ਚੋਣਾਂ, ਆਮ ਆਦਮੀ ਪਾਰਟੀ ਅਤੇ ਪੰਜਾਬ ਦਾ ਭਵਿੱਖ

ਪੰਜਾਬ ਵਿਚ ਆਮ ਕਿਆਫੇ ਹਨ ਕਿ 11 ਮਾਰਚ ਤੋਂ ਬਾਅਦ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸਾਂ ਵੀ ਬਹੁਤ ਹਨ ਪਰ ਇਹ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕੁਝ ਮੋਢੀ ਲੀਡਰਾਂ ਨੂੰ ਪਾਰਟੀ ‘ਚੋ ਕੱਢਿਆ, ਉਸ ਦਾ ਮਨੋਰਥ ਚੋਣਾਂ ਜਿੱਤ ਕੇ ਇਸ ਦਾ ਸਿਹਰਾ ਆਪਣੇ ਸਿਰ ਲੈਣਾ ਹੀ ਤਾਂ ਨਹੀਂ ਸੀ?

ਕੀ ਇਹ ਸਭ ਪੰਜਾਬ ਦੇ ਹੱਕ ਵਿਚ ਜਾਏਗਾ? ਇਹ ਸਵਾਲ ਹਨ ਜੋ ਇਸ ਲੇਖ ਵਿਚ ਮਝੈਲ ਸਿੰਘ ਸਰਾਂ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਉਠਾਏ ਹਨ। -ਸੰਪਾਦਕ

ਮਝੈਲ ਸਿੰਘ ਸਰਾਂ
ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿਚ ਚੜ੍ਹਿਆ ਦੂਸ਼ਣਬਾਜ਼ੀ, ਸਿਆਸੀ ਲਲਕਾਰਿਆਂ, ਗੱਪਾਂ, ਰਿਆਇਤਾਂ, ਖੈਰਾਤਾਂ ਦਾ ਗੁਬਾਰ 4 ਫਰਵਰੀ ਨੂੰ ਉਤਰ ਗਿਆ। ਇਹਦੀ ਗਰਦ ਕਿਹੜੇ ਪਾਸੇ ਬੈਠੂ, ਇਹ ਤਾਂ ਪਤਾ ਲੱਗੂ 11 ਮਾਰਚ ਨੂੰ ਵੋਟਾਂ ਦੇ ਨਤੀਜੇ ਆਉਣ ‘ਤੇ। ਭਾਵੇਂ ਕਿਆਸ ਲੱਗ ਰਹੇ ਨੇ ਕਿ ਇਸ ਵਾਰ ਝਾੜੂ ਫਿਰ ਜਾਊ, ਪਰ ਮੇਰੇ ਵਰਗੇ ਕੁਝ ਲੋਕਾਂ ਨੂੰ ਖਦਸ਼ਾ ਸਤਾ ਰਿਹਾ ਹੈ ਕਿ ਕਿਤੇ ਇਸ ਝਾੜੂ ਨਾਲ ਪੰਜਾਬ ਵੀ ਨਾ ਹੂੰਝਿਆ ਜਾਵੇ ਪਹਿਲਾਂ ਦੀ ਤਰ੍ਹਾਂ ਹੀ। ਵੱਡਾ ਕਾਰਨ ਹੈ ਕਿ ਦਿੱਲੀ ਦੀ ਸੁਰ ਪੰਜਾਬ ਨਾਲ ਘੱਟ ਹੀ ਬੈਠਦੀ ਆ, ਬਾਵਜੂਦ ਇਸ ਦੇ ਕਿ ਪੰਜਾਬ ਚਾਹੁੰਦਾ ਰਿਹਾ ਹੈ, ਇਸ ਨਾਲ ਬਣਾ ਕੇ ਰੱਖਣੀ। ਮਿੱਠੀਆਂ ਗੱਲਾਂ ਬਹੁਤ ਸੁਣਾਉਂਦੀ ਆ ਦਿੱਲੀ ਪਰ ਮਿੱਠਾ ਪਰੋਸਦੀ ਨਹੀਂ ਛੇਤੀ ਕੀਤੇ। ਆਪ ਨਸ਼ਤਰ ਮਾਰ ਕੇ ਜ਼ਖਮ ਦਿੰਦੀ ਆ, ਫਿਰ ਉਂਗਲੀ ਕਿਸੇ ਹੋਰ ਵੱਲ ਕਰਕੇ ਖੁਦ ਨੂੰ ਬੇਕਸੂਰ ਦੱਸਦੀ ਆ। ਬਹੁਤ ਸਲੀਕੇ ਨਾਲ ਮਿੱਠੇ ‘ਚ ਲਪੇਟ ਕੇ ਜ਼ਹਿਰ ਦੇਣ ਦਾ ਵੱਲ ਇਹਨੂੰ ਆਉਂਦਾ, ਵਡਿਆ ਕੇ ਪਲੋਸ ਕੇ ਧੋਬੀ ਪਟਕਾ ਮਾਰਨ ‘ਚ ਪੂਰੀ ਤਰ੍ਹਾਂ ਮਾਹਿਰ ਹੈ, ਦਿੱਲੀ।
ਭਾਵਨਾਵਾਂ ਉਕਸਾ ਕੇ ਉਨ੍ਹਾਂ ਦਾ ਕਤਲ ਕਰਨਾ ਇਹਨੂੰ ਬਾਖੂਬੀ ਆਉਂਦਾ, ਘੁਸਪੈਠ ਕਰਨ ਵਿਚ ਇਹਦਾ ਕੋਈ ਸਾਨੀ ਨਹੀਂ। ਪੰਜਾਬੀਆਂ ਦਾ ਭੋਲਾਪਨ ਬੜਾ ਰਾਸ ਆਉਂਦਾ ਇਹਨੂੰ, ਐਡਾ ਵੱਡਾ ਭੋਲਾਪਣ ਕਿ ਜਿਸ ਇਨਸਾਨ ਨੂੰ ਪੰਥਕ ਜਾਣ ਕੇ ਮੁੜ ਮੁੜ ਰਾਜ ਤਖਤ ‘ਤੇ ਬਿਠਾਉਂਦੇ ਰਹੇ, ਉਹ ਹੀ ਪੰਥ ਦੀਆਂ ਜੜ੍ਹਾਂ ਵੱਢਦਾ ਰਿਹਾ ਤੇ ਇਹ ਸਮਝ ਹੀ ਨਾ ਸਕੇ, ਉਹਦੀ ਨੀਅਤ ਦੇ ਖੋਟ ਨੂੰ। ਇਹੋ ਜਿਹੇ ਭੋਲੇ ਬੰਦਿਆਂ ਨੂੰ ਮਗਰ ਲਾਉਣਾ ਤਾਂ ਦਿੱਲੀ ਦੇ ਖੱਬੇ ਹੱਥ ਦੀ ਖੇਡ ਹੈ। ਬਸ ਖਦਸ਼ਾ ਇਹੋ ਹੈ ਕਿ ਕਿਤੇ ਇਨ੍ਹਾਂ ਦੇ ਇਸ ਭੋਲੇਪਣ ਦਾ ਨਾਜਾਇਜ਼ ਫਾਇਦਾ ਨਾ ਕੋਈ ਲੈ ਜਾਵੇ ਇਨ੍ਹਾਂ ਵੋਟਾਂ ਵਿਚ, ਜੋ ਅਕਸਰ ਹੁੰਦਾ ਰਿਹਾ ਹੈ ਅੱਜ ਤਕ।
ਇਸ ਵਾਰ ਦੀਆਂ ਵੋਟਾਂ ਵਿਚ ਕੁਝ ਥੋੜਾ ਵੱਖਰਾ ਵੀ ਹੋਇਆ, ਲੋਕ ਖਾਸ ਕਰਕੇ ਪੇਂਡੂ ਤੇ ਉਹ ਵੀ ਸਿੱਖ, ਇੱਕ ਤਰ੍ਹਾਂ ਸਤੇ ਪਏ ਸੀ ਬਾਦਲ ਜੁੰਡਲੀ ਤੋਂ, ਉਹਦਾ ਅਸਰ ਖੁਦ ਬਾਦਲ ਨੂੰ ਝੱਲਣਾ ਪਿਆ ਆਪਣੇ ਹੀ ਹਲਕੇ ਵਿਚ। ਜਿਹੜਾ ਇਨਸਾਨ ਸਿਆਸਤ ਦੀ ਪੀਐਚæਡੀæ ਡਿਗਰੀ ਕਰਨ ਦਾ ਭਰਮ ਪਾਲੀ ਬੈਠਾ ਸੀ ਤੇ ਫਖਰ-ਏ-ਕੌਮ ਦਾ ਖਿਤਾਬ ਲਈ ਬੈਠਾ ਸੀ, ਉਹ ਆਪਣੇ ਹੀ ਪਿੰਡਾਂ ਦੇ ਸਾਧਾਰਨ ਲੋਕਾਂ ਦੀ ਸਿੱਧੀ ਜਿਹੀ ਸਿਆਸਤ ਨਾ ਸਮਝ ਸਕਿਆ ਕਿ ਉਮਰ ਦੇ ਐਸ ਪੜਾਅ ‘ਤੇ ਉਹਦੇ ‘ਤੇ ਜੁੱਤੀ ਵੀ ਸੁੱਟੀ ਜਾ ਸਕਦੀ! ਇਸ ਲਈ ਉਹ ਖੁਦ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ, ਫਿਰ ਉਹਦਾ ਗੱਪੀ ਪੁੱਤ ਤੇ ਉਹਦੀ ਬੜਬੋਲੀ ਨੂੰਹ ਹਰਸਿਮਰਤ ਵੱਧ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਮੂੰਹੋਂ ਸਦਾ ਅੱਗ ਹੀ ਨਿਕਲਦੀ ਆ, ਕਦੇ ਸਿਆਣੀ ਤੇ ਦਾਨੀ ਗੱਲ ਨਹੀਂ ਕੀਤੀ ਇਨ੍ਹਾਂ ਨੇ।
ਇਨ੍ਹਾਂ ਵੋਟਾਂ ਵਿਚ ਜਿੰਨੀ ਨਫਰਤ ਅਕਾਲੀ ਲਫਜ਼ ਨਾਲ ਹੋਈ, ਸ਼ਾਇਦ ਹੀ ਕਦੇ ਕਿਸੇ ਹੋਰ ਨਾਲ ਪੰਜਾਬੀਆਂ ਨੇ ਕੀਤੀ ਹੋਵੇ। ਉਤੋਂ ਤ੍ਰਾਸਦੀ ਇਹ ਕਿ ਨਫਰਤ ਕਰਨ ਵਾਲਿਆਂ ਵਿਚ ਖੁਦ ਅਕਾਲੀ ਰਹਿ ਚੁੱਕੇ ਸਿੱਖ ਬਹੁਤੇ ਹਨ। ਜਿਸ ਅਕਾਲੀ ਕਹਾਉਣ ‘ਤੇ ਸਾਡੇ ਬਜ਼ੁਰਗ ਸ਼ਾਨ ਸਮਝਦੇ ਰਹੇ, ਉਸ ਨਾਲ ਐਨੀ ਨਫਰਤ ਕਿਸ ਨੇ ਪੈਦਾ ਕੀਤੀ? ਜੁਆਬ ਹੈ, ਬਾਦਲ ਦੇ ਪੁੱਤਰ ਮੋਹ ਨੇ! ਇੱਕ ਸਦੀ ਪਹਿਲਾਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਪੰਥ ਤੇ ਪੰਜਾਬ ਨੂੰ ਸਮਰਪਿਤ ਅਕਾਲੀ ਪਾਰਟੀ, ਜੋ ਦਿੱਲੀ ਨੂੰ ਟਿੱਚ ਕਰਕੇ ਜਾਣਦੀ ਰਹੀ, ਇਨ੍ਹਾਂ ਬਾਦਲਾਂ ਨੇ ਆਪਣੇ ਟੱਬਰ ਖਾਤਿਰ ਦਿੱਲੀ ਦੀ ਰਖੇਲ ਬਣਾ ਧਰੀ। ਬਾਦਲ ਨੇ ਵਾਗਡੋਰ ਆਪਣੇ ਨਾਲਾਇਕ ਤੇ ਪੰਥਕ ਗੁਣਾਂ ਤੋਂ ਵਿਹੂਣੇ ਪੁੱਤ ਦੇ ਹੱਥਾਂ ‘ਚ ਦੇ ਕੇ ਸਿੱਖ ਕੌਮ ਅਤੇ ਪੰਜਾਬ ਨਾਲ ਹੀ ਵੱਡਾ ਧ੍ਰੋਹ ਨਹੀਂ ਕਮਾਇਆ ਸਗੋਂ ਇੱਕ ਸਦੀ ਦੇ ਅਕਾਲੀ ਮਰਜੀਵੜਿਆਂ ਦੀ ਤੌਹੀਨ ਵੀ ਕੀਤੀ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਖੜ੍ਹ ਕੇ ਸ਼ਹਾਦਤ ਦਾ ਜ਼ਾਮ ਪੀਤਾ। ਨਾ ਮੁਆਫੀਯੋਗ ਹੈ, ਇਹ ਕਰਮ ਬਾਦਲ ਦਾ। ਸ਼ਾਇਦ ਇਹ ਵੋਟਾਂ ਬਾਦਲਸ਼ਾਹੀ ਦਾ ਸਦੀਵੀ ਅੰਤ ਹੀ ਸਾਬਿਤ ਹੋ ਜਾਣ।
ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਬੜੀ ਵੱਡੀ ਜਦੋ ਜਹਿਦ ਕਰਨੀ ਪੈਣੀ ਆ ਕਿਉਂਕਿ ਹਾਲਾਤ ਬਦਲ ਗਏ ਨੇ, ਦਿੱਲੀ ਘੁਸਪੈਠ ਜੁ ਕਰ ਗਈ ਆ ਹੁਣ। ਬੜੇ ਟੋਟੇ ਕਰ ਦਿੱਤੇ ਹਨ ਕਿਸੇ ਚਾਲ ਤਹਿਤ ਤੇ ਅਸੀਂ ਪੰਜਾਬੀ ਇਸ ਨੂੰ ਸਮਝਦੇ ਹੋਏ ਵੀ ਲਾਚਾਰ ਬਣੇ ਬੈਠੇ ਹਾਂ ਕਿ ਕੀ ਕਰੀਏ! ਦਰਅਸਲ ਆਪਣੇ ਹੀ ਲੀਡਰਾਂ ਦੇ ਵਿਕਾਊਪੁਣੇ, ਖੁਦਗਰਜ਼ੀ, ਲਾਲਚ ਤੇ ਦੋਗਲੇ ਕਿਰਦਾਰ ਨੇ ਮਾਰ ਲਿਆ ਪੰਜਾਬੀਆਂ ਨੂੰ। ਅਕਾਲੀ ਦਲ ਨੂੰ ਸੁਰਜੀਤ ਕਰਨ ਤੋਂ ਮੇਰਾ ਮਤਲਬ, ਉਹ ਪਾਰਟੀ ਜੋ ਪੰਜਾਬ ਨੂੰ ਪੰਜਾਬ ਬਣਾ ਕੇ ਗੁਰਾਂ ਦੇ ਨਾਮ ‘ਤੇ ਵਸਦਾ ਰੱਖੇ, ਜਿਸ ‘ਤੇ ਮਲੂਕਿਆਂ, ਮਜੀਠਿਆਂ, ਤੋਤਿਆਂ, ਗੱਪੀ ਵਰਗਿਆਂ ਦਾ ਪਰਛਾਵਾਂ ਨਾ ਪੈ ਸਕੇ।
ਪੰਜਾਬੀਆਂ ਦਾ ਇਤਿਹਾਸ ਕਰੀਬ ਇੱਕੋ ਜਿਹਾ ਹੀ ਚੱਲ ਰਿਹਾ। ਇਨ੍ਹਾਂ ਵਿਚ ਬਹਾਦਰੀ ਤੇ ਵਫਾ ਬੇਮਿਸਾਲ ਹੈ। ਕਿਸੇ ‘ਤੇ ਆਈ ਮੁਸੀਬਤ ਆਪਣੇ ਪਿੰਡੇ ‘ਤੇ ਲੈਣ ਤੋਂ ਨਹੀਂ ਹਿਚਕਦੇ। ਇਹ ਬਰਕਤ ਇਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਤੋਂ ਮਿਲੀ ਹੈ। ਇਹੋ ਗੁਣ ਸਭ ਤੋਂ ਵਖਰਿਆਉਂਦਾ ਵੀ ਹੈ। ਐਡਾ ਵੱਡਾ ਗੁਣ ਹੋਣ ਦੇ ਬਾਵਜੂਦ ਵੱਡੀ ਘਾਟ ਇਹ ਹੈ ਕਿ ਆਪਣੇ ਹੀ ਪੰਜਾਬ ਦੇ ਜੰਮੇ ਪੁੱਤ ਦੀ ਕਮਾਂਡ ਹੇਠ ਨਹੀਂ ਲੜ ਸਕਦੇ, ਇਨ੍ਹਾਂ ਵੋਟਾਂ ਨੇ ਇਹ ਫਿਰ ਸਾਬਿਤ ਕਰ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਅੰਗਰੇਜ਼ਾਂ ਦੀ ਫੌਜ ਵਾਂਗ ਟਰੇਂਡ ਕਰਨ ਖਾਤਿਰ ਦੋ ਫਰਾਂਸੀਸੀ ਜਰਨੈਲ ਭਰਤੀ ਕੀਤੇ ਪਰ ਜਿਉਂ ਜਿਉਂ ਫੌਜ ਟਰੇਂਡ ਹੁੰਦੀ ਗਈ, ਸਿੱਖ ਜਰਨੈਲਾਂ ਦੀ ਥਾਂ ਪੂਰਬੀਏ ਤੇਜ ਸਿੰਹੁ ਤੇ ਡੋਗਰੇ ਲਾਲ ਸਿੰਹੁ ਵਰਗੇ ਅੱਗੇ ਆਉਂਦੇ ਗਏ, ਉਹ ਵੀ ਪੂਰੀ ਸਿੱਖ ਦਿੱਖ ਵਿਚ ਸਿਰਾਂ ‘ਤੇ ਦਸਤਾਰਾਂ ਸਜਾ ਕੇ। ਖਾਲਸਾ ਦਰਬਾਰ ਵਿਚ ਉਚੀ ਥਾਂ ਬਣਾ ਲਈ ਅਤੇ ਰਣਜੀਤ ਸਿੰਘ ਤੋਂ ਬਾਅਦ ਤਾਂ ਇਹ ਖਾਲਸਾ ਫੌਜ ਦੇ ਕਮਾਂਡਰ ਵੀ ਬਣ ਬੈਠੇ। ਲਾਹੌਰ ਦਰਬਾਰ ਨੂੰ ਇਨ੍ਹਾਂ ‘ਤੇ ਐਨਾ ਭਰੋਸਾ ਸੀ ਕਿ ਦੋਵੇਂ ਐਂਗਲੋ-ਸਿੱਖ ਲੜਾਈਆਂ ਇਨ੍ਹਾਂ ਦੀ ਕਮਾਂਡ ਹੇਠ ਲੜੀਆਂ। ਵਿਸ਼ਵਾਸਘਾਤ ਇਨ੍ਹਾਂ ਇਸ ਕਦਰ ਕੀਤਾ ਕਿ ਜਿੱਤ ਦੇ ਐਨ ਨੇੜੇ ਆਈ ਆਪਣੀ ਹੀ ਫੌਜ ਦੀ ਸੂਹੀਆ ਰਿਪੋਰਟ ਦੁਸ਼ਮਣ ਦੇ ਹਵਾਲੇ ਕਰਕੇ ਸਿੱਖ ਫੌਜ ਵੀ ਮਰਵਾ ਦਿੱਤੀ ਤੇ ਸਿੱਖ ਰਾਜ ਦਾ ਵੀ ਸਦਾ ਲਈ ਅੰਤ ਕਰਵਾ ਦਿੱਤਾ। ਐਸੀਆਂ ਕੁਚਾਲਾਂ ਚੱਲ ਕੇ ਆਪਸ ਵਿਚ ਉਹ ਬੇਵਿਸਾਹੀ ਪੈਦਾ ਕੀਤੀ ਕਿ ਸਿੱਖ ਸਰਦਾਰਾਂ ਦਾ ਕਤਲ ਸਿੱਖ ਸਰਦਾਰਾਂ ਹੱਥੋਂ ਹੀ ਕਰਵਾ ਦਿੱਤਾ। ਕਿਤੇ ਇਹ ਗੱਦਾਰ ਖਾਲਸਾ ਦਰਬਾਰ ‘ਚ ਨਾ ਆਉਂਦੇ ਤਾਂ ਹਿੰਦੁਸਤਾਨ ਦੇ ਨਾਲ ਨਾਲ ਪੰਜਾਬ ਦਾ ਇਤਿਹਾਸ ਵੀ ਕੁਝ ਹੋਰ ਹੋਣਾ ਸੀ। ਸ਼ਾਇਦ 1947 ਵਾਲਾ ਵਰਤਾਰਾ ਵੀ ਨਾ ਵਾਪਰਦਾ ਤੇ ਨਾ ਹੀ 1984 ਵਾਲਾ ਦੁਖਾਂਤ। ਜਿਹੜੀ ਪੰਜਾਬੀਅਤ ਵਾਲੀ ਭਾਈਚਾਰਕ ਸਾਂਝ ਅੱਜ ਤਾਰ ਤਾਰ ਹੋਈ ਪਈ ਆ, ਉਹ ਵੀ ਬਰਕਰਾਰ ਰਹਿੰਦੀ।
ਇਸ ਸਭ ਦਾ ਆਪਾਂ ਸਭ ਨੂੰ ਪਹਿਲਾਂ ਵੀ ਪਤਾ ਹੈ ਪਰ ਇਸ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ 4 ਫਰਵਰੀ ਤੋਂ ਪਹਿਲਾਂ ਜੋ ਪੰਜਾਬ ‘ਚ ਹੁੰਦਾ ਰਿਹਾ, ਉਹ ਇਸ ਦੇ ਨਾਲ ਮਿਲਦਾ-ਜੁਲਦਾ ਹੀ ਹੈ। ਬਾਦਲਾਂ ਤੋਂ ਪੰਜ ਸਾਲ ਪਹਿਲਾਂ ਵੀ ਲੋਕ ਅੱਕੇ ਪਏ ਸੀ। ਉਦੋਂ ਅਕਾਲੀਆਂ ਤੇ ਕਾਂਗਰਸੀਆਂ ਤੋਂ ਲੋਕਾਂ ਦਾ ਖਹਿੜਾ ਛੁਡਵਾਉਣ ਲਈ ਮਨਪ੍ਰੀਤ ਸਿੰਘ ਬਾਦਲ ਉਠਿਆ ਸੀ ਤੇ ਪੰਜਾਬ ਪੀਪਲਜ਼ ਪਾਰਟੀ (ਪੀæਪੀæਪੀæ) ਬਣਾਈ। ਉਹਦਾ ਵੀ ਸਟਾਰ ਭਗਵੰਤ ਮਾਨ ਹੀ ਸੀ, ਅੱਜ ਵਾਲੇ ਹੀ ਮੁੱਦੇ ਸਨ ਪੀæਪੀæਪੀæ ਦੇ ਵੀ। ਲੋਕਾਂ ਨੇ ਹੁੰਗਾਰਾ ਵੀ ਭਰਿਆ ਰੈਲੀਆਂ ਵਿਚ ਪਰ ਵੋਟ ਕਿਉਂ ਨਾ ਪਾਈ? ਮਨਪ੍ਰੀਤ ਦੀ ਪਾਰਟੀ ਤਾਂ ਸੀ ਹੀ ਪੂਰੀ ਦੀ ਪੂਰੀ ਪੰਜਾਬ ਨੂੰ ਸਮਰਪਿਤ। ਉਹ ਤਾਂ ਪੰਜਾਬ ਦੀ ਨਬਜ਼ ਵੀ ਪਛਾਣਦਾ ਸੀ। ਬੋਲਣ ਦੀ ਜਿੰਨੀ ਤਹਿਜ਼ੀਬ ਉਹਨੂੰ ਹੈ, ਪੰਜਾਬ ਦੇ ਕਿਸੇ ਵਿਰਲੇ ਸਿਆਸੀ ਲੀਡਰ ਨੂੰ ਹੀ ਹੈ। ਮਨਪ੍ਰੀਤ ‘ਤੇ ਤਾਂ ਕੋਈ ਸੀਟਾਂ ਵੇਚਣ ਦਾ ਇਲਜ਼ਾਮ ਵੀ ਨਹੀਂ ਸੀ ਲੱਗਾ। ਇਸ ਦੇ ਉਲਟ ਆਮ ਆਦਮੀ ਪਾਰਟੀ (ਆਪ) ਦੇ ਗੈਰ ਪੰਜਾਬੀ ਅਰਵਿੰਦ ਕੇਜਰੀਵਾਲ ਦੀ ਕਮਾਂਡ ਹੇਠ ਪੰਜਾਬੀ ਐਨੇ ਉਤਸ਼ਾਹ ਤੇ ਜਨੂੰਨ ਨਾਲ ਕਿਉਂ ਇੱਕਠੇ ਹੋ ਗਏ? ਉਸ ਦੇ ਕਹੇ ਤੇ ਕੀਤੇ ‘ਤੇ ਕੋਈ ਉਜਰ ਹੀ ਨਹੀਂ ਕੀਤਾ ਪੰਜਾਬੀਆਂ ਨੇ, ਭਾਵੇਂ ਉਹ ਕਈ ਵਾਰੀ ਪੰਜਾਬ ਤੇ ਪੰਜਾਬੀ ਹਿੱਤਾਂ ਦੇ ਖਿਲਾਫ ਵੀ ਜਾਂਦਾ ਦਿਸਦਾ ਸੀ, ਬਲਕਿ ਉਹਨੂੰ ਜਾਇਜ਼ ਠਹਿਰਾਇਆ ਗਿਆ। ਇਸ ਹੱਲਾਸ਼ੇਰੀ ਦਾ ਨਤੀਜਾ ਇਹ ਨਿਕਲਿਆ ਕਿ ਉਹ ਆਪਣੇ ਆਪ ਨੂੰ ਪੰਜਾਬ ਦਾ ਵੀ ਸਿਰਮੌਰ ਲੀਡਰ ਸਮਝ ਕੇ ਇਥੋਂ ਦੇ ਮੋਢੀ ਲੀਡਰਾਂ ਨੂੰ ਪਾਰਟੀ ਤੋਂ ਰੁਖਸਤ ਕਰਨ ਲੱਗ ਪਿਆ। ਇਥੇ ਉਹਦਾ ਡਿਕਟੇਟਰੀ ਸੁਭਾਅ ਤਾਂ ਪ੍ਰਗਟ ਹੋਇਆ ਹੀ, ਨਾਲ ਦੀ ਨਾਲ ਪੰਜਾਬ ਪ੍ਰਤੀ ਕਿਸ ਤਰ੍ਹਾਂ ਦਾ ਮੋਹ ਸੀ ਉਸ ਨੂੰ, ਉਹਦੀ ਝਲਕ ਵੀ ਮਿਲਦੀ ਆ। ਪਹਿਲੀ ਕਤਾਰ ਵਾਲੇ ਲੀਡਰਾਂ ਨੂੰ ਛੱਡ ਕੇ ਦੂਜੀ ਤੀਜੀ ਕਤਾਰ ਵਾਲਿਆਂ ਨੂੰ ਮੋਹਰੇ ਲਿਆਂਦਾ। ਹੁਣ ਕਿਆਫਿਆਂ ਮੁਤਾਬਕ ਸਰਕਾਰ ‘ਆਪ’ ਦੀ ਬਣਦੀ ਜਾਪਦੀ ਹੈ। ਲੱਗਦਾ ਨਹੀਂ ਕਿ ਇੱਕ ਦੋ ਨੂੰ ਛੱਡ ਕੇ ਕੋਈ ਐਮæਐਲ਼ਏæ ਉਸ ਤੋਂ ਪੁਛੇ ਬਗੈਰ ਪੈਰ ਵੀ ਪੁੱਟ ਜਾਵੇ। ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਉਹਨੇ ਤਾਣਾ-ਬਾਣਾ ਹੀ ਇਸ ਤਰ੍ਹਾਂ ਦਾ ਬੁਣ ਦਿੱਤਾ ਕਿ ਵੋਟ ਸਿਰਫ ਕੇਜਰੀਵਾਲ ਦੇ ਨਾਮ ਨੂੰ ਹੀ ਪੈਣੀ, ਕਿਸੇ ਪੰਜਾਬੀ ਲੀਡਰ ਦੇ ਨਾਮ ਨੂੰ ਨਹੀਂ। ਭਗਵੰਤ ਮਾਨ ਤੋਂ ਇਲਾਵਾ ਕਿਸੇ ਵੀ ਸੰਜੀਦਾ ਲੀਡਰ ਨੂੰ ਮੋਹਰੇ ਨਹੀਂ ਆਉਣ ਦਿੱਤਾ। ਭਗਵੰਤ ਮਾਨ ਨੂੰ ਅੱਗੇ ਲਿਆਉਣ ਵਿਚ ਵੀ ਉਹਦਾ ਦੂਜੇ ਯੋਗ ਲੀਡਰਾਂ ਨੂੰ ਪਿਛੇ ਧੱਕਣ ਵਾਲਾ ਮਨਸੂਬਾ ਹੋ ਸਕਦਾ ਹੈ।
ਕੇਜਰੀਵਾਲ ਨੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਵਿਚ ਆਪਣਾ ਅਕਸ ਇਸ ਤਰ੍ਹਾਂ ਦਾ ਬਣਾ ਲਿਆ ਕਿ ਜਿਸ ਵੀ ਮਰਜ਼ੀ ਲੀਡਰ ‘ਤੇ ਕੋਈ ਦੋਸ਼ ਲਾ ਦੇਵੇ, ਪੰਜਾਬੀ ਹਾਲ ਦੀ ਘੜੀ ਉਹੀ ਸੱਚ ਮੰਨ ਲੈਣਗੇ ਕਿਉਂਕਿ ਇਹਦੀ ਦਿੱਲੀ ਟੀਮ ਸਟਿੰਗ ਓਪ੍ਰੇਸ਼ਨਾਂ ਦਾ ਬਹੁਤ ਸਹਾਰਾ ਲੈਂਦੀ ਹੈ। ਇਹ ਵਰਤਾਰਾ ਪੰਜਾਬ ਦੇ ਹੱਕ ਨਹੀਂ ਜਾਂਦਾ। ਦਰਅਸਲ ਮੈਨੂੰ ਲੱਗਦਾ ਕੇਜਰੀਵਾਲ ਨੇ ਪੰਜਾਬੀਆਂ ਵਿਚ ਇੱਕ ਉਹ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਆ ਇਨ੍ਹਾਂ ਚੋਣਾਂ ਵਿਚ, ਜੋ ਉਨ੍ਹਾਂ ਨੂੰ ਪੰਜਾਬ ਨਾਲੋਂ ਮੁਲਕ ਦੇ ਵਡੇਰੇ ਹਿੱਤਾਂ ਵੱਲ ਪ੍ਰੇਰਿਤ ਕਰੇ ਉਂਜ ਚੋਣਾਂ ਜਿੱਤਣ ਲਈ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਨੂੰ ਅੱਗੇ ਰਖਿਆ। ਗੁਰੂ ਫਤਿਹ ਤੇ ਇਨਕਲਾਬ ਭਾਰੂ ਰਖਿਆ, ਚੋਣ ਰੈਲੀਆਂ ‘ਚ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉਸ ਚੋਣ ਲੜੀ ਹੈ, ਉਹ ਬਾਦਲ ਦੇ ਹੀ ਦਿੱਤੇ ਹੋਏ ਹਨ, ਪਿਛਲੇ 10 ਸਾਲਾਂ ਦੀ ਆਪਣੀ ਕਾਰਗੁਜ਼ਾਰੀ ਦੇ ਕੁਸ਼ਾਸ਼ਨ ਤੇ ਕੁਪ੍ਰਬੰਧ ਦੇ। ਅਸਲ ਪੰਜਾਬ ਦੇ ਮੁੱਦੇ ਜ਼ਿਆਦਾਤਰ ਗਾਇਬ ਹੀ ਸਨ।
ਪੰਜਾਬ ਨੂੰ ਦਿੱਲੀ ਨੇ ਸਦਾ ਹੀ ਟਰਾਇਲ ਦੇ ਤੌਰ ‘ਤੇ ਵਰਤਿਆ ਹੈ, ਆਜ਼ਾਦੀ ਤੋਂ ਪਹਿਲਾਂ ਵੀ ਤੇ ਬਾਅਦ ਵੀ। ਉਦਾਂ ਵੀ ਅਸੀਂ ਪੰਜਾਬੀ ਦੇਸ਼ ਦੇ ਮੋਹਰੀ ਅਖਵਾ ਕੇ ਬੜਾ ਮਾਣ ਮਹਿਸੂਸ ਕਰਦੇ ਆਂ ਤੇ ਦਿੱਲੀ ਇਹਦਾ ਹੀ ਫਾਇਦਾ ਉਠਾ ਜਾਂਦੀ ਆ। ਸਿੱਖਾਂ ਨੇ ਤਾਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਲੜਾਈ ਵਿੱਢੀ ਸੀ ਪਰ ਗਾਂਧੀ ਤੇ ਨਹਿਰੂ ਉਹਨੂੰ ਮੁਲਕ ਦੀ ਆਜ਼ਾਦੀ ਵੱਲ ਲੈ ਗਏ ਤੇ ਸਭ ਤੋਂ ਵੱਧ ਸ਼ਹਾਦਤਾਂ ਇਨ੍ਹਾਂ ਤੋਂ ਦਿਵਾਈਆਂ। ਆਜ਼ਾਦੀ ਦੇ ਨਾਂ ‘ਤੇ ਪੱਲੇ ਕੀ ਪਾਇਆ-ਪੰਜਾਬ ਦੀ ਵੰਡ, ਕਤਲੋਗਾਰਤ, ਜਬਰ ਜਨਾਹ, ਭਾਈਚਾਰਿਆਂ ‘ਚ ਦੁਸ਼ਮਣੀ! ਖੱਟਿਆ ਕੀ, ਜ਼ਰਾਇਮ ਪੇਸ਼ ਕੌਮ ਦਾ ਤਖੱਲਸ! ਆਜ਼ਾਦੀ ਪਿਛੋਂ ਦੀ ਇੱਕੋ ਮਿਸਾਲ ਹੀ ਸਾਂਝੀ ਕਰਾਂਗੇ। ਹਰੇ ਇਨਕਲਾਬ ਦਾ ਮੁੱਢ ਬੱਝਾ ਪੰਜਾਬ ਵਿਚ! ਸਾਡੇ ਮਨਾਂ ਨੂੰ ਵੀ ਭਾਅ ਗਿਆ ਕਿ ਦਿੱਲੀ ਸਾਡੇ ‘ਤੇ ਹੁਣ ਬੜੀ ਮਿਹਰਬਾਨ ਹੈ। ਸਾਲ ਦਰ ਸਾਲ ਹਾਲਤ ਇਥੋਂ ਤੱਕ ਪੁੱਜ ਗਏ ਕਿ ਜ਼ਮੀਨ ਹੇਠਲਾ ਪਾਣੀ ਖਤਮ, ਦਰਿਆਈ ਪਾਣੀਆਂ ‘ਤੇ ਡਾਕਾ, ਜ਼ਰਖੇਜ਼ ਜ਼ਮੀਨ ਜ਼ਹਿਰੀਲੀ, ਬੇਜ਼ਮੀਨੇ ਕਿਸਾਨਾਂ ਦੀ ਗਿਣਤੀ ਵਧੀ, ਹਵਾ-ਪਾਣੀ ਗੰਧਲਾ, ਕਿਸਾਨ ਖੁਦਕਸ਼ੀਆਂ ਦੇ ਰਾਹ, ਜੁਆਨੀ ਨਸ਼ਿਆਂ ‘ਤੇ, ਮਾਪੇ ਬੇਸਹਾਰਾ|
ਅੱਜ ਪੰਜਾਬੀਆਂ ਨੂੰ ਬਦਲ ਦੀ ਲੋੜ ਹੈ ਤੇ ਉਹ ਲੱਭਾ ਹੈ ਕੇਜਰੀਵਾਲ। ਹੋਰ ਕਰਦੇ ਵੀ ਕੀ ਭਲਾ! ਅੱਖਾਂ ਮੀਟ ਕੇ ਤੁਰ ਪਏ ਉਹਦੇ ਨਾਲ, ਤੁਰਨਾ ਹੀ ਪੈਣਾ ਸੀ ਜੇ ਬੁਰਾਈ ਤੋਂ ਛੁਟਕਾਰਾ ਪਾਉਣਾ ਹੈ ਤਾਂ। ਮੇਰਾ ਆਪਣਾ ਖਿਆਲ ਹੈ ਕਿ ਪਈ ਜਿਹੜੀ ਸਿਆਸਤ ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਹੁੰਦੀ ਹੈ, ਉਹ ਪੰਜਾਬ ਦੇ ਮੇਚ ਕੁਝ ਘੱਟ ਹੀ ਬੈਠਦੀ ਹੈ। ਜੋ ਰਾਸ਼ਟਰਵਾਦ ਉਥੋਂ ਤੁਰਦਾ ਹੈ, ਉਹਦੇ ਵਿਚ ਸਿੱਖੀ ਦੀ ਆਜ਼ਾਦ ਹਸਤੀ ਮਨਫੀ ਹੈ। ਸਿਰਫ ਮਨਫੀ ਹੀ ਨਹੀਂ, ਵੱਖਵਾਦੀ ਬਣਾ ਕੇ ਪੇਸ਼ ਵੀ ਕਰ ਦਿੱਤੀ ਜਾਂਦੀ ਆ।
ਕੇਜਰੀਵਾਲ ਦਾ ਸਿਆਸੀ ਸਫਰ ਵੀ ਅੰਨਾ ਹਜ਼ਾਰੇ ਦੇ ਜੰਤਰ-ਮੰਤਰ ਤੇ ਸਟੇਟ ਦੀ ਹਮਾਇਤ ਨਾਲ ਰੱਖੇ ਮਰਨ ਵਰਤ ਨਾਲ ਹੀ ਸ਼ੁਰੂ ਹੋਇਆ ਸੀ। ਅੰਨਾ ਹਜ਼ਾਰੇ ਨੂੰ ਲੋਕਾਂ ਦਾ ਬਹੁਤ ਹੁੰਗਾਰਾ ਮਿਲਿਆ ਸੀ ਤੇ ਉਹ ਪਿੱਛੋਂ ਅੰਦਰੋਗਤੀ ਭਾਵੇਂ ਭਗਵਿਆਂ ਨੂੰ ਹੀ ਭੁਗਤ ਗਿਆ ਸੀ, ਕੇਜਰੀਵਾਲ ਨੇ ਆਪਣੀ ਪਾਰਟੀ ਦੇ ਢੰਗ ਤਰੀਕੇ ਵੀ ਉਸੇ ਤਰਜ਼ ‘ਤੇ ਬਣਾਏ। ਮਸਲਨ ਲੋਕਾਂ ਦਾ ਨਾਅਰਾ ਸੀ, ‘ਅੰਨਾ ਹਜ਼ਾਰੇ ਅੰਨਾ ਹਜ਼ਾਰੇ। ਹਮ ਤੁਮਾਰੇ ਹਮ ਤੁਮਾਰੇ।’ ਅੰਨਾ ਹਜ਼ਾਰੇ ਦੀ ਟੋਪੀ ‘ਮੈਂ ਹੂੰ ਅੰਨਾ ਹਜ਼ਾਰੇ’ ਅਤੇ ਵਿਚ ਉਹਦੀ ਫੋਟੋ। ਬਿਲਕੁਲ ਉਵੇਂ ਹੀ ‘ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ’, ‘ਮੈਂ ਹੂੰ ਆਮ ਆਦਮੀ’ ਅਤੇ ਵਿਚ ਕੇਜਰੀਵਾਲ ਤੇ ਝਾੜੂ ਦੀ ਫੋਟੋ। ਅੰਨਾ ਹਜ਼ਾਰੇ ਦੇ ਵਰਤ ਸਮੇਂ ਵੀ ਇਨ੍ਹਾਂ ਬਰਾਂਡਿਡ ਟੋਪੀਆਂ ਦਾ ਇੱਕ ਹੜ੍ਹ ਜਿਹਾ ਆ ਗਿਆ ਸੀ ਤੇ ਇਨ੍ਹਾਂ ਵੋਟਾਂ ਵੇਲੇ ਵੀ ਇਹੋ ਹੋਇਆ। ਹੈਰਾਨੀ ਉਦੋਂ ਹੋਈ ਜਦੋਂ ਪੱਗਾਂ ‘ਤੇ ਵੀ ਕਈ ਭਰਾਵਾਂ ਨੇ ਟੋਪੀਆਂ ਰੱਖ ਕੇ ਫੋਟੋਆਂ ਖਿਚਵਾ ਕੇ ਬਾਦਲਾਂ ਨੂੰ ਦੰਦੀਆਂ ਚਿੜਾਈਆਂ।
ਕੇਜਰੀਵਾਲ ਦਾ ਨਿਸ਼ਾਨਾ ਪੰਜਾਬ ਨੂੰ ਮੋਹਰੇ ਲਾ ਕੇ ਦੇਸ਼ ਦੇ ਤਖਤ ਤੱਕ ਪੁੱਜਣਾ ਹੈ। ਇਸ ਖਾਤਰ ਪੰਜਾਬ ਦੇ ਵਾਲੰਟੀਅਰ, ਖਾਸ ਕਰ ਬਾਹਰ ਵਸਦੇ ਪੰਜਾਬੀ ਉਹਨੇ ਤਿਆਰ ਵੀ ਕੀਤੇ ਹੋਏ ਹਨ। ਮੁਲਕ ਦੇ ਤਖਤ ‘ਤੇ ਬੈਠਣ ਲਈ ਉਹਨੂੰ ਸਟੇਟ ਦੀ ‘ਸੀ’ ਟੀਮ ਬਣਨਾ ਪੈਣਾ ਕਿਉਂਕਿ ‘ਏ’ ਅਤੇ ‘ਬੀ’ ਪਹਿਲਾਂ ਹੀ ਹਨ। ਉਹ ਤਿਆਰ ਹੀ ਹੈ ਕਿਉਂਕਿ ਉਹਦਾ ਰਾਸ਼ਟਰਵਾਦ ਵੀ ‘ਭਾਰਤ ਮਾਤਾ ਕੀ ਜੈ’ ਤੋਂ ਹੀ ਸ਼ੁਰੂ ਹੁੰਦਾ ਤੇ ਇਹਦੀ ਜੈ ਅੱਜ ਤੱਕ ਘੱਟ ਗਿਣਤੀਆਂ ਤੇ ਤਬਕਿਆਂ ਦਾ ਬਲੀਦਾਨ ਹੀ ਮੰਗਦੀ ਹੈ, ਪੰਜਾਬ ਨਾਲ ਤਾਂ ਡਾਹਢਾ ਈ ਮੋਹ ਹੈ ਇਹਦਾ!
ਪੰਜਾਬੀਆਂ ਦੇ ਮਾਣ ਸਤਿਕਾਰ ਨੂੰ ਢਾਹ ਤਾਂ 1984 ਤੋਂ ਹੀ ਲੱਗੀ ਹੋਈ ਹੈ, ਢਾਹ ਲਾਉਣ ਵਾਲੇ ਬਹੁਤੇ ‘ਭਾਰਤ ਮਾਤਾ ਦੀ ਜੈ’ ਕਹਿਣ ਵਾਲੇ ਹੀ ਹਨ, ਪਰ ਸਭ ਤੋਂ ਵੱਧ ਢਾਹ ਲਾਉਣ ਵਾਲੇ ਬਾਦਲਕੇ ਸਾਬਿਤ ਹੋਏ ਹਨ। ਇਨ੍ਹਾਂ ਚੋਣਾਂ ਦੌਰਾਨ ਵੀ ਇਹਦਾ ਮੁਜਾਹਰਾ ਹੋਇਆ। ਪਹਿਲੀ ਵਾਰ ਹੈ ਜਦੋਂ ਪੰਜਾਬ ਦੀਆਂ ਚੋਣਾਂ ਵਿਚ ਗੈਰ ਪੰਜਾਬੀਆਂ ਨੇ ਸ਼ੱਰੇਆਮ ਲਲਕਾਰਿਆ ਹੋਵੇ ਇਥੋਂ ਦੇ ਲੀਡਰਾਂ ਨੂੰ ਕਿ ਤੁਹਾਨੂੰ ਜੇਲ੍ਹਾਂ ‘ਚ ਤੁੰਨ ਕੇ ਰੱਖ ਦਿਆਂਗੇ। ਲਲਕਾਰਿਆ ਵੀ ਉਨ੍ਹਾਂ ਦੇ ਘਰਾਂ ਮੋਹਰੇ ਜਾ ਕੇ, ਇਨ੍ਹਾਂ ਦੇ ਪੁਤਲੇ ਬਣਾ ਕੇ ਸਿਰਾਂ ‘ਤੇ ਪੱਗਾਂ ਬੰਨ ਕੇ ਜੁੱਤੀਆਂ ਮਰਵਾਈਆਂ, ਉਹ ਵੀ ਸਿੱਖਾਂ ਕੋਲੋਂ। ਲਲਕਾਰੇ ਮਾਰਨ ਵਾਲੇ ਇਨ੍ਹਾਂ ਗੈਰ ਪੰਜਾਬੀਆਂ ਦੀ ਅੱਜ ਤੱਕ ਕੀ ਦੇਣ ਰਹੀ ਸੀ ਪੰਜਾਬ ਲਈ, ਸਿਵਾਏ ਜ਼ੁਬਾਨੀ ਕਲਾਮੀ ਵਾਅਦਿਆਂ-ਦਾਅਵਿਆਂ ਦੇ? ਇਹ ਸਾਰਾ ਕੁਝ ਬਾਦਲ ਦੇ ਪੁੱਤਰ ਮੋਹ ਨੇ ਕਰਵਾਇਆ, ਜੁੱਤੀਆਂ ਬਾਦਲਾਂ ਦੇ ਪੁਤਲੇ ਦੀ ਪੱਗ ‘ਤੇ ਨਹੀਂ ਸਗੋਂ ਸਿੱਖਾਂ ਦੀ ਪੱਗ ‘ਤੇ ਵੱਜੀਆਂ। ਬਾਦਲਾਂ ਨੇ ਪੰਜਾਬ ਦੀ ਪੱਗ ਰੋਲੀ ਆ, ਇਹਦਾ ਮੁੱਲ ਉਨ੍ਹਾਂ ਨੂੰ ਤਾਰਨਾ ਪੈਣਾ ਅਗੇਤ-ਪਛੇਤ, ਵੋਟਾਂ ‘ਚ ਜਿੱਤ-ਹਾਰ ਵੱਖਰੀ ਗੱਲ ਆ। ਅਸੀਂ ਪੰਜਾਬੀ ਦਾਅਵਾ ਕਰਦੇ ਹਾਂ ਕਿ ਸਾਡੇ ਵੱਲ ਕੋਈ ਝਾਕ ਵੀ ਨਹੀਂ ਸਕਦਾ, ਚੌਟਾਲਿਆਂ ਨੇ ਸ਼ੱਰੇਆਮ ਲਲਕਾਰਿਆ ਕਿ ਤੁਹਾਡੇ ਘਰ ‘ਚ ਜ਼ਬਰਦਸਤੀ ਆ ਕੇ ਨਹਿਰ ਪੁੱਟਾਂਗੇ, ਰੋਕ ਕੇ ਦੱਸਿਓ? ਇਸ ਦਾ ਜ਼ਿੰਮੇਵਾਰ ਕੌਣ ਆ, ਸਿਵਾਏ ਬਾਦਲ ਦੇ? ਕਿਸੇ ਤੋਂ ਗੁੱਝਾ ਨਹੀਂ ਕਿ ਇਹ ਚਾਲਬਾਜ਼ੀਆਂ ਬਾਦਲ ਹੀ ਕਰਵਾ ਰਿਹਾ ਹੈ ਤੇ ਕੰਡੇ ਤਾਂ ਇਹਨੇ ਪਹਿਲਾਂ ਹੀ ਬਹੁਤ ਬੀਜੇ ਆ ਪੰਜਾਬੀਆਂ ਲਈ।
11 ਮਾਰਚ ਨੂੰ ਤੁਹਾਡੀ ਆਪਣੀ ਸਰਕਾਰ ਪੰਜਾਬੀਓ ਬਣ ਜਾਣੀ ਆ ਪਰ ਚੇਤੇ ਰੱਖਿਓ ਤਕਦੀਰ ਤੁਹਾਨੂੰ ਆਪਣੀ ਆਪ ਘੜਨੀ ਪੈਣੀ ਆ, ਲੋੜੋਂ ਵੱਧ ਆਸ ਤੁਹਾਨੂੰ ਮਾਯੂਸੀ ਦੇ ਆਲਮ ਵਿਚ ਹੋਰ ਧੱਕ ਦੇਵੇਗੀ, ਜ਼ਿੰਦਗੀ ‘ਚ ਸਾਵਾਂਪਣ ਖੁਦ ਲਿਆਉਣਾ ਪੈਣਾ, ਸਰਕਾਰਾਂ ਦੇ ਵਾਅਦੇ-ਲਾਰਿਆਂ ‘ਚ ਬਦਲਣ ਨੂੰ ਬਹੁਤੀ ਦੇਰ ਨਹੀਂ ਲੱਗਦੀ, ਖਾਸ ਕਰ ਕੇ ਪੰਜਾਬ ਦੇ ਸਬੰਧ ਵਿਚ ਸਿਰਫ ਲਾਰੇ ਹੀ ਪੱਲੇ ਪਏ ਅੱਜ ਤੱਕ। ਜਿਨ੍ਹਾਂ ਨੂੰ ਇਨ੍ਹਾਂ ਵੋਟਾਂ ‘ਚ ਤੁਸੀਂ ਬੜੀ ਉਮੀਦ ਨਾਲ ਉਂਗਲੀ ਫੜਾਈ ਆ, 11 ਮਾਰਚ ਤੋਂ ਬਾਅਦ ਉਨ੍ਹਾਂ ਦਾ ਗੁੱਟ ਫੜ੍ਹਨ ਦੀ ਹਿੰਮਤ ਨਾ ਗੁਆ ਦਿਓ ਕਿਤੇ।
ਸੋਸ਼ਲ ਮੀਡੀਏ ਉਤੇ ਬਾਹਰ ਵਸਦੇ ਪੰਜਾਬੀ ਵੀਰ, ਜਿਨ੍ਹਾਂ ਦਾ ਇਨ੍ਹਾਂ ਵੋਟਾਂ ਵਿਚ ਬੜਾ ਵੱਡਾ ਯੋਗਦਾਨ ਰਿਹਾ, ਉਨ੍ਹਾਂ ਦਾ ਵੱਧ ਫਰਜ਼ ਬਣਦਾ ਹੈ ਕਿ ਲਗਾਮਾਂ ਖਿੱਚ ਕੇ ਰੱਖਣ। ਫਿਰ ਜ਼ਰੂਰ ਪੰਜਾਬ ਦੇ ਪੱਖ ਦੀ ਕੋਈ ਗੱਲ ਹੋਵੇਗੀ। ਉਨ੍ਹਾਂ ਬੜੀ ਦਿਆਨਤਦਾਰੀ ਨਾਲ ਵੋਟਾਂ ਪੁਆਈਆਂ। ਜੋ ਵੀ ਕੇਜਰੀਵਾਲ ਤੇ ਸੰਜੇ ਸਿੰਹੁ ਨੇ ਕਿਹਾ, ਤੁਸੀਂ ਬਿਨਾ ਕਿਸੇ ਹੀਲ ਹੁੱਜਤ ਤੇ ਲਾਲਚ ਦੇ ਭੁਗਤੇ ਹੋ। ਇੰਨਾ ਹੀ ਨਹੀਂ ਜੇ ਕਿਸੇ ਭਰਾ ਨੇ ਕੁਝ ਜਾਇਜ਼ ਜਿਹੀ ਉਜਰ ਕੀਤੀ ਤਾਂ ਤੁਸੀਂ ਉਸ ਦਾ ਬਹੁਤ ਬੁਰਾ ਮਨਾਇਆ ਕਿ ਇਹ ਬੰਦਾ ਪਾਰਟੀ ਦੇ ਖਿਲਾਫ ਹੈ ਜਦੋਂ ਕਿ ਉਜਰ ਕਰਨ ਵਾਲੇ ਤਾਂ ਖੁਦ ਬਦਲ ਚਾਹੁੰਦੇ ਹਨ। ਹੁਣ ਅਗਾਂਹ ਤੋਂ ਚੇਤੰਨ ਹੋਣ ਨਾਲ ਹੀ ਸਰਨਾ ਹੈ ਕਿਉਂਕਿ ਜਿਨ੍ਹਾਂ ਨੂੰ ਵੋਟਾਂ ਨਾਲ ਰਾਜ ਤਖਤ ‘ਤੇ ਬਿਠਾਇਆ, ਉਨ੍ਹਾਂ ਦੀ ਢਿੱਲ ਮੱਠ ‘ਤੇ ਨੁਕਤਾਚੀਨੀ ਕਰਨੀ ਪੈਣੀ ਹੈ। ਜੇ ਬੇਵੱਸੀ ਜਾਂ ਮਜ਼ਬੂਰੀਵੱਸ ਹਾਂ ਵਿਚ ਹਾਂ ਮਿਲਾਉਣ ਲੱਗ ਪਏ ਤਾਂ ਪਹਿਲੀ ਕੀਤੀ ਕਰਾਈ ਸਭ ਖੂਹ ਵਿਚ ਪੈ ਜਾਊ ਤੇ ਤੁਸੀਂ ਵੀ ਬਾਦਲਾਂ ਦੇ ਬਾਹਰ ਵਸਦੇ ਹਮਾਇਤੀਆਂ ਵਰਗੇ ਹੀ ਸਾਬਿਤ ਹੋ ਜਾਵੋਗੇ।