ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਇਹ ਲੇਖ ਪੜ੍ਹਦਿਆਂ ਸ਼ਾਇਦ ਮਹਿਸੂਸ ਹੋਵੇਗਾ ਕਿ ਇਹ ਕੋਈ ਮਨਘੜਤ ਕਹਾਣੀ ਹੈ, ਪਰ ਇਸ ਦਾ ਅੱਖਰ-ਅੱਖਰ ਸੱਚ ਹੈ। ਜ਼ਿੰਦਗੀ ਵਿਚ ਕਈ ਵਾਰ ਸੁੱਖਾਂ ਦੀ ਪੀਂਘ ਦੇ ਹੁਲਾਰੇ ਲੈਂਦਾ ਮਨੁੱਖ ਇੰਨਾ ਮਸਤ-ਮੁਗਧ ਹੋ ਜਾਂਦਾ ਹੈ ਕਿ ਅਚਾਨਕ ਦੁੱਖਾਂ ਵਾਲਾ ਐਸਾ ਟਾਹਣ ਟੁੱਟਦਾ ਹੈ ਜੋ ਮੁੜ ਜੁੜਨ ਦਾ ਨਾਂ ਨਹੀਂ ਲੈਂਦਾ। ਅਤੀਤ ਨੂੰ ਮਨ ਦੀ ਬੁੱਕਲ ਵਿਚ ਲੈ ਕੇ ਖੁੱਲ੍ਹੀਆਂ ਅੱਖਾਂ ਵਿਚ ਭਵਿੱਖ ਦੇ ਸੁਪਨੇ ਤਾਂ ਹੀ ਲਏ ਜਾ ਸਕਦੇ ਹਨ, ਜੇ ਵਰਤਮਾਨ ਦੇ ਹਾਣੀ ਬਣ ਕੇ ਤੁਰੀਏ; ਨਹੀਂ ਤਾਂ ਸੁੱਖਾਂ ਦੀ ਕੁੱਖ ਵਿਚੋਂ ਦੁੱਖਾਂ ਨੇ ਜਨਮ ਲੈਂਦਿਆਂ ਨੌ ਮਹੀਨੇ ਇੰਤਜ਼ਾਰ ਨਹੀਂ ਕਰਨਾæææ।
ਰਾਜਵੀਰ ਸਿੰਘ ਉਸ ਸਮੇਂ ਰਾਜਦੂਤ ਮੋਟਰਸਾਈਕਲ ‘ਤੇ ਕਾਲਜ ਆਉਂਦਾ ਸੀ, ਜਦੋਂ ਕਾਲਜ ਦੇ ਪ੍ਰੋਫੈਸਰ ਬੱਸਾਂ, ਸਾਈਕਲਾਂ ਜਾਂ ਸਕੂਟਰਾਂ ‘ਤੇ ਆਉਂਦੇ ਸਨ। ਰਾਜਵੀਰ ਨੂੰ ਸੱਦਾਮ ਹੁਸੈਨ ਦੇ ਬੱਚਿਆਂ ਵਾਂਗ ਸ਼ਾਇਦ ਗੁੜਤੀ ਸੋਨੇ ਦੇ ਚਮਚੇ ਵਿਚ ਮਿਲੀ ਸੀ। ਮਾਪਿਆਂ ਦਾ ਇਕਲੌਤਾ ਪੁੱਤ ਤੇ ਚਾਚੇ ਦਾ ਇਕਲੌਤਾ ਭਤੀਜਾ। ਚਾਚਾ ਹਰਦੇਵ ਜਵਾਨੀ ਦੇ ਖਿੜੇ ਫੁੱਲਾਂ ਸਮੇਂ ਹੀ ਜਰਮਨੀ ਚਲਿਆ ਗਿਆ। ਜਰਮਨੀ ਵਿਚ ਉਹਦਾ ਐਸਾ ਕੰਮ ਟਿਕਾਣੇ ਬੈਠਾ ਕਿ ਉਸ ਨੇ ਪਿੰਡ ਹੋਕਾ ਹੀ ਦੇ ਛੱਡਿਆ ਸੀ ਕਿ ਜੇ ਕਿਸੇ ਜ਼ਮੀਨ ਵੇਚਣੀ ਹੈ ਤਾਂ ਹਰਦੇਵ ਸਿੰਘ ਦੇ ਭਰਾ ਤੇ ਬਾਪੂ ਨੂੰ ਮਿਲੋ। ਹਰਦੇਵ ਦੀ ਗੁੱਡੀ ਅਸਮਾਨੀਂ ਚੜ੍ਹੀ ਹੋਈ ਸੀ। ਕਿਸਮਤ ਨੇ ਐਸਾ ਪੇਚਾ ਲਾਇਆ ਕਿ ਹਰਦੇਵ ਦਾ ਭਿਆਨਕ ਐਕਸੀਡੈਂਟ ਹੋ ਗਿਆ। ਡਾਕਟਰਾਂ ਦੀ ਸਿਆਣਪ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਹਰਦੇਵ ਦੇ ਸਾਹਾਂ ਦੀ ਪੂੰਜੀ ਤਾਂ ਵਧ ਗਈ, ਪਰ ਇਕੱਠੀ ਕੀਤੀ ਮਾਇਆ ਸਾਂਭਣ ਵਾਲਾ ਵਾਰਿਸ ਪੈਦਾ ਕਰਨ ਤੋਂ ਅਸਮਰੱਥ ਹੋ ਗਿਆ। ਹਰਦੇਵ ਦੀ ਘਰਵਾਲੀ ਦੋ ਸਾਲ ਤਾਂ ਸਬਰ ਕਰ ਕੇ ਬੈਠੀ ਰਹੀ, ਪਰ ਬੱਚੇ ਦੀ ਤਮੰਨਾ ਨੇ ਉਸ ਨੂੰ ਇਸ ਕਦਰ ਮਜਬੂਰ ਕਰ ਦਿੱਤਾ ਕਿ ਉਸ ਨੇ ਹਰਦੇਵ ਵਰਗਾ ਅਮੀਰ ਪਤੀ ਅਦਾਲਤ ਵਿਚ ਜਾ ਕੇ ਛੱਡ ਦਿੱਤਾ।
ਹਰਦੇਵ ਦੀ ਘਾਟ ਦਾ ਉਸ ਦੇ ਡਾਕਟਰ ਤੇ ਘਰਵਾਲੀ ਨੂੰ ਪਤਾ ਸੀ। ਘਰਵਾਲੀ ਹੁਣ ਜਾ ਚੁੱਕੀ ਸੀ। ਡਾਕਟਰ ਨੂੰ ਇਸ ਰਾਜ਼ ਨੂੰ ਰਾਜ਼ ਹੀ ਰੱਖਣ ਦਾ ਮੁੱਲ ਤਾਰ ਦਿੱਤਾ ਗਿਆ। ਚਾਚੇ ਦੇ ਖੰਭਾਂ ‘ਤੇ ਉਡਦੇ ਰਾਜਵੀਰ ਨੂੰ ਚਾਚੇ ਨੇ ਹੀ ਪਿੰਜਰੇ ਵਿਚ ਕੈਦ ਕਰ ਲਿਆ। ਰਾਜਵੀਰ ਨੂੰ ਜਰਮਨੀ ਲਿਆਉਣ ਦੀ ਤਿਆਰੀ ਕਰਦਿਆਂ ਹਰਦੇਵ ਨੇ ਦੂਜਾ ਵਿਆਹ ਕਰਵਾ ਲਿਆ। ਰਾਜਵੀਰ ਦੇ ਕਾਲਜ ਦੀ ਸਿਰ ਕੱਢ ਕੁੜੀ ਉਹਦੀ ਚਾਚੀ ਬਣ ਗਈ। ਗਰੀਬੀ ਦੀ ਮਾਰ ਸਹਿਣ ਵਾਲੇ ਬਾਪ ਨੇ ਵੀਹ ਸਾਲ ਦੀ ਪਰੀਆਂ ਵਰਗੀ ਧੀ, ਚਾਲੀ ਸਾਲ ਦੇ ਹਰਦੇਵ ਨਾਲ ਤੋਰ ਦਿੱਤੀ। ਹਰਦੇਵ ਮੁਕਲਾਵੇ ਵਾਲੇ ਦਿਨ ਹੀ ਜ਼ਰੂਰੀ ਕੰਮ ਕਹਿ ਦਿੱਲੀ ਨੂੰ ਤੁਰ ਗਿਆ ਤੇ ਉਥੋਂ ਹੀ ਜਰਮਨੀ ਦੀ ਫਲਾਈਟ ਫੜ ਲਈ।
ਹਰਦੇਵ ਦੀ ਘਰਵਾਲੀ ਅਮਨ ਸਾਲੂ ਵਿਚ ਲਪੇਟੀ, ਵੰਗਾਂ ਤੇ ਪੈਰਾਂ ਦੀ ਝਾਂਜਰ ਦੇ ਛਣਕਣ ਦੀ ਆਵਾਜ਼ ਨੂੰ ਸਾਹਾਂ ਵਿਚ ਲੁਕਾਉਂਦੀ ਪੇਕੇ ਚਲੀ ਗਈ। ਚਾਵਾਂ ਨਾਲ ਲੱਦੀ ਹੋਈ ਉਦਾਸ ਲੱਗਦੀ। ਰਾਜਵੀਰ ਨੂੰ ਕਿਹਾ ਗਿਆ ਕਿ ਉਹ ਅਮਨ ਨੂੰ ਲੈ ਆਵੇ। ਅਮਨ ਰਾਜਵੀਰ ਦੇ ਨਾਲ ਬੈਠ ਕੇ ਸਹੁਰੇ ਘਰ ਪਹੁੰਚੀ। ਘਰ ਦੇ ਹਰ ਜੀਅ ਦੇ ਚਿਹਰੇ ਤੋਂ ਸਪਸ਼ਟ ਪੜ੍ਹਿਆ ਜਾ ਰਿਹਾ ਸੀ ਕਿ ਅਮਨ ਦਾ ਹਾਣ ਹਰਦੇਵ ਨਹੀਂ, ਰਾਜਵੀਰ ਸੀ। ਕਿਸਮਤ ਦੇ ਰੰਗ ਨਿਆਰੇ ਹੁੰਦੇ, ਕਈ ਵਾਰ ਨਦੀ ਦੇ ਕਿਨਾਰੇ ਬੈਠਾ ਬੰਦਾ ਵੀ ਪਿਆਸਾ ਹੁੰਦਾ ਹੈ। ਕਾਗ਼ਜ਼ਾਂ ਦੀ ਅਦਲਾ-ਬਦਲੀ ਹੁੰਦਿਆਂ ਝੱਟ ਸਮਾਂ ਲੰਘ ਗਿਆ। ਰਾਜਵੀਰ ਤੇ ਅਮਨ ਨੇ ਇਕੱਠਿਆਂ ਦਿੱਲੀ ਤੋਂ ਜਰਮਨੀ ਦੀ ਉਡਾਣ ਭਰ ਲਈ। ਰਾਜਵੀਰ ਚਾਚੇ ਦੇ ਖੁੱਲ੍ਹੇ ਸੁਭਾਅ ਤੋਂ ਜਾਣੂ ਸੀ, ਪਰ ਅਮਨ ਨੇ ਸਾਰੇ ਸਫ਼ਰ ਵਿਚ ਚੁੰਨੀ ਸਿਰ ਤੋਂ ਨਹੀਂ ਲਾਹੀ। ਫਰੈਂਕਫਰਟ ਹਵਾਈ ਅੱਡੇ ਉਤਰ ਕੇ ਬਾਹਰ ਨਿਕਲੇ ਤਾਂ ਗੋਰੀ ਨੇ ਡੱਚ ਭਾਸ਼ਾ ਬੋਲਦਿਆਂ ਦੋਹਾਂ ਨੂੰ ਪਤੀ-ਪਤਨੀ ਸਮਝਦਿਆਂ ਤਾਰੀਫ਼ ਕੀਤੀ। ਗੋਰੀ ਦੇ ਸ਼ਬਦ ਉਨ੍ਹਾਂ ਦੇ ਸਿਰ ਉਤੋਂ ਲੰਘ ਗਏ, ਪਰ ਨਾਲ ਖੜ੍ਹੇ ਪੰਜਾਬੀ ਨੇ ਕਿਹਾ ਕਿ ਉਹ ਕਹਿੰਦੀ ਹੈ, ‘ਕਿੰਨੇ ਸੋਹਣੇ ਪਤੀ-ਪਤਨੀ ਹਨ।’
ਪੰਜਾਬੀ ਦੇ ਕਹੇ ਸ਼ਬਦ ਦੋਹਾਂ ਦੇ ਦਿਲ ਵਿਚ ਸੱਚਾਈ ਨੂੰ ਉਜਾਗਰ ਕਰ ਗਏ। ਅੱਗੇ ਹਰਦੇਵ ਫੁੱਲਾਂ ਦਾ ਗੁਲਦਸਤਾ ਲਈ ਖੜ੍ਹਾ ਸੀ। ਖੁੱਲ੍ਹੀਆਂ ਬਾਹਾਂ ਕੱਸਦਿਆਂ ਹਰਦੇਵ ਨੇ ਅਮਨ ਨੂੰ ਹਿੱਕ ਨਾਲ ਲਾ ਲਿਆ। ਰਾਜਵੀਰ ਵੀ ਪੈਰਾਂ ਨੂੰ ਹੱਥ ਲਾ ਕੇ ਚਾਚੇ ਨੂੰ ਚੁੰਬੜ ਗਿਆ। ਤਿੰਨ ਚਾਰ ਕਾਰਾਂ ਦੇ ਕਾਫ਼ਲੇ ਸਮੇਤ ਰਾਜਵੀਰ ਤੇ ਅਮਨ ਮਹਿਲਾਂ ਵਰਗੇ ਘਰ ਵਿਚ ਦਾਖ਼ਲ ਹੋਏ। ਸ਼ਾਮ ਨੂੰ ਛੋਟੀ ਜਿਹੀ ਪਾਰਟੀ ਰੱਖੀ ਗਈ। ਅਮਨ ਸਜ-ਧਜ ਕੇ ਹਰਦੇਵ ਦੀ ਬਾਂਹ ਵਿਚ ਬਾਂਹ ਪਾ ਕੇ ਪਾਰਟੀ ਵਿਚ ਸ਼ਾਮਲ ਹੋਈ। ਹਰਦੇਵ ਨੇ ਸਭ ਨੂੰ ਦੱਸਿਆ, “ਅਮਨ ਮੇਰੀ ਘਰਵਾਲੀ ਹੈ, ਮੇਰੀ ਜਾਨ ਹੈ। ਇਸ ਦਾ ਜਰਮਨੀ ਆਉਣ ‘ਤੇ ਸਵਾਗਤ ਹੈ।” ਗਰੀਬ ਘਰ ਦੀ ਕੁੜੀ ਲਈ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਸੀ? ਉਹ ਚਾਵਾਂ ਨਾਲ ਉਡਦੀ ਜਾ ਰਹੀ ਸੀ। ਪਾਰਟੀ ਸਮਾਪਤ ਹੋਈ, ਸਭ ਆਪਣੇ ਘਰੀਂ ਮੁੜ ਗਏ। ਅਮਨ ਨੂੰ ਉਸ ਦੇ ਬੈਡਰੂਮ ਵਿਚ ਛੱਡ ਦਿੱਤਾ ਗਿਆ। ਹਰਦੇਵ ਆਇਆ ਤੇ ਸ਼ਰਾਬੀ ਹੋਇਆ ਸੌਂ ਗਿਆ। ਕਈ ਦਿਨ ਤਾਂ ਇਹ ਸਭ ਕੁਝ ਅਮਨ ਸਹਿੰਦੀ ਰਹੀ। ਆਖਿਰ ਉਹ ਸਮਝਣ ਲੱਗੀ ਕਿ ਫੁੱਲਾਂ ਲੱਦੀ ਜਵਾਨੀ ਅਮੀਰੀ ਦੇ ਪੈਰਾਂ ਥੱਲੇ ਕੁਚਲੀ ਗਈ ਹੈ!
ਹਰਦੇਵ ਵੀ ਬਹੁਤਾ ਚਿਰ ਕੱਖਾਂ ਥੱਲੇ ਅੱਗ ਨਾ ਲਕੋ ਸਕਿਆ। ਉਸ ਨੇ ਅਮਨ ਨੂੰ ਸਭ ਸੱਚਾਈ ਦੱਸ ਦਿੱਤੀ। ਸੁਣ ਕੇ ਅਮਨ ਨੂੰ ਲੱਗਿਆ ਜਿਵੇਂ ਉਹ ਸੁਹਾਗਣ ਹੁੰਦਿਆਂ ਹੀ ਵਿਧਵਾ ਹੋ ਗਈ। ਅਗਲੇ ਦਿਨ ਹਰਦੇਵ ਨੇ ਕਿਹਾ ਕਿ ਉਹ ਦਸ ਦਿਨ ਲਈ ਹਾਲੈਂਡ ਜਾ ਰਿਹਾ ਹੈ। ਪਿੱਛੋਂ ਰਾਜਵੀਰ ਤੇਰਾ ਖਿਆਲ ਰੱਖੇਗਾ। ਜਿੱਥੇ ਜਾਣਾ ਹੋਇਆ, ਡਰਾਈਵਰ ਤੁਹਾਨੂੰ ਘੁੰਮਾ ਲਿਆਵੇਗਾ। ਅਮਨ ਨੇ ਦਿਲ ਵਿਚ ਕਿਹਾ ਕਿ ਆਪਣੇ ਹੱਥੀਂ ਮੇਰਾ ਹੱਥ ਰਾਜਵੀਰ ਨੂੰ ਕਿਉਂ ਨਹੀਂ ਫੜਾ ਜਾਂਦਾ! ਹਰਦੇਵ ਜਾ ਚੁੱਕਾ ਸੀ। ਰਾਜਵੀਰ ਤੇ ਅਮਨ ਦੁਪਹਿਰ ਦੇ ਖਾਣੇ ਲਈ ਮੇਜ਼ ‘ਤੇ ਇਕੱਠੇ ਹੋਏ। ਲਾਗੇ ਖੜ੍ਹੇ ਨੌਕਰ ਉਨ੍ਹਾਂ ਦੇ ਹੁਕਮ ਦੀ ਉਡੀਕ ਕਰਨ ਲੱਗੇ। ਰਾਜਵੀਰ ਨੇ ਰੋਟੀ ਖਾਧੀ, ਪਰ ਅਮਨ ਨੇ ਬੱਸ ਬੁੱਲ੍ਹ ਹੀ ਲਬੇੜੇ।
ਰਾਜਵੀਰ ਨੇ ਪੁੱਛਿਆ, “ਕੀ ਗੱਲ ਚਾਚੀ ਜੀ, ਰੋਟੀ ਨਹੀਂ ਖਾਧੀ? ਸਿਹਤ ਠੀਕ ਹੈ ਜਾਂ ਚਾਚਾ ਜੀ ਨੇæææ।”
“ਰਾਜਵੀਰ, ਅੱਜ ਤੋਂ ਬਾਅਦ ਤੂੰ ਮੈਨੂੰ ਚਾਚੀ ਜੀ ਨਹੀਂ, ਸਿਰਫ਼ ਅਮਨ ਕਹਿ ਕੇ ਬੁਲਾਏਂਗਾ। ਦੂਜਾ ਤੇਰੇ ਚਾਚਾ ਜੀ ਨੇ ਤਾਂæææ।” ਅਮਨ ਇਹ ਕਹਿ ਕੇ ਉਠ ਖੜ੍ਹੀ ਹੋਈ ਤੇ ਕਮਰੇ ਵਿਚ ਚਲੀ ਗਈ। ਰਾਜਵੀਰ ਵੀ ਪਿੱਛੇ ਚਲਿਆ ਗਿਆ ਕਿ ਪੁੱਛਾਂ ਤਾਂ ਸਹੀ ਕਿ ਚਾਚਾ ਜੀ ਨੇ ਅਮਨ ਨੂੰ ਕੀ ਕਹਿ ਦਿੱਤਾ। ਫਿਰ ਦੋਵਾਂ ਦੀ ਮਿਲਣੀ ਨੇ ਇਕ-ਦੂਜੇ ਨੂੰ ਨੇੜੇ ਲੈ ਆਂਦਾ। ਅਖੀਰ ਅੱਗ ਨੇੜੇ ਰੱਖਿਆ ਘਿਉ ਪਿਘਲ ਗਿਆ। ਦੋ ਹਾਣੀ ਇਕ ਹੋ ਗਏ। ਹਰਦੇਵ ਦੇ ਮੁੜਦਿਆਂ ਨੂੰ ਦੋਵੇਂ ਖੰਡ-ਖੀਰ ਹੋ ਚੁੱਕੇ ਸਨ। ਹਰਦੇਵ ਦੀਆਂ ਪਾਰਖੂ ਅੱਖਾਂ ਨੇ ਸਭ ਕੁਝ ਦੇਖ ਲਿਆ। ਅੰਦਰੋਂ ਹਰਦੇਵ ਵੀ ਤਾਂ ਇਹੀ ਚਾਹੁੰਦਾ ਸੀ। ਹਰਦੇਵ ਨੇ ਹੌਲੀ-ਹੌਲੀ ਕੰਮ ਦੀ ਵਾਗਡੋਰ ਰਾਜਵੀਰ ਨੂੰ ਫੜਾ ਦਿੱਤੀ। ਹੁਣ ਹਰਦੇਵ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ। ਉਂਜ ਪਾਰਟੀਆਂ ‘ਤੇ ਜਾਣ ਮੌਕੇ ਉਹ ਅਮਨ ਨੂੰ ਨਾਲ ਲੈ ਜਾਂਦਾ। ਹੱਸਦਾ ਹੋਇਆ ਆਖਦਾ ਵੀ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਛੇਤੀ ਹੀ ਬਾਪ ਬਣ ਜਾਵਾਂਗਾ।
ਰਾਜਵੀਰ ਤੇ ਅਮਨ ਵੀ ਖੁਸ਼ ਸਨ। ਹਰਦੇਵ ਨੇ ਅਮਨ ਦੇ ਬਾਪ ਤੇ ਭੈਣ-ਭਰਾਵਾਂ ਨੂੰ ਵੀ ਖੁਸ਼ ਕਰ ਦਿੱਤਾ। ਉਨ੍ਹਾਂ ਦੇ ਕੱਚੇ ਕੋਠੇ ਪੱਕੇ ਬਣਵਾ ਦਿੱਤੇ। ਹਰਦੇਵ ਨੂੰ ਹੁਣ ਲੋੜ ਸੀ ਆਪਣੇ ਵਾਰਿਸ ਦੀ। ਕਾਰੋਬਾਰ ਉਸ ਦਾ ਰਾਜਵੀਰ ਦੇ ਆਉਣ ਨਾਲ ਹੋਰ ਵੀ ਵਧ ਗਿਆ ਸੀ। ਹਰਦੇਵ ਨੇ ਬਹਾਨੇ ਨਾਲ ਇੰਡੀਆ ਦੀ ਟਿਕਟ ਕਟਾ ਲਈ। ਪਿੱਛੇ ਅਮਨ ਤੇ ਰਾਜਵੀਰ ਨੂੰ ਖੁੱਲ੍ਹ ਮਿਲ ਗਈ। ਘਰ ਦੇ ਨੌਕਰਾਂ ਵਿਚ ਵੀ ਲੁੱਕਵੀਂਆਂ ਗੱਲਾਂ ਹੋਣ ਲੱਗ ਗਈਆਂ। ਤੇਜ਼ ਵਗਦੇ ਦਰਿਆ ਵਾਂਗ ਸਮਾਂ ਵੀ ਨਾ ਰੁਕਿਆ। ਦਿਨ ਹਫ਼ਤਿਆਂ, ਮਹੀਨਿਆਂ ਤੇ ਸਾਲਾਂ ਵਿਚ ਲੰਘਦੇ ਗਏ; ਪਰ ਹਰਦੇਵ ਨੂੰ ਡੈਡੀ ਕਹਿਣ ਵਾਲਾ ਨਾ ਮਿਲਿਆ। ਇਕ ਦਿਨ ਅਮਨ ਨੇ ਰਾਜਵੀਰ ਨੂੰ ਕਿਹਾ, “ਰਾਜਵੀਰ! ਮੈਂ ਤੇਰੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਹਾਂ।”
“ਅਮਨ, ਤੂੰ ਪਾਗਲ ਹੋ ਗਈ ਏਂ। ਜੇ ਚਾਚਾ ਜੀ ਨੂੰ ਪਤਾ ਲੱਗ ਗਿਆ ਤਾਂ ਸਾਡੀ ਦੋਹਾਂ ਦੀ ਚੀਕ ਵੀ ਬਾਹਰ ਨਹੀਂ ਜਾਣੀ।” ਰਾਜਵੀਰ ਬੋਲਿਆ।
“ਤੇਰੇ ਚਾਚਾ ਜੀ ਚਾਹੁੰਦੇ ਹਨ ਕਿ ਅਸੀਂ ਦੋਵੇਂ ਉਸ ਨੂੰ ਵਾਰਿਸ ਦੇਈਏ।” ਅਮਨ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ। ਰਾਜਵੀਰ ਨੂੰ ਉਸ ਦੇ ਚਾਚੇ ਦਾ ਰਾਜ਼ ਤੇ ਘਾਟ ਵੀ ਦੱਸ ਦਿੱਤੀ। ਰਾਜਵੀਰ ਨੂੰ ਸਮਝ ਆ ਗਈ ਸੀ ਕਿ ਚਾਚਾ ਜੀ ਨੇ ਉਨ੍ਹਾਂ ਦੋਵਾਂ ਨੂੰ ਬਲੀ ਦਾ ਬੱਕਰਾ ਇਸੇ ਲਈ ਬਣਾਇਆ ਹੈ। ਉਸ ਦੇ ਡਰ ਅਤੇ ਅਹਿਸਾਨਾਂ ਥੱਲੇ ਅਸੀਂ ਵੀ ਇਸ ਰਿਸ਼ਤੇ ਦਾ ਘਾਣ ਕਰ ਦਿੱਤਾ। ਰਾਜਵੀਰ ਨੇ ਰੋ ਕੇ ਮਨ ਤਾਂ ਹੌਲਾ ਕਰ ਲਿਆ, ਪਰ ਅੱਖਾਂ ਦੇ ਹੰਝੂਆਂ ਰਾਹੀਂ ਚਾਚੇ ਲਈ ਦਿਲ ਵਿਚਲਾ ਸਤਿਕਾਰ ਵੀ ਨਿਕਲ ਗਿਆ। ਉਸ ਨੂੰ ਆਪਣਾ ਭਵਿੱਖ ਧੁੰਦਲਾ ਜਾਪਿਆ। ਉਸ ਨੇ ਅਮਨ ਨੂੰ ਕਿਹਾ ਕਿ ਉਹ ਇਹ ਸਭ ਕੁਝ ਕਰਨ ਲਈ ਤਿਆਰ ਹੈ, ਬਦਲੇ ਵਿਚ ਉਸ ਨੂੰ ਚਾਚਾ ਜੀ ਦੀ ਸਾਰੀ ਦੌਲਤ ਚਾਹੀਦੀ ਹੈ। ਜੇ ਤੂੰ ਇਸ ਚਾਲ ਵਿਚ ਮੇਰੇ ਨਾਲ ਰਲੇਂ ਤਾਂ ਅੱਧੋ-ਅੱਧ ਕਰ ਲਵਾਂਗੇ। ਅਮਨ ਨੇ ਵੀ ਝੱਟ ਹਾਂ ਕਰ ਦਿੱਤੀ।
ਜਿਸ ਦਿਨ ਤੋਂ ਹਰਦੇਵ ਦਾ ਵਾਰਿਸ ਅਮਨ ਦੀ ਕੁੱਖ ਵਿਚ ਨਿੰਮਿਆ ਗਿਆ, ਉਸੇ ਦਿਨ ਤੋਂ ਹਰਦੇਵ ਦੀ ਅਮੀਰੀ ਵਾਲਾ ਝੰਡਾ ਡੰਡੇ ਰਾਹੀਂ ਥੱਲੇ ਨੂੰ ਆਉਂਦਾ ਗਿਆ। ਹਰਦੇਵ ਖੁਸ਼ੀ ਖੁਸ਼ੀ ਅਮਨ ਨੂੰ ਡਾਕਟਰਾਂ ਕੋਲ ਲਿਜਾਂਦਾ। ਰਾਜਵੀਰ ਨਾਲੋਂ ਹਰਦੇਵ ਅਮਨ ਨਾਲ ਜ਼ਿਆਦਾ ਸਮਾਂ ਬਤੀਤ ਕਰਦਾ। ਨੌਂ ਮਹੀਨਿਆਂ ਵਿਚ ਰਾਜਵੀਰ ਨੇ ਸਾਰਾ ਬਿਜਨੈਸ ਆਪਣੇ ਕਬਜ਼ੇ ਵਿਚ ਕਰ ਲਿਆ। ਹਾਲੈਂਡ ਵਾਲਾ ਫਾਰਮ ਅਮਨ ਨੇ ਪੁੱਤਰ ਦੀ ਖ਼ੁਸ਼ੀ ਵਿਚ ਮੰਗ ਲਿਆ।
ਅਮਨ ਦੇ ਬੱਚੇ ਨੇ ਪਹਿਲੀ ਕਿਲਕਾਰੀ ਮਾਰੀ। ਉਧਰ ਹਰਦੇਵ ਦੀ ਚੀਕ ਨਿਕਲ ਗਈ। ਵਾਰਿਸ ਪੈਦਾ ਤਾਂ ਹੋ ਗਿਆ, ਪਰ ਵਾਰਿਸ ਨੂੰ ਦੇਣ ਤੇ ਸੰਭਾਲਣ ਲਈ ਤਾਂ ਕੁਝ ਬਚਿਆ ਹੀ ਨਾ। ਘਰ ਵੀ ਹੌਲੀ-ਹੌਲੀ ਕਿਸ਼ਤਾਂ ਮੰਗਦਾ ਮੰਗਦਾ ਖੁੱਸ ਗਿਆ। ਰਾਜਵੀਰ ਨੇ ਕਾਨੂੰਨ ਦਾ ਪੱਤਾ ਖੇਡਦਿਆਂ ਪੁੱਤ ਆਪਣਾ ਬਣਾ ਲਿਆ। ਦੋਵੇਂ ਜਣੇ ਪੁੱਤ ਸਮੇਤ ਹਾਲੈਂਡ ਜਾ ਵਸੇ। ਜਰਮਨੀ ਵਾਲੇ ਸਾਰੇ ਬਿਜਨੈਸ ਵੇਚ ਕੇ ਹਾਲੈਂਡ ਲੈ ਲਏ। ਹਰਦੇਵ ਕਈ ਸਾਲ ਫੁੱਲ ਅਤੇ ਅਖ਼ਬਾਰਾਂ ਵੇਚਦਾ ਰਿਹਾ। ਅਮੀਰੀ ਦੀ ਸ਼ਾਨ ਬਚਾਉਂਦਾ ਪਿੰਡ ਜਾ ਕੇ ਪ੍ਰਾਣ ਤਿਆਗ ਗਿਆ।
ਜਿਵੇਂ ਕਹਿੰਦੇ ਨੇ, ਸਦਾ ਗੁੱਡੀਆਂ ਚੜ੍ਹੀਆਂ ਨਹੀਂ ਰਹਿੰਦੀਆਂ; ਕਿਸਮਤ ਦੇ ਲਪੇਟੇ ਵਿਚ ਆ ਹੀ ਜਾਂਦੀਆਂ ਨੇ। ‘ਭੁੱਖੇ ਦੀ ਧੀ ਰੱਜੀ, ਪਿੰਡ ਉਜਾੜਨ ਲੱਗੀ’ ਵਾਲੀ ਗੱਲ ਅਮਨ ਕਰਨ ਲੱਗ ਪਈ। ਉਸ ਨੇ ਆਪਣਾ ਭਰਾ ਇੰਡੀਆ ਤੋਂ ਮੰਗਵਾ ਲਿਆ। ਭਰਾ ਨੇ ਵੀ ਛੇਤੀ ਹੀ ਅਮਨ ਅਤੇ ਰਾਜਵੀਰ ਦੇ ਕਮਰੇ ਦੀ ਲਾਈਟ ਬੰਦ ਹੁੰਦੀ ਦੇਖ ਲਈ। ਭਰਾ ਗੁੱਸੇ ਤਾਂ ਬਹੁਤ ਹੋਇਆ ਕਿ ਆਹ ਖੇਹ ਸਾਡੇ ਸਿਰ ਕਿਉਂ ਪਾ ਰਹੀ ਹੈ! ਅਮਨ ਨੇ ਡਾਲਰਾਂ ਦੀ ਤਰੀ ਨਾਲ ਲਿਬੇੜੀ ਬੁਰਕੀ ਭਰਾ ਅੱਗੇ ਸੁੱਟ ਦਿੱਤੀ ਜਿਸ ਨਾਲ ਭਰਾ ਦੀ ਜਾਗੀ ਅਣਖ ਟਿੱਬਿਆਂ ਦੀ ਰੇਤ ਵਾਂਗ ਉਡ ਗਈ। ਭਰਾ ਨੇ ਵੀ ਬਹੁਤਾ ਸਮਾਂ ਉਡੀਕ ਨਾ ਕੀਤੀ, ਛੇਤੀ ਹੀ ਹੱਥ ਦੀ ਸਫ਼ਾਈ ਕਰਨ ਲੱਗ ਪਿਆ। ਰਾਜਵੀਰ ਨੇ ਕਈ ਵਾਰ ਉਸ ਦਾ ਹੱਥ ਫੜਿਆ ਕਿ ਜੇ ਚਾਟੀ ਦਾ ਮੂੰਹ ਖੁੱਲ੍ਹਾ ਹੈ ਤਾਂ ਆਪਣਾ ਮੂੰਹ ਮੀਚ ਕੇ ਰੱਖ। ਹੁਣ ਅਮਨ ਅਤੇ ਰਾਜਵੀਰ ਦੇ ਵਿਚਕਾਰ ਭਰਾ ਆ ਗਿਆ ਸੀ ਜਿਸ ਕਰ ਕੇ ਦੋਹਾਂ ਵਿਚਕਾਰ ਲੜਾਈ ਹੋਣ ਲੱਗੀ। ਅਖੀਰ ਸਾਹਿਬਾਂ ਭਰਾਵਾਂ ਦੀ ਹੋ ਗਈ ਤੇ ਮਿਰਜ਼ਾ ਜੰਡ ਥੱਲੇ ਵੱਢਣ ਦੀ ਤਿਆਰੀ ਹੋਣ ਲੱਗੀ।
ਅਮਨ ਨੇ ਰਾਜਵੀਰ ਦੀ ਪਿੱਠ ‘ਤੇ ਛੁਰਾ ਮਾਰ ਦਿੱਤਾ। ਸਾਰਾ ਬਿਜਨੈਸ ਆਪਣੇ ਨਾਂ ਕਰਵਾ ਲਿਆ। ਜਰਮਨੀ ਵਿਚ ਜੰਮਿਆ ਪੁੱਤ ਵੀ ਹਾਲੈਂਡ ਵਿਚ ਪਿੱਠ ਦਿਖਾ ਗਿਆ। ਕੱਖਾਂ ਤੋਂ ਹੌਲੇ ਹੋਏ ਰਾਜਵੀਰ ਨੂੰ ਚਾਚੇ ਹਰਦੇਵ ਦੀ ਯਾਦ ਆਉਣ ਲੱਗੀ। ਹੁਣ ਅੱਖਾਂ ਖੁੱਲ੍ਹੀਆਂ ਕਿ ਉਸ ਨੇ ਤਾਂ ਚਾਚੇ ਵੱਲ ਨਿਸ਼ਾਨਾ ਲਾਇਆ ਸੀ, ਗੋਲੀ ਉਸ ਦੀ ਆਪਣੀ ਪਿੱਠ ‘ਤੇ ਵੱਜ ਗਈ। ਅਮਨ ਦਾ ਭਰਾ ਵੀ ਨਵਾਂ-ਨਵਾਂ ਅਮੀਰ ਹੋਇਆ ਸੀ। ਉਸ ਨੇ ਵੀ ਅਮੀਰੀ ਦੇ ਕਰਤੱਬ ਦਿਖਾਉਂਦਿਆਂ ਰਾਜਵੀਰ ਨੂੰ ਸੜਕ ਵੱਲ ਜਾਂਦਾ ਰਾਹ ਦਿਖਾ ਦਿੱਤਾ।
ਅਮਨ ਨੇ ਭਰਾ ਨਾਲ ਥੋੜ੍ਹਾ ਸਮਾਂ ਕੱਢਿਆ। ਰਾਜਵੀਰ ਦੀ ਯਾਦ ਸਤਾਉਣ ਲੱਗੀ, ਪਰ ਰਾਜਵੀਰ ਤਾਂ ਬਹੁਤ ਦੂਰ ਜਾ ਚੁੱਕਾ ਸੀ। ਹੁਣ ਅਮਨ ਦੀ ਜ਼ਿੰਦਗੀ ਵਿਚ ਪਤਝੱੜ ਦੀ ਰੁੱਤ ਆਣ ਵੜੀ। ਇਕ-ਇਕ ਦਿਨ ਸੁੱਕੇ ਪੱਤਿਆਂ ਵਾਂਗ ਟੁੱਟਦਾ ਗਿਆ। ਅਖੀਰ ਪੱਤਿਆਂ ਦੀ ਮੁੱਠੀ ਬਣ ਅਮਨ ਕਿਸੇ ਖੂੰਜੇ ਲੱਗ ਗਈ ਜਿਥੇ ਨਾ ਹਰਦੇਵ ਸੀ, ਨਾ ਹੀ ਰਾਜਵੀਰ ਨਜ਼ਰ ਆ ਰਿਹਾ। ਪੁੱਤ ਸ਼ਾਇਦ ‘ਕੰਸ’ ਮਾਮੇ ਦੀ ਕੈਦ ਵਿਚ ਸੀ ਜਾਂ ਕਿਤੇ ਹੋਰ। ਅਮਨ ਦੀਆਂ ਅੱਖਾਂ ਰਾਜਵੀਰ ਨੂੰ ਹਾਲੈਂਡ ਦੀਆਂ ਸੜਕਾਂ ‘ਤੇ ਲੱਭਣ ਲੱਗੀਆਂ, ਪਰ ਪੁਲਾਂ ਥੱਲਿਉਂ ਲੰਘਿਆ ਪਾਣੀ ਕਦੇ ਮੁੜਿਆ ਨਹੀਂ! ਅਮਨ ਅਤੇ ਵਾਰਿਸ (ਪੁੱਤ) ਦਾ ਤਾਂ ਕੁਝ ਪਤਾ ਨਹੀਂ ਲੱਗਿਆ, ਪਰ ਰਾਜਵੀਰ ਅੱਜਕੱਲ੍ਹ ਅਮਰੀਕਾ ਵਿਚ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਰੋਂਦਾ ਹੀ ਨਹੀਂ, ਪਛਤਾਉਂਦਾ ਵੀ ਬਥੇਰਾ ਹੈ। ਉਸ ਨੂੰ ਪਤਾ ਨਹੀਂ ਸੀ ਕਿ ਜਵਾਨੀ ਦੀ ਇਹ ਗਲਤੀ ਸਾਰੀ ਜ਼ਿੰਦਗੀ ਤਬਾਹ ਕਰ ਦੇਵੇਗੀ।
Leave a Reply