ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਬਾਜ਼ੀ ਮਾਰ ਲਈ ਹੈ। ਐਤਕੀਂ ਕਮੇਟੀ ਦੀਆਂ ਕੁੱਲ 46 ਸੀਟਾਂ ਲਈ 26 ਫਰਵਰੀ ਨੂੰ ਵੋਟਾਂ ਪਈਆਂ ਸਨ। ਸਿੱਖ ਕਤਲੇਆਮ ਸਮੇਂ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ ਤਿਲਕ ਨਗਰ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਤਮਾ ਸਿੰਘ ਲੁਬਾਣਾ ਅਤੇ ਗ੍ਰੇਟਰ ਕੈਲਾਸ਼ ਤੋਂ ਮਨਜੀਤ ਸਿੰਘ ਜੀæਕੇæ ਜੇਤੂ ਰਹੇ।
ਸਭ ਤੋਂ ਰੋਚਕ ਮੁਕਾਬਲਾ ਪੰਜਾਬੀ ਬਾਗ ਹਲਕਾ ਨੰਬਰ-9 ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਰਮਿਆਨ ਰਿਹਾ। ਇਥੋਂ ਮਨਜਿੰਦਰ ਸਿੰਘ ਸਿਰਸਾ ਜੇਤੂ ਰਹੇ। ਇਸ ਹਲਕੇ ਵਿਚ 7280 ਵੋਟਾਂ ਹਨ ਜਿਨ੍ਹਾਂ ਵਿਚੋਂ 600 ਵੋਟਾਂ ਜਾਅਲੀ ਜਾਂ ਸਹੀ ਨਾ ਹੋਣ ਕਰ ਕੇ ਕੱਟੀਆਂ ਗਈਆਂ ਸਨ। 1200 ਨਵੀਆਂ ਵੋਟਾਂ ਬਣੀਆਂ ਸਨ। ਪਿਛਲੀਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਸੀ।
ਇਸ ਵਾਰ ਦਿੱਲੀ ਕਮੇਟੀ ਚੋਣਾਂ ਵਿਚ ਸਿਰਫ ਦੋ ਨਹੀਂ, ਬਲਕਿ ਪੰਜ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਸਨ। ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ) ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਥਕ ਸੇਵਾ ਦਲ ਵੀ ਨਿਤਰਿਆ ਸੀ। ਇਸ ਨੂੰ ‘ਆਪ’ ਦੇ ਦਿੱਲੀ ਤੋਂ ਐਮæਐਲ਼ਏæ ਅਵਤਾਰ ਸਿੰਘ ਕਾਲਕਾਜੀ ਚਲਾ ਰਹੇ ਹਨ, ਪਰ ਇਹ ਦਲ ਖਾਤਾ ਵੀ ਨਾ ਖੋਲ੍ਹ ਸਕਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਕਾਲ ਵੈਲਫੇਅਰ ਸੁਸਾਇਟੀ ਵੀ ਮੈਦਾਨ ਵਿਚ ਨਿੱਤਰੀ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਸੰਸਥਾ ਸਿੱਖ ਸਦਭਾਵਨਾ ਦਲ ਵੀ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿਚ ਉਤਰਿਆ ਸੀ। ਭਾਈ ਵਡਾਲਾ ਨੇ ਪਿਛਲੇ 5 ਮਹੀਨਿਆਂ ਤੋਂ ਦਿੱਲੀ ਵਿਚ ਹੀ ਡੇਰੇ ਲਾਏ ਹੋਏ ਸਨ। ਇਹ ਵੀ ਜ਼ਿਕਰਯੋਗ ਹੈ ਕਿ ਸਿੱਖ ਰੋਹ ਨੂੰ ਵੇਖਦੇ ਹੋਏ ਪਹਿਲੀ ਵਾਰ ਬਾਦਲ ਪਰਿਵਾਰ ਇਨ੍ਹਾਂ ਚੋਣਾਂ ਤੋਂ ਦੂਰ ਹੀ ਰਿਹਾ। ਬਾਦਲ ਪਰਿਵਾਰ ਵਿਚੋਂ ਉਪ ਮੁੱਖ ਮੰਤਰੀ ਦੀ ਪਤਨੀ ਹਰਸਿਮਰਤ ਕੌਰ ਬਾਦਲ ਹੀ ਇਨ੍ਹਾਂ ਵਿਚ ਸਰਗਰਮ ਨਜ਼ਰ ਆਏ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਾਦਲ ਪਰਿਵਾਰ ਨੂੰ ਆਪਣੇ ਪ੍ਰਚਾਰ ਪੋਸਟਰਾਂ ਵਿਚੋਂ ਗਾਇਬ ਕਰੀ ਰੱਖਿਆ।
ਦੱਸਣਯੋਗ ਹੈ ਕਿ ਚੋਣਾਂ ਵਿਚ ਇਸ ਵਾਰ ਸਿਰਫ 45æ76 ਫੀਸਦੀ ਵੋਟਿੰਗ ਹੋਈ ਸੀ, ਹਾਲਾਂਕਿ ਇਸ ਵਾਰ ਉਮੀਦਵਾਰਾਂ ਵੱਲੋਂ ਕਾਫੀ ਜ਼ਿਆਦਾ ਵੋਟਿੰਗ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਵੋਟਰਾਂ ਦਾ ਉਤਸ਼ਾਹ ਕਾਫੀ ਮੱਠਾ ਨਜ਼ਰ ਆਇਆ। ਦਿੱਲੀ ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ 55 ਹੈ ਜਿਨ੍ਹਾਂ ਵਿਚ 46 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਨ੍ਹਾਂ 9 ਮੈਂਬਰਾਂ ਵਿਚ ਦੋ ਮੈਂਬਰ ਦਿੱਲੀ ਦੇ ਸਿੱਖਾਂ ਵਿਚੋਂ ਹੁੰਦੇ ਹਨ, ਇਕ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਾ ਹੁੰਦਾ ਹੈ ਅਤੇ ਚਾਰ ਮੈਂਬਰਾਂ ਨੂੰ ਅਕਾਲ ਤਖਤ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਚੁਣ ਕੇ ਭੇਜਿਆ ਜਾਂਦਾ ਹੈ। ਬਾਕੀ ਦੋ ਮੈਂਬਰ ਦਿੱਲੀ ਕਮੇਟੀ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਨਾਮਜ਼ਦ ਕੀਤੇ ਜਾਂਦੇ ਹਨ। ਕਮੇਟੀ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ। ਕਮੇਟੀ ਦੀ ਐਕਜ਼ੈਕਟਿਵ ਕਮੇਟੀ ਵਿਚ ਪੰਦਰਾਂ ਮੈਂਬਰ ਹੁੰਦੇ ਹਨ ਜਿਨ੍ਹਾਂ ਵਿਚ ਕਮੇਟੀ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕੱਤਰ ਸਮੇਤ 10 ਹੋਰ ਕਮੇਟੀ ਮੈਂਬਰ ਸ਼ਾਮਲ ਹੁੰਦੇ ਹਨ।