ਸਮੇਂ ਦੇ ਹਾਣੀ

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਵੱਡੇ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਵੱਸਿਆ ਇਕ ਨਿੱਕਾ ਜਿਹਾ ਪਿੰਡ। ਇਹ ਪਿੰਡ ਆਪਣੀ ਬੁੱਕਲ ਵਿਚ ਹਰ ਧਰਮ ਅਤੇ ਹਰ ਜਾਤੀ ਨੂੰ ਇਤਫਾਕ ਦੇ ਕੰਬਲ ਨਾਲ ਲਪੇਟੀ ਬੈਠਾ ਹੈ। ਕਿਸੇ ਘਰ ਮੁੰਡਾ ਜੰਮਦਾ ਤਾਂ ਸਾਰਾ ਪਿੰਡ ਖੁਸ਼ੀ ਵਿਚ ਨੱਚ ਉਠਦਾ। ਜੇ ਕਿਸੇ ਘਰੋਂ ਅਰਥੀ ਉਠਦੀ ਤਾਂ ਸਾਰਾ ਪਿੰਡ ਅੱਖਾਂ ਵਿਚੋਂ ਹੰਝੂਆਂ ਦੇ ਹੜ੍ਹ ਵਹਾ ਦਿੰਦਾ। ਸਭ ਦੇ ਸ਼ਗਨ ਵਿਹਾਰ ਸਾਂਝੇ। ਬਹੁਤੇ ਲੋਕ ਖੇਤੀਬਾੜੀ ਕਰਦੇ ਤੇ ਸਬਜ਼ੀਆਂ ਸ਼ਹਿਰ ਵੇਚਦੇ। ਕਈਆਂ ਨੇ ਗਾਂਵਾਂ ਰੱਖੀਆਂ ਸਨ ਤੇ ਦੁੱਧ ਸ਼ਹਿਰ ਵੇਚ ਆਉਂਦੇ।

ਪਿੰਡ ਵਿਚ ਸਭ ਨਾਲੋਂ ਪਹਿਲਾਂ ਬੋਲਦਾ ਨਾਂ ਸੀ ਰੂੜ ਸਿੰਘ ਮਾਨ ਦਾ ਜਿਸ ਨੂੰ ਹਵੇਲੀ, ਪਿਉ ਦਾਦੇ ਦੀ ਵਿਰਾਸਤ ਵਿਚ ਮਿਲੀ ਸੀ। ਇਕੱਲਾ ਪੁੱਤ ਹੋਣ ਕਰ ਕੇ ਜ਼ਮੀਨ ਵੀ ਮੁਰੱਬੇ ਤੋਂ ਉਪਰ ਆਈ ਸੀ। ਜਿਵੇਂ-ਜਿਵੇਂ ਇਹ ਪਿੰਡ ਵੱਸਦਾ ਗਿਆ, ਰੂੜ ਸਿੰਘ ਹਰ ਬੰਦੇ ਨੂੰ ਬੈਠਣ ਜੋਗੀ ਥਾਂ ਦਿੰਦਾ ਗਿਆ। ਉਹ ਪਿੰਡ ਨੂੰ ਆਪਣਾ ਪਰਿਵਾਰ ਸਮਝਦਾ ਸੀ। ਉਸ ਦੇ ਦਰੋਂ ਕੋਈ ਖਾਲੀ ਨਹੀਂ ਗਿਆ ਸੀ। ਉਸ ਨੂੰ ਕਿਸੇ ਕਿਸਮ ਦਾ ਐਬ ਨਹੀਂ ਸੀ। ਉਹ ਬਲਦਾਂ ਨੂੰ ਪੁੱਤਾਂ ਵਾਂਗ ਪਾਲਦਾ। ਹਲ ਵਾਹੁੰਦਾ ਹੀਰ ਨਹੀਂ, ਦਸਵੇਂ ਪਾਤਸ਼ਾਹ ਦੇ ਜਨਮ ਵੇਲੇ ਦੀਆਂ ਖੁਸ਼ੀਆਂ ਉਚੀ ਹੇਕ ਵਿਚ ਗਾਉਂਦਾ। ਫਿਰ ਜਦੋਂ ਪੋਹ-ਸੱਤੇ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਿਆਨ ਕਰਦਾ ਤਾਂ ਆਪ ਵੀ ਰੋਣ ਲੱਗ ਪੈਂਦਾ। ਪਰਨੇ ਨਾਲ ਮੂੰਹ ਸਾਫ ਕਰ ਕੇ ਫਿਰ ਬਹੁਤਾ ਸਮਾਂ ਚੁੱਪ ਹੋ ਜਾਂਦਾ।
ਰੂੜ ਸਿੰਘ ਦਾ ਵਿਆਹ ਸਰਹਿੰਦ ਲਾਗਲੇ ਇਕ ਪਿੰਡ ਹੋ ਗਿਆ। ਉਸ ਨੂੰ ਸਹੁਰੀਂ ਜਾਣ ਦਾ ਚਾਅ ਘੱਟ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਧਰਤੀ ਦੇ ਦਰਸ਼ਨ ਕਰਨ ਦਾ ਚਾਅ ਬਹੁਤਾ ਹੁੰਦਾ। ਉਹ ਮਹਾਂਪੁਰਸ਼ਾਂ ਦੇ ਜੋੜੇ ਝਾੜਦਾ। ਵਾਹਿਗੁਰੂ ਨੇ ਉਸ ਨੂੰ ਦੋ ਪੁੱਤਰਾਂ ਦੀ ਦਾਤ ਬਖਸ਼ ਦਿੱਤੀ। ਪਹਿਲੇ ਦਾ ਨਾਂ ਜਗੀਰ ਸਿੰਘ ਰੱਖਿਆ ਅਤੇ ਛੋਟੇ ਦਾ ਸਾਧੂ ਸਿੰਘ। ਹੌਲੀ-ਹੌਲੀ ਸ਼ਹਿਰ ਦੀ ਆਬਾਦੀ ਵਧਦੀ ਗਈ ਤੇ ਇਹ ਪਿੰਡ ਵੀ ਨਵੀਂ ਤਰੱਕੀ ਨੇ ਆਪਣੀ ਬੁੱਕਲ ਵਿਚ ਲਪੇਟਣਾ ਸ਼ੁਰੂ ਕਰ ਦਿੱਤਾ। ਏਕੜਾਂ ਦੇ ਘੇਰੇ ਗਜ਼ਾਂ ਵਿਚ ਵਿਕਣ ਲੱਗ ਗਏ। ਰੂੜ ਸਿੰਘ ਨੇ ਬਹੁਤ ਰੌਲਾ ਪਾਇਆ ਕਿ ਆਪਣੀ ਜੱਦੀ ਪੁਸ਼ਤੀ ਜਾਇਦਾਦ ਨਾ ਵੇਚੋ, ਪਰ ਬਹੁਤੇ ਲੋਕ ਇਕ ਦੇ ਦਸ ਬਣਾਉਣ ਦੇ ਚੱਕਰ ਵਿਚ ਪੈ ਗਏ। ਕਈ ਪਰਿਵਾਰਾਂ ਨੇ ਜ਼ਮੀਨ ਵੇਚ ਕੇ ਹੋਰ ਪਿੰਡਾਂ ਵਿਚ ਲੈ ਲਈ। ਇਸ ਸਮੇਂ ਲੋਕਾਂ ਦੀ ਜ਼ੁਬਾਨ ਉਤੇ ਅਜੇ ਕਰੋੜ ਰੁਪਿਆ ਨਹੀਂ ਆਇਆ ਸੀ। ਲੋਕ ਲੱਖਾਂ ਦੇ ਹਿਸਾਬ ਨਾਲ ਜ਼ਮੀਨ ਵੇਚ ਕੇ ਹਜ਼ਾਰਾਂ ਵਿਚ ਖਰੀਦ ਰਹੇ ਸਨ।
ਛੇਤੀ ਹੀ ਪਿੰਡ ਨੇ ਕਾਲੋਨੀਆਂ ਦਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ। ਰੂੜ ਸਿੰਘ ਦੀ ਪੱਕੀ ਵੱਟ ਤੱਕ ਸ਼ਹਿਰ ਆ ਗਿਆ। ਦਲਾਲ ਮੂੰਹੋਂ ਮੰਗ ਕਰਨ ਦੀ ਜ਼ਿਦ ਕਰਨ ਲੱਗੇ, ਪਰ ਰੂੜ ਸਿੰਘ ਨਾ ਮੰਨਿਆ। ਦੋਵੇਂ ਪੁੱਤ ਜਵਾਨ ਹੋ ਗਏ। ਨਵੇਂ ਜ਼ਮਾਨੇ ਦੀ ਹਵਾ ਉਨ੍ਹਾਂ ਨੂੰ ਵੀ ਲੱਗਣ ਲੱਗੀ। ਪਿਉ ਨੂੰ ਜ਼ੋਰ ਪਾ ਕੇ ਦਸ ਕਿੱਲੇ ਜ਼ਮੀਨ ਬੈ ਕਰਵਾ ਦਿੱਤੀ। ਵੱਟੇ ਰੁਪਏ ਨਾਲ ਜਗਰਾਉਂ ਤੋਂ ਮੋਗੇ ਵਾਲੇ ਜੀæਟੀæ ਰੋਡ ਉਤੇ ਵੀਹ ਕਿੱਲੇ ਜ਼ਮੀਨ ਲੈ ਲਈ। ਦੋਵਾਂ ਭਰਾਵਾਂ ਨੇ ਇਕੱਠਿਆਂ ਵੱਡੀ ਕੋਠੀ ਪਾ ਲਈ। ਹੌਲੀ-ਹੌਲੀ ਪਿਉ ਨੂੰ ਮਨਾਉਣ ਲੱਗੇ ਕਿ ਇਹ ਹਵੇਲੀ ਛੱਡ ਕੇ ਨਵੀਂ ਕੋਠੀ ਵਿਚ ਚੱਲੋ, ਪਰ ਰੂੜ ਸਿੰਘ ਨਾ ਮੰਨਿਆ। ਹੌਲੀ-ਹੌਲੀ ਸਾਰਾ ਪਿੰਡ ਸ਼ਹਿਰ ਬਣ ਗਿਆ। ਲੋਕ ਜ਼ਮੀਨ ਵੇਚ ਕੇ ਹੋਰ ਪਿੰਡਾਂ ਦੇ ਵਸਨੀਕ ਬਣ ਗਏ। ਪਿੰਡ ਦੀ ਆਖਰੀ ਨਿਸ਼ਾਨੀ ਰੂੜ ਸਿੰਘ ਦੀ ਹਵੇਲੀ ਰਹਿ ਗਈ। ਪੁੱਤਰਾਂ ਨੇ ਚੰਗੇ ਭਵਿੱਖ ਦੇ ਸੁਪਨੇ ਵਿਖਾ ਕੇ ਪਿਉ ਤੋਂ ਫਿਰ ਅੰਗੂਠਾ ਲਵਾ ਕੇ ਦੂਜੇ ਦਸ ਕਿੱਲੇ ਵੀ ਬੈ ਕਰਵਾ ਦਿੱਤੇ। ਫਿਰ ਨਾਲ ਲਗਦੀ ਵੀਹ ਕਿੱਲੇ ਖਰੀਦ ਕੇ ਚਾਲੀ ਕਿੱਲਿਆਂ ਦਾ ਟੱਕ ਬਣਾ ਲਿਆ। ਬਲਦਾਂ ਦੀ ਥਾਂ ਟਰੈਕਟਰ ਆ ਗਿਆ। ਛੰਨਿਆਂ ਦੀ ਥਾਂ ਸਟੀਲ ਦੇ ਗਲਾਸ ਆ ਗਏ।
ਸਮੇਂ ਨੇ ਤਬਦੀਲੀ ਲਿਆਂਦੀ, ਦੋਵਾਂ ਭਰਾਵਾਂ ਦਾ ਵਿਆਹ ਹੋ ਗਿਆ। ਹੁਣ ਉਹ ਨਵੀਂ ਪਾਈ ਕੋਠੀ ਵਿਚ ਹੀ ਰਹਿੰਦੇ। ਮਾਂ-ਪਿਉ ਅਜੇ ਵੀ ਹਵੇਲੀ ਵਿਚ ਰਹਿੰਦੇ ਸਨ। ਉਥੇ ਵੀ ਹੁਣ ਕੋਈ ਰੂੜ ਸਿੰਘ ਨੂੰ ਨਹੀਂ ਜਾਣਦਾ ਸੀ। ਪਿੰਡ ਤਾਂ ਸ਼ਹਿਰ ਬਣ ਚੁਕਾ ਸੀ। ਦਲਾਲਾਂ ਦੀ ਅੱਖ ਹੁਣ ਰੂੜ ਸਿੰਘ ਦੀ ਹਵੇਲੀ ਉਤੇ ਸੀ। ਪੰਜ ਕਿੱਲਿਆਂ ਦੇ ਪੈਸੇ ਰੂੜ ਸਿੰਘ ਨੂੰ ਦਿੰਦੇ ਸਨ। ਉਹ ਨਾ ਮੰਨਿਆ, ਕਹਿੰਦਾ, “ਮੇਰੀ ਅਰਥੀ ਇਸ ਹਵੇਲੀ ਦੀ ਡਿਓਢੀ ਵਿਚੋਂ ਲੰਘ ਲੈਣ ਦਿਓ, ਫਿਰ ਭਲਾ ਇੱਟਾਂ ਵੀ ਵੇਚ ਕੇ ਖਾ ਜਾਇਓ।” ਫਿਰ ਬਹੁਤਾ ਸਮਾਂ ਨਾ ਲੰਘਿਆ। ਰੂੜ ਸਿੰਘ ਅੱਖਾਂ ਅੱਗੇ ਉਜੜ ਕੇ ਸ਼ਹਿਰ ਵਿਚ ਬਦਲੇ ਪਿੰਡ ਨਾਲ ਹੀ ਅੱਖਾਂ ਮੀਚ ਗਿਆ। ਦੋਵਾਂ ਪੁੱਤਰਾਂ ਨੇ ਸਾਲ ਵਿਚ ਹੀ ਹਵੇਲੀ ਵੇਚ ਕੇ ਪੁਰਖਿਆਂ ਦੀ ਆਖਰੀ ਨਿਸ਼ਾਨੀ ਵੀ ਮਿਟਾ ਦਿੱਤੀ।
ਦੋਵਾਂ ਭਰਾਵਾਂ ਦੀ ਆਪਸ ਵਿਚ ਬਹੁਤ ਬਣਦੀ ਸੀ। ਦੋਵਾਂ ਨੂੰ ਦੋ-ਦੋ ਪੁੱਤਰਾਂ ਦੀ ਦਾਤ ਮਿਲੀ। ਇਨ੍ਹਾਂ ਦਾ ਨਾਂ ਇਲਾਕੇ ਵਿਚ ਸਤਿਕਾਰ ਨਾਲ ਲਿਆ ਜਾਣ ਲੱਗਾ। ਪਿਉ-ਦਾਦੇ ਦੀ ਜ਼ਮੀਨ ਨੂੰ ਸਮੇਂ ਸਿਰ ਵੇਚ ਕੇ ਇਹ ਬਹੁਤ ਤਰੱਕੀ ਕਰ ਗਏ ਸਨ, ਪਰ ਇਨ੍ਹਾਂ ਦੀ ਮਾਂ ਇਸ ਤਰੱਕੀ ਪਿੱਛੇ ਸਾਰੇ ਪਿੰਡ ਦੀ ਤਬਾਹੀ ਵੇਖ ਕੇ ਰੋਂਦੀ ਰਹਿੰਦੀ। ਪਿਛਲੇ ਦਿਨਾਂ ਨੂੰ ਯਾਦ ਕਰਦੀ ਫਿਰ ਕੰਧ ‘ਤੇ ਤਸਵੀਰ ਬਣ ਲਟਕ ਗਈ। ਹੁਣ ਵੱਡੀ ਕੋਠੀ ਵਿਚ ਦੋਵਾਂ ਦਾ ਪਰਿਵਾਰ ਰਹਿੰਦਾ ਸੀ। ਘਰ ਦੀ ਮੁਖਤਿਆਰੀ ਵੱਡੇ ਜਗੀਰ ਸਿੰਘ ਕੋਲ ਸੀ। ਖੇਤੀਬਾੜੀ ਦਾ ਕੰਮ ਛੋਟਾ ਸਾਧੂ ਸਿੰਘ ਸੰਭਾਲਦਾ। ਚਾਲੀ ਕਿੱਲਿਆਂ ਦਾ ਇਕੱਠਾ ਟੱਕ ਵੇਖਦਿਆਂ ਅੱਖਾਂ ਥੱਕ ਜਾਂਦੀਆਂ।
ਸਮਾਂ ਬੀਤਿਆ। ਦੋਵਾਂ ਦੇ ਚਾਰੇ ਪੁੱਤ ਗੱਭਰੂ ਹੋ ਗਏ। ਚਾਲੀ ਕਿੱਲਿਆਂ ਦੀ ਆਮਦਨ ਨਾਲ ਇਨ੍ਹਾਂ ਨੇ ਵੀਹ ਕਿੱਲੇ ਜ਼ਮੀਨ ਹੋਰ ਖਰੀਦ ਲਏ। ਜੀæਟੀæ ਰੋਡ ਉਤੇ ਜਾਂਦਿਆਂ ਤਿੰਨ ਮੰਜ਼ਲੀ ਕੋਠੀ ਹਰ ਇਕ ਦੀ ਨਿਗ੍ਹਾ ਖਿੱਚਦੀ ਸੀ। ਦੋਵਾਂ ਦੇ ਪੁੱਤਰਾਂ ਦੀ ਪੜ੍ਹਾਈ ਖਤਮ ਹੋਈ ਤਾਂ ਰਿਸ਼ਤੇਦਾਰਾਂ ਨੇ ਸਾਕ ਕਰਵਾਉਣ ਦੀ ਗੱਲ ਤੋਰੀ। ਚਾਰ ਸਾਲਾਂ ਵਿਚ ਚਾਰੇ ਪੁੱਤ ਹੀ ਵਿਆਹੇ ਗਏ। ਜਗੀਰ ਸਿਉਂ ਦੇ ਪੁੱਤਾਂ ਨੂੰ ਕੈਨੇਡਾ ਤੋਂ ਰਿਸ਼ਤੇ ਹੋ ਗਏ ਅਤੇ ਸਾਧੂ ਸਿੰਘ ਦੇ ਪੁੱਤਾਂ ਨੂੰ ਅਮਰੀਕਾ ਤੋਂ। ਜਿਵੇਂ ਦੋਵੇਂ ਭਰਾ ਆਪਣੇ ਪਿਉ ਰੂੜ ਸਿੰਘ ਨੂੰ ਛੱਡ ਕੇ ਆਏ ਸੀ, ਇਸੇ ਤਰ੍ਹਾਂ ਇਨ੍ਹਾਂ ਦੇ ਚਾਰੇ ਪੁੱਤ ਵੀ ਵਾਰੀ-ਵਾਰੀ ਜਹਾਜ਼ ਚੜ੍ਹ ਬਾਹਰ ਆ ਗਏ। ਪਿੱਛੇ ਰਹਿ ਗਏ ਦੋਵੇਂ ਭਰਾ ਅਤੇ ਉਨ੍ਹਾਂ ਦੀਆਂ ਘਰਵਾਲੀਆਂ। ਬਾਹਰਲੇ ਮੁਲਕਾਂ ਦੇ ਬਾਸ਼ਿੰਦੇ ਬਣਦਿਆਂ ਆਪਣਾ ਵਸਦਾ ਘਰ ਉਜਾੜ ਲਿਆ। ਦਿਹਾੜੀ ਉਤੇ ਕੰਮ ਕਰਵਾਉਣ ਵਾਲੇ ਖੁਦ ਦਿਹਾੜੀ ਜਾਣ ਲੱਗੇ। ਇਧਰ, ਅਮਰੀਕਾ ਵਾਲਿਆਂ ਨੇ ਟਰੱਕਾਂ ਦੀ ਡਰਾਈਵਰੀ ਸ਼ੁਰੂ ਕਰ ਦਿੱਤੀ। ਹੱਥੀਂ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪਈਆਂ। ਬਾਹਰਲੇ ਦੇਸ਼ਾਂ ਦੇ ਲਾਲਚ ਨੇ ਸਰਦਾਰੀ ਹੱਥੋਂ ਗੁਆ ਦਿੱਤੀ। ਡਰਾਈਵਰੀ ਨਾਲ ਤਾਂ ਰੋਟੀ-ਪਾਣੀ ਮਸਾਂ ਚੱਲਦਾ ਸੀ। ਇਹੀ ਹਾਲ ਕੈਨੇਡਾ ਵਾਲਿਆਂ ਦਾ ਸੀ। ਔਖੇ ਸੌਖਿਆਂ ਨੇ ਚਾਰ ਸਾਲ ਕੱਢੇ, ਪਰ ਫੁਲਕਾਰੀ ਨੂੰ ਲੱਗੇ ਸਿਤਾਰੇ ਟੁੱਟਦੇ ਗਏ। ਫਿਰ ਜਗੀਰ ਸਿਉਂ ਦੇ ਪੁੱਤ ਕੈਨੇਡਾ ਤੋਂ ਪਿੰਡ ਆਏ। ਬਾਪੂ ਨੂੰ ਕੈਨੇਡਾ ਵਿਚ ਗੁਜ਼ਰ ਰਹੀ ਜ਼ਿੰਦਗੀ ਬਾਰੇ ਦੱਸਿਆ। ਬਾਪੂ ਨੇ ਕਹਿ ਦਿੱਤਾ ਕਿ ਪੁੱਤਰੋ, ਦੱਬ ਕੇ ਮਿਹਨਤ ਕਰੋ, ਪਰ ਇਥੇ ਮਿਹਨਤ ਨਾਲ ਤਾਂ ਰੋਟੀ-ਟੁੱਕ ਹੀ ਜੁੜਦਾ ਸੀ। ਕੋਈ ਕਾਰੋਬਾਰ ਨਹੀਂ ਖਰੀਦ ਹੋਣਾ ਸੀ। ਫਿਰ ਇਸੇ ਤਰ੍ਹਾਂ ਅਮਰੀਕਾ ਤੋਂ ਸਾਧੂ ਸਿੰਘ ਦੇ ਪੁੱਤਰ ਪਿੰਡ ਆਏ ਅਤੇ ਬਾਪੂ ਨੂੰ ਕਹਿਣ ਲੱਗੇ ਕਿ ਸਾਡੇ ਹਿੱਸੇ ਦੀ ਜ਼ਮੀਨ ਵੇਚ ਦੇ ਤੇ ਸਾਨੂੰ ਪੈਸੇ ਡਾਲਰ ਵਿਚ ਬਦਲਾ ਲੈਣ ਦੇ, ਪਰ ਜ਼ਮੀਨ ਬੈ ਕਰਨ ਦੀ ਗੱਲ ਸੁਣ ਕੇ ਬਾਪੂ ਦੇ ਸੱਤੀ ਕੱਪੜੀਂ ਅੱਗ ਲੱਗ ਗਈ। ਫਿਰ ਵੱਡੇ ਪੁੱਤ ਨੇ ਕਿਹਾ ਕਿ ਬਾਪੂ ਜੀ, ਜਿਵੇਂ ਤੁਸੀਂ ਦੋਵਾਂ ਭਰਾਵਾਂ ਨੇ ਜ਼ੋਰ ਪਾ ਕੇ ਦਾਦਾ ਜੀ ਤੋਂ ਦਸ ਕਿੱਲੇ ਜ਼ਮੀਨ ਬੈ ਕਰਵਾ ਕੇ ਇਥੇ ਵੀਹ ਕਿੱਲੇ ਬਣਾ ਲਏ ਸੀ, ਇਸੇ ਤਰ੍ਹਾਂ ਅਸੀਂ ਵੀ ਇਥੋਂ ਜ਼ਮੀਨ ਵੇਚ ਕੇ ਉਥੇ ਆਪਣਾ ਕੋਈ ਕਾਰੋਬਾਰ ਚਲਾਵਾਂਗੇ। ਵਾਅਦਾ ਕਰਦੇ ਹਾਂ ਕਿ ਕਪੁੱਤ ਨਹੀਂ, ਸਪੁੱਤ ਬਣ ਕੇ ਨਾਂ ਚਮਕਾਵਾਂਗੇ। ਸਾਧੂ ਸਿਉਂ ਨੇ ਵੀ ਆਪਣੇ ਪਿਉ ਵਾਲੇ ਬੋਲ ਬੋਲੇ, ਪਰ ਪੁੱਤਰਾਂ ਨੇ ਕਹਿ ਦਿੱਤਾ ਕਿ ਜੇ ਜ਼ਮੀਨ ਵੇਚ ਕੇ ਪੈਸੇ ਨਾ ਦਿੱਤੇ ਤਾਂ ਅਸੀਂ ਦੁਬਾਰਾ ਪਿੰਡ ਨਹੀਂ ਆਉਣਾ।
ਪੁੱਤਰਾਂ ਦੀ ਮਿੱਠੀ ਧਮਕੀ ਨੇ ਘਰ ਵਿਚ ਭੂਚਾਲ ਲੈ ਆਂਦਾ। ਜਗੀਰ ਅਤੇ ਸਾਧੂ ਸਿਉਂ ਪੁੱਤਰਾਂ ਪਿੱਛੇ ਮਿਹਣੋ-ਮਿਹਣੀ ਹੋ ਗਏ। ਅਖੀਰ ਕੋਠੀ ਅਤੇ ਜ਼ਮੀਨ ਦੀ ਵੰਡ ਹੋ ਗਈ। ਸਾਲ ਦਾ ਸਮਾਂ ਲੰਘਿਆ, ਜ਼ਮੀਨਾਂ ਦੇ ਭਾਅ ਇਕਦਮ ਅਸਮਾਨੀਂ ਚੜ੍ਹ ਗਏ। ਸਾਧੂ ਦੇ ਪੁੱਤਰਾਂ ਨੇ ਦਸ ਕਿੱਲੇ ਵੇਚ ਦਿੱਤੀ। ਡਾਲਰ ਵਟਾ ਕੇ ਪਹਿਲਾਂ ਨਕਦ ਹੀ ਘਰ ਖਰੀਦ ਲਏ। ਦੋਵਾਂ ਭਰਾਵਾਂ ਨੇ ਨਵੇਂ ਟਰੱਕ ਟਰੇਲਰ ਲੈ ਲਏ। ਦੋਵਾਂ ਦੀ ਜ਼ਿੰਦਗੀ ਜਿਵੇਂ ਸਵਰਗ ਬਣ ਗਈ ਹੋਵੇ। ਲੋਕਾਂ ਨੇ ਵੀ ਕਿਹਾ ਕਿ ਜ਼ਮੀਨ ਨਹੀਂ ਵੇਚੀਦੀ, ਪਰ ਸਾਧੂ ਦਾ ਪੁੱਤ ਕਹਿੰਦਾ, ਉਸ ਜ਼ਮੀਨ ਤੋਂ ਕੀ ਕਰਵਾਉਣਾ ਜਿਹੜੀ ਸਾਰੀ ਉਮਰ ਤੁਹਾਨੂੰ ਸੀਰੀ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਦੀ ਹੈ। ਸਾਨੂੰ ਪੈਸੇ ਦੀ ਅੱਜ ਲੋੜ ਹੈ। ਬਾਪੂ ਮਰੇ ਤੋਂ ਜ਼ਮੀਨ ਵੇਚ ਕੇ ਅਸੀਂ ਫਿਰ ਕੀ ਕਰਨਾ!
ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਰ ਸਾਧੂ ਦੇ ਦੋਵੇਂ ਪੁੱਤ ਸਾਧ ਬਣੇ ਰਹੇ। ਫਿਰ ਦੋਵਾਂ ਨੇ ਰਹਿੰਦੇ ਵੀਹ ਕਿੱਲੇ ਵੀ ਵੇਚ ਦਿੱਤੇ। ਕੈਲੀਫੋਰਨੀਆ ਵਿਚ ਪੰਜ ਹਜ਼ਾਰ ਏਕੜ ਦੇ ਦੋ ਫਾਰਮ ਲੈ ਲਏ। ਪਿੰਡ ਵਾਂਗ ਹੀ ਮਸ਼ੀਨਰੀ ਨਾਲ ਘਰ ਭਰ ਗਿਆ। ਫਿਰ ਦੋਵਾਂ ਨੇ ਮਾਂ ਪਿਉ ਨੂੰ ਇਥੇ ਸੱਦ ਲਿਆ। ਸਾਧੂ ਨੇ ਚਾਰੇ ਪਾਸੇ ਬਾਗ ਲੱਗਿਆ ਵੇਖ ਕੇ ਦੋਵਾਂ ਨੂੰ ਬੁੱਕਲ ਵਿਚ ਲੈ ਲਿਆ। ਮੱਥਾ ਚੁੰਮ ਕੇ ਕਿਹਾ ਕਿ ਤੁਸੀਂ ਸੱਚੀ ਮੇਰੇ ਸਪੁੱਤਰ ਨਿਕਲੇ।
ਉਧਰ, ਕੈਨੇਡਾ ਵਾਲੇ ਜਗੀਰ ਸਿਉਂ ਦੇ ਪੁੱਤਰ ਬਾਪੂ ਨੂੰ ਕਈ-ਕਈ ਗਾਲ੍ਹਾਂ ਇਕੋ ਸਾਹੇ ਕੱਢ ਜਾਂਦੇ। ਜਗੀਰ ਸਿਉਂ ਨੇ ਜੱਟਾਂ ਵਾਲੀ ਅੜੀ ਛੱਡੀ ਨਾ, ਜ਼ਮੀਨ ਦਾ ਵਿਸਵਾ ਵੀ ਨਾ ਵੇਚਿਆ। ਜ਼ਮੀਨਾਂ ਦੇ ਭਾਅ ਥੱਲੇ ਡਿੱਗ ਪਏ। ਕੈਨੇਡਾ ਵਾਲਿਆਂ ਤੋਂ ਕੁਝ ਵੀ ਨਾ ਲੈ ਹੋਇਆ, ਸਗੋਂ ਵੱਡੇ ਦਾ ਤਲਾਕ ਹੋ ਗਿਆ। ਛੋਟੇ ਦੀ ਘਰਵਾਲੀ ਕੈਂਸਰ ਨਾਲ ਤੁਰ ਗਈ। ਜਗੀਰ ਸਿਉਂ ਮਿੱਟੀ ਦੀ ਮੁੱਠ ਭਰ ਕੇ ਰੋ ਪੈਂਦਾ। ਉਚੀ-ਉਚੀ ਕਹਿੰਦਾ, “ਜਿਨ੍ਹਾਂ ਕੋਲ ਤੂੰ ਹੈਗੀ, ਉਹ ਵੀ ਰੋਂਦੇ ਨੇ; ਜਿਨ੍ਹਾਂ ਕੋਲ ਤੂੰ ਨਹੀਂ, ਉਹ ਵੀ ਰੋਂਦੇ ਨੇ।” ਜਗੀਰ ਸਿਉਂ ਨੇ ਜ਼ਮੀਨ ਮਾਮਲੇ ਦਿੱਤੀ ਹੋਈ ਹੈ। ਮੁੰਡੇ ਕੈਨੇਡਾ ਵਿਚ ਅੜਬ ਬਾਪੂ ਕਰ ਕੇ ਸੁੱਕੇ ਪੱਤਿਆਂ ਵਾਂਗ ਇਧਰ-ਉਧਰ ਘੁੰਮੀ ਜਾਂਦੇ ਹਨ।
ਜੇ ਜ਼ਮਾਨਾ ਬਦਲ ਰਿਹਾ ਹੈ ਤਾਂ ਆਪਣਾ ਸੁਭਾਅ ਵੀ ਬਦਲੋ, ਰਹਿਣ-ਸਹਿਣ ਬਦਲ ਕੇ ਚੰਗੇ ਬੱਚਿਆਂ ਦਾ ਸਾਥ ਜ਼ਰੂਰ ਦਿਓ। ਹਰ ਇਕ ਦੇ ਦਿਲ ਦੀ ਆਸ ਹੁੰਦੀ ਹੈ ਕਿ ਤਰੱਕੀ ਦੀ ਪੌੜੀ ਦੇ ਆਖਰੀ ਟੰਬੇ ਨੂੰ ਹੱਥ ਪਾਵੇ। ਲੋੜ ਹੈ, ਸਹੀ ਸਮੇਂ ‘ਤੇ ਸਹੀ ਫੈਸਲਾ ਕਰਨ ਦੀ। ਰੱਬ ਰਾਖਾ!
#