋ ਕਰਨਾ ਕਰ। ਪਹਿਲਾਂ ਤਾਂ ਕਦੇ ਏਨਾ ਤਿਹੁ ਕੀਤਾ ਨ੍ਹੀਂ ਸਾਮਾਨ ਦਾ।”
“ਇਹਨੂੰ ਦੇਖੋ, ਭਲਾ ਕੀ ਆ?”
“ਲੈ ਕੌਡੀਆਂ ਨੇ, ਹੋਰ ਕੀ!”
“ਵਾਹ ਜੀ ਵਾਹ! ਸਰਦਾਰ ਜੀ, ਤੁਸੀਂ ਵੀ ਬੁੱਧੂ ਦੇ ਬੁੱਧੂ ਰਹੇ। ਇਹ ਆਪਣੇ ਵਿਆਹ ਦੇ ਕਲੀਰੇ ਨੇ ਕਲੀਰੇ।”
“ਮੇਰੀ ਜਾਣੇ ਬਲਾ, ਪੰਤਾਲੀ ਸਾਲ ਹੋ ਗਏ।”
ਮੈਂ ਦੇਖਦਾਂ, ਗੇਟ ‘ਤੇ ਕੋਈ ਆਇਆ ਲੱਗਦਾ। ਪਤਾ ਈ ਨ੍ਹੀਂ ਲੱਗਾ ਦੱਸ ਵੱਜ ਗਏ।” ਘੜੀ ਵੇਖਦਾ ਬਲਰਾਜ ਗੇਟ ਵੱਲ ਨੂੰ ਹੋ ਤੁਰਿਆ। ਗੇਟ ਖੁਲ੍ਹਦਿਆਂ, “ਤਾਇਆ ਜੀ, ਸਾਸਰੀ ਕਾਲ। ਖੂਹੀ ਕੋਲ ਟਰਾਲੀ ਵਾਲੇ ਤੁਹਾਡਾ ਘਰ ਪੁੱਛਦੇ ਆ।” ਬਰਾਦਰੀ ‘ਚੋਂ ਭਤੀਜਾ ਲੱਗਦਾ ਮੁੰਡਾ ਅਜੇ ਸੁਨੇਹਾ ਹੀ ਦੇ ਰਿਹਾ ਸੀ ਕਿ ਪ੍ਰਭ ਆਸਰਾ ਟਰੱਸਟ ਤੋਂ ਆਏ ਸੇਵਾਦਾਰਾਂ ਆ ਫਤਿਹ ਬੁਲਾਈ।
“ਸਰਦਾਰ ਜੀ, ਆਓ ਪਹਿਲਾਂ ਚਾਹ ਪਾਣੀ ਛੱਕ ਲਉ।” ਬਲਰਾਜ ਨੇ ਸੇਵਾਦਾਰਾਂ ਨੂੰ ਸੁਲਾਹ ਮਾਰੀ।
“ਨਹੀਂ ਜੀ! ਪਹਿਲਾਂ ਸਾਮਾਨ ਲੱਦ ਲਈਏ, ਟਰਾਲੀ ‘ਤੇ। ਉਨ੍ਹਾਂ ਵਾਰੀ ਵਾਰੀ ਸਾਰਾ ਸਾਮਾਨ ਪੇਟੀ, ਬੈਡ, ਗੋਦਰੇਜ ਦੀ ਅਲਮਾਰੀ, ਕੁਰਸੀਆਂ ਪੱਖਾ ਲੱਦਿਆ। ਗਲੀ ‘ਚ ਪਿੰਡ ਦੇ ਲੋਕ, ਖਾਸ ਕਰ ਤੀਵੀਆਂ, “ਭਾਈ ਕਿਥੇ ਲੈ ਚੱਲੇ ਓਂ? ਲੈ ਲੰਬੜਾਂ ਦਾ ਘਰ ਵੱਸਦਾ-ਰੱਸਦਾ ਖਾਲੀ। ਭਾਈ ਅਮਰੀਕਾ ਤੋਂ ਆ ਲੋਕ ਘਰਾਂ ਨੂੰ ਭਰਦੇ ਨੇ, ਇਹ ਖਾਲੀæææ। ਬਾਹਲਾ ਈ ਚੰਗਾ ਕੀਤਾ ਸਾਮਾਨ ਦਾਨ ਕਰ ਦਿੱਤਾ। ਭਾਈ ਭਾਵੇਂ ਕਿਸੇ ਗਰੀਬ ਨੂੰ ਪਿੰਡ ‘ਚ ਹੀ ਦੇ ਦਿੰਦੇ। ਅਗਲੇ ਦੀ ਮਰਜੀ ਆ, ਜਿਵੇਂ ਕਿਸੇ ਦਾ ਚਿੱਤ ਰਾਜੀ।”
ਅਲੱਗ ਅਲੱਗ ਆਵਾਜ਼ਾਂ ਦੋਹਾਂ ਦੇ ਕੰਨ ਪਾੜ ਰਹੀਆਂ ਸਨ। ਇਹ ਸਭ ਅਣਗੌਲਿਆ ਕਰ ਬਲਰਾਜ ਤੇ ਗੁਰਜੀਤ ਸੇਵਾਦਾਰਾਂ ਨੂੰ ਵਿਦਾ ਕਰਨ ਹੌਲੀ ਹੌਲੀ ਉਨ੍ਹਾਂ ਪਿਛੇ ਖੂਹੀ ਵੱਲ ਤੁਰ ਪਏ। ਟਰਾਲੀ ਤੁਰ ਪਈ। ਪੇਟੀ ਤੇ ਟਰਾਲੀ ਵੇਖਦਿਆਂ ਹੀ ਵੇਖਦਿਆਂ ਅੱਖਾਂ ਤੋਂ ਓਝਲ ਹੋ ਗਈਆਂ। ਟਰੈਕਟਰ ਟਰਾਲੀ ਦੀ ਆਵਾਜ਼ ਵੀ ਆਉਣੋਂ ਬੰਦ ਹੋ ਗਈ। ਗੁਰਜੀਤ ਦੀਆਂ ਅੱਖਾਂ ‘ਚੋਂ ਮੀਂਹ ਦੇ ਪਰਨਾਲੇ ਵਾਂਗ ਪਾਣੀ ਵਹਿ ਰਿਹਾ ਸੀ, ਜਿਵੇਂ ਪੇਟੀ ਨਹੀਂ, ਧੀ ਦੀ ਡੋਲੀ ਤੋਰੀ ਹੋਵੇ। ਬੋਝਲ ਕਦਮਾਂ ਨਾਲ ਦੋਵੇਂ ਵਾਪਿਸ ਘਰ ਨੂੰ ਤੁਰ ਪਏ। ਉਨ੍ਹਾਂ ਨੂੰ ਪਤਾ ਸੀ, ਘਰ ਗਿਆਂ ਮਾਂ ਵਾਂਗ ਕਿਸੇ ਸਿਰ ਪਲੋਸ ਹੌਂਸਲਾ ਨਹੀਂ ਦੇਣਾ।