ਔਰਤ ਦੁਨੀਆਂ ਭਰ ਵਿਚ ਮੁੱਢ ਕਦੀਮ ਤੋਂ ਹੀ ਜੁਲਮਾਂ ਦਾ ਸ਼ਿਕਾਰ ਹੁੰਦੀ ਆਈ ਹੈ। ਸਿਰਫ ਪੱਛੜੇ ਦੇਸ਼ਾਂ ਵਿਚ ਹੀ ਨਹੀਂ, ਸਗੋਂ ਆਪਣੇ ਆਪ ਨੂੰ ਬੜਾ ਵਿਕਸਿਤ ਕਹਿੰਦੇ ਮੁਲਕਾਂ ਵਿਚ ਵੀ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਕਈ ਧਰਮਾਂ ਵਿਚ ਤਾਂ ਉਸ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਵੀ ਨਹੀਂ ਸਮਝਿਆ ਜਾਂਦਾ। ਭਾਵੇਂ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਸੁਨੇਹਾ ਔਰਤ ਨੂੰ ਸਮਾਜ ਵਿਚ ਬਰਾਬਰੀ ਦੇਣ ਲਈ ਕੋਈ 500 ਸਾਲ ਪਹਿਲਾਂ ਦਿੱਤਾ ਸੀ ਪਰ
ਅੱਜ ਵੀ ਸਿੱਖ ਸਮਾਜ ਵਿਚ ਔਰਤ ਨੂੰ ਬਰਾਬਰੀ ਦਾ ਹੱਕ ਹਾਸਲ ਨਹੀਂ ਹੈ। ਹਰ ਸਾਲ 8 ਮਾਰਚ ਨੂੰ ਦੁਨੀਆਂ ਭਰ ਵਿਚ ਨਾਰੀ ਦਿਵਸ ਮਨਾਇਆ ਜਾਂਦਾ ਹੈ, ਜੋ ਮਹਿਜ ਇਕ ਰਸਮ ਬਣ ਕੇ ਰਹਿ ਗਈ ਹੈ। ਇਹੋ ਸਵਾਲ ਇਸ ਲੇਖ ਵਿਚ ਬੀਬੀ ਸ਼ਮਿੰਦਰ ਕੌਰ ਨੇ ਔਰਤ ਦੀ ਹਾਲਤ ਬਾਰੇ ਉਠਾਏ ਹਨ। -ਸੰਪਾਦਕ
ਸ਼ਮਿੰਦਰ ਕੌਰ
ਪੰਜ ਸਾਲ ਪਹਿਲਾਂ ਦੀ ਗੱਲ ਹੈ, ਪਿੰਡ ਦੇ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਚ ਪਹਿਲੇ ਪਾਠ ਦਾ ਭੋਗ ਸੀ। ਭੋਗ ਉਪਰੰਤ ਰਾਗੀ ਸਿੰਘ ਨੇ ਮੈਨੂੰ ਕੋਲ ਬੁਲਾਇਆ ਤੇ ਕੁਝ ਕਾਗਜ਼ ਦੇ ਕੇ ਕਹਿਣ ਲੱਗੇ, “ਬੇਟਾ ਮੈਂ ਇਕ ਮੈਗਜ਼ੀਨ ਵਿਚ ਇਹ ‘ਅਣਜੰਮੀ ਧੀ ਦੀ ਚਿੱਠੀ’ ਪੜ੍ਹੀ, ਮੇਰੇ ਮਨ ‘ਤੇ ਬੜਾ ਅਸਰ ਹੋਇਆ। ਮੈਂ ਇਸ ਦੀਆਂ ਫੋਟੋ ਸਟੇਟ ਕਾਪੀਆਂ ਲਿਆਇਆਂ, ਤੁਸੀਂ ਬੀਬੀਆਂ ਵਿਚ ਵੰਡ ਦਿਓ ਅਤੇ ਹੋਰ ਕਾਪੀਆਂ ਕਰਾ ਲੈਣੀਆਂ।”
ਮੈਂ ਉਹ ਬੀਬੀਆਂ ਵਿਚ ਵੰਡ ਦਿਤੀਆਂ, ਪਰ ਇਹ ਨਹੀਂ ਦੇਖਿਆ ਕਿ ਉਸ ਵਿਚ ਲਿਖਿਆ ਕੀ ਸੀ, ਕਿਉਂਕਿ ਮੇਰਾ ਮਨ ਆਸ-ਪਾਸ ਦੀਆਂ ਔਰਤਾਂ ਨੂੰ ਸਮਝਾ-ਸਮਝਾ ਕੇ ਥੱਕ ਚੁਕਾ ਸੀ, ਪਰ ਕਿਤੇ ਵੀ ਕੋਈ ਸੁਧਾਰ ਨਜ਼ਰ ਨਹੀਂ ਸੀ ਆ ਰਿਹਾ। ਮੈਂ ਮਨ ਵਿਚ ਕਿਹਾ, ‘ਵੇ ਬਾਬਾ, ਇਥੇ ਕੌਣ ਸੁਣਦਾ ਇਨ੍ਹਾਂ ਚਿੱਠੀਆਂ ਨੂੰ’ ਅਤੇ ਮੇਰਾ ਇਹ ਖਿਆਲ ਗਲਤ ਨਹੀਂ ਸੀ।
ਸਤਿਯੁਗ ਦੀ ਸੀਤਾ ਮਾਤਾ ਤੋਂ ਲੈ ਕੇ 2017 ਤੱਕ ਔਰਤਾਂ ‘ਤੇ ਜ਼ੁਲਮ ਰੁਕਣ ਦਾ ਨਾਂ ਨਹੀਂ ਲੈ ਰਹੇ। ਹਰ ਵੰਸ਼ ਦੇ ਰਾਜਿਆਂ ਨੇ ਔਰਤਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਜਿਸ ਰਾਜੇ ਦੀ ਜੰਗ ਵਿਚ ਹਾਰ ਹੁੰਦੀ ਜਾਂ ਜੋ ਜੰਗ ਤੋਂ ਪਹਿਲਾਂ ਹਾਰ ਮੰਨ ਲੈਂਦਾ, ਉਹ ਜਿੱਤੇ ਰਾਜੇ ਨੂੰ ਧਨ ਦੌਲਤ ਦੇ ਨਾਲ ਤੋਹਫੇ ਵਿਚ ਔਰਤਾਂ ਵੀ ਦਿੰਦਾ। ਸੰਧੀਆਂ ਪੱਕਿਆਂ ਕਰਨ ਲਈ ਧੀਆਂ ਰਾਜੇ ਨਾਲ ਵਿਆਹ ਦਿੱਤੀਆਂ ਜਾਂਦੀਆਂ। ਇੰਜ ਰਾਜਿਆਂ ਦੇ ਹਰਮ ਵਿਚ ਹਜ਼ਾਰਾਂ ਔਰਤਾਂ ਇਕੱਠੀਆਂ ਹੋ ਜਾਂਦੀਆਂ| ਮੁਗਲ ਰਾਜੇ ਅਕਬਰ ਦੇ ਹਰਮ ਵਿਚ 5000 ਔਰਤਾਂ ਸਨ, ਜਿਨ੍ਹਾਂ ਨੂੰ ਹਿੱਜੜਿਆਂ ਦੇ ਪੈਹਰੇ ਹੇਠ ਇਕੱਲ ਦਾ ਜੀਵਨ ਜਿਉਣਾ ਪੈਂਦਾ ਸੀ।
ਮੁਗਲ-ਰਾਜਪੂਤ ਯੁੱਧਾਂ ਸਮੇਂ ਰਾਜਪੂਤ ਔਰਤਾਂ ਇਸ ਤਰ੍ਹਾਂ ਦੇ ਅਪਮਾਨ ਤੋਂ ਬਚਣ ਲਈ ਬੱਚਿਆਂ ਸਮੇਤ ਅੱਗ ਦੇ ਕੁੰਡ ਵਿਚ ਕੁੱਦ ਕੇ ਆਤਮਹੱਤਿਆ ਕਰ ਲੈਂਦੀਆਂ। ਇਸ ਨੂੰ ਜੌਹਰ ਪ੍ਰਥਾ ਕਿਹਾ ਜਾਂਦਾ ਸੀ। ਚਿਤੌੜ ਦੇ ਕਿਲੇ ਵਿਚ 3 ਵਾਰੀ ਜੌਹਰ ਹੋਏ। ਫਿਰੋਜ਼ ਸ਼ਾਹ ਤੁਗਲਕ ਅਤੇ ਅਲਾਉਦੀਨ ਖਿਲਜੀ ਦੇ ਸਮੇਂ ਵੀ ਜੌਹਰ ਹੋਏ।
ਮੌਰੀਆ ਸਾਮਰਾਜ ਦੇ ਰਾਜੇ ਅਸ਼ੋਕ ਦੇ ਹਰਮ ਵਿਚ 500 ਔਰਤਾਂ ਸਨ ਜਿਨ੍ਹਾਂ ਨੂੰ ਉਸ ਨੇ ਆਪਣਾ ਅਪਮਾਨ ਕਰਨ ਦੇ ਦੋਸ਼ ਵਿਚ ਅੱਗ ਵਿਚ ਸੁੱਟ ਕੇ ਮਾਰ ਦਿੱਤਾ ਸੀ। ਮਹਾਰਾਜਾ ਰਜਿੰਦਰ ਸਿੰਘ ਤੇ ਭੁਪਿੰਦਰ ਸਿੰਘ ਪਟਿਆਲਾ ਦੇ ਹਰਮ ਵਿਚ ਕ੍ਰਮਵਾਰ 365 ਤੇ 350 ਔਰਤਾਂ ਸਨ। ਜਿਆਦਾਤਰ ਮੁਗਲ ਸ਼ਹਿਜ਼ਾਦੀਆਂ ਨੂੰ ਸਾਰੀ ਉਮਰ ਕੁਵਾਰੇ ਰਹਿ ਕੇ ਇਕਲਾਪਾ ਹੀ ਕੱਟਣਾ ਪੈਂਦਾ। ਜਵਾਈ ਦੇ ਰਾਜਗੱਦੀ ਉਤੇ ਕਬਜਾ ਕਰ ਲੈਣ ਦੇ ਡਰੋਂ ਰਾਜ ਕੁਮਾਰੀਆਂ ਦੇ ਵਿਆਹ ਨਾ ਕੀਤੇ ਜਾਂਦੇ।
ਇਨ੍ਹਾਂ ਜੁਲਮਾਂ ਤੋਂ ਬਚਣ ਲਈ ਔਰਤਾਂ ਵਿਚ ਪਰਦਾ ਪ੍ਰਥਾ ਅਰੰਭ ਹੋਈ ਜੋ ਮੁਸਲਮਾਨਾਂ ਦੀ ਦੇਣ ਹੈ। ਮੁਗਲ ਹਾਕਮਾਂ ਦੇ ਜੁਲਮਾਂ ਕਰਕੇ ਇਹ ਪ੍ਰਥਾ ਰਾਜਪੂਤ ਔਰਤਾਂ ਵਿਚ ਸ਼ੋਸ਼ਣ ਤੋਂ ਬਚਣ ਲਈ ਬਹੁਤ ਪ੍ਰਚਲਿਤ ਰਹੀ ਹੈ ਤੇ ਅੱਜ ਵੀ ਦੇਖੀ ਜਾ ਸਕਦੀ ਹੈ। ਇਸ ਪ੍ਰਥਾ ਕਰਕੇ ਔਰਤਾਂ ਦਾ ਸਮਾਜਿਕ ਜੀਵਨ ਬਹੁਤ ਸੀਮਤ ਰਹਿ ਜਾਂਦਾ ਹੈ।
ਸਦੀਆਂ ਤੋਂ ਭਾਰਤ ਵਿਚ ਸਤੀ ਪ੍ਰਥਾ ਵਰਗੀ ਅਣਮਨੁੱਖੀ ਪ੍ਰਥਾ ਚਲਦੀ ਰਹੀ ਹੈ। ਜਿਸ ਕਰਕੇ ਪਤਨੀ ਨੂੰ ਮ੍ਰਿਤਕ ਪਤੀ ਦੀ ਚਿਤਾ ਵਿਚ ਸੁੱਟ ਦਿੱਤਾ ਜਾਂਦਾ। ਜ਼ਾਹਰ ਹੈ, ਜਿਉਂਦੇ ਜਲਣਾ ਸੌਖਾ ਨਹੀਂ, ਇਸ ਲਈ ਇਸਤਰੀ ਨੂੰ ਬਾਂਸ ਦੀਆਂ ਲੰਮੀਆਂ ਸੋਟੀਆਂ ਨਾਲ ਚਿਤਾ ਵਿਚ ਦਬਾਇਆ ਜਾਂਦਾ। ਜਦ ਰਾਜਾ ਰਾਮ ਮੋਹਨ ਰਾਏ ਨੇ ਆਪਣੇ ਭਰਾ ਦੀ ਪਤਨੀ ਨੂੰ ਇਸ ਤਰ੍ਹਾਂ ਜਲਾਉਂਦੇ ਦੇਖਿਆ ਤਾਂ ਉਸ ਨੇ ਇਸ ਪ੍ਰਥਾ ਵਿਰੁਧ ਸੰਘਰਸ਼ ਕੀਤਾ। ਸਮਾਜ ਸੁਧਾਰਕਾਂ ਤੇ ਲਾਰਡ ਵਿਲੀਅਮ ਬੈਂਟਿਕ ਦੇ ਯਤਨਾਂ ਸਦਕਾ 1829 ਵਿਚ ਇਹ ਪ੍ਰਥਾ ਕਾਨੂੰਨੀ ਤੌਰ ‘ਤੇ ਖਤਮ ਕਰ ਦਿੱਤੀ ਗਈ। ਫਿਰ ਵੀ ਇਹ ਖਤਮ ਨਾ ਹੋ ਸਕੀ ਤੇ ਆਜ਼ਾਦੀ ਤੋਂ ਬਾਅਦ ਵੀ ਸਤੀ ਹੋਣ ਜਾਂ ਸਤੀ ਕਰਨ ਦੀ ਕੋਸ਼ਿਸ਼ ਕਰਨ ਦੇ 40 ਮਾਮਲੇ ਸਾਹਮਣੇ ਆਏ।
ਜੋ ਔਰਤਾਂ ਪਤੀ ਦੀ ਮੌਤ ਤੋਂ ਬਾਅਦ ਸਤੀ ਹੋ ਜਾਂਦੀਆਂ, ਉਹ ਤਾਂ ਕੁਝ ਘੰਟੇ ਤੜਪ ਕੇ ਖਤਮ ਹੋ ਜਾਂਦੀਆਂ, ਪਰ ਜੋ ਬਚ ਜਾਂਦੀਆਂ, ਉਨ੍ਹਾਂ ਨੂੰ ਤਿਲ-ਤਿਲ ਮਰਨਾ ਪੈਂਦਾ। ਉਨ੍ਹਾਂ ਦਾ ਸਿਰ ਮੁੰਨ ਕੇ ਮੂੰਹ ਉਤੇ ਕਾਲਖ ਮਲ ਦਿੱਤੀ ਜਾਂਦੀ। ਫਿੱਕੇ ਰੰਗ ਦੇ ਪੁਰਾਣੇ ਕੱਪੜੇ ਪੁਵਾਏ ਜਾਂਦੇ ਤਾਂ ਕਿ ਉਹ ਆਕਰਸ਼ਕ ਨਾ ਲੱਗਣ ਅਤੇ ਕਿਸੇ ਮਰਦ ਦੀ ਉਨ੍ਹਾਂ ਉਤੇ ਨਜ਼ਰ ਨਾ ਪਵੇ। ਉਨ੍ਹਾਂ ਨੂੰ ਘਰ ਦੇ ਇਕ ਹਨੇਰੇ ਕੋਨੇ ਵਿਚ ਦਿਨ ਕੱਟਣੇ ਪੈਂਦੇ। ਕਿਸੇ ਵੀ ਖੁਸ਼ੀ ਦੇ ਸਮਾਗਮ ਵਿਚ ਉਨ੍ਹਾਂ ਨੂੰ ਸ਼ਾਮਿਲ ਹੋਣ ਦੀ ਮਨਾਹੀ ਸੀ। ਵਿਧਵਾ ਔਰਤ ਦੀ ਮੌਜੂਦਗੀ ਅੱਜ ਵੀ ਬਦਸ਼ਗਨੀ ਹੀ ਮੰਨੀ ਜਾਂਦੀ ਹੈ।
ਦੱਖਣੀ ਭਾਰਤ ਵਿਚ ਸਦੀਆਂ ਤੋਂ ਦੇਵਦਾਸੀ ਪ੍ਰਥਾ ਪ੍ਰਚਲਿਤ ਹੈ ਜਿਸ ਅਧੀਨ 12-13 ਸਾਲ ਦੀਆਂ ਲੜਕੀਆਂ ਨੂੰ ਮੰਦਿਰ ਵਿਚ ਅਰਪਣ ਕਰ ਦਿੱਤਾ ਜਾਂਦਾ ਹੈ। ਉਥੇ ਪੁਜਾਰੀ ਤੇ ਅਮੀਰ ਲੋਕ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ। 1934 ਤੋਂ 1988 ਤੱਕ ਇਸ ਪ੍ਰਥਾ ਵਿਰੁਧ ਕਾਨੂੰਨ ਬਣੇ ਪਰ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੜੀਸਾ, ਮਹਾਂਰਾਸ਼ਟਰ, ਤੇਲੰਗਾਨਾ ‘ਚ ਅੱਜ ਵੀ ਇਹ ਜਾਰੀ ਹੈ। ਅਮੀਰ ਲੋਕ ਆਪਣੀ ਐਸ਼ ਲਈ ਇਸ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਇਸ ਪ੍ਰਥਾ ਕਰਕੇ ਏਡਜ਼ ਦੇ ਮਾਮਲੇ ਵੀ ਵਧੇ ਹਨ।
ਦੱਖਣੀ ਭਾਰਤ ਵਿਚ ਸੂਤਕ ਦੀ ਪ੍ਰਥਾ ਪ੍ਰਚਲਿਤ ਹੈ ਜਿਸ ਕਰਕੇ ਬੱਚੇ ਦੇ ਜਨਮ ਤੋਂ ਬਾਅਦ ਜੱਚਾ-ਬੱਚਾ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ 45 ਦਿਨ ਲਈ ਅਲੱਗ ਬੰਦ ਕਮਰੇ ਵਿਚ ਰੱਖਿਆ ਜਾਂਦਾ ਹੈ। ਜੱਚਾ 45 ਦਿਨ ਲਈ ਤੇ ਜਨਮ ਸਥਾਨ ਇੱਕ ਮਹੀਨੇ ਲਈ ਅਪਵਿੱਤਰ ਮੰਨੇ ਜਾਂਦੇ ਹਨ। ਕਮਰੇ ਵਿਚ ਬ੍ਰਾਹਮਣ ਉਨ੍ਹਾਂ ਨੂੰ ਗਊ ਦੇ ਗੋਬਰ ਦਾ ਧੂਆਂ ਦੇ ਕੇ ਸ਼ੁੱਧ ਕਰਦਾ ਹੈ। ਇਸ ਨਾਲ ਮਾਂ ਬੱਚੇ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਅਸਲ ਵਿਚ ਪਹਿਲਾਂ ਇਹ ਰਸਮ ਜੱਚਾ-ਬੱਚਾ ਦੀ ਸੇਵਾ ਸੰਭਾਲ ਲਈ ਹੁੰਦੀ ਸੀ ਜੋ ਹੁਣ ਇੱਕ ਵਿਗੜਿਆ ਰੂਪ ਧਾਰ ਚੁੱਕੀ ਹੈ।
ਦਹੇਜ ਪ੍ਰਥਾ ਹਮੇਸ਼ਾ ਤੋਂ ਹੀ ਭਾਰਤੀ ਸਮਾਜ ਵਿਚ ਵਿਸ਼ੇਸ਼ ਥਾਂ ਰੱਖਦੀ ਹੈ। ਸਮਾਜ ਦੇ ਸਾਰੇ ਵਰਗਾਂ ਵਿਚ ਜਦ ਵੀ ਵਿਆਹ ਲਈ ਰਿਸ਼ਤੇ ਦੀ ਗੱਲ ਹੁੰਦੀ ਹੈ ਤਾਂ ਪਹਿਲਾਂ ਪੈਸੇ ਦੀ ਗੱਲ ਮੁਕਾ ਲਈ ਜਾਂਦੀ ਹੈ। ਜਿੰਨੀ ਰਕਮ ਮੁਕਾਈ ਗਈ ਹੁੰਦੀ ਹੈ, ਖਰਚ ਅਕਸਰ ਉਸ ਤੋਂ ਵੱਧ ਹੋ ਜਾਂਦਾ ਹੈ। ਜੇ ਖਰਚਾ ਘੱਟ ਹੋਇਆ ਹੋਵੇ ਤਾਂ ਘਟਦੀ ਰਕਮ ਮੁੰਡੇ ਵਾਲਿਆਂ ਨੂੰ ਨਕਦ ਦਿੱਤੀ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਮੁੰਡਾ ਵੇਚਿਆ ਜਾ ਰਿਹਾ ਹੋਵੇ। ਪੰਜਾਬ ਵਿਚ ਕੁਝ ਸਾਲ ਪਹਿਲਾਂ ਤੱਕ ਇਕ ਲੱਖ ਰੁਪਏ ਕਿੱਲੇ ਦੇ ਹਿਸਾਬ ਮੁੰਡੇ ਦਾ ਰੇਟ ਸੀ (ਮਤਲਬ ਮੁੰਡੇ ਕੋਲ ਜਿੰਨੇ ਕਿੱਲੇ ਜਮੀਨ ਹੋਊ, ਵਿਆਹ ‘ਤੇ ਓਨੇ ਲੱਖ ਖਰਚਿਆ ਜਾਊ) ਜੋ ਹੁਣ 2-3 ਲੱਖ ਪ੍ਰਤੀ ਕਿੱਲੇ ਤੱਕ ਪਹੁੰਚ ਗਿਆ ਹੈ।
ਭਾਰਤ ਵਿਚ ਹਰ ਦਿਨ 80 ਤੋਂ 90 ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਬਹੁਤੇ ਮਾਮਲੇ ਦਰਜ ਹੀ ਨਹੀਂ ਕਰਵਾਏ ਜਾਂਦੇ। ਬਲਾਤਕਾਰ ਪਿਛੋਂ ਰੂਹ ਕੰਬਾਊ ਤਸੀਹੇ ਦੇ ਕੇ ਮਾਰਿਆ ਜਾਂਦਾ ਹੈ। ਹਰਿਆਣਾ ਦੇ ਰੋਹਤਕ ਜਿਲ੍ਹੇ ਵਿਚ 3 ਸਾਲ ਪਹਿਲਾ 5 ਦੋਸ਼ੀਆਂ ਨੇ ਇਕ ਲੜਕੀ ਨਾਲ ਬਲਾਤਕਾਰ ਕੀਤਾ ਸੀ। 3 ਸਾਲ ਬਾਅਦ ਵੀ ਸਜ਼ਾ ਨਾ ਮਿਲਣ ਕਰਕੇ ਉਨ੍ਹਾਂ ਉਸੇ ਲੜਕੀ ਨਾਲ ਫਿਰ ਬਲਾਤਕਾਰ ਕੀਤਾ।
ਹੁਣ ਵਹਿਸ਼ੀਅਤ ਇਸ ਮੁਕਾਮ ‘ਤੇ ਪਹੁੰਚ ਚੁਕੀ ਹੈ ਕਿ 3-4 ਮਹੀਨਿਆਂ ਦੀਆਂ ਨਵਜੰਮੀਆਂ ਬੱਚੀਆਂ ਤੇ ਮ੍ਰਿਤਕ ਸਰੀਰਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾਣ ਲੱਗਾ ਹੈ। ਦਸੰਬਰ 2015 ਵਿਚ ਉਤਰ ਪ੍ਰਦੇਸ਼ ਦੇ ਪਿੰਡ ਆਸਿਫ ਨਗਲਾ ਵਿਚ 28 ਦਿਨ ਦੀ ਬੱਚੀ ਨਾਲ ਉਸ ਸਮੇਂ ਬਲਾਤਕਾਰ ਹੋਇਆ ਜਦ ਉਸ ਦੇ ਮਾਂ-ਬਾਪ ਵੋਟ ਪਾਉਣ ਗਏ ਹੋਏ ਸਨ। ਜਨਵਰੀ 2016 ਵਿਚ ਗਾਜ਼ੀਆਬਾਦ ‘ਚ 26 ਸਾਲ ਔਰਤ, ਜਿਸ ਦੀ ਇਕ ਦਿਨ ਪਹਿਲਾ ਮੌਤ ਹੋਈ ਸੀ, ਨੂੰ ਕਬਰ ਵਿਚੋਂ ਕੱਢ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਲਾਸ਼ ਨਗਨ ਹਾਲਤ ਵਿਚ ਉਥੇ ਹੀ ਸੁੱਟ ਦਿੱਤੀ। ਜੂਨ 2016 ‘ਚ ਫਤਿਹਪੁਰ ਸੀਕਰੀ ਵਿਚ ਇਕ 45 ਸਾਲਾ ਔਰਤ ਦੀ ਲਾਸ਼ ਨਾਲ ਵੀ ਇਹੋ ਕੁਝ ਵਾਪਰਿਆ।
ਜਦ ਵੀ ਕਿਤੇ ਦੰਗੇ-ਫਸਾਦ ਹੁੰਦੇ ਹਨ, ਔਰਤ ਦਰਿੰਦਗੀ ਦਾ ਜ਼ਰੂਰ ਸ਼ਿਕਾਰ ਹੁੰਦੀ ਹੈ। ਦੇਸ਼ ਦੀ ਵੰਡ ਸਮੇਂ, 84 ਦੇ ਦੰਗਿਆਂ, ਗੁਜਰਾਤ ਤੇ ਮੁਜ਼ੱਫਰਨਗਰ ਦੇ ਦੰਗਿਆਂ ਸਮੇਂ ਔਰਤਾਂ ਦੀ ਬਹੁਤ ਬੇਪਤੀ ਹੋਈ। ਹਰਿਆਣਾ ਵਿਚ ਹੋਇਆ ਜਾਟ ਅੰਦੋਲਨ ਇਸ ਦੀ ਤਾਜ਼ਾ ਮਿਸਾਲ ਹੈ।
ਸਿਤਮ ਇਹ ਹੈ ਕਿ ਹੁਣ ਔਰਤਾਂ ਨੂੰ ਤੇਜ਼ਾਬ ਪਾ ਕੇ ਸਾੜਿਆ ਜਾਣ ਲੱਗਾ ਹੈ। ‘ਐਸਿਡ ਸਰਵਾਈਵਰ ਟਰੱਸਟ ਇੰਟਰਨੈਸ਼ਨਲ’ ਮੁਤਾਬਕ ਦੁਨੀਆਂ ਵਿਚ ਹਰ ਸਾਲ ਤੇਜ਼ਾਬ ਸੁੱਟਣ ਦੇ 1,500 ਮਾਮਲੇ ਵਾਪਰਦੇ ਹਨ, ਜਿਨ੍ਹਾਂ ਵਿਚੋ 1000 ਸਿਰਫ ਭਾਰਤ ਵਿਚ ਹੁੰਦੇ ਹਨ। ਇਨ੍ਹਾਂ ਹਮਲਿਆਂ ਵਿਚ ਕਈ ਵਾਰ ਪੀੜਿਤ ਦੀ ਜਾਨ ਵੀ ਚਲੀ ਜਾਂਦੀ ਹੈ। ਜੋ ਬਚ ਜਾਂਦੀਆਂ ਹਨ, ਉਨ੍ਹਾਂ ਨੂੰ ਭਾਰੀ ਮਾਨਸਿਕ, ਸਰੀਰਕ ਤੇ ਆਰਥਿਕ ਦੁੱਖ ਬਰਦਾਸ਼ਤ ਕਰਨਾ ਪੈਂਦਾ ਹੈ। ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ। ਚਿਹਰਾ ਬੁਰੀ ਤਰ੍ਹਾਂ ਵਿਗੜ ਜਾਣ ਕਰਕੇ ਸਮਾਜ ਵਿਚ ਵਿਚਰਨਾ ਦੁੱਬਰ ਹੋ ਜਾਂਦਾ ਹੈ, ਪਰ ਮੁਜਰਿਮ ਭਾਰਤੀ ਨਿਆਂਪਾਲਿਕਾ ਦੀ ਕਮਜ਼ੋਰੀ ਕਰਕੇ ਬਹੁਤੀ ਵਾਰ ਸਾਫ ਬਚ ਜਾਂਦੇ ਹਨ। ਕੁਝ ਦਿਨ ਪਹਿਲਾ ਇੱਕ ਤੇਜ਼ਾਬੀ ਹਮਲੇ ਦੇ ਮੁਜਰਿਮ, ਜਿਸ ਨੇ ਮਾਂ-ਬੇਟੀ ਉਤੇ ਤੇਜ਼ਾਬ ਸੁੱਟਿਆ ਸੀ, ਨੂੰ ਉਸ ਦੇ ਕੀਤੇ ਕੰਮ ਉਤੇ ਅਫਸੋਸ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ, “ਅਰੇ ਦੁੱਖ ਤੋਂ ਬਹੁਤ ਹੈ, ਅਬ ਸੀਨਾ ਚੀਰ ਕੇ ਦਿਖਾਊਂ ਕਿਆ?”
ਭਾਰਤੀ ਮਾਂ-ਬਾਪ ਲੜਕੀ ਦੇ ਵਿਆਹ ਸਮੇਂ ਕਿੰਨਾ ਵੀ ਕਰਜ਼ਾ ਚੁੱਕ ਲੈਣ ਪਰ ਜਾਇਦਾਦ ਵਿਚੋਂ ਉਸ ਨੂੰ ਇਕ ਤੀਲਾ ਵੀ ਦੇ ਕੇ ਰਾਜ਼ੀ ਨਹੀਂ ਹੁੰਦੇ। ਜੇ ਕੋਈ ਔਰਤ ਬਾਪ ਦੀ ਜਾਇਦਾਦ ਵਿਚੋਂ ਕੁਝ ਹਿੱਸਾ ਲੈਂਦੀ ਵੀ ਹੈ ਤਾਂ ਸਮਾਜ ਵਿਚ ਉਸ ਨੂੰ ਤ੍ਰਿਸਕਾਰਿਆ ਜਾਂਦਾ ਹੈ। ਨਾ ਹੀ ਉਸ ਨੂੰ ਸਹੁਰੇ ਘਰ ਦੀ ਜਾਇਦਾਦ ਵਿਚ ਕੋਈ ਹੱਕ ਮਿਲਦਾ ਹੈ, ਨਾ ਹੀ ਪੇਕਿਆਂ ਦੀ। ਅਕਸਰ ਪਤੀ ਦੀ ਮੌਤ ਪਿਛੋਂ ਔਰਤਾਂ ਦੀ ਹਾਲਤ ਤਰਸਯੋਗ ਬਣ ਜਾਂਦੀ ਹੈ, ਖਾਸ ਕਰ ਜੇ ਉਸ ਦੇ ਪੁੱਤਰ ਨਾ ਹੋਵੇ।
ਭਾਰਤੀ ਸਮਾਜ ਵਿਚ ਔਰਤ ਨੂੰ ਆਪਣਾ ਜੀਵਨ ਸਾਥੀ ਆਪ ਚੁਣਨ ਦਾ ਵੀ ਹੱਕ ਨਹੀਂ ਹੈ। ਜੇ ਔਰਤ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੇ ਤਾਂ ਇੱਜਤ ਦੇ ਨਾਂ ਉਤੇ ਦੋਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਆਨਰ-ਕਿਲਿੰਗ ਹਿੰਦੂ, ਸਿੱਖ, ਮੁਸਲਿਮ- ਤਿੰਨਾਂ ਹੀ ਕੌਮਾਂ ਵਿਚ ਆਮ ਗੱਲ ਹੈ। ਹਰ ਸਾਲ ਦੁਨੀਆਂ ਵਿਚ ਆਨਰ-ਕਿਲਿੰਗ ਦੇ 5000 ਮਾਮਲੇ ਦਰਜ ਹੁੰਦੇ ਹਨ, ਜਿਨ੍ਹਾਂ ਵਿਚੋਂ 1000 ਇਕੱਲੇ ਭਾਰਤ ਵਿਚ ਹੁੰਦੇ ਹਨ।
ਇਨ੍ਹਾਂ ਹਾਲਾਤ ਵਿਚ ਕੌਣ ਬੇਟੀ ਪੈਦਾ ਕਰਨਾ ਚਾਹੇਗਾ? ਨਵਜੰਮੀ ਬੱਚੀ ਨੂੰ ਮਾਰਨ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਤਰੀਕੇ ਪ੍ਰਚਲਿਤ ਰਹੇ ਹਨ ਜਿਵੇਂ ਦੁੱਧ ਵਿਚ ਡੁਬੋ ਕੇ ਮਾਰਨਾ, ਨੱਕ ‘ਤੇ ਕੰਨਾਂ ਵਿਚ ਮਿੱਟੀ ਭਰ ਕੇ ਮਾਰਨਾ, ਗਲਾ ਘੁੱਟ ਕੇ ਮਾਰਨਾ, ਮਿੱਟੀ ਵਿਚ ਦੱਬ ਦੇਣਾ ਆਦਿ। ਪੁਰਾਤਨ ਸਮੇਂ ਵਿਚ ਕੁਝ ਨਿਸ਼ਾਨੀਆਂ ਤੋਂ ਗਰਭ ਵਿਚਲੇ ਬੱਚੇ ਦੇ ਲਿੰਗ ਦਾ ਅੰਦਾਜ਼ਾ ਲਾਇਆ ਜਾਂਦਾ ਸੀ। ਜੇ ਕੁੜੀ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਤਾਂ ਮਾਂ ਦੇ ਪੇਟ ਨੂੰ ਕੁੱਟ-ਕੁੱਟ ਕੇ ਬੱਚਾ ਮਾਰ ਦਿੱਤਾ ਜਾਂਦਾ।
1956 ਵਿਚ ਗਲਾਸਗੋ ਵਿਚ ਪਹਿਲੀ ਵਾਰ ਅਲਟਰਾਸਾਊਂਡ ਤਕਨੀਕ ਦੀ ਵਰਤੋਂ ਹੋਈ। 1990 ਤੱਕ ਇਹ ਤਕਨੀਕ ਭਾਰਤ ਵਿਚ ਪੂਰੀ ਤਰ੍ਹਾਂ ਪ੍ਰਚਲਿਤ ਹੋ ਗਈ ਅਤੇ ਇਸ ਦੀ ਵਰਤੋਂ ਵੱਡੇ ਪੱਧਰ ਉਤੇ ਬੱਚੇ ਦਾ ਲਿੰਗ ਪਤਾ ਕਰਨ ਲਈ ਹੋਣ ਲੱਗੀ। 1994 ਵਿਚ ਸਰਕਾਰ ਨੇ ਇਸ ਦੇ ਵਿਰੁਧ ਕਾਨੂੰਨ ਬਣਾਇਆ, ਪਰ ਅੱਜ ਵੀ ਇਸ ਦੀ ਵਰਤੋਂ ਕੰਨਿਆ ਭਰੂਣ ਹੱਤਿਆ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਹਰ ਸਾਲ ਇਕ ਕਰੋੜ 10 ਲੱਖ ਭਰੂਣ ਹੱਤਿਆਵਾਂ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਕੁੜੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।
ਔਰਤਾਂ ਨਾਲ ਵਿਤਕਰਾ ਇਸ ਕਦਰ ਹੈ ਕਿ ਕਈ ਮਰਦ ਆਪਣੀਆਂ ਪਤਨੀਆਂ, ਬੇਟੀਆਂ, ਭੈਣਾਂ ਨੂੰ ਘਰੇਲੂ ਸਮਾਗਮਾਂ ਸਮੇਂ ਨੱਚਣ ਤੱਕ ਨਹੀਂ ਦਿੰਦੇ। ਅਕਸਰ ਲੜਕੀਆਂ ਨੂੰ ਹੱਸਦਿਆਂ ਦੇਖ ਕੇ ਟੋਕ ਦਿੱਤਾ ਜਾਂਦਾ ਹੈ। ਸਾਡੇ ਸਮਾਜ ਵਿਚ ਮਰਦ ਔਰਤ ਨੂੰ ਇਨਸਾਨ ਘੱਟ ਅਤੇ ਆਪਣੀ ਨਿਜੀ ਸੰਪਤੀ ਜ਼ਿਆਦਾ ਸਮਝਦੇ ਹਨ। ਸੁਰੱਖਿਆ ਦੇ ਨਾਂ ‘ਤੇ ਉਨ੍ਹਾਂ ਦੀ ਆਜ਼ਾਦੀ ਦੀ ਬਲੀ ਦੇ ਦਿੱਤੀ ਜਾਂਦੀ ਹੈ, ਜਿਸ ਕਰਕੇ ਉਨ੍ਹਾਂ ਦੀ ਪੜਾਈ, ਯੋਗਤਾ, ਹੁਨਰ ਅਤੇ ਸੁਪਨੇ ਘਰ ਅੰਦਰ ਹੀ ਦਮ ਤੋੜ ਜਾਂਦੇ ਹਨ।
ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਚੋਰ ਮੋਰੀਆਂ ਰਾਹੀਂ 10,000 ਤੋਂ 30,000 ਰੁਪਏ ਵਿਚ ਇਹ ਕੰਮ ਧੜੱਲੇ ਨਾਲ ਚੱਲਦਾ ਹੈ। 20,000 ਔਰਤਾਂ ਹਰ ਸਾਲ ਗਰਭ ਗਿਰਾਉਣ ਸਮੇਂ ਕੇਸ ਵਿਗੜ ਜਾਣ ਕਰਕੇ ਮਰ ਜਾਂਦੀਆਂ ਹਨ। ਭਾਰਤ ਵਿਚ 70% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਦੀਆਂ ਹਨ। ਹਿੰਸਾ ਦਾ ਸ਼ਿਕਾਰ ਸਿਰਫ ਪਤਨੀ ਨਹੀਂ ਬਲਕਿ ਘਰ ਦੀ ਹਰ ਔਰਤ ਹੁੰਦੀ ਹੈ ਜਿਸ ਵਿਚ ਸਰੀਰਕ, ਮਾਨਸਿਕ, ਵਿੱਤੀ, ਭਾਵਨਾਤਮਕ, ਜਬਾਨੀ ਹਿੰਸਾ ਅਤੇ ਯੌਨ ਸ਼ੋਸ਼ਣ ਸ਼ਾਮਿਲ ਹਨ।
ਕਿਹਾ ਜਾਂਦਾ ਹੈ ਕਿ ਜਦ ਤੱਕ ਆਪਣੀ ਬਰਬਾਦੀ ਵਿਚ ਤੁਸੀਂ ਆਪ ਸ਼ਾਮਿਲ ਨਹੀਂ ਹੁੰਦੇ ਤੁਹਾਨੂੰ ਕੋਈ ਬਰਬਾਦ ਨਹੀਂ ਕਰ ਸਕਦਾ। ਇਹ ਗੱਲ ਬਿਲਕੁਲ ਸਹੀ ਹੈ। ਔਰਤ ਖੁਦ ਹੀ ਆਪਣੀ ਨਸਲ ਦੀ ਦੁਸ਼ਮਣ ਹੈ। ਅਕਸਰ ਘਰ ਦੀਆਂ ਔਰਤਾਂ ਹੀ ਕੁੜੀ ਪੈਦਾ ਕਰਕੇ ਖੁਸ਼ ਨਹੀਂ। ਉਨ੍ਹਾਂ ਨੂੰ ਹਰ ਹਾਲ ਵਿਚ ਮੁੰਡਾ ਚਾਹੀਦਾ ਹੈ। ਕੁੜੀ ਕਿਸੇ ਸੱਤ ਬੇਗਾਨੇ ਘਰੇ ਪੈਦਾ ਹੋਣ ‘ਤੇ ਵੀ ਔਰਤਾਂ ਦੁੱਖ ਪ੍ਰਗਟਾਉਂਦੀਆਂ ਹਨ। ਹੱਦ ਤਾਂ ਇਹ ਹੈ ਕਿ ਪੜ੍ਹੀਆਂ-ਲਿਖੀਆਂ ਕੁੜੀਆਂ ਵੀ ਬੇਟੀ ਪੈਦਾ ਨਹੀਂ ਕਰਨਾ ਚਾਹੁੰਦੀਆਂ। ਵਜ੍ਹਾ ਇਹ ਵੀ ਹੈ ਕਿ ਉਹ ਮੁੰਡਾ ਪੈਦਾ ਕਰਕੇ ਸਹੁਰੇ ਘਰ ਆਪਣੀ ਸਾਖ ਪੱਕੀ ਕਰਨੀ ਚਾਹੁੰਦੀਆਂ ਹਨ। ਭਰੂਣ ਹੱਤਿਆ ਹਮੇਸ਼ਾ ਮਜਬੂਰ ਕਰਕੇ ਹੀ ਕਾਰਵਾਈ ਜਾਂਦੀ ਹੈ, ਹਰ ਕੇਸ ਵਿਚ ਇਹ ਗੱਲ ਸੱਚ ਨਹੀਂ ਹੁੰਦੀ।
ਸਮਾਜ ਵਿਚ ਪੜ੍ਹਿਆ ਜਾਂ ਅਨਪੜ੍ਹ ਅਮੀਰ ਜਾਂ ਗਰੀਬ ਵੱਡਾ ਜਾਂ ਛੋਟਾ ਕੋਈ ਵੀ ਬੇਟੀ ਨਹੀਂ ਚਾਹੁੰਦਾ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਉਥੇ ਸਖਤੀ ਹੋਣ ਕਰਕੇ ਕੰਨਿਆ ਭਰੂਣ ਹੱਤਿਆ ਲਈ ਖਾਸ ਤੌਰ ‘ਤੇ ਭਾਰਤ ਆਉਂਦੇ ਹਨ। ਇਸ ਕਰਕੇ ਖੂਹਾਂ-ਟੋਭਿਆਂ, ਕੂੜੇਦਾਨਾਂ, ਨਦੀ ਨਾਲਿਆਂ ਤੇ ਖੇਤਾਂ ਵਿਚ ਅਕਸਰ ਮਾਦਾ ਭਰੂਣ ਪਏ ਨਜ਼ਰ ਆਉਂਦੇ ਹਨ। ਮੁੰਡੇ ਦੇ ਜਨਮ ‘ਤੇ ਘਰ ਦੇ ਦਰਵਾਜੇ ਅੱਗੇ ਸ਼ਰੀਂਹ ਬੰਨਿਆ ਜਾਂਦਾ ਹੈ। ਮਾਂ ਨੂੰ ਬਾਹਰ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ, ਪਰ ਕੁੜੀ ਜੰਮੇ ‘ਤੇ ਅਜਿਹਾ ਕੁਝ ਨਹੀਂ ਕੀਤਾ ਜਾਂਦਾ।
ਜੇ ਬੇਟੀ ਦਾ ਜਨਮ ਸਰਜਰੀ ਨਾਲ ਹੋਵੇ ਤਾਂ ਔਰਤਾਂ ਅਕਸਰ ਕਹਿ ਦਿੰਦੀਆਂ ਹਨ ਕਿ ਨੌਂ ਮਹੀਨੇ ਔਖੀ ਵੀ ਹੋਈ ਢਿੱਡ ਵੀ ਪੜਵਾਇਆ ਤੇ ਹੋ ਫਿਰ ਵੀ ਕੁੜੀ ਗਈ। ਮਤਲਬ ਜੇ ਕੁੜੀ ਹੀ ਹੋਣੀ ਸੀ ਤਾਂ ਨੌਂ ਮਹੀਨੇ ਦਾ ਵਕਤ ਕਿਉਂ? ਕੁੜੀ ਆਸਮਾਨ ਤੋਂ ਕਿਉਂ ਨਹੀਂ ਡਿੱਗ ਪੈਂਦੀ? ਕਈ ਔਰਤਾਂ ਤਾਂ ਅਜਿਹੀਆਂ ਹਨ ਜੋ ਸਾਰੀ ਉਮਰ ਹੀ ਮੁੰਡੇ ਦੀ ਚਾਹ ਵਿਚ ਭਰੂਣ ਹੱਤਿਆ ਕਰਦੀਆਂ ਰਹਿੰਦੀਆਂ ਹਨ। ਔਰਤ ਉਤੇ ਜ਼ੁਲਮ ਜੰਮਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਹਨ ਤੇ ਮਰਨ ਉਪਰੰਤ ਵੀ ਜਾਰੀ ਰਹਿੰਦੇ ਹਨ, ਜਦ ਉਸ ਦੀ ਲਾਸ਼ ਨੂੰ ਕਫਨ ਵੀ ਪੇਕਿਆਂ ਦਾ ਪਾਇਆ ਜਾਂਦਾ ਹੈ।
ਮੈਂ ਨਹੀਂ ਕਹਿੰਦੀ ਕਿ ਸਭ ਔਰਤਾਂ ਸੰਪੂਰਨ ਹੁੰਦੀਆਂ ਹਨ ਪਰ ਕੀ ਸਾਰੇ ਮਰਦ ਹਰ ਪੱਖੋਂ ਸੰਪੂਰਨ ਹਨ? ਕੱਤਈ ਨਹੀਂ! ਫਿਰ ਔਰਤ ਦੀ ਨਸਲਕੁਸ਼ੀ ਕਿਉਂ? ਲੋਕ ਅਕਸਰ ਅਲਟਰਾਸਾਊਂਡ ਕਰਵਾਉਣ ਤੋਂ ਪਹਿਲਾਂ ਅਤੇ ਜੇ ਰਿਪੋਰਟ ਵਿਚ ਮੁੰਡਾ ਆਵੇ ਤਾਂ ਬਾਅਦ ਵਿਚ ਵੀ ਮੰਦਿਰ-ਗੁਰਦੁਆਰੇ ਵਿਚ ਪ੍ਰਸ਼ਾਦ ਕਰਾਉਂਦੇ ਹਨ। ਭਾਰਤ ਉਹ ਦੇਸ਼ ਹੈ ਜਿਥੇ ਮੁੰਡੇ ਲਈ ਕੁੜੀ ਦੀ ਬਲੀ ਦਿੱਤੀ ਜਾਂਦੀ ਹੈ, ਨਾਲੇ ਕੰਜਕ ਪੂਜਨ ਕੀਤਾ ਜਾਂਦਾ ਹੈ। ਸਮਝ ਨਹੀਂ ਆਉਂਦੀ ਕਿ ਸਾਡਾ ਮਾਨਸਿਕ ਪੱਧਰ ਆਖਿਰ ਕਿਸ ਹੱਦ ਤਕ ਗਿਰੇਗਾ?
ਇਹ ਸਿਰਫ ਭਾਰਤ ਵਿਚ ਔਰਤਾਂ ਦੀ ਹਾਲਤ ਹੈ, ਜੇ ਸਾਰੀ ਦੁਨੀਆਂ ਵਿਚ ਔਰਤਾਂ ਦੀ ਹਾਲਤ ਬਿਆਨ ਕਰਨੀ ਹੋਵੇ ਤਾਂ ਕਈ ਗ੍ਰੰਥ ਲਿਖਣੇ ਪੈਣਗੇ। ਔਰਤਾਂ ਦੇ ਹਾਲਾਤ ਕਿਸੇ ਵੀ ਤਰ੍ਹਾਂ ਨਹੀਂ ਸੁਧਰ ਰਹੇ! ਕੁੜੀਆਂ ਦੁਆਰਾ ਹਰ ਖੇਤਰ ਵਿਚ ਖੁਦ ਨੂੰ ਸਾਬਿਤ ਕਰਨ ਤੋਂ ਬਾਅਦ ਵੀ ਨਹੀਂ, ਲੋਕਾਂ ਵਿਚ ਉਚ ਸਿਖਿਆ ਦੇ ਪ੍ਰਸਾਰ ਨਾਲ ਵੀ ਨਹੀਂ, ਸਖਤ ਕਾਨੂੰਨ ਬਣਨ ‘ਤੇ ਵੀ ਨਹੀਂ, ਜ਼ਿਆਦਾਤਰ ਪੁੱਤਰਾਂ ਵੱਲੋਂ ਮਾਪਿਆਂ ਨੂੰ ਤ੍ਰਿਸਕਾਰਣ ਤੋਂ ਬਾਅਦ ਵੀ ਨਹੀਂ, ਮਾਂ-ਬਾਪ ਦੀ ਸੇਵਾ ਪੁੱਤਰਾਂ ਨਾਲੋਂ ਵਧ ਕੇ ਕਰਨ ‘ਤੇ ਵੀ ਨਹੀਂ, ਔਰਤਾਂ ਦੀ ਆਬਾਦੀ ਘਟਣ ਤੋਂ ਬਾਅਦ ਵੀ ਨਹੀਂ ਅਤੇ ਕੁਵਾਰੇ ਮਰਦਾਂ ਦੀ ਗਿਣਤੀ ਵੱਧ ਜਾਣ ‘ਤੇ ਵੀ ਨਹੀਂ! ਆਖਿਰ ਕਦੋਂ ਤੇ ਕਿਵੇਂ ਇਹ ਧਰਤੀ ਔਰਤਾਂ ਦੇ ਜਿਉਣ ਲਾਇਕ ਬਣੇਗੀ?
8 ਮਾਰਚ ਨੂੰ ਹਰ ਸਾਲ ਔਰਤ ਦਿਵਸ ਮਨਾਇਆ ਜਾਂਦਾ ਹੈ। ਕੀ ਇਹ ਦਿਵਸ ਮਨਾਉਣ ਨਾਲ ਔਰਤਾਂ ਦੀ ਹਾਲਤ ਵਿਚ ਕੋਈ ਸੁਧਾਰ ਆ ਸਕੇਗਾ? ਇਹ ਸਵਾਲ ਹੈ, ਜੋ ਸਾਨੂੰ ਸਭ ਨੂੰ ਆਪਣੇ ਤੋਂ ਪੁੱਛਣਾ ਬਣਦਾ ਹੈ।