ਸਿੱਖ ਕਤਲੇਆਮ: ਹਾਈ ਕੋਰਟ ਨੇ ਸੱਜਣ ਕੁਮਾਰ ਕੇਸ ਬਾਰੇ ਮੰਗੇ ਵੇਰਵੇ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਕਤਲੇਆਮ ਸਬੰਧੀ ਕਾਂਗਰਸ ਆਗੂ ਸੱਜਣ ਕੁਮਾਰ ਖਿਲਾਫ਼ ਦਾਇਰ ਵੱਖ-ਵੱਖ ਕਤਲ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦੇਣ ਲਈ ਆਖਿਆ ਹੈ। ਬੈਂਚ ਨੇ ਹੁਕਮਾਂ ਵਿਚ ਆਖਿਆ, ‘ਤੁਸੀਂ (ਸਿੱਟ) ਲਾਜ਼ਮੀ ਮੁਦਾਇਲਾ (ਸੱਜਣ ਕੁਮਾਰ) ਦੀ ਸ਼ਮੂਲੀਅਤ ਵਾਲੇ ਕੇਸਾਂ ਦੀ ਜਾਂਚ ਕੀਤੀ ਹੋਵੇਗੀ। ਇਸ ਕਾਰਨ, ਤੁਹਾਨੂੰ ਲਾਜ਼ਮੀ ਉਸ ਤੇ ਹੋਰਨਾਂ ਖਿਲਾਫ਼ ਦਰਜ ਐਫ਼ਆਈæ ਆਰਜ਼æ ਦੇ ਸਮੇਂ ਦਾ ਪਤਾ ਹੋਵੇਗਾ।’

ਕੇਸ ਦਰਜ ਹੋਣ ਦੇ ਸਮੇਂ ਦੀ ਮੰਗ ਇਸ ਕਾਰਨ ਕੀਤੀ ਗਈ ਹੈ, ਕਿਉਂਕਿ ਸੱਜਣ ਕੁਮਾਰ ਕਤਲੇਆਮ ਕੇਸਾਂ ਵਿਚ ਮੁਲਜ਼ਮ ਹੈ ਅਤੇ ਅਦਾਲਤ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੋਈ ਇਕ ਬੰਦਾ ਇੰਨੇ ਕੇਸਾਂ ਵਿਚ ਕਿਵੇਂ ਸ਼ਾਮਲ ਹੋ ਸਕਦਾ ਹੈ। ਅਦਾਲਤ ਨੇ ਸਿੱਟ ਨੂੰ ਹੇਠਲੀ ਅਦਾਲਤ ਦੇ ਉਸ ਫੈਸਲੇ ਦੀ ਕਾਪੀ ਵੀ ਦੇਣ ਲਈ ਆਖਿਆ ਹੈ, ਜਿਸ ਰਾਹੀਂ ਮੁਲਜ਼ਮ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਅਦਾਲਤ ਨੇ ਸੱਜਣ ਕੁਮਾਰ ਤੇ ਹੋਰਨਾਂ ਮੁਲਜ਼ਮਾਂ ਖਿਲਾਫ਼ ਇਸ ਸਬੰਧੀ ਦਾਖਲ ਚਾਰਜਸ਼ੀਟ ਵੀ ਪੇਸ਼ ਕਰਨ ਲਈ ਆਖਿਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਇਹ ਸਾਰੇ ਦਸਤਾਵੇਜ਼ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 14 ਮਾਰਚ ਨੂੰ ਪੇਸ਼ ਕੀਤੇ ਜਾਣ। ਸਿੱਟ ਨੂੰ ਇਹ ਹੁਕਮ ਉਦੋਂ ਦਿੱਤੇ, ਜਦੋਂ ਇਹ ਸੱਜਣ ਕੁਮਾਰ ਖਿਲਾਫ਼ ਦਰਜ 10 ਐਫ਼ਆਈæਆਰæ ਵਿਚੋਂ ਦੋ ਦਾ ਸਮਾਂ ਦੱਸਣ ਵਿਚ ਨਾਕਾਮ ਰਹੀ। ਸਿੱਟ ਵੱਲੋਂ ਅਦਾਲਤ ਵਿਚ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ ਸੰਜੇ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਭੜਕੇ ਦੰਗਿਆਂ ਸਬੰਧੀ ਮੁਲਜ਼ਮ ਖਿਲਾਫ਼ ਦਿੱਲੀ ਵਿਚ 10 ਐਫ਼ਆਈæਆਰæ ਦਰਜ ਕੀਤੀਆਂ ਗਈਆਂ ਸਨ। ਸਾਰੀਆਂ ਐਫ਼ਆਈæਆਰæ ਦਾ ਸਮਾਂ ਵੱਖੋ-ਵੱਖਰਾ ਹੈ, ਜਿਸ ਤੋਂ ਮੁਲਜ਼ਮ ਦੀ ਮਾਮਲਿਆਂ ਵਿਚ ਸ਼ਮੂਲੀਅਤ ਦਾ ਪਤਾ ਲੱਗਦਾ ਹੈ। ਗੌਰਤਲਬ ਹੈ ਕਿ ਬੈਂਚ ਵੱਲੋਂ ਮੁਲਜ਼ਮ ਨੂੰ ਤਿੰਨ ਸਿੱਖਾਂ ਦੇ ਕਤਲ ਕੇਸ ਵਿਚ ਹੇਠਲੀ ਅਦਾਲਤ ਵੱਲੋਂ ਬੀਤੀ 21 ਦਸੰਬਰ ਨੂੰ ਦਿੱਤੀ ਅਗਾਊਂ ਜ਼ਮਾਨਤ ਰੱਦ ਕਰਨ ਸਬੰਧੀ ਸੁਣਵਾਈ ਕੀਤੀ ਜਾ ਰਹੀ ਹੈ।
________________________________________
ਹੁਣ ਮਸ਼ੀਨ ਹੀ ਫੜੇਗੀ ਟਾਈਟਲਰ ਦਾ ‘ਝੂਠ’
ਨਵੀਂ ਦਿੱਲੀ: ਜਗਦੀਸ਼ ਟਾਈਟਲਰ ਨੇ ਭਾਵੇਂ ‘ਲਾਈ ਡਿਟੈਕਟਰ’ ਟੈਸਟ ਕਰਵਾਉਣ ਤੋਂ ਨਾਂਹ ਕੀਤੀ ਸੀ, ਪਰ ਦਿੱਲੀ ਅਦਾਲਤ ਨੇ 16 ਮਾਰਚ ਨੂੰ ਟਾਈਟਲਰ ਦਾ ਲਾਈ ਡਿਟੈਕਟਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। 1984 ਦੇ ਸਿੱਖ ਕਤਲੇਆਮ ਮਾਮਲਿਆਂ ਵਿਚ ਜਗਦੀਸ਼ ਟਾਈਟਲਰ ਖਿਲਾਫ ਕਈ ਮੁਕੱਦਮੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਟਾਈਟਲਰ ਦਾ ਲਾਈ ਡਿਟੈਕਟਰ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਪਾਈ ਗਈ ਸੀ, ਪਰ ਟਾਈਟਲਰ ਨੇ ਟੈਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ। ਇਸ ਦੇ ਨਾਲ ਹੀ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਵਿਚ ਵੱਖ-ਵੱਖ ਮਾਮਲਿਆਂ ਦੀਆਂ ਸੁਣਵਾਈਆਂ ਵੀ ਹੋਈਆਂ। ਕੜਕੜਡੂੰਮਾ ਅਦਾਲਤ ਅੰਦਰ ਚੱਲੇ ਮਾਮਲੇ ਅੰਦਰ ਅਭਿਸ਼ੇਕ ਵਰਮਾ ਤੇ ਜਗਦੀਸ਼ ਟਾਈਟਲਰ ਨੇ ਅਪਣੇ ਲਿਖਤੀ ਬਿਆਨ ਦਰਜ ਕਰਵਾਏ ਸਨ। ਇਸ ਮਾਮਲੇ ਵਿਚ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ। ਦੂਜਾ ਮਾਮਲਾ ਦਵਾਰਕਾ ਅਦਾਲਤ ਵੱਲੋਂ ਦਿੱਤੀ ਸੱਜਣ ਕੁਮਾਰ ਨੂੰ ਜ਼ਮਾਨਤ ਖਿਲਾਫ ਹਾਈ ਕੋਰਟ ਵਿਚ ਚੱਲੀ ਸੁਣਵਾਈ ਵਿਚ ਐਸ਼ਆਈæਟੀæ ਵੱਲੋਂ ਅਦਾਲਤ ਨੂੰ ਕਤਲੇਆਮ ਵਾਲੇ ਦਿਨਾਂ ਦੇ ਸੱਜਣ ਕੁਮਾਰ ਦੇ ਵੇਰਵੇ ਦਾਖਲ ਕਰਵਾਏ ਗਏ। ਇਨ੍ਹਾਂ ਅੰਦਰ ਸੱਜਣ ਕੁਮਾਰ ਕਿਥੇ-ਕਿਥੇ ਗਿਆ ਤੇ ਦੰਗਿਆਂ ਵਿਚ ਸੱਜਣ ਕੁਮਾਰ ਵੱਲੋਂ ਕੀ ਰੋਲ ਨਿਭਾਇਆ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।
________________________________________
ਅਭਿਸ਼ੇਕ ਨੇ ਸ਼ਰਤ ਤਹਿਤ ਦਿੱਤੀ ਟੈਸਟ ਲਈ ਸਹਿਮਤੀ
ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਨਾਮਜ਼ਦ ਅਭਿਸ਼ੇਕ ਵਰਮਾ ਨੇ ਕਿਹਾ ਹੈ ਕਿ ਉਹ ਲਾਈ-ਡੀਟੈਕਟਰ ਟੈਸਟ ਕਰਵਾਉਣ ਲਈ ਤਿਆਰ ਹੈ, ਪਰ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਜਿਸ ਨੂੰ ਸੀæਬੀæਆਈæ ਨੇ ਇਸ ਮਾਮਲੇ ‘ਚ ਕਲੀਨ ਚਿੱਟ ਦਿੱਤੀ ਹੈ, ਵੀ ਇਸ ਟੈਸਟ ਲਈ ਸਹਿਮਤੀ ਦੇਵੇ। ਵਰਮਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਦਿਆਂ ਅਦਾਲਤ ਨੂੰ ਕਿਹਾ ਕਿ ਉਸ ਨੂੰ ਪੋਲੀਗ੍ਰਾਫ ਟੈਸਟ ਕਰਵਾਉਣ ‘ਤੇ ਕੋਈ ਇਤਰਾਜ ਨਹੀਂ ਹੈ, ਜੇਕਰ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਟੈਸਟ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ।