ਦਿੱਲੀ ਦੀ ਵਿਦਿਆਰਥੀ ਸਿਆਸਤ ਇਕ ਵਾਰ ਫਿਰ ਦੇਸ਼ ਭਗਤੀ ਅਤੇ ਦੇਸ਼ ਧ੍ਰੋਹ ਦੇ ਮਸਲੇ ਨਾਲ ਦੋ-ਚਾਰ ਹੋ ਰਹੀ ਹੈ। ਸਾਲ ਪਹਿਲਾਂ ਵੀ ਇਹੀ ਮਸਲਾ ਉਭਾਰਿਆ ਗਿਆ ਸੀ ਜਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਫਾਂਸੀ ਚਾੜ੍ਹੇ ਕਸ਼ਮੀਰੀ ਨੌਜਵਾਨ ਅਫਜ਼ਲ ਗੁਰੂ ਬਾਰੇ ਸਮਾਗਮ ਰਚਾਉਣ ਦਾ ਯਤਨ ਕੀਤਾ ਸੀ। ਉਸ ਖਿੱਚ-ਧੂਹ ਵਿਚ ਕੁਝ ਵਿਦਿਆਰਥੀ ਆਗੂਆਂ ਖਿਲਾਫ ਦੇਸ਼ ਧ੍ਰੋਹ ਦੇ ਕੇਸ ਵੀ ਦਰਜ ਕੀਤੇ ਗਏ।
ਹੁਣ ਵਾਲਾ ਮਸਲਾ ਇਨ੍ਹਾਂ ਵਿਦਿਆਰਥੀ ਆਗੂਆਂ ਵਿਚੋਂ ਇਕ, ਉਮਰ ਖਾਲਿਦ ਨਾਲ ਜੁੜਿਆ ਹੋਇਆ ਹੈ। ਉਮਰ ਖਾਲਿਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪੀਐਚæਡੀæ ਕਰ ਰਿਹਾ ਹੈ ਅਤੇ ਉਸ ਦਾ ਵਿਸ਼ਾ ਆਦਿਵਾਸੀਆਂ ਦੇ ਸੰਘਰਸ਼ਾਂ ਦੇ ਇਤਿਹਾਸ ਬਾਰੇ ਹੈ। ਰਾਮਜਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ ਜਿਸ ਵਿਚ ਉਮਰ ਖਾਲਿਦ ਨੇ ਆਦਿਵਾਸੀਆਂ ਦੇ ਸੰਘਰਸ਼ ਬਾਰੇ ਭਾਸ਼ਣ ਦੇਣਾ ਸੀ, ਪਰ ਉਥੇ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ) ਨੇ ਖੜ੍ਹੇ ਪੈਰ ਇਸ ਸੈਮੀਨਾਰ ਦਾ ਵਿਰੋਧ ਕੀਤਾ। ਉਸ ਵਕਤ ਕੀਤੀ ਬੁਰਛਾਗਰਦੀ ਕਾਰਨ ਕਾਲਜ ਦੇ ਪ੍ਰਿੰਸੀਪਲ ਨੇ ਸੈਮੀਨਰ ਰੱਦ ਕਰ ਦਿੱਤਾ। ਸੈਮੀਨਾਰ ਕਰਵਾ ਰਹੀ ਜਥੇਬੰਦੀ ਨਾਲ ਜੁੜੇ ਵਿਦਿਆਰਥੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਵਾਜ਼ ਇਸ ਤਰ੍ਹਾਂ ਬੰਦ ਨਹੀਂ ਕੀਤੀ ਜਾਣੀ ਚਾਹੀਦੀ। ਇਸ ‘ਤੇ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ ਵਿਦਿਆਰਥੀਆਂ ਨੇ ਹੱਲਾ ਬੋਲ ਦਿੱਤਾ। ਸਿਤਮਜ਼ਰੀਫੀ ਇਹ ਕਿ ਉਥੇ ਦੰਗਾ ਰੋਕਣ ਗਈ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਖਲੋਤੀ ਰਹੀ ਅਤੇ ਵਿਦਿਆਰਥੀ ਪ੍ਰੀਸ਼ਦ ਵਾਲਿਆਂ ਨੇ ਸੈਮੀਨਾਰ ਕਰਵਾਉਣ ਵਾਲੀ ਧਿਰ ਨਾਲ ਜੁੜੇ ਵਿਦਿਆਰਥੀਆਂ ਦੀ ਕੁੱਟ-ਮਾਰ ਕੀਤੀ। ਹੋਰ ਤਾਂ ਹੋਰ, ਅਧਿਆਪਕਾਂ ਨੂੰ ਵੀ ਬਖਸ਼ਿਆ ਨਾ ਗਿਆ। ਇਸੇ ਬੁਰਛਾਗਰਦੀ ਕਾਰਨ ਦਿੱਲੀ ਦੇ ਖਾਲਸਾ ਕਾਲਜ ਵਿਚ ਨਾਟਕਾਂ ਦਾ ਪ੍ਰੋਗਰਾਮ ਮੁਤਲਵੀ ਕਰ ਦਿੱਤਾ ਗਿਆ। ਵਿਦਿਆਰਥੀ ਪ੍ਰੀਸ਼ਦ ਵਾਲੇ ਮੰਗ ਕਰ ਰਹੇ ਸਨ ਕਿ ਜੇ ਨਾਟਕ ਕਰਵਾਉਣੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਨਾਟਕਾਂ ਦੀ ਪਟਕਥਾ ਦਿਖਾਈ ਜਾਵੇ। ਪ੍ਰਿੰਸੀਪਲ ਨੇ ਭਾਵੇਂ ਇਹ ਕਹਿ ਕੇ ਪ੍ਰੋਗਰਾਮ ਮੁਲਤਵੀ ਕੀਤਾ ਹੈ ਕਿ ਹਾਲਾਤ ਸਾਜ਼ਗਾਰ ਨਹੀਂ, ਪਰ ਅਸਲੀਅਤ ਇਹ ਹੈ ਕਿ ਵਿਦਿਆਰਥੀ ਪ੍ਰੀਸ਼ਦ ਵਾਲੇ ਧਮਕੀ ਦੇ ਕੇ ਗਏ ਸਨ ਕਿ ਕਮਿਊਨਿਸਟਾਂ ਨਾਲ ਜੁੜੀਆਂ ਜਥੇਬੰਦੀਆਂ ਜਾਂ ਨਾਟਕ ਮੰਡਲੀਆਂ ਦੇ ਨਾਟਕ ਹੋਣ ਨਹੀਂ ਦਿੱਤੇ ਜਾਣਗੇ।
ਦਰਅਸਲ ਜਦੋਂ ਤੋਂ ਕੇਂਦਰ ਵਿਚ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਕਾਇਮ ਹੋਈ ਹੈ, ਵੱਖ ਵੱਖ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਦੇਸ਼ ਭਗਤੀ ਜਾਂ ਰਾਸ਼ਟਰਵਾਦ ਦੇ ਨਾਂ ਉਤੇ ਵਿਚਾਰਾਂ ਦੀ ਆਜ਼ਾਦੀ ਉਤੇ ਪਾਬੰਦੀ ਲਾਈ ਜਾ ਰਹੀ ਹੈ। ਇੰਦੌਰ ਦੀ ਹੋਲਕਰ ਯੂਨੀਵਰਸਿਟੀ ਵਿਚ ‘ਰਾਸ਼ਟਰਵਾਦ ਦੀਆਂ ਸੀਮਾਵਾਂ’ ਵਿਸ਼ੇ ਉਤੇ ਚਰਚਾ ਰੱਦ ਕਰਵਾ ਦਿੱਤੀ ਗਈ। ਗਵਾਲੀਅਰ ਯੂਨੀਵਰਸਿਟੀ ਵਿਚ ਸੰਘ ਪਰਿਵਾਰ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਪ੍ਰੋਫ਼ੈਸਰ ਦੀ ਕੁੱਟਮਾਰ ਕੀਤੀ ਗਈ। ਮਹਿੰਦਰਗੜ੍ਹ (ਹਰਿਆਣਾ) ਵਿਚ ਉਘੀ ਬੰਗਲਾ ਲਿਖਾਰੀ ਮਹਾਸ਼ਵੇਤਾ ਦੇਵੀ ਦੇ ਨਾਟਕ ‘ਦਰੋਪਦੀ’ ਦੇ ਮੰਚਨ ਖਿਲਾਫ ਵਿਖਾਵਾ ਕੀਤਾ ਗਿਆ। ਹਾਲ ਹੀ ਵਿਚ ਜੋਧਪੁਰ (ਰਾਜਸਥਾਨ) ਦੀ ਜੈ ਨਾਰਾਇਣ ਵਿਆਸ ਯੂਨੀਵਰਸਿਟੀ ਵਿਚ ਕਸ਼ਮੀਰ ਬਾਰੇ ਅਕਾਦਮਿਕ ਬਹਿਸ ਹੀ ਨਹੀਂ ਹੋਣ ਦਿੱਤੀ ਗਈ। ਹੋਰ ਤਾਂ ਹੋਰ ਇਸ ਪ੍ਰੋਗਰਾਮ ਦੀ ਪ੍ਰਬੰਧਕ ਪ੍ਰੋਫੈਸਰ ਨੂੰ ਮੁਅੱਤਲ ਤੱਕ ਕਰ ਦਿੱਤਾ ਗਿਆ। ਯਾਦ ਰਹੇ, ਰਾਜਸਥਾਨ ਵਿਚ ਭਾਜਪਾ ਦੀ ਸਰਕਾਰ ਹੈ। ਲੇਡੀ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਗੁਰਮਿਹਰ ਕੌਰ ਨੇ ਇਸ ਬੁਰਛਾਗਰਦੀ ਖਿਲਾਫ ਮੁਹਿੰਮ ਛੇੜੀ ਤਾਂ ਬੁਰਛਾਗਰਦਾਂ ਦਾ ਟੋਲਾ ਉਹਦੇ ਮਗਰ ਪੈ ਗਿਆ। ਉਸ ਨੂੰ ਮਾਰ ਦੇਣ ਤੋਂ ਇਲਾਵਾ ਬਲਾਤਕਾਰ ਤੱਕ ਦੀ ਧਮਕੀ ਦਿੱਤੀ ਗਈ। ਉਸ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੋਂ ਨਹੀਂ ਡਰਦੀ। ਗੁਰਮਿਹਰ ਦਾ ਪਿਤਾ ਕੈਪਟਨ ਮਨਦੀਪ ਸਿੰਘ ਕਾਰਗਿਲ ਜੰਗ ਦੌਰਾਨ ਮਾਰਿਆ ਗਿਆ ਸੀ। ਵਿਰੋਧੀਆਂ ਨੇ ਗੁਰਮਿਹਰ ਵੱਲੋਂ ਸਾਲ ਪਹਿਲਾਂ ਯੂਟਿਊਬ ‘ਤੇ ਪਾਈ ਉਹ ਵੀਡੀਓ ਕੱਢ ਲਿਆਂਦੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ। ਇਸ ‘ਤੇ ਉਘੇ ਕ੍ਰਿਕਟ ਖਿਡਾਰੀ ਵਰੇਂਦਰ ਸਹਿਵਾਗ ਅਤੇ ਅਦਾਕਾਰ ਰਣਦੀਪ ਹੁੱਡਾ ਨੇ ਉਸ ਦਾ ਮਜ਼ਾਕ ਵੀ ਉਡਾਇਆ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਵੀ ਪਿਛੇ ਨਹੀਂ ਰਹੇ। ਉਨ੍ਹਾਂ ਬਿਨਾ ਕਿਸੇ ਤਰਕ ਦੇ ਇਹ ਸਵਾਲ ਉਛਾਲ ਦਿੱਤਾ ਕਿ ਇਸ ਕੁੜੀ ਦੀ ਸੋਚ ਨੂੰ ਕੌਣ ਦੂਸ਼ਿਤ ਕਰ ਰਿਹਾ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਮੁਲਕ ਦੇ ਖਿਲਾਫ ਕੋਈ ਵੀ ਨੁਕਤਾਚੀਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਵਿਦਿਅਕ ਅਦਾਰਿਆਂ ਨੂੰ ਰਾਸ਼ਟਰ ਵਿਰੋਧੀ ਸਰਗਰਮੀਆਂ ਦਾ ਧੁਰਾ ਨਹੀਂ ਬਣਨ ਦਿੱਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਤਾਂ ਲੰਡਨ ਬੈਠਿਆਂ ਹੀ ਇਹ ਕਹਿ ਸੁਣਾਇਆ ਕਿ ਭਾਰਤ ਸਰਕਾਰ ਸਵੈ-ਪ੍ਰਗਟਾਵੇ ਦੀ ਆਜ਼ਾਦੀ ਦੀ ਤਾਂ ਮੁਦੱਈ ਹੈ, ਪਰ ਇਹ ਆਜ਼ਾਦੀ ਦੇਸ਼ ਦੀ ਪ੍ਰਭੂਸੱਤਾ ਲਈ ਖਤਰਾ ਨਹੀਂ ਬਣਨੀ ਚਾਹੀਦੀ ਅਤੇ ਜਦੋਂ ਵੱਖਵਾਦੀ ਤੇ ਤੱਤੇ ਖੱਬੇ-ਪੱਖੀ (ਮਾਓਵਾਦੀ) ਇੱਕੋ ਭਾਸ਼ਾ ਬੋਲ ਰਹੇ ਹੋਣ, ਉਦੋਂ ਉਨ੍ਹਾਂ ਨੂੰ ਠੋਕਵਾਂ ਜਵਾਬ ਦੇਣਾ ਜਾਇਜ਼ ਹੈ, ਪਰ ਸਵਾਲ ਇਹ ਹੈ, ਕੀ ਰਾਸ਼ਟਰਵਾਦ ਜਾਂ ਦੇਸ਼ ਭਗਤੀ ਦੇ ਪਰਦੇ ਹੇਠ ਇਸ ਤਰ੍ਹਾਂ ਦੀ ਬੁਰਛਾਗਰਦੀ ਬੰਦ ਨਹੀਂ ਹੋਣੀ ਚਾਹੀਦੀ? ਕਿਸੇ ਵੀ ਸਮਾਜ ਦੀ ਮਜ਼ਬੂਤੀ ਦਾ ਅਹਿਮ ਆਧਾਰ ਵੰਨ-ਸੁਵੰਨਤਾ ਹੁੰਦੀ ਹੈ ਜਿਸ ਤੋਂ ਬਗੈਰ ਸਮਾਜ ਜਾਂ ਸਰਕਾਰ ਦੇ ਸਾਰੇ ਰਾਹ ਤਾਨਾਸ਼ਾਹੀ ਵੱਲ ਹੀ ਜਾਂਦੇ ਹਨ। ਅਜਿਹੇ ਰਾਹਾਂ ਦਾ ਜਿੰਨੀ ਤਾਕਤ ਨਾਲ ਵਿਰੋਧ ਕੀਤਾ ਜਾਵੇ, ਥੋੜ੍ਹਾ ਹੈ। ਜਮਹੂਰੀ ਕਦਰਾਂ-ਕੀਮਤਾਂ ਦੀ ਵੱਢ-ਟੁੱਕ ਕਰਨ ਵਾਲੇ ਕਿਸੇ ਵੀ ਸਮਾਜ ਜਾਂ ਸਰਕਾਰ ਉਤੇ ਸਵਾਲੀਆ ਨਿਸ਼ਾਨ ਲੱਗਣਾ ਹੀ ਚਾਹੀਦਾ ਹੈ।