ਡੋਨਲਡ ਟਰੰਪ ਦੀਆਂ ਨੀਤੀਆਂ ਨੇ ਦਿੱਤੀ ਨਸਲਪ੍ਰਸਤੀ ਨੂੰ ਹਵਾ

ਕੈਨਸਸ ਸਿਟੀ, ਮਿਜ਼ੌਰੀ: ਇਥੋਂ ਕਰੀਬ 20 ਮੀਲ ਦੂਰ ਓਲੱਥ ਸ਼ਹਿਰ ਵਿਚ ਇਕ ਬਾਰ ਵਿਚ ਇਕ ਵਿਅਕਤੀ ਵੱਲੋਂ ਭਾਰਤੀ ਮੂਲ ਦੇ ਇਕ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਨੇ ਨਸਲੀ ਵਿਤਕਰੇ ਦੇ ਮੁੱਦੇ ਨੂੰ ਮੁੜ ਉਭਾਰ ਦਿੱਤਾ ਹੈ। ਅਮਰੀਕੀ ਮੀਡੀਆ ਦੇ ਇਕ ਵਰਗ ਨੇ ਸ੍ਰੀਨਿਵਾਸਨ ਦੀ ਹੱਤਿਆ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਲਕ ਵਿਚ ਵਿਦੇਸ਼ੀਆਂ, ਖਾਸ ਕਰ ਕੇ ਇਸਲਾਮੀ ਮੁਲਕਾਂ ਲੋਕਾਂ ਖਿਲਾਫ਼ ਭੰਡੀ-ਪ੍ਰਚਾਰ ਤੇ ਬੰਦਿਸ਼ਾਂ ਨਾਲ ਜੋੜਿਆ ਹੈ।

ਗੋਲੀਆਂ ਚਲਾਉਂਦੇ ਸਮੇਂ ਦੋਸ਼ੀ ਚੀਕਦਾ ਹੋਇਆ ‘ਅਤਿਵਾਦੀ’ ਤੇ ‘ਮੇਰੇ ਦੇਸ਼ ‘ਚੋਂ ਬਾਹਰ ਨਿਕਲ ਜਾਓ’ ਕਹਿ ਰਿਹਾ ਸੀ। ਪੁਲਿਸ ਨੇ ਵੀ ਇਸ ਨੂੰ ਨਸਲੀ ਅਪਰਾਧ ਦਾ ਮਾਮਲਾ ਦੱਸਿਆ ਹੈ। ਯਾਦ ਰਹੇ ਕਿ ਇਕ ਝੜਪ ਤੋਂ ਬਾਅਦ 51 ਸਾਲਾ ਸਾਬਕਾ ਜਲ ਸੈਨਿਕ ਨੇ ਨਸਲੀ ਹਮਲੇ ਤਹਿਤ ਗੋਲੀਆਂ ਚਲਾ ਦਿੱਤੀਆਂ ਸਨ ਜਿਸ ‘ਚ ਸ੍ਰੀਨਿਵਾਸਨ ਕੁਚੀਭੋਟਲਾ (32) ਦੀ ਮੌਤ ਹੋ ਗਈ।
ਸ੍ਰੀਨਿਵਾਸਨ ਓਲੱਥ ਸਥਿਤ ਗਾਰਮਿਨ ਹੈੱਡਕੁਆਰਟਰ ‘ਚ ਕੰਮ ਕਰਦਾ ਸੀ। ਹਮਲੇ ਵਿਚ ਇਕ ਹੋਰ ਭਾਰਤੀ ਅਤੇ ਉਸ ਦਾ ਕੁਲੀਗ ਆਲੋਕ ਮਦਸਾਨੀ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਗੋਲੀਬਾਰੀ ਵਿਚ ਜਖ਼ਮੀ ਦੂਜੇ ਵਿਅਕਤੀ ਦੀ ਪਛਾਣ ਅਮਰੀਕੀ ਨਾਗਰਿਕ ਈਆਨ ਗ੍ਰੀਲਟ (24) ਵਜੋਂ ਹੋਈ ਹੈ ਜਿਸ ਨੇ ਇਨ੍ਹਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਘਟਨਾ ਓਲੱਥ ਦੇ ਆਸਟਿਨ ਬਾਰ ਐਂਡ ਗ੍ਰਿੱਲ ਵਿਚ ਹੋਈ। ਐਡਮ ਪੁਰੀਨਤੋਨ ਦੀ ਪੀੜਤਾਂ ਨਾਲ ਨਸਲੀ ਮੁੱਦਿਆਂ ‘ਤੇ ਬਹਿਸ ਹੋ ਗਈ ਸੀ ਅਤੇ ਉਹ ਉਨ੍ਹਾਂ ‘ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ‘ਮੇਰੇ ਦੇਸ਼ ‘ਚੋਂ ਨਿਕਲ ਜਾਓ’ ਅਤੇ ‘ਅਤਿਵਾਦੀ’ ਕਹਿ ਰਿਹਾ ਸੀ। ਪੁਲਿਸ ਅਨੁਸਾਰ ਪੁਰੀਨਤੋਨ ਬਹਿਸ ਤੋਂ ਬਾਅਦ ਬਾਰ ‘ਚੋਂ ਚਲਾ ਗਿਆ ਸੀ, ਪਰ ਫਿਰ ਉਹ ਬੰਦੂਕ ਲੈ ਕੇ ਉਥੇ ਵਾਪਸ ਆਇਆ ਤੇ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਬਾਰ ਦੇ ਮਾਲਕ ਉਸ ਸਮੇਂ ਬਾਸਕਟਬਾਲ ਮੈਚ ਦੇਖ ਰਹੇ ਸਨ। ਦੋਸ਼ੀ ਐਡਮ ਪੁਰੀਨਤੋਨ ਨੂੰ ਘਟਨਾ ਦੇ 5 ਘੰਟੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਐਫ਼ਬੀæਆਈæ ਕਰੇਗੀ ਇੰਜੀਨੀਅਰ ਦੇ ਕਤਲ ਦੀ ਜਾਂਚ: ਦੋ ਭਾਰਤੀ ਇੰਜੀਨੀਅਰਾਂ ‘ਤੇ ਸ਼ਰੇਆਮ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐਫ਼ਬੀæਆਈæ ਨੂੰ ਸੌਂਪ ਦਿੱਤੀ ਗਈ ਹੈ। ਐਫ਼ਬੀæਆਈæ ਇਹ ਜਾਣਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮਾਮਲਾ ਨਸਲੀ ਨਫਰਤ ਵਾਲਾ ਸੀ ਜਾਂ ਨਹੀਂ। ਪੁਲਿਸ ਨੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਇਸ ਮਾਮਲੇ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ।
___________________________________________
ਅਮਰੀਕੀ ਨੌਜਵਾਨ ਬਣਿਆ ਹੀਰੋ
ਹਿਊਸਟਨ: ਕੰਸਾਸ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ‘ਤੇ ਹੋਏ ਹਮਲੇ ਵਿਚ ਦੂਜੇ ਭਾਰਤੀ ਨੂੰ ਬਚਾਉਣ ਵਿਚ ਇਕ ਅਮਰੀਕੀ ਨੌਜਵਾਨ ਦੀ ਭੂਮਿਕਾ ਸਾਹਮਣੇ ਆਈ ਹੈ। ਈਆਨ ਗ੍ਰੀਲਟ ਨਾਂ ਦੇ ਇਸ ਨੌਜਵਾਨ ਨੇ ਭਾਰਤੀ ਨੂੰ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਘਟਨਾ ਦੌਰਾਨ ਜ਼ਖ਼ਮੀ ਹੋਏ ਹਸਪਤਾਲ ਦੇ ਬੈੱਡ ‘ਤੇ ਲੇਟੇ ਈਆਨ ਗ੍ਰੀਲਟ ਨੇ ਆਪਣੇ ਆਪ ਨੂੰ ‘ਹੀਰੋ’ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਓਹੀ ਕੀਤਾ ਜੋ ਇਕ ਮਨੁੱਖ ਨੂੰ ਦੂਜੇ ਲਈ ਕਰਨਾ ਚਾਹੀਦਾ ਹੈ। ਸਭ ਤੋਂ ਉਪਰ ਇਨਸਾਨੀਅਤ ਹੈ।
________________________________________
ਟਰੰਪ ਦੀ ਜਿੱਤ ਪਿੱਛੋਂ ਨਸਲੀ ਵਿਤਕਰੇ ਦੇ ਮਾਮਲੇ 115 ਫੀਸਦੀ ਵਧੇ
ਹਿਊਸਟਨ: ਨਿਊ ਯਾਰਕ ਪੁਲਿਸ ਵਿਭਾਗ ਮੁਤਾਬਕ ਰਾਸ਼ਟਰਪਤੀ ਚੋਣਾਂ ਵਿਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਨਸਲੀ ਭੇਦਭਾਵ ਦੇ ਮਾਮਲਿਆਂ ਵਿਚ 115 ਫੀਸਦੀ ਵਾਧਾ ਹੋਇਆ ਹੈ। ਟਰੰਪ ਦੇ ਜਿੱਤ ਦੇ 10 ਦਿਨ ਦੇ ਅੰਦਰ ਹੀ ਹੇਟ ਕ੍ਰਾਇਮ ਨੇ 867 ਕੇਸ ਦਰਜ ਕੀਤੇ ਗਏ ਸਨ। ਸਭ ਤੋਂ ਜ਼ਿਆਦਾ ਹਮਲੇ ਮੁਸਲਮਾਨਾਂ ‘ਤੇ ਹੋ ਰਹੇ ਹਨ। ਕਾਊਂਸਲਿੰਗ ਆਫ ਅਮਰੀਕਨ ਇਸਲਾਮਿਕ ਰਿਲੇਸ਼ਨ ਮੁਤਾਬਕ ਪਿਛਲੇ ਸਾਲ ਤਕਰੀਬਨ 400 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ। ਜਦ ਕਿ ਇਸ ਸਾਲ ਦੋ ਮਹੀਨਿਆਂ ਵਿਚ ਹੀ 175 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
50 ਫੀਸਦੀ ਅਮਰੀਕੀਆਂ ਦੇ ਮਨੋਂ ਲੱਥਾ ਰਾਸ਼ਟਰਪਤੀ ਟਰੰਪ: ਐਨæਬੀæਸੀæ ਨਿਊਜ਼ ਤੇ ਸਰਵੇ ਮੰਕੀ ਦੇ ਸਾਂਝੇ ਸਰਵੇਖਣ ਮੁਤਾਬਕ ਟਰੰਪ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਤੋਂ ਬਾਅਦ ਅੱਧੇ ਅਮਰੀਕੀਆਂ ਨੇ ਟਰੰਪ ਦੇ ਕੰਮਕਾਜ ਦੇ ਤਰੀਕੇ ਨਾਲ ਅਸਹਿਮਤੀ ਪ੍ਰਗਟਾਈ ਹੈ। ਸਰਵੇ ਮੁਤਾਬਕ 53 ਫੀਸਦੀ ਲੋਕਾਂ ਨੇ ਅਸਹਿਮਤੀ ਪ੍ਰਗਟਾਈ ਹੈ ਜਦਕਿ 43 ਫੀਸਦੀ ਲੋਕ ਟਰੰਪ ਦੇ ਕੰਮਕਾਜ ਦੇ ਤਰੀਕੇ ਤੋਂ ਸੰਤੁਸ਼ਟ ਹਨ। 30 ਫੀਸਦੀ ਤੋਂ ਵੱਧ ਲੋਕਾਂ ਨੇ ਸੰਘੀ ਸਰਕਾਰ ਦੇ ਕੰਮਕਾਜ ‘ਤੇ ਗੁੱਸਾ ਵੀ ਪ੍ਰਗਟ ਕੀਤਾ।
ਦੋ ਤਿਹਾਈ ਅਮਰੀਕੀ ਮੰਨਦੇ ਹਨ ਕਿ ਅਗਲੇ ਚਾਰ ਸਾਲਾਂ ਤੱਕ ਉਨ੍ਹਾਂ ਦਾ ਦੇਸ਼ ਕਿਸੇ ਵੱਡੀ ਲੜਾਈ ਵਿਚ ਫਸ ਜਾਏਗਾ। ਇਨ੍ਹਾਂ ਵਿਚੋਂ 36 ਫੀਸਦੀ ਲੋਕ ਲੜਾਈ ਦੇ ਡਰ ਤੋਂ ਕਾਫੀ ਚਿੰਤਤ ਹਨ। ਸਰਵੇ ਮੁਤਾਬਕ ਟਰੰਪ ਵੱਲੋਂ 7 ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਦਾਖਲ ਹੋਣ ‘ਤੇ ਲਾਈ ਰੋਕ ਨੂੰ ਅੱਧੇ ਲੋਕ ਸਹੀ ਮੰਨਦੇ ਹਨ ਜਦਕਿ 47 ਫੀਸਦੀ ਲੋਕ ਇਸ ਨੂੰ ਜਾਇਜ਼ ਨਹੀਂ ਠਹਿਰਾਉਂਦੇ।