ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਬਾਰੇ ਜਾਂਚ ਦਾ ਘੇਰਾ ਹੋਵੇਗਾ ਮੋਕਲਾ

ਪਟਿਆਲਾ: ਵਿਧਾਨ ਸਭਾ ਚੋਣ ਪਿੜ 2017 ਲਈ ਸਿੱਖ ਉਮੀਦਵਾਰਾਂ ਵੱਲੋਂ ਅਕਾਲ ਤਖਤ ਦੇ 2007 ਨੂੰ ਜਾਰੀ ਹੋਏ ਹੁਕਮਨਾਮੇ ਨੂੰ ਉਲੰਘ ਕੇ ਡੇਰਾ ਸੱਚਾ ਸੌਦਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਜਾਂਚ ਦੀ ਸੂਈ ਪੰਜ ਸਾਲ ਪਿੱਛੇ ਵੱਲ ਵੀ ਘੁੰਮ ਰਹੀ ਹੈ।

ਸਿਆਸੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ 2012 ਦੇ ਵਿਧਾਨ ਸਭਾ ਪਿੜ ਲਈ ਸਿਆਸੀ ਹਮਾਇਤ ਲਈ ਡੇਰਾ ਸੱਚਾ ਸੌਦਾ ਸਿਰਸਾ ਜਾਂ ਇਸ ਦੇ ਰਾਜਸੀ ਵਿੰਗ ਦੇ ਕਥਿਤ ਸੰਪਰਕ ਵਿਚ ਰਹੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਇਕ ਮੈਂਬਰ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਖਿਲਾਫ਼ ਸਮਾਜਿਕ ਬਾਈਕਾਟ ਸਬੰਧੀ 2007 ਨੂੰ ਜਾਰੀ ਹੁਕਮਨਾਮੇ ਤੋਂ ਬਾਅਦ ਜੋ ਵੀ ਸਿੱਖ ਆਗੂ ਕਿਸੇ ਚੋਣ ਜਾਂ ਹੋਰ ਮਕਸਦ ਲਈ ਸਿਆਸੀ ਹਮਾਇਤ ਜੁਟਾਉਣ ਡੇਰਾ ਮੁਖੀ ਜਾਂ ਡੇਰੇ ਦੇ ਸਿਆਸੀ ਵਿੰਗ ਦੇ ਸੰਪਰਕ ਵਿਚ ਰਿਹਾ ਹੈ, ਉਸ ਨੂੰ ਵੀ ਪੜਤਾਲ ਦੇ ਕਟਹਿਰੇ ਵਿਚ ਲਿਆਂਦਾ ਜਾਵੇ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਮੰਨਿਆ ਹੈ ਕਿ ਤਿੰਨ ਮੈਂਬਰੀ ਗਠਿਤ ਜਾਂਚ ਕਮੇਟੀ ਦੀ ਅਜਿਹੀ ਮੰਗ ਸੀ ਕਿ ਪੜਤਾਲ ਹੁਕਮਨਾਮੇ ਦੇ ਵੇਲੇ ਤੋਂ ਹੀ ਕੀਤੀ ਜਾਵੇ ਤੇ ਅਜਿਹੇ ਵਿਚ ਜਾਂਚ ਕਮੇਟੀ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਉਹ 2017 ਹੀ ਨਹੀਂ, ਬਲਕਿ 2012 ਜਾਂ ਇਸ ਪਿੱਛੋਂ ਵੀ 2007 ਤੱਕ ਜਾਂਚ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੌਮ ਲਈ ਇਹ ਮਸਲਾ ਗੰਭੀਰ ਤੇ ਵੱਡੇ ਦਾਇਰੇ ਦਾ ਹੋਣ ਦੀ ਵਜ੍ਹਾ ਨਾਲ ਹੀ ਜਾਂਚ ਕਮੇਟੀ ਦਾ ਸਮਾਂ ਵਧਾ ਕੇ 7 ਮਾਰਚ ਤੱਕ ਤੈਅ ਕੀਤਾ ਗਿਆ ਹੈ। ਇਹ ਪੁੱਛਣ ‘ਤੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਵੀ 2012 ਦੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਗਏ ਸਨ, ਬਾਰੇ ਆਖਿਆ ਕਿ ਇਸ ਮਾਮਲੇ ਨੂੰ ਹੁਣ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਵੇਖਣਾ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ 22 ਅਜਿਹੇ ਸਿੱਖ ਉਮੀਦਵਾਰਾਂ ਦੀ ਸ਼ਨਾਖ਼ਤ ਹੋਈ ਹੈ, ਜੋ ਇਨ੍ਹਾਂ ਚੋਣਾਂ ਦੌਰਾਨ ਡੇਰੇ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਦੀ ਹੋੜ ਵਿਚ ਰਹੇ ਹਨ। ਉਂਜ ਜਾਂਚ ਕਮੇਟੀ ਮਸਲੇ ਨੂੰ ਘੋਖ ਰਹੀ ਹੈ। ਸ਼ ਬਡੂੰਗਰ ਨੇ ਦੱਸਿਆ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਨਿਰਪੱਖਤਾ ਨਾਲ ਪੜਤਾਲ ਕਰ ਰਹੀ ਹੈ ਤੇ 7 ਮਾਰਚ ਨੂੰ ਰਿਪੋਰਟ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦੇਵੇਗੀ।
_____________________________________
ਕਮੇਟੀ ਨਿਰਪੱਖ ਹੋ ਕੇ ਜਾਂਚ ਕਰੇਗੀ: ਬਡੂੰਗਰ
ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ 7 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਸੌਂਪੇਗੀ ਤੇ ਜੋ ਵੀ ਦੋਸ਼ੀ ਪਾਏ ਗਏ, ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਮਲੀ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ।