ਗੁਲਜ਼ਾਰ ਸਿੰਘ ਸੰਧੂ
ਕਹਿਣ ਨੂੰ ਤਾਂ ਡਾæ ਮਹਿੰਦਰ ਸਿੰਘ ਰੰਧਾਵਾ ਦਾ ਸਾਰੇ ਦਾ ਸਾਰਾ ਭਾਰਤ ਆਪਣਾ ਸੀ ਪਰ ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਪੈਂਦਾ ਬੋਦਲਾਂ ਨਾਂ ਦਾ ਪਿੰਡ ਜੱਦੀ ਪੁਸ਼ਤੀ ਹੋਣ ਕਾਰਨ ਉਸ ਦੀ ਆਪਣੀ ਧਰਤੀ ਮੰਨਿਆ ਜਾਂਦਾ ਹੈ। ਮੈਂ ਉਸ ਧਰਤੀ ਦੀ ਸੱਜਰੀ ਫੇਰੀ ਸਮੇਂ ਪਿੰਡ ਦੇ ਨੇੜੇ ਪੈਂਦੀ ਉਹਦੀ ਸਥਾਪਤ ਕੀਤੀ ਗੜ੍ਹਦੀਵਾਲਾ ਸਕੂਲ ਦੀ ਨਿਵੇਕਲੀ ਲਾਇਬਰੇਰੀ ਹੀ ਨਹੀਂ, ਉਸ ਦਾ ਗੰਗੀਆਂ ਵਾਲਾ ਫਰੂਟ ਰਿਸਰਚ ਸੈਂਟਰ (ਫਲ ਖੋਜ ਕੇਂਦਰ) ਵੀ ਵੇਖ ਕੇ ਆਇਆ ਹਾਂ।
ਡਾæ ਰੰਧਾਵਾ ਨੇ ਇਹ ਸੈਂਟਰ ਬੜੀ ਰੀਝ ਨਾਲ ਵਕਫ ਬੋਰਡ ਦੀ ਚਾਲੀ ਏਕੜ ਜ਼ਮੀਨ ਵਿਚ ਬਣਾਇਆ ਸੀ। ਅੰਬਾਂ ਤੇ ਲੀਚੀਆਂ ਦਾ ਇਹ ਬਾਗ ਮੈਨੂੰ ਇਨ੍ਹਾਂ ਪਿੰਡਾਂ ਦੇ ਜੰਮਪਲ ਤੇ ਭਾਸ਼ਾ ਵਿਭਾਗ ਦੇ ਸਾਬਕਾ ਡਇਰੈਕਟਰ ਚੇਤਨ ਸਿੰਘ ਨੇ ਤੁਰ-ਫਿਰ ਕੇ ਵਿਖਾਇਆ ਤੇ ਦੱਸਿਆ ਕਿ ਇਸ ਦੀ ਸਥਾਪਤੀ ਦੇ ਮੁਢਲੇ ਦਿਨਾਂ ਵਿਚ ਹੈਟ ਤੇ ਨਿੱਕਰ ਵਾਲਾ ਰੰਧਾਵਾ ਇਸ ਦਾ ਇੱਕ ਇੱਕ ਬੂਟਾ ਦੇਖ ਕੇ ਉਸ ਦਾ ਨਾਂ ਲਿਖ ਕੇ ਨੰਬਰ ਲਾਇਆ ਕਰਦਾ ਸੀ। ਬੂਟੇ ਭਾਵੇਂ ਅੰਬ ਦੇ ਲਾਉਣੇ ਹੁੰਦੇ ਜਾਂ ਲੀਚੀ ਦੇ, ਉਸ ਨੇ ਖਰੀਦਣ ਤੋਂ ਪਹਿਲਾਂ ਇਨ੍ਹਾਂ ਦਾ ਰੱਜ ਕੇ ਸੁਆਦ ਦੇਖਣਾ ਤੇ ਫੇਰ ਹਰ ਬੂਟੇ ਦੀ ਇੱਕ-ਦੂਜੇ ਤੋਂ ਦੂਰੀ ਅਤੇ ਉਨ੍ਹਾਂ ਦੀਆਂ ਕਤਾਰਾਂ ਦਾ ਫਾਸਲਾ ਨਿਸ਼ਚਿਤ ਕਰਨਾ। ਇਹ ਪਾਲਾਂ ਤੇ ਇਹ ਦੂਰੀਆਂ ਅੱਜ ਵੀ ਉਸ ਦੀ ਬਾਗਬਾਨੀ ਸੂਝ ਤੇ ਸਿਆਣਪ ਦੀ ਸ਼ਾਹਦੀ ਭਰਦੀਆਂ ਹਨ।
ਐਮæਐਸ਼ ਰੰਧਾਵਾ ਦਾ ਕਹਿਣਾ ਸੀ, ਜੇ ਕਿਸੇ ਦਾ ਦਿਲ ਉਦਾਸ ਹੋਵੇ ਤਾਂ ਉਸ ਨੂੰ ਹੁਸ਼ਿਆਰਪੁਰ ਦੇ ਅੰਬਾਂ ਤੇ ਚੋਆਂ ਦੀ ਸੈਰ ਕਰਨੀ ਚਾਹੀਦੀ ਹੈ। ਬੂਟੇ ਲਾਉਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਉਹ ਇਹ ਵੀ ਕਹਿੰਦਾ ਕਿ ਲਾਉਣ ਵਾਲਿਓ, ਇਨ੍ਹਾਂ ਬੂਟਿਆਂ ਨੇ ਤੁਹਾਡੇ ਬੱਚਿਆਂ ਦੇ ਵਿਆਹ ਨਿਭਾਉਣੇ ਹਨ। ਪਿੰਡ ਬੋਦਲਾਂ ਵਿਚ ਰੰਧਾਵਾ ਦੇ ਜੱਦੀ ਘਰ ਦੀਆਂ ਤਾਂ ਹੁਣ ਕੰਧਾਂ ਹੀ ਬਾਕੀ ਹਨ। ਵਿਹੜੇ ਵਾਲੀ ਉਹ ਖੂਹੀ ਵੀ ਸੁੱਕ ਚੁਕੀ ਹੈ ਜੋ ਸਾਰੇ ਪਰਿਵਾਰ ਨੂੰ ਸੁੱਚਾ ਤੇ ਮਿੱਠਾ ਪਾਣੀ ਦਿੰਦੀ ਸੀ। ਉਸ ਪਰਿਵਾਰ ਦੇ ਵਾਰਸਾਂ ਵਿਚੋਂ ਹੁਣ ਸੁਖਅੰਮ੍ਰਿਤ ਰੰਧਾਵਾ ਹੀ ਹੈ ਜੋ ਹਰ ਮਹੀਨੇ ਇੱਕ ਦੋ ਵਾਰ ਬੋਦਲਾਂ ਜਾਂਦਾ ਹੈ। ਉਹ ਅੱਜ ਕਲ ਜ਼ਿਲਾ ਹੁਸ਼ਿਆਰਪੁਰ ਦਾ ਡੀæਐਸ਼ਪੀæ ਹੈ। ਉਸ ਨੇ ਵੀ ਆਪਣੇ ਪਿੰਡ ਬਾਰੇ ਇਹ ਗੱਲਾਂ ਮੋਹ ਤੇ ਪਿਆਰ ਭਿੱਜੇ ਬੋਲਾਂ ਨਾਲ ਕੀਤੀਆਂ।
ਮੇਰੀ ਜਵਾਨੀ ਸਮੇਂ ਮੇਰੇ ਲਈ ਪ੍ਰੀਤਨਗਰ ਮੱਕਾ ਸੀ ਤੇ ਬੋਦਲਾਂ ਮਦੀਨਾ। ਮੈਨੂੰ ਮਦੀਨਾ ਦੀ ਫੇਰੀ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪਿੰ੍ਰਸੀਪਲ ਸਤਵਿੰਦਰ ਸਿੰਘ ਢਿੱਲੋਂ ਨੇ ਲਵਾਈ ਜੋ ਤਿੰਨ ਸਾਲ ਤੋਂ ਆਪਣੇ ਕਾਲਜ ਵਿਚ ਐਮæਐਸ਼ ਰੰਧਾਵਾ ਵਿਰਾਸਤੀ ਮੇਲਾ ਲਗਵਾ ਰਿਹਾ ਹੈ। ਇਸ ਵਾਰ ਦੇ ਮੇਲੇ ਵਿਚ ਕਾਲਜ ਦੇ ਰਹਿ ਚੁਕੇ ਵਿਦਿਆਰਥੀ ਨਿਰਮਲ ਜੌੜਾ ਨੇ ਤੂੰਬੀ ਦੇ ਜੌਹਰ ਵਿਖਾਏ ਤੇ ਇਕ ਹੋਰ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੀ ਗਾਇਕੀ ਦੇ। ਇਸ ਮੇਲੇ ਵਿਚ ਸੰਗੀਤ ਪੜ੍ਹਾਉਂਦੇ ਗੁਰਪ੍ਰੀਤ ਸਿੰਘ ਦੇ ਆਰਕੈਸਟਰਾ ਨੇ ਨੁਕੜ ਨਾਟਕ, ਭੰਗੜਾ ਤੇ ਗਿੱਧਾ ਨੂੰ ਮਾਤ ਪਾਇਆ। ਇਸ ਮੇਲੇ ਉਤੇ ਹਰ ਸਾਲ ਕਿਸੇ ਯੋਗ ਵਿਅਕਤੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਇਸ ਵਾਰੀ ਦੇ ਮੇਲੇ ਦਾ ਅਰੰਭ ਗਾਇਕ ਕੰਠ ਕਲੇਰ ਦੇ ਸੁਰੀਲੇ ਬੋਲਾਂ ਨਾਲ ਹੋਇਆ। ਚੇਤਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਤੇ ਜਥੇਦਾਰ ਗੁਰਦੀਪ ਸਿੰਘ ਨੇ ਪੁਰਾਣੇ ਵਿਦਿਆਰਥੀਆਂ ਦੀ ਪ੍ਰਬੰਧਕੀ ਕਮੇਟੀ ਦੇ ਸਰਕਰਦਾ ਮੈਂਬਰ ਵਜੋਂ ਹਾਜ਼ਰੀ ਭਰੀ। ਖੂਬੀ ਇਹ ਕਿ ਇਹ ਮੇਲਾ 25 ਫਰਵਰੀ ਨੂੰ ਰਚਾਇਆ ਗਿਆ ਜੋ ਐਮæਐਸ਼ ਰੰਧਾਵਾ ਦੇ ਜਨਮ ਦਿਹਾੜੇ 2 ਫਰਵਰੀ ਤੇ ਦਿਹਾਂਤ 3 ਮਾਰਚ ਵਿਚਾਲੇ ਪੈਂਦਾ ਹੈ। ਕਾਲਜ ਵਾਲਿਆਂ ਨੂੰ ਉਨ੍ਹਾਂ ਦਾ ਉਦਮ ਤੇ ਮੈਨੂੰ ਮੇਰਾ ਮਦੀਨਾ ਮੁਬਾਰਕ।
ਭਾਰਤ ਦਾ ਪਛਮੀ ਕੰਢਾ ਵੇਖਣ ਦਾ ਚਾਅ: ਮੈਂ ਤੇ ਮੇਰੀ ਜੀਵਨ ਸਾਥਣ ਪਹਿਲੀ ਮਾਰਚ ਤੋਂ ਦਾਦਰਾ ਨਗਰ ਹਵੇਲੀ ਤੇ ਦਮਨ ਦਿਯੂ ਦੇ ਕੇਂਦਰ ਸ਼ਾਸਤ ਖੇਤਰ ਦੀ ਫੇਰੀ ‘ਤੇ ਹਾਂ। ਸੰਨ 1938 ਤੋਂ 1961 ਤੱਕ ਪੁਰਤਗਾਲੀਆਂ ਦੇ ਕਬਜ਼ੇ ਵਿਚ ਰਹੀ ਇਹ ਭੂਮੀ ਭਾਰਤ ਦੇ ਮਸਾਲਿਆਂ ਦੇ ਨਿਰਯਾਤ ਤੇ ਅਰਬੀ ਘੋੜਿਆਂ ਦੇ ਆਯਾਤ ਲਈ ਜਾਣੀ ਜਾਂਦੀ ਹੈ। ਪੁਰਤਗਾਲੀਆਂ ਨੇ ਇਸ ਭੂਮੀ ਵਿਚ ਘੋੜੇ ਹੀ ਨਹੀਂ ਲਿਆਂਦੇ ਸਗੋਂ ਦਰਜਨਾਂ ਫਲ ਤੇ ਸਬਜ਼ੀਆਂ ਅਮਰੀਕਾ ਤੋਂ ਲਿਆ ਕੇ ਇਥੇ ਪ੍ਰਫੁਲਿਤ ਕੀਤੀਆਂ ਜੋ ਅੱਜ ਸਮੁੱਚੇ ਭਾਰਤ ਦਾ ਮਾਣ ਹਨ। ਇਨ੍ਹਾਂ ਵਿਚੋਂ ਟਮਾਟਰ ਤੇ ਆਲੂ ਯੂਰਪ ਰਾਹੀਂ ਭਾਰਤ ਆਏ ਅਤੇ ਅਨਾਨਾਸ, ਸੀਤਾ ਫਲ, ਪਪੀਤਾ ਤੇ ਕਾਜੂ ਸਿੱਧੇ। ਅਜੋਕੇ ਭਾਰਤ ਦਾ ਪ੍ਰਸਿੱਧ ਅਲਫਾਂਸੇ ਅੰਬ ਵੀ ਪੁਰਤਗਾਲੀਆਂ ਦੀ ਦੇਣ ਹੈ। ਉਮਰ ਦੇ ਅੰਤਲੇ ਵਰ੍ਹਿਆਂ ਵਿਚ ਇਸ ਧਰਤੀ ਦੀ ਫੇਰੀ ਸਾਡੇ ਲਈ ਨਵੇਂ ਵਿਆਹ ਵਰਗੀ ਹੈ।
ਅੰਤਿਕਾ: ਇੱਕ ਲੋਕ ਟੱਪਾ
ਅੰਬੀਆਂ ਨੂੰ ਝੂਰੇਂਗੀ
ਛਡ ਕੇ ਦੇਸ ਦੁਆਬਾ।