ਸ਼ਿਕਾਗੋ (ਪੰਜਾਬ ਟਾਈਮਜ਼ ਬਿਊਰੋ): ਪਰਵਾਸੀਆਂ ਨੂੰ ਇੰਮੀਗਰੇਸ਼ਨ ਦੇਣ ਦੇ ਮਾਮਲੇ ‘ਤੇ ਰਿਪਬਲਿਕਨ ਪਾਰਟੀ ਵਿਚ ਰੱਫੜ ਪੈ ਗਿਆ ਹੈ। ਯਾਦ ਰਹੇ ਕਿ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਇੰਮੀਗਰੇਸ਼ਨ ਬਾਰੇ ਸੋਧਾਂ ਦੀ ਪੈਰਵੀ ਬੜੇ ਧੜੱਲੇ ਨਾਲ ਕਰ ਰਹੀ ਹੈ ਅਤੇ ਇਸ ਬਾਰੇ ਕਾਂਗਰਸ ਵਿਚ ਬਿੱਲ ਵੀ ਪੇਸ਼ ਕੀਤਾ ਜਾ ਚੁਕਾ ਹੈ। ਰਿਪਬਲਿਕਨ ਪਾਰਟੀ ਦਾ ਇੱਕ ਹਿੱਸਾ ਇਸ ਬਿੱਲ ਦੀ ਹਮਾਇਤ ਕਰ ਰਿਹਾ ਹੈ ਜਦਕਿ ਦੂਜਾ ਹਿੱਸਾ ਇਨ੍ਹਾਂ ਇੰਮੀਗਰੇਸ਼ਨ ਸੋਧਾਂ ਦੇ ਉੱਕਾ ਹੀ ਖ਼ਿਲਾਫ਼ ਹੈ।
ਰਿਪਬਲਿਕਨ ਪਾਰਟੀ ਦਾ ਇੱਕ ਧੜਾ ਇਹ ਮਹਿਸੂਸ ਕਰਦਾ ਹੈ ਕਿ ਜੇ ਰਾਸ਼ਟਰਪਤੀ ਚੋਣਾਂ ਜਿੱਤਣੀਆਂ ਹਨ ਤਾਂ ਲਾਤੀਨੀ ਅਮਰੀਕੀ ਵੋਟਰਾਂ ਵੱਲ ਧਿਆਨ ਧਰਨਾ ਪਵੇਗਾ। ਵਰਣਨਯੋਗ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਵਾਰ ਦੀ ਜਿੱਤ ਵਿਚ ਇਨ੍ਹਾਂ ਵੋਟਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਰਿਪਬਲਿਕਨ ਪਾਰਟੀ ਦੇ ਇਸ ਧੜੇ ਮੁਤਾਬਕ ਇਨ੍ਹਾਂ ਵੋਟਰਾਂ ਦੀਆਂ ਵੋਟਾਂ ਖਿੱਚਣ ਲਈ ਇੰਮੀਗਰੇਸ਼ਨ ਸੋਧਾਂ ਵਿਚ ਵਿਰੋਧ ਹੁਣ ਛੱਡ ਦੇਣਾ ਚਾਹੀਦਾ ਹੈ। ਦੂਜੇ ਧੜੇ ਦਾ ਕਹਿਣਾ ਹੈ ਕਿ ਪਾਰਟੀ ਦੇ ਸਿਧਾਂਤਾਂ ਮੁਤਾਬਕ ਇਹ ਗੱਲ ਠੀਕ ਨਹੀਂ। ਇਸ ਲਈ ਪਾਰਟੀ ਨੂੰ ਇੰਮੀਗਰੇਸ਼ਨ ਸੋਧਾਂ ਦੇ ਮਾਮਲੇ ਵਿਚ ਇੰਨਾ ਵੀ ਉਤਸ਼ਾਹ ਵਿਚ ਨਹੀਂ ਆਉਣਾ ਚਾਹੀਦਾ।
ਇਸ ਵੇਲੇ ਅਮਰੀਕਾ ਵਿਚ ਲਾਤੀਨੀ ਅਮਰੀਕਾ ਤੋਂ ਆਏ ਲੱਖਾਂ ਗੈਰ-ਕਾਨੂੰਨੀ ਬਾਸ਼ਿੰਦੇ ਰਹਿ ਰਹੇ ਹਨ ਅਤੇ ਇਸ ਵਸੋਂ ਦਾ ਸਦਾ ਹੀ ਡੈਮੋਕਰੇਟਿਕ ਪਾਰਟੀ ਵੱਲ ਝੁਕਾ ਰਿਹਾ ਹੈ। 2008 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਸ੍ਰੀ ਓਬਾਮਾ ਨੇ ਇਨ੍ਹਾਂ ਵੋਟਾਂ ਦਾ 67 ਫੀਸਦੀ ਹਿੱਸਾ ਖਿੱਚ ਲਿਆ ਸੀ ਅਤੇ ਹੁਣ ਹੋਈਆਂ ਚੋਣਾਂ ਵਿਚ ਇਹ ਫੀਸਦ ਵਧ ਕੇ 71 ਤੱਕ ਪਹੁੰਚ ਗਈ। ਜ਼ਿਕਰ ਕਰਨਾ ਬਣਦਾ ਹੈ ਕਿ ਹਾਲ ਹੀ ਵਿਚ ਦੋਹਾਂ ਪਾਰਟੀਆਂ ਨਾਲ ਸਬੰਧਤ 8 ਸੈਨੇਟਰਾਂ ਨੇ ਜਿਹੜਾ ਬਿੱਲ ਪੇਸ਼ ਕੀਤਾ ਹੈ, ਉਸ ਵਿਚ ਕੁਝ ਖਾਸ ਸ਼ਰਤਾਂ ਨਾਲ ਗੈਰ-ਕਾਨੂੰਨੀ ਪਰਵਾਸੀਆਂ ਨੂੰ ਪੱਕੀ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ।
Leave a Reply