ਅੰਮ੍ਰਿਤਸਰ: ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਜਲ ਸੰਸਾਰ ਭਰ ‘ਚ ਨਿਰਯਾਤ ਕੀਤਾ ਜਾਵੇਗਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਉਪਰੋਕਤ ਮੁਕੱਦਸ ਖੂਹ ਦੇ ਜਲ ਨੂੰ ਆਬ-ਏ-ਜ਼ਮਜ਼ਮ ਦੇ ਸਮਾਨ ਦੱਸਦਿਆਂ ਇਸਲਾਮਾਬਾਦ ਸੰਸਦ ਹਾਊਸ ‘ਚ ਧਾਰਮਿਕ ਮਾਮਲਿਆਂ ਦੀ ਸੈਨੇਟ ਸਟੈਂਡਿੰਗ ਕਮੇਟੀ ‘ਚ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਸਦੀਕਉੱਲ ਫਾਰੂਕ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਸੈਨੇਟ ਮੈਂਬਰਾਂ ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਉਪਰੋਕਤ ਖੂਹ ਦਾ ਜਲ ਵਿਸ਼ਵ ਦੇ ਹਰ ਦੇਸ਼ ‘ਚ ਨਿਰਯਾਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਫਾਰੂਕ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਖੂਹ, ਜਿਸ ਦਾ ਜਲ ਸਿੱਖ ਭਾਈਚਾਰੇ ਲਈ ਅੰਮ੍ਰਿਤ ਜਲ ਦੇ ਸਮਾਨ ਹੈ, ਲੰਮੇ ਸਮੇਂ ਤੋਂ ਬੰਦ ਸੀ ਤੇ ਈæਟੀæਪੀæਬੀæ ਨੇ ਖੂਹ ਦਾ ਨਵ-ਨਿਰਮਾਣ ਕਰਵਾ ਕੇ ਤੇ ਇਸ ‘ਚ ਫਿਲਟਰੇਸ਼ਨ ਪਲਾਂਟ ਲਗਾ ਕੇ ਜਲ ਨੂੰ ਪੀਣ ਲਾਇਕ ਬਣਾ ਦਿੱਤਾ ਹੈ।
ਉਸ ਨੇ ਬੋਰਡ ਦੀਆਂ ਕਾਰਗੁਜ਼ਾਰੀਆਂ ਦਾ ਵਰਣਨ ਕਰਦਿਆਂ ਦੱਸਿਆ ਕਿ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਪਿਸ਼ਾਵਰ ਦੇ ਗੁਰਦੁਆਰਾ ਭਾਈ ਬੀਬਾ ਸਿੰਘ ਸਹਿਤ ਸ੍ਰੀ ਨਨਕਾਣਾ ਸਾਹਿਬ ਦੇ ਦੋ ਗੁਰਦੁਆਰਿਆਂ ਨੂੰ ਈæਟੀæਪੀæਬੀæ ਵੱਲੋਂ ਪਿਛਲੇ ਸਮੇਂ ਦੌਰਾਨ ਖੁਲ੍ਹਵਾ ਕੇ ਨਵ-ਨਿਰਮਾਣ ਕਰਵਾਇਆ ਗਿਆ ਹੈ।
ਚੇਅਰਮੈਨ ਫਾਰੂਕ ਵੱਲੋਂ ਸੈਨੇਟ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਦੇਸ਼-ਵਿਦੇਸ਼ ਤੋਂ ਸਿੱਖਾਂ ਨੂੰ ਯਾਤਰਾ ਦੌਰਾਨ ਪਵਿੱਤਰ ਬੀੜ ਨੂੰ ਪਾਕਿਸਤਾਨ ਲਿਆਉਣ ਲੱਗਿਆਂ ਸਰਹੱਦ ‘ਤੇ ਜਾਂਚ ਕਰਵਾਉਣੀ ਪੈਂਦੀ ਹੈ ਤੇ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਇਸ ਲਈ ਬੇਅਦਬੀ ਰੋਕਣ ਲਈ ਪਵਿੱਤਰ ਬੀੜ ਦੀ ਛਪਾਈ ਜਲਦੀ ਪਾਕਿਸਤਾਨ ‘ਚ ਕਰਾਈ ਜਾਵੇਗੀ। ਇਸ ‘ਤੇ ਚੇਅਰਮੈਨ ਸੈਨੇਟਰ ਨੇ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਉਰਦੂ ਲਿਪੀ ਵਿਚ ਪ੍ਰਕਾਸ਼ਿਤ ਹਨ ਤਾਂ ਉਹ ਵੀ ਜ਼ਰੂਰ ਪੜ੍ਹਨਾ ਚਾਹੇਗਾ। ਦੱਸਣਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਪਾਕਿਸਤਾਨ ‘ਚ ਕਿਸੇ ਵੀ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਹੀਂ ਹੋਣ ਦਿੱਤੀ ਜਾਵੇਗੀ ਤੇ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਦੀ ਮੰਗ ਕਰਨ ‘ਤੇ ਪੂਰੀ ਮਰਿਆਦਾ ਨਾਲ ਬੀੜਾਂ ਭੇਜੀਆਂ ਜਾਣਗੀਆਂ। ਉਧਰ ਈæਟੀæਪੀæਬੀæ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਫੈਸਲੇ ‘ਤੇ ਪਾਕਿ ਸਿੱਖਾਂ ਦੀਆਂ ਵੀ ਅਜੇ ਤੱਕ ਇਕ ਰਾਇ ਨਹੀਂ ਬਣ ਸਕੀ ਹੈ।