ਪੰਜਾਬੀ ਸਾਹਿਤ ਸਭਾਵਾਂ ‘ਚ ਔਰਤਾਂ ਦੀ ਘੱਟ ਗਿਣਤੀ

ਨੀਲਮ ਸੈਣੀ
ਫੋਨ: 510-502-0551
ਅੱਜ ਕੁੱਝ ਯਤਨਸ਼ੀਲ ਔਰਤਾਂ ਨੇ ਹਰ ਖੇਤਰ ਵਿਚ ਹੀ ਤਰੱਕੀ ਕਰ ਲਈ ਹੈ। ਉਹ ਹਰ ਖੇਤਰ ਵਿਚ ਆਪਣਾ ਕੰਮ ਪੂਰੀ ਤਨਦੇਹੀ ਅਤੇ ਲਗਨ ਨਾਲ ਕਰਦੀਆਂ ਹੋਈਆਂ ਸਫਲਤਾ ਦੀ ਪੌੜੀ ਚੜ੍ਹ ਰਹੀਆਂ ਹਨ। ਅਜੋਕੇ ਯੁੱਗ ਵਿਚ ਮਾਪੇ ਧੀਆਂ ਨੂੰ ਵਿਦਿਅਕ ਯੋਗਤਾ ਦੇ ਕੇ ਪੈਰਾਂ ‘ਤੇ ਖੜ੍ਹੀ ਹੋਣਾ ਸਿਖਾਉਂਦੇ ਹਨ। ਉਨ੍ਹਾਂ ਦਾ ਜੀਵਨ ਧੀਆਂ ਉਪਰ ਲਗਾਈਆਂ ਜਾਣ ਵਾਲੀਆਂ ਪਬੰਦੀਆਂ ਤੋਂ ਮੁਕਤ ਹੁੰਦਾ ਹੈ। ਉਹ ਜ਼ਮਾਨਾ ਗਿਆ ਜਦ ਧੀਆਂ ਨੂੰ ਅਣਗੌਲਿਆ ਕੀਤਾ ਜਾਂਦਾ ਸੀ।

ਕੁਝ ਉਸਾਰੂ ਸੋਚ ਵਾਲੇ ਮਾਪੇ ਤਾਂ ਇਸ ਤੋਂ ਵੀ ਅੱਗੇ ਮੌਕੇ ਮੁਹੱਈਆ ਕਰਵਾਉਂਦੇ ਹਨ। ਉਹ ਆਪਣੀਆਂ ਧੀਆਂ ਦੇ ਦਿਲ ਵਿਚ ਸਵੈ ਮਾਣ ਪੈਦਾ ਕਰਨ ਅਤੇ ਆਤਮ-ਵਿਸ਼ਵਾਸ ਭਰਨ ਲਈ ਸਕੂਲਾਂ, ਕਾਲਜਾਂ ਵਿਚ ਭਾਸ਼ਣ ਮੁਕਾਬਲੇ, ਵਾਦ-ਵਿਵਾਦ, ਕਾਵਿ ਉਚਾਰਨ, ਗਿੱਧਾ, ਸਕਿੱਟਾਂ, ਯੂਥ ਲੀਡਰਸ਼ਿਪ ਕੈਂਪਾਂ ਅਤੇ ਖੇਡਾਂ ਆਦਿ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹਨ। ਮੁਕਾਬਲੇ ਜਿੱਤਣ ਦੀ ਪੂਰੀ ਤਿਆਰੀ ਵੀ ਕਰਵਾਉਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸੇ ਲੈਂਦਿਆਂ ਉਹ ਆਪਣੇ ਮਾਪਿਆਂ ਦਾ ਵਿਸ਼ਵਾਸ ਜਿੱਤ ਲੈਂਦੀਆਂ ਹਨ। ਉਨ੍ਹਾਂ ਦੀ ਗਿਣਤੀ ਪਹਿਲੀ ਕਤਾਰ ਵਿਚ ਹੋਣ ਲੱਗਦੀ ਹੈ। ਹੁਣੇ-ਹੁਣੇ ਭਗਵੰਤ ਮਾਨ ਨੇ ਪਾਰਲੀਮੈਂਟ ਵਿਚ ਔਰਤਾਂ ਦੇ ਹੱਕ ਵਿਚ ਬੋਲਦਿਆਂ ਸਵਾਲ ਕੀਤਾ ਸੀ ਕਿ ਦਸਵੀਂ-ਬਾਰਵੀਂ ਦੇ ਨਤੀਜਿਆਂ ਵਿਚ ਕੁੜੀਆਂ ਦੀ ਝੰਡੀ ਹੁੰਦੀ ਹੈ ਅਤੇ ਵਿਆਹ ਹੁੰਦੇ ਸਾਰ ਹੀ ਉਨ੍ਹਾਂ ਦੀ ਪ੍ਰਤਿਭਾ ਗੁੰਮ ਕਿਉਂ ਹੋ ਜਾਂਦੀ ਹੈ?
ਜ਼ਰਾ ਗਹੁ ਨਾਲ ਦੇਖੀਏ ਤਾਂ ਹਰ ਖੇਤਰ ਵਿਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਪਹਿਲਾਂ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ ਦਾ ਨਾਮ ਹੀ ਪੜ੍ਹਨ-ਸੁਣਨ ਵਿਚ ਆਉਂਦਾ ਸੀ ਪਰ ਹੁਣ ਕਈ ਬੀਬੀਆਂ ਆਹਲਾ ਕਿਸਮ ਦਾ ਸਾਹਿਤ ਰਚ ਰਹੀਆਂ ਹਨ। ਫਿਰ ਵੀ ਉਨ੍ਹਾਂ ਨੂੰ ਬਣਦੀ ਮਾਨਤਾ ਨਹੀਂ ਮਿਲਦੀ।
ਅਮਰੀਕਾ ਵਿਚ ਕਿਸੇ ਵੀ ਪੰਜਾਬੀ ਸਾਹਿਤਕ ਸਮਾਗਮ ‘ਤੇ ਜਾ ਕੇ ਦੇਖਦੀ ਹਾਂ ਸਾਰਾ ਹਾਲ ਮਰਦਾਂ ਨਾਲ ਭਰਿਆ ਹੁੰਦਾ ਹੈ। ਸਾਹਿਤ ਵਿਚ ਰੁਚੀ ਰੱਖਣ ਵਾਲੀਆਂ ਔਰਤਾਂ ਦੀ ਗਿਣਤੀ ਨਾ-ਮਾਤਰ ਹੀ ਹੁੰਦੀ ਹੈ। ਕੀ ਪੜ੍ਹਨ-ਲਿਖਣ ਤੋਂ ਬਾਅਦ ਇਨ੍ਹਾਂ ਔਰਤਾਂ ਦੀ ਇਹ ਰੁਚੀ ਖਤਮ ਹੋ ਗਈ ਹੈ?
ਇਨ੍ਹਾਂ ਸਮਾਗਮਾਂ ਵਿਚ ਲੇਖਿਕਾਵਾਂ ਦੀ ਗਿਣਤੀ ਵੀ ਬਹੁਤ ਘੱਟ ਹੁੰਦੀ ਹੈ। ਇਨ੍ਹਾਂ ਵਿਚੋਂ ਵੀ ਅੱਧੀਆਂ ਉਹ ਹੁੰਦੀਆਂ ਹਨ, ਜੋ ਆਪਣੀ ਪਰਿਵਾਰਕ ਜ਼ਿੰਦਗੀ ਤੋਂ ਕਿਸੇ ਨਾ ਕਿਸੇ ਕਾਰਨ ਮਾਯੂਸ ਹੁੰਦੀਆਂ ਹਨ। ਬਾਕੀ ਇਕ-ਦੋ ਜੋ ਆਪਣੀ ਪਰਿਵਾਰਕ ਜਿੰæਦਗੀ ਅਤੇ ਇਨ੍ਹਾਂ ਸਰਗਰਮੀਆਂ ਵਿਚ ਸੰਤੁਲਨ ਬਣਾ ਕੇ ਰੱਖਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਆਪਣੀਆਂ ਰੀਝਾਂ ਅਤੇ ਸ਼ੌਕ ਦਾ ਗਲ ਹੱਥੀਂ ਘੁੱਟਣਾ ਪੈਂਦਾ ਹੈ। ਅਕਸਰ ਨੌਬਤ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਪਰਿਵਾਰ ਜਾਂ ਸਾਹਿਤ ਵਿਚੋਂ ਇਕ ਨੂੰ ਚੁਣਿਆ ਜਾਵੇ? ਸਿੱਟੇ ਵਜੋਂ ਉਹ ਪਰਿਵਾਰ ਨੂੰ ਹੀ ਤਰਜੀਹ ਦਿੰਦੀਆਂ ਹਨ।
ਇਨ੍ਹਾਂ ਸਾਹਿਤਕ ਮਿਲਣੀਆਂ ਵਿਚ ਕੁਝ ਸਾਹਿਤਕਾਰ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਭਾ ਜੀ ਸ਼ਬਦ ਤੋਂ ਵੀ ਚਿੜ੍ਹ ਹੈ। ਨੱਕ ਮੂੰਹ ਚੜ੍ਹਾ ਕੇ ਕਹਿਣਗੇ, “ਤੁਸੀਂ ਮੇਰਾ ਨਾਮ ਲੈ ਕੇ ਬੁਲਾਓ! ਭਾ ਜੀ ਸ਼ਬਦ ਸਾਹਿਤਕ ਨਹੀਂ ਹੈ ਤੇ ਨਾਲੇ ਅਮਰੀਕਾ ਵਿਚ ਤਾਂ ਸਾਰੇ ਇਕ ਦੂਜੇ ਦਾ ਨਾਂ ਹੀ ਲੈਂਦੇ ਹਨ।” ਇਨ੍ਹਾਂ ਵੱਡੇ ਸਾਹਿਤਕਾਰਾਂ ਨੂੰ ਇਹ ਵੀ ਯਾਦ ਨਹੀਂ ਕਿ ਇਹ ਸ਼ਬਦ ਸਾਡੇ ਸਭਿਆਚਾਰ ਦੀ ਪਹਿਚਾਣ ਹਨ। ਅਮਰੀਕਾ ਆ ਵਸੇ ਹਾਂ ਪਰ ਹਾਂ ਤਾਂ ਪੰਜਾਬੀ ਹੀ। ਸਮਾਗਮ ‘ਤੇ ਆਈ ਹਰ ਔਰਤ ਦੇ ਪਹਿਰਾਵੇ ਨੂੰ ਕੁੱਝ ਸਿਰ ਫਿਰੇ ਸਾਹਿਤਕਾਰਾਂ ਵਲੋਂ ਸਿਰ ਤੋਂ ਪੈਰਾਂ ਤੱਕ ਗਹੁ ਨਾਲ ਤੱਕਿਆ ਜਾਂਦਾ ਹੈ।
ਇਹ ਬਹੁਤ ਘੱਟ ਅਤੇ ਕਦੀ ਹੀ ਹੋਇਆ ਹੋਇਆ ਹੈ ਕਿ ਇਨ੍ਹਾਂ ਮਰਦ ਸਾਹਿਤਕਾਰਾਂ ਵਿਚੋਂ ਕਿਸੇ ਨੇ ਆਪਣੀ ਪਤਨੀ ਬੇਸ਼ੱਕ ਉਹ ਲੇਖਿਕਾ ਵੀ ਹੋਵੇ, ਨੂੰ ਨਾਲ ਲਿਆਂਦਾ ਹੋਵੇ। ਇਨ੍ਹਾਂ ਦਾ ਜਵਾਬ ਹੁੰਦਾ ਹੈ, ਉਹ ਘਰ ਹੀ ਖੁਸ਼ ਹਨ ਜਾਂ ਉਨ੍ਹਾਂ ਨੂੰ ਸ਼ੌਕ ਨਹੀਂ ਹੈ।
ਸਾਹਿਤ ਸਭਾ ਵਿਚ ਹਾਜ਼ਰ ਲੇਖਿਕਾਵਾਂ ਨੂੰ ਮੁਖਾਤਿਬ ਹੋ ਕੇ ਸ਼ੇਅਰ ਬੋਲੇ ਜਾਂਦੇ ਹਨ। ਕਈ ਵਾਰੀ ਤਾਂ ਆਪਣੀ ਜੀਵਨ ਸਾਥਣ ਦੀ ਬੁਰਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਸਮਾਗਮ ਵਿਚ ਇਕ ਪ੍ਰਸਿੱਧ ਸ਼ਾਇਰ ਗੋਰੇ ਰੰਗ ‘ਤੇ ਸ਼ੇਅਰ ਕਹਿ ਰਿਹਾ ਸੀ। ਉਸ ਦਿਨ ਸਬੱਬੀਂ ਉਸ ਦੀ ਜੀਵਨ ਸਾਥਣ ਨਾਲ ਆਈ ਹੋਈ ਸੀ। ਉਸ ਵੱਲ ਹੱਥ ਕਰਕੇ ਭਰੀ ਮਹਿਫਿਲ ਵਿਚ ਬੋਲਿਆ, “ਤੈਨੂੰ ਨਹੀਂ ਕਹਿ ਰਿਹਾ, ਮੇਰੇ ਹਿੱਸੇ ਗੋਰਾ ਰੰਗ ਆਇਆ ਹੀ ਨਹੀਂ।” ਉਸ ਨੇ ਆਪਣੀ ਗਰਦਨ ਨੀਵੀਂ ਪਾ ਲਈ। ਦੱਸੋ ਉਹ ਅਗਲੀ ਵਾਰੀ ਸਾਹਿਤਕ ਸਮਾਗਮ ਵਿਚ ਆਉਣ ਦਾ ਸਾਹਸ ਕਰੇਗੀ?
ਸੱਚ ਤਾਂ ਇਹ ਹੈ ਕਿ ਔਰਤ ਪੁਲਾੜ ਤੱਕ ਪਹੁੰਚ ਗਈ ਹੈ ਪਰ ਇਹ ਮਰਦ ਔਰਤ ਦੇ ਹੱਥ ਸੰਚਾਲਨ ਦੇਣਾ ਹੀ ਆਪਣੀ ਹੱਤਕ ਸਮਝਦੇ ਹਨ। ਜੇ ਕੋਈ ਔਰਤ ਸਾਹਸ ਕਰ ਕੇ ਅੱਗੇ ਆ ਹੀ ਜਾਵੇ ਤਾਂ ਉਸ ਨੂੰ ਇਨ੍ਹਾਂ ਮਰਦਾਂ ਦੀ ਈਰਖਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਇਸ ਸ਼੍ਰੇਣੀ ਵਿਚ ਆਉਂਦੇ ਮਰਦ ਉਹ ਹਨ ਜੋ ਔਰਤ ਨੂੰ ਅੱਜ ਵੀ ਕਮਜ਼ੋਰ ਹੀ ਸਮਝਦੇ ਹਨ। ਇਸ ਦੇ ਬਾਵਜੂਦ ਜੇ ਇਨ੍ਹਾਂ ਦੀ ਨਾ ਪੁੱਗੇ ਤਾਂ ਹੋਰ ਵੀ ਕਈ ਹੱਥ ਕੰਡੇ ਵਰਤਦੇ ਹਨ।
ਸਮਾਗਮ ਵਿਚ ਹਮੇਸ਼ਾਂ ਦੇਰ ਨਾਲ ਆਉਣਾ ਇਨ੍ਹਾਂ ਦਾ ਸੁਭਾਅ ਹੈ। ਸਮਾਗਮ ਨੂੰ ਕਦੀ ਵੀ ਮਿੱਥੇ ਸਮੇਂ ‘ਤੇ ਸ਼ੁਰੂ ਨਾ ਕਰਨਾ ਇਨ੍ਹਾਂ ਦੀ ਆਦਤ ਹੈ। ਇਸ ਤੋਂ ਵੀ ਵੱਧ ਸਮਾਗਮ ਨੂੰ ਇੰਨੀ ਦੇਰ ਤੱਕ ਚਲਾਉਂਦੇ ਹਨ ਕਿ ਹਰ ਲੇਖਿਕਾ ਮਜਬੂਰ ਹੋ ਕੇ ਸਮਾਗਮ ਨੂੰ ਵਿਚੇ ਛੱਡ ਕੇ ਜਾਣ ਲਈ ਮਜਬੂਰ ਹੋ ਜਾਵੇ। ਇਥੇ ਹੀ ਬੱਸ ਨਹੀਂ ਉਸ ਦੇ ਮਹਿਫਿਲ ਵਿਚਾਲੇ ਛੱਡ ਜਾਣ ‘ਤੇ ਫਿਕਰੇ ਵੀ ਕੱਸ ਦਿੰਦੇ ਹਨ। ਗੱਲਾਂ-ਗੱਲਾਂ ਵਿਚ ਹੀ ਉਸ ਨੂੰ ਔਰਤ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਇਨ੍ਹਾਂ ਸਵਾਲਾਂ ਦੇ ਸੰਦਰਭ ਵਿਚ ਪ੍ਰੋæ ਸੁਖਵਿੰਦਰ ਕੰਬੋਜ ਨੇ ਕਿਹਾ ਹੈ, “ਸਾਡੇ ਸਮਾਜ ਵਿਚ ਸ਼ੁਰੂ ਤੋਂ ਹੀ ਮਰਦ ਦਾ ਦਾਬਾ ਰਿਹਾ ਹੈ। ਔਰਤ ਘਰ ਦੀ ਚਾਰ ਦੀਵਾਰੀ ਵਿਚ ਕੰਮ ਕਰਦੀ ਰਹੀ ਹੈ। ਬੱਚਿਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਹੈ। ਦੁੱਖ ਦੀ ਗੱਲ ਹੈ ਕਿ ਸਾਡੇ ਸਮਾਜ ਵਿਚ ਔਰਤ ਦੇ ਇਨ੍ਹਾਂ ਕੰਮਾਂ ਨੂੰ ਕੰਮ ਨਹੀਂ ਗਿਣਿਆਂ ਜਾਂਦਾ। ਅਜੋਕੇ ਸਰਮਾਏਦਾਰੀ ਯੁੱਗ ਵਿਚ ਉਹ ਘਰ-ਪਰਿਵਾਰ ਦੇ ਨਾਲ ਆਰਥਕ ਚੱਕੀ ਵੀ ਪੀਂਹਦੀ ਹੈ। ਉਹ ਘਰ ਦੀ ਚਾਰ ਦੀਵਾਰੀ ਤੋਂ ਮੁਕਤ ਹੈ ਪਰ ਮਾਨਸਿਕ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੈ। ਮਰਦ ਲੇਖਕ ਉਸ ਦੇ ਹੱਕ ਵਿਚ ਸਾਹਿਤ ਤਾਂ ਰਚ ਦਿੰਦੇ ਹਨ ਪਰ ਆਪਣੀ ਸੋਚ ਨਹੀਂ ਬਦਲ ਰਹੇ। ਇਸ ਤੋਂ ਵੀ ਵੱਧ ਸਾਡੇ ਸਮਾਜਿਕ ਢਾਂਚੇ ਨੇ ਉਸ ਦੇ ਜੀਨਜ਼ ਵਿਚ ਹੀ ਇਹ ਡੀ ਕੋਡ ਕਰ ਦਿੱਤਾ ਹੈ ਕਿ ਉਹ ਔਰਤ ਹੈ।”
ਕਾਸ਼! ਇਹ ਮਰਦ ਲੇਖਕ ਸੋਚ ਸਕਣ ਕਿ ਪਰਿਵਾਰ ਅਤੇ ਕੰਮ ਤੋਂ ਬਾਅਦ ਜੋ ਔਰਤ ਇਨ੍ਹਾਂ ਸਾਹਿਤਕ ਸਮਾਗਮਾਂ ਵਿਚ ਵੀ ਸ਼ਿਰਕਤ ਕਰਦੀ ਹੈ, ਉਸ ਕੋਲ ਉਸ ਦੇ ਆਪਣੇ ਲਈ ਕਿੰਨਾ ਸਮਾਂ ਬਚਦਾ ਹੈ? ਇਨ੍ਹਾਂ ਸਮਾਗਮਾਂ ਵਿਚ ਉਸ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਹੋਵੇ। ਮਰਦ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲਿਖਤਾਂ ਦੇ ਨਾਲ-ਨਾਲ ਮਾਨਸਿਕ ਸੋਚ ਵਿਚ ਵੀ ਪਰਿਵਰਤਨ ਲਿਆਉਣ।
ਪ੍ਰਸਿਧ ਪੰਜਾਬੀ ਲੇਖਿਕਾ ਸੁਰਜੀਤ ਨੇ ਕਿਹਾ ਹੈ, “ਸਾਹਿਤ ਵਿਚ ਰੁਚੀ ਰੱਖਣ ਵਾਲੀਆਂ ਔਰਤਾਂ ਨੂੰ ਇਨ੍ਹਾਂ ਸਾਹਿਤਕ ਮਿਲਣੀਆਂ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਆਪਣੇ ਗਿਆਨ ਦੇ ਬੰਦ ਪਏ ਬੂਹੇ ਖੋਲ੍ਹਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਘਰ-ਪਰਿਵਾਰ ਦੇ ਨਾਲ-ਨਾਲ ਚੌਗਿਰਦੇ ਨੂੰ ਸੋਹਣਾ ਬਣਾਉਣ ਵਿਚ ਯੋਗਦਾਨ ਪਾ ਸਕਦੀਆਂ ਹਨ। ਔਰਤਾਂ ਦੀ ਭਰਵੀਂ ਹਾਜਰੀ ਉਸਾਰੂ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਸਹਾਈ ਹੋ ਸਕਦੀ ਹੈ।”
ਹਰ ਲੇਖਿਕਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਫਰਜ਼ ਨਿਭਾਉਣ ਦੇ ਨਾਲ-ਨਾਲ ਆਪਣੇ ਸਵੈ ਮਾਣ ਨੂੰ ਬਣਾਈ ਰੱਖਣ ਲਈ ਅੱਗੇ ਆਵੇ। ਆਪਣੇ ਆਪ ਨੂੰ ਮਰਦ ਸ਼ਾਇਰਾਂ ਦੇ ਮਨ ਪ੍ਰਚਾਵੇ ਦਾ ਸਾਧਨ ਨਾ ਬਣਾਵੇ। ਮਰਦਾਊ ਸੋਚ ਦਾ ਇਹ ਪ੍ਰਭਾਵ ਜੋ ਉਸ ਨੇ ਕਬੂਲਿਆ ਹੈ, ਉਸ ਵਿਚੋਂ ਬਾਹਰ ਨਿੱਕਲੇ। ਆਪਣੇ ਔਰਤ ਹੋਣ ‘ਤੇ ਮਾਣ ਕਰਦੀ ਹੋਈ ਅੱਗੇ ਵਧੇ। ਨਿਡਰ ਹੋ ਕੇ ਰਾਹਾਂ ‘ਤੇ ਮੂਹਰੇ ਹੋ ਕੇ ਤੁਰੇ ਤਾਂ ਕਿਉਂਕਿ ਜਦ ਔਰਤ ਰਾਹਾਂ ਤੇ ਮੂਹਰੇ ਹੋ ਕਿ ਤੁਰਦੀ ਹੈ ਤਾਂ ਕਾਇਨਾਤ ਵੀ ਨਿਯਮਬੱਧ ਹੋ ਜਾਂਦੀ ਹੈ।