ਚੰਡੀਗੜ੍ਹ: ਖੰਨਾ ਦੇ ਪਿੰਡ ਜਗੇੜਾ ਦੇ ਨਾਮ ਚਰਚਾ ਘਰ ਵਿਚ ਡੇਰਾ ਸਿਰਸਾ ਦੇ ਪ੍ਰੇਮੀ ਪਿਉ-ਪੁੱਤ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਹੱਤਿਆ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿਚ ਡੇਰਾ ਪ੍ਰੇਮੀਆਂ ਤੇ ਕੁਝ ਸਿੱਖ ਜਥੇਬੰਦੀਆਂ ਦਰਮਿਆਨ ਝੜਪਾਂ ਨੇ ਸੂਬੇ ਦਾ ਮਾਹੌਲ ਇਕ ਵਾਰ ਫਿਰ ਤਲਖ਼ ਕਰ ਦਿੱਤਾ ਹੈ। ਰੋਹ ਵਿਚ ਆਏ ਡੇਰਾ ਪ੍ਰੇਮੀਆਂ ਨੇ ਲਾਸ਼ਾਂ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਪਿੱਛੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਦੂਰ ਦੁਰਾਡੇ ਤੋਂ ਆਉਣੇ ਸ਼ੁਰੂ ਹੋ ਗਏ। ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਦੰਗਾ ਵਿਰੋਧੀ ਦਸਤੇ ਵੀ ਬੁਲਾਏ ਗਏ।
ਇਨ੍ਹਾਂ ਘਟਨਾਵਾਂ ਨੇ ਸੂਬੇ ਵਿਚ ਮਾੜੀ ਕਾਨੂੰਨ ਵਿਵਸਥਾ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਦਹਾਕੇ ਭਰ ਤੋਂ ਪੰਜਾਬ ਵਿਚ ਡੇਰਾ ਪ੍ਰੇਮੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਨਾਮ ਚਰਚਾਵਾਂ ਵਿਵਾਦਾਂ ਵਿਚ ਹਨ। ਡੇਰਾ ਸਿਰਸਾ ਦਾ ਪੰਜਾਬ ਵਿਚਲਾ ਮੁੱਖ ਡੇਰਾ ਸਲਾਬਤਪੁਰਾ ਵਿਖੇ ਹੈ। ਬਠਿੰਡਾ ਜ਼ਿਲ੍ਹੇ ਵਿਚ ਡੇਰਾ ਸਿਰਸਾ ਦੇ ਕਰੀਬ ਅੱਠ ਨਾਮ ਚਰਚਾ ਘਰ ਹਨ। ਬਠਿੰਡਾ ਵਿਚ ਮਈ 2007 ਵਿਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਵਿਵਾਦ ਛਿੜਿਆ ਸੀ। ਉਦੋਂ ਤੋਂ ਹੁਣ ਤੱਕ ਚਾਰ ਡੇਰਾ ਪ੍ਰੇਮੀਆਂ ਦੇ ਕਤਲ ਹੋ ਚੁੱਕੇ ਹਨ, ਜਦੋਂਕਿ ਤਿੰਨ ਪੈਰੋਕਾਰਾਂ ਨੇ ਰੋਸ ਵਜੋਂ ਖੁਦਕੁਸ਼ੀ ਕੀਤੀ ਸੀ। ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਵੱਲੋਂ ਇਕ ਸਿਆਸੀ ਪਾਰਟੀ ਨੂੰ ਹਮਾਇਤ ਦੇ ਐਲਾਨ ਨਾਲ ਪਹਿਲਾਂ ਹੀ ਇਸ ਮੁੱਦੇ ‘ਤੇ ਧੁਖ ਰਿਹਾ ਵਿਵਾਦ ਹੋਰ ਤੇਜ਼ ਹੋ ਗਿਆ ਸੀ।
ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮੋੜ ਵਿਖੇ ਕਾਂਗਰਸ ਦੇ ਉਮੀਦਵਾਰ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਉਪਰ ਵੀ ਕਾਤਲਾਨਾ ਹਮਲਾ ਹੋਇਆ ਸੀ। ਇਸ ਹਮਲੇ ਵਿਚ ਕਈ ਮਾਸੂਮ ਜਿੰਦਾ ਜਾਨ ਗੁਆ ਚੁੱਕੀਆਂ ਹਨ। ਡੇਰੇ ਨਾਲ ਸਿੱਖ ਜਥੇਬੰਦੀਆਂ ਦਾ ਵਿਵਾਦ 2007 ਦੌਰਾਨ ਪਹਿਲੀ ਵਾਰ ਉਸ ਵੇਲੇ ਸਾਹਮਣੇ ਆਇਆ ਸੀ ਜਦ ਡੇਰਾ ਮੁਖੀ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਉਹੀ ਦੌਰ ਹੁਣ ਦਸ ਵਰ੍ਹਿਆਂ ਪਿੱਛੋਂ ਫਿਰ ਦੇਖਣ ਨੂੰ ਮਿਲ ਰਿਹਾ ਹੈ।
ਸੂਬਾ ਸਰਕਾਰ ਅਤੇ ਪੁਲਿਸ ਪਹਿਲਾਂ ਹੀ ਨਾਮਧਾਰੀ ਆਗੂ ਮਾਤਾ ਚੰਦ ਕੌਰ ਦੀ ਹੱਤਿਆ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਉਤੇ ਕਾਤਲਾਨਾ ਹਮਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਦਰਜਨਾਂ ਘਟਨਾਵਾਂ ਅਤੇ ਸ਼ਿਵ ਸੈਨਾ ਵਰਕਰਾਂ ‘ਤੇ ਹੋਏ ਹਮਲਿਆਂ ਦੇ ਦੋਸ਼ੀਆਂ ਦੀ ਉਘ-ਸੁਘ ਨਾ ਲਾ ਸਕਣ ਕਾਰਨ ਕਟਹਿਰੇ ਵਿਚ ਖੜ੍ਹੀਆਂ ਹਨ। ਮੌਜੂਦਾ ਘਟਨਾਵਾਂ ਇਨ੍ਹਾਂ ਦੇ ਹੋਰ ਵੀ ਅਸਫਲ ਰਹਿਣ ਦੀ ਕਹਾਣੀ ਕਹਿ ਰਹੀਆਂ ਹਨ। ਇਨ੍ਹਾਂ ਫਿਰਕੂ ਘਟਨਾਵਾਂ ਨੇ ਹੀ ਨਹੀਂ, ਬਲਕਿ ਸੂਬੇ ਵਿਚ ਗੈਂਗਸਟਰਾਂ ਦੇ ਖੌਫ਼ ਅਤੇ ਲੁੱਟ ਮਾਰ ਦੀਆਂ ਘਟਨਾਵਾਂ ਨੇ ਵੀ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।
ਡੇਰਾ ਸਿਰਸਾ ਨਾਲ ਸਬੰਧਤ ਇਹ ਘਟਨਾਵਾਂ ਕੁਝ ਸੌੜੇ ਸਿਆਸੀ ਵਰਤਾਰਿਆਂ ਵੱਲ ਵੀ ਇਸ਼ਾਰਾ ਕਰਦੀਆਂ ਹਨ, ਕਿਉਂਕਿ ਇਹ ਘਟਨਾਵਾਂ ਉਸ ਸਮੇਂ ਵਾਪਰ ਰਹੀਆਂ ਹਨ ਜਦੋਂ ਪੰਜਾਬ ਸੰਭਾਵੀ ਸਿਆਸੀ ਉਥਲ-ਪੁਥਲ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕੁਝ ਸਿਆਸੀ ਚਿੰਤਕਾਂ ਵੱਲੋਂ ਇਨ੍ਹਾਂ ਘਟਨਾਵਾਂ ਅਤੇ ਚੌਟਾਲਿਆਂ ਦੁਆਰਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਉਭਾਰਨਾ ਅਗਲੀ ਨਵੀਂ ਸਰਕਾਰ ਨੂੰ ਸ਼ੁਰੂਆਤ ਵਿਚ ਹੀ ਸਮੱਸਿਆਵਾਂ ਵਿਚ ਪਾਉਣ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ।