ਚੌਟਾਲਿਆਂ ਦਾ ਲਿੰਕ ਨਹਿਰ ਪੁੱਟਣ ਵਾਲਾ ਮਿਸ਼ਨ ਹੋਇਆ ਫੇਲ੍ਹ

ਚੰਡੀਗੜ੍ਹ: ਐਸ਼ਵਾਈæਐਲ਼ ਨਹਿਰ ਦੀ ਮੁੜ ਪੁਟਾਈ ਕਰਨ ਦੇ ਐਲਾਨ ਤਹਿਤ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖਲ ਹੋਏ ਇਨੈਲੋ ਆਗੂ ਅਭੈ ਚੌਟਾਲਾ ਆਪਣੇ ਇਸ ਮਕਸਦ ਵਿਚ ਨਾਕਾਮ ਰਹੇ। ਪੁਲਿਸ ਨੇ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਗੌਰਤਲਬ ਹੈ ਕਿ ਹਰਿਆਣਾ ਦੀ ਵਿਰੋਧੀ ਪਾਰਟੀ ਇਨੈਲੋ ਨੇ ਪੰਜਾਬ ਵਿਚ ਕੁਝ ਥਾਵਾਂ ਉਤੇ ਬੰਦ ਕੀਤੀ ਗਈ ਐਸ਼ਵਾਈæਐਲ਼ ਨਹਿਰ ਦੀ ਪੰਜਾਬ ਆ ਕੇ ਮੁੜ ਪੁਟਾਈ ਕਰਨ ਦਾ ਐਲਾਨ ਕੀਤਾ ਸੀ।

ਇਸ ਕਾਰਨ ਸ਼ੰਭੂ ਬੈਰੀਅਰ ਅਤੇ ਕਪੂਰੀ ਆਦਿ ਥਾਵਾਂ ਉਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਸਮੇਤ ਛੇ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਦੱਸਣਯੋਗ ਹੈ ਕਿ 1982 ਵਿਚ ਐਸ਼ਵਾਈæਐਲ਼ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਖੇਤਰ ਵਿਚ ਇਸ ਕਦਰ ਪੁਲਿਸ ਦੀ ਇਹ ਪਹਿਲੀ ਤਾਇਨਾਤੀ ਮੰਨੀ ਜਾ ਰਹੀ ਹੈ।
ਪੁਲਿਸ ਭਾਵੇਂ ਸਵੇਰ ਤੋਂ ਹੀ ਤਾਇਨਾਤ ਸੀ, ਪਰ ਇਨੈਲੋ ਵਰਕਰ ਸ੍ਰੀ ਚੌਟਾਲਾ ਦੀ ਅਗਵਾਈ ਹੇਠ ਸ਼ਾਮੀ ਪੌਣੇ ਚਾਰ ਵਜੇ ਜਬਰੀ ਪੰਜਾਬ ਦੇ ਇਲਾਕੇ ਵਿਚ ਦਾਖਲ ਹੋਏ ਤੇ ਉਨ੍ਹਾਂ ਇਥੇ ਸ਼ੰਭੂ ਬਾਰਡਰ ਨੇੜੇ ਪਟਿਆਲਾ ਪੁਲਿਸ ਵੱਲੋਂ ਲਾਏ ਜ਼ਬਰਦਸਤ ਨਾਕੇ ਕੋਲ ਕਹੀਆਂ ਨਾਲ ਸੰਕੇਤਕ ਰੂਪ ਵਿਚ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਅਭੈ ਚੌਟਾਲਾ ਸਮੇਤ 74 ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਇਨੈਲੋ ਵਰਕਰ ਵਾਪਸ ਚਲੇ ਗਏ।
ਹਰਿਆਣਾ ਪੁਲਿਸ ਨੇ ਇਨੈਲੋ ਵਰਕਰਾਂ ਨੂੰ ਰੋਕਣ ਲਈ ਨਾ ਕੋਈ ਖਾਸ ਪ੍ਰਬੰਧ ਅਤੇ ਨਾ ਹੀ ਤਿਆਰੀ ਕੀਤੀ ਸੀ। ਉਨ੍ਹਾਂ ਨੇ ਆਸਾਨੀ ਨਾਲ ਉਨ੍ਹਾਂ ਨੂੰ ਜਾਣ ਦਿਤਾ। ਜਾਪਦਾ ਹੈ ਕਿ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੁਲਿਸ ਨੂੰ ਅੰਦੋਲਨਕਾਰੀਆਂ ਬਾਰੇ ਕੋਈ ਖਾਸ ਹਦਾਇਤਾਂ ਸਨ। ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਨੇ ਕਿਹਾ ਕਿ ਉਹ ਨਾ ਗ੍ਰਿਫਤਾਰੀਆਂ ਕਰਨਗੇ ਅਤੇ ਨਾ ਅੰਦੋਲਨਕਾਰੀਆਂ ਨੂੰ ਪੰਜਾਬ ਵੱਲ ਜਾਣ ਤੋਂ ਰੋਕਣਗੇ। ਦੂਜੇ ਪਾਸੇ ਪੰਜਾਬ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਵੱਡੀ ਗਿਣਤੀ ਵਿਚ ਪੁਲਿਸ ਤੇ ਨੀਮ ਫੌਜੀ ਬਲ ਤਾਇਨਾਤ ਸਨ ਤੇ ਸ਼ੰਭੂ ਦੇ ਟੌਲ ਪਲਾਜ਼ਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਪੰਜਾਬ ਵਾਲੇ ਪਾਸੇ ਬੈਰੀਕੇਡ ਲਾਏ ਸਨ, ਜਿਨ੍ਹਾਂ ਨੂੰ ਉਖਾੜ ਕੇ ਅੱਗੇ ਨਿਕਲਣਾ ਸੰਭਵ ਨਹੀਂ ਸੀ। ਸੂਹੀਆ ਵਿਭਾਗ ਕੋਲੋਂ ਇਕੱਠ ਦੀ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਸੀ।
ਇਸ ਨਹਿਰ ਕਾਰਨ ਭਾਵੇਂ ਪਹਿਲਾਂ ਵੀ ਕਈ ਵਾਰ ਵਿਵਾਦ ਉਠਿਆ ਹੈ, ਦੋਵਾਂ ਰਾਜਾਂ ਦੇ ਲੋਕਾਂ ਦਰਮਿਆਨ ਪਹਿਲੀ ਵਾਰ ਸਿੱਧੇ ਟਕਰਾਅ ਵਾਲੇ ਹਾਲਾਤ ਪੈਦਾ ਹੋਏ। ਦੂਜੇ ਪਾਸੇ ਕਾਂਗਰਸ ਅਤੇ ਹੋਰਨਾਂ ਰਾਜਸੀ ਧਿਰਾਂ ਨੇ ਇਸ ਨੂੰ ਮਹਿਜ਼ ਬਾਦਲ ਅਤੇ ਚੌਟਾਲਾ ਪਰਿਵਾਰਾਂ ਦਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ।
_____________________________________________
ਹਾਂਸੀ-ਬੁਟਾਣਾ ਨਹਿਰ ਦਾ ਮਸਲਾ ਭਖਣ ਦੇ ਆਸਾਰ
ਪਟਿਆਲਾ: ਐਸ਼ਵਾਈæਐਲ਼ ਦੇ ਮੁੱਦੇ ਵਾਂਗ ਭਵਿੱਖ ਵਿਚ ਹਾਂਸੀ-ਬੁਟਾਣਾ ਨਹਿਰ ਦਾ ਮਾਮਲਾ ਵੀ ਭਖ ਸਕਦਾ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਦੀ ਉਡੀਕ ‘ਚ ਹੈ। ਸੁਪਰੀਮ ਕੋਰਟ ਨੇ ਫਿਲਹਾਲ ਇਸ ਮਾਮਲੇ ‘ਤੇ ਸਟੇਅ ਲਾਈ ਹੋਈ ਹੈ। ਪੰਜਾਬ ਦਾ ਗਿਲਾ ਹੈ ਕਿ ਹਰਿਆਣਾ ਨੇ ਹਾਂਸੀ-ਬੁਟਾਣਾ ਨਹਿਰ ਬਣਾ ਕੇ ਪੰਜਾਬ ਨੂੰ ਹੜ੍ਹਾਂ ਦੀ ਕਰੋਪੀ ਦੇ ਵੱਸ ਪਾ ਦਿੱਤਾ ਹੈ। ਹਾਂਸੀ ਬੁਟਾਣਾ ਨਹਿਰ ਕਾਰਨ ਪੰਜਾਬ ਦੇ ਕਰੀਬ ਤਿੰਨ ਸੌ ਤੋਂ ਵੱਧ ਪਿੰਡ ਪ੍ਰਭਾਵਿਤ ਹੁੰਦੇ ਹਨ। ਸੁਪਰੀਮ ਕੋਰਟ ‘ਚ ਪੰਜਾਬ ਇਸ ਗੱਲ ਦੀ ਦੁਹਾਈ ਦੇ ਚੁੱਕਿਆ ਹੈ ਕਿ ਇਹ ਨਹਿਰ ਪਾਣੀ ਦੇ ਕੁਦਰਤੀ ਵਹਿਣ ਦੇ ਉਲਟ ਪੰਜਾਬ ਤੇ ਹਰਿਆਣਾ ਦੀ ਹੱਦ ਦੇ ਨਾਲ-ਨਾਲ ਕੱਢੀ ਗਈ ਹੈ। ਇਹ ਨਹਿਰ ਬਣਨ ਮਗਰੋਂ ਹੁਣ ਤੱਕ ਬਰਸਾਤੀ ਪਾਣੀ ਦੇ ਵਹਿਣ ਵਿਚ ਅੜਿੱਕਾ ਲੱਗਣ ਕਾਰਨ ਕਈ ਵਾਰ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਹਾਂਸੀ ਬੁਟਾਣਾ ਨਹਿਰ ਲਈ ਪੁਟਾਈ ਉਦੋਂ ਹੋਈ ਸੀ, ਜਦੋਂ ਪੰਜਾਬ ਤੇ ਹਰਿਆਣਾ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀਆਂ ਕਾਂਗਰਸ ਸਰਕਾਰਾਂ ਸਨ।
___________________________________________
ਬਾਦਲਾਂ ਦੀ ਚੌਟਾਲਿਆਂ ਨਾਲ ਯਾਰੀ ਟੁੱਟੀ
ਬਠਿੰਡਾ: ਪੰਜਾਬ ਪੁਲਿਸ ਨੇ ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਤਕਰੀਬਨ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਗੱਠਜੋੜ ਹਕੂਮਤ ਵੱਲੋਂ ਲੰਮੇ ਸਮੇਂ ਤੋਂ ਚੌਟਾਲਾ ਪਰਿਵਾਰ ਨੂੰ ਸੁਰੱਖਿਆ ਗਾਰਦ ਦਿੱਤੇ ਹੋਏ ਸਨ। ਪੰਜਾਬ ਦੇ ਪੁਲਿਸ ਅਫਸਰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਐਸ਼ਵਾਈæਐਲ਼ ਦੀ ਖੁਦਾਈ ਕਰਨ ਦੇ ਐਲਾਨ ਮਗਰੋਂ ਗੰਨਮੈਨ ਵਾਪਸ ਲੈਣ ਬਾਰੇ ਸੰਜੀਦਾ ਹੋ ਗਏ ਸਨ। ਸੂਤਰਾਂ ਅਨੁਸਾਰ ਦੋ ਹਫਤੇ ਪਹਿਲਾਂ ਚੌਟਾਲਾ ਪਰਿਵਾਰ ਦੇ ਨਾਲ ਲੱਗੇ ਗੰਨਮੈਨ ਵਾਪਸ ਬੁਲਾ ਲਏ ਸਨ, ਪਰ ਮਗਰੋਂ ਪੰਜਾਬ ਸਰਕਾਰ ਦੇ ਮੁੜ ਦਬਾਅ ਕਰ ਕੇ ‘ਗ਼ੈਰਕਾਨੂੰਨੀ’ ਢੰਗ ਨਾਲ ਮੁੜ ਚੌਟਾਲਾ ਪਰਿਵਾਰ ਨਾਲ ਇਨ੍ਹਾਂ ਦੀ ਤਾਇਨਾਤੀ ਕਰ ਦਿੱਤੀ ਸੀ। ਜਦੋਂ ਨਹਿਰ ਦੀ ਖੁਦਾਈ ਦਾ ਮਾਮਲਾ ਉਠਿਆ ਤਾਂ 22 ਫਰਵਰੀ ਦੀ ਰਾਤ ਨੂੰ ਹੀ ਇਹ ਗੰਨਮੈਨ ਵਾਪਸ ਲੈਣ ਦੇ ਮਾਮਲੇ ‘ਤੇ ਪੁਲਿਸ ਅਫਸਰਾਂ ਵਿਚ ਭਾਜੜ ਪੈ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੌਟਾਲਾ ਪਰਿਵਾਰ ਨਾਲ ਨੇੜਤਾ ਹੈ, ਜਿਸ ਕਰ ਕੇ ਗਠਜੋੜ ਹਕੂਮਤ ਨੇ ਪੰਜਾਬ-ਹਰਿਆਣਾ ਸੀਮਾ ‘ਤੇ ਚੌਧਰੀ ਦੇਵੀ ਲਾਲ ਦੀ ਸਮਾਰਕ ਬਣਾਈ ਹੈ।