ਸਾਹਿਤ ਦੀ ਸ਼ਕਤੀ

ਸਦਾਬਹਾਰ ਗੁਲਜ਼ਾਰ ਸਿੰਘ ਸੰਧੂ-5
ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਜਾਪਦੀਆਂ ਹਨ। ਉਨ੍ਹਾਂ ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਉਨ੍ਹਾਂ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਇਹ ਲੰਮਾ ਲੇਖ ਭੇਜਿਆ ਹੈ ਜੋ ਉਨ੍ਹਾਂ ਦੀ ਮਾਰਚ ਮਹੀਨੇ ਛਪ ਕੇ ਆ ਰਹੀ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਵਿਚ ਸ਼ਾਮਲ ਹੋਵੇਗਾ।

ਪ੍ਰਿੰਸੀਪਲ ਸਰਵਣ ਸਿੰਘ ਵੀ ਸੰਧੂ ਜੱਟ ਹਨ। ਹੁਣ ਇਹ ਫੈਸਲਾ ਪਾਠਕਾਂ ‘ਤੇ ਛਡਦੇ ਹਾਂ ਕਿ ਉਹ ਇਸ ਲੇਖ ਵਿਚ ਆਪਣੇ ਸੰਧੂ ਭਰਾ (ਗੁਲਜ਼ਾਰ ਸੰਧੂ) ਦੀ ਵਡਿਆਈ ਕਰਦੇ ਹਨ ਜਾਂ ਫਿਰ ਸ਼ਰੀਕ ਬਣ ਕੇ ਉਨ੍ਹਾਂ ਦੇ ਪਾਜ਼ ਉਧੇੜਦੇ ਹਨ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਪੱਤਰਕਾਰੀ ਗੁਲਜ਼ਾਰ ਸੰਧੂ ਦੇ ਲਹੂ ਵਿਚ ਹੈ। ਉਸ ਨੇ ਕਾਲਜ ਦੇ ਮੈਗਜ਼ੀਨ ਦੀ ਐਡੀਟਰੀ ਤੋਂ ਲੈ ਕੇ ਹਫਤਾਵਾਰੀ, ਮਾਸਕ ਅਤੇ ਰੋਜ਼ਾਨਾ ਅਖ਼ਬਾਰਾਂ ਦੀਆਂ ਐਡੀਟਰੀਆਂ ਕੀਤੀਆਂ। 1984 ਵਿਚ ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣਾ ਕਰ ਜਾਣ ਨਾਲ ਉਸ ਦੇ ਪੁੱਤਰ ਬਰਜਿੰਦਰ ਸਿੰਘ ਨੂੰ Ḕਪੰਜਾਬੀ ਟ੍ਰਿਬਿਊਨḔ ਦੀ ਐਡੀਟਰੀ ਛੱਡ ਕੇ ḔਅਜੀਤḔ ਦੀ ਐਡੀਟਰੀ ਸੰਭਾਲਣੀ ਪੈ ਗਈ। ਉਦੋਂ ਪ੍ਰੇਮ ਭਾਟੀਆ ਟ੍ਰਿਬਿਊਨ ਅਦਾਰੇ ਦੇ ਅਖ਼ਬਾਰਾਂ ਦਾ ਮੁੱਖ ਸੰਪਾਦਕ ਸੀ। ਡਾæ ਮਹਿੰਦਰ ਸਿੰਘ ਰੰਧਾਵਾ ਟ੍ਰਿਬਿਊਨ ਦਾ ਟ੍ਰਸਟੀ ਸੀ। ਸੰਧੂ ਦਿੱਲੀ ਵਿਚ ਡਾਇਰੈਕਟਰ ਦੀ ਸਰਕਾਰੀ ਪੋਸਟ ਉਤੇ ਸੀ। ਰੋਜ਼ਾਨਾ ਅਖ਼ਬਾਰ ਦਾ ਐਡੀਟਰ ਬਣਨਾ ਉਹਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ।
ਅਚਾਨਕ ਕੁਲਵੰਤ ਸਿੰਘ ਵਿਰਕ ਟ੍ਰਿਬਿਊਨ ਅਦਾਰੇ ਦੇ ਧੜੱਲੇਦਾਰ ਟ੍ਰਸਟੀ ਡਾæ ਮਹਿੰਦਰ ਸਿੰਘ ਰੰਧਾਵਾ ਦਾ ਸੁਨੇਹਾ ਲੈ ਕੇ ਦਿੱਲੀ ਗੁਲਜ਼ਾਰ ਸੰਧੂ ਕੋਲ ਆਇਆ ਕਿ ਉਸ ਨੂੰ ਕੇਂਦਰੀ ਮੰਤਰਾਲੇ ਦੀ ਡਾਇਰੈਕਟਰੀ ਛੱਡ ਕੇ ਬਰਜਿੰਦਰ ਸਿੰਘ ਵਾਲੀ ਖਾਲੀ ਹੋਈ ਕੁਰਸੀ ਸੰਭਾਲ ਲੈਣੀ ਚਾਹੀਦੀ ਹੈ। ਸੰਧੂ ਲਈ ਤਨਖਾਹ ਨਾਲੋਂ ਵੱਡੀ ਗੱਲ ਡਾæ ਰੰਧਾਵਾ ਦਾ ਮਾਣ ਰੱਖਣਾ ਸੀ।
ਦਿੱਲੀ ਵਿਚ ਰਾਜ ਗਿੱਲ ਵੀ ਉਹਦਾ ਬੇਲੀ ਸੀ। ਉਹ ਅੰਗਰੇਜ਼ੀ ਦਾ ਚੰਗਾ ਲੇਖਕ ਸੀ। ਉਸ ਨੇ ਕੁਝ ਸਾਲ ਪਹਿਲਾਂ ਸੰਧੂ ਦੀ ਕਹਾਣੀ Ḕਮੈਂ ਚੁੱਪ ਹਾਂḔ ਦਾ ਅਨੁਵਾਦ ḔਰਿਗਰੈੱਟḔ ਨਾਂ ਹੇਠ ਅਮਰੀਕੀ ਮੈਗਜ਼ੀਨ Ḕਥਾਟ ਵੀਕਲੀḔ ਨੂੰ ਭੇਜਿਆ ਸੀ। ਥਾਟ ਦੇ ਸੰਪਾਦਕ ਆਰæ ਐਲ਼ ਬਾਰਥੋਲੋਮੀਓ ਨੇ ਮੁੜਦੀ ਡਾਕ ਵਿਚ ਲਿਖਿਆ ਸੀ ਕਿ ਉਸ ਨੂੰ ਕਹਾਣੀ ਦਾ ਚੈਖਵੀ ਗੁਣ ਚੰਗਾ ਲੱਗਿਆ ਹੈ ਤੇ ਅਗਾਂਹ ਤੋਂ ਹੋਰ ਕਹਾਣੀਆਂ ਵੀ ḔਥਾਟḔ ਨੂੰ ਭੇਜਿਆ ਕਰੇ। ਅੰਮ੍ਰਿਤਾ ਪ੍ਰੀਤਮ ਨੇ ਵਧਾਈ ਦਿੰਦਿਆਂ ਕਿਹਾ ਸੀ, “ਗੁਲਜ਼ਾਰ ਮੀਆਂ, ਸੁਣਿਆ ਤੇਰੀਆਂ ਧੁੰਮਾਂ ਅਮਰੀਕਾ ਤਕ ਪੈ ਗਈਆਂ।”
ਫਿਰ ਗਾਰਗੀ ਨੇ ਸੰਧੂ ਦੀ ਕਹਾਣੀ ḔਠੱਗੀḔ ਦਾ ਅਨੁਵਾਦ ḔਫਰਾਡḔ ਨਾਂ ਹੇਠ ਛਪਵਾਇਆ। ਕਹਾਣੀ ḔਨੈਪੋਲੀਅਨḔ ਦੇ ਛਪਦਿਆਂ ਸਾਰ ਬਲਰਾਜ ਸਾਹਨੀ ਦੀ ਏਨੀ ਪਿਆਰੀ ਚਿੱਠੀ ਆਈ ਕਿ ਸੰਧੂ ਦਾ ਮਨ ਬਾਗੋ-ਬਾਗ ਹੋ ਗਿਆ। ਫਿਰ ਉਹਦੀ ਕਹਾਣੀ Ḕਭਲੇ ਦਿਨਾਂ ਦੀ ਗੱਲḔ ਦੱਖਣ ਤੋਂ ਛਪਦੇ ਪ੍ਰਸਿਧ ਅਖ਼ਬਾਰ Ḕਦਿ ਹਿੰਦੂḔ ਵਿਚ ਛਪੀ ਅਤੇ ḔਕੈਰਾਵਾਨḔ, Ḕਥਾਟ ਵੀਕਲੀḔ ਤੇ ḔਸੈਂਚੁਰੀḔ ਵਿਚ ਕਈ ਰਚਨਾਵਾਂ ਛਪੀਆਂ। ਡਾæ ਰੰਧਾਵਾ ਉਹਦੀਆਂ ਕਹਾਣੀਆਂ ਅੰਗਰੇਜ਼ੀ ਪਰਚਿਆਂ ਵਿਚ ਪੜ੍ਹ ਕੇ ਬਹੁਤ ਖੁਸ਼ ਹੋਇਆ ਸੀ।
ਸੰਧੂ 1984 ‘ਚ ਦਿੱਲੀ ਛੱਡ ਕੇ ਚੰਡੀਗੜ੍ਹ ਆ ਗਿਆ। ਦਿੱਲੀ ਪੁਲਿਸ ਨੇ ਜਿਹੜੀਆਂ ਅੱਖਾਂ ਇੰਦਰਾ ਕਾਂਡ ਸਮੇਂ ਮੀਟੀ ਰੱਖੀਆਂ ਸਨ, ਪੰਜਾਬ ਆ ਕੇ ਉਸ ਨੂੰ ਇਨ੍ਹਾਂ ਅੱਖਾਂ ਦੇ ਖੁੱਲ੍ਹੀਆਂ ਹੋਣ ਦੇ ਦਰਸ਼ਨ ਹੋਏ। ਅਜੀਤ ਕੌਰ ਦੀ ਕਹਾਣੀ Ḕਨਾ ਮਾਰੋḔ ਪੜ੍ਹਨ ਪਿੱਛੋਂ ਉਸ ਨੇ Ḕਰੁਦਨ ਬਿੱਲੀਆਂ ਦਾḔ ਕਹਾਣੀ ਲਿਖੀ ਜਿਸ ਦਾ ਅੰਤਲਾ ਫਿਕਰਾ ਹੈ, “ਏਸ ਤਰ੍ਹਾਂ ਨੀ ਰੋਵੀਂਦਾ, ਏਸ ਤਰ੍ਹਾਂ ਤਾਂ ਬਿੱਲੀਆਂ ਰੋਂਦੀਆਂ ਨੇ।” ਇਹ ਕਹਾਣੀ ਉਸ ਤੋਂ ਅਜੀਤ ਕੌਰ ਲਿਖਵਾ ਗਈ। ਦਹਿਸ਼ਤੀ ਦੌਰ ਬਾਰੇ ਲਿਖੀਆਂ ਕਹਾਣੀਆਂ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ।
Ḕਪੰਜਾਬੀ ਟ੍ਰਿਬਿਊਨḔ ਦੀ ਨੌਕਰੀ ਛੁੱਟਦੇ ਸਾਰ ਰਾਜਪਾਲ ਐਸ਼ ਐਸ਼ ਰੇਅ ਨੇ ਉਸ ਨੂੰ ਪੰਜਾਬ ਰੈੱਡ ਕਰਾਸ ਦੀ ਸਕੱਤਰੀ ਸੌਂਪ ਦਿੱਤੀ। ਸਕੱਤਰੀ ਛੱਡੀ ਤਾਂ ਆਰਟਸ ਕੌਂਸਲ ਦਾ ਅਹੁਦਾ ਮਿਲ ਗਿਆ। ਆਰਟਸ ਕੌਂਸਲ ਵੱਲੋਂ ਉਸ ਨੇ ਤਿੰਨ ਕਿਤਾਬਾਂ ਤਿਆਰ ਕੀਤੀਆਂ- Ḕਪੰਜਾਬ ਦਾ ਛੇਵਾਂ ਦਰਿਆḔ, Ḕਵਾਸਨਾ ਵਿਸਕੀ ਵਿਦਵਤਾḔ ਤੇ Ḕਹਰਿਭਜਨ ਸਿੰਘḔ।
ਭਾਰਤ ਵਿਚ ਸੰਧੂ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਅਰੁਣਾਚਲ, ਲਖੀਮਪੁਰ ਤੋਂ ਮਹਾਰਾਸ਼ਟਰ ਦੇ ਪੂਨਾ ਤਕ ਦਾ ਖੇਤਰ ਆਪਣੀ ਅੱਖੀਂ ਵੇਖਿਆ। ਯੂਰਪ ਦੇ ਦੇਸ਼ ਇਟਲੀ, ਸਵਿਟਰਜ਼ਰਲੈਂਡ, ਜਰਮਨੀ, ਫਰਾਂਸ, ਨੀਦਰਲੈਂਡਜ਼ ਤੇ ਆਸਟ੍ਰੀਆ ਤਾਂ ਕੀ; ਅਮਰੀਕਾ, ਕੈਨੇਡਾ ਤੇ ਭਾਰਤ ਦੇ ਨਾਲ ਲੱਗਦੇ ਸਾਰੇ ਸਾਰਕ ਦੇਸ਼ ਗਾਹੇ ਹਨ। ਉਹਦੀ ਧਰਤੀ ਨਾਨਕੇ ਪਿੰਡ ਦੀ ਧਰਤੀ ਤੋਂ ਹਜ਼ਾਰਾਂ ਗੁਣਾਂ ਵੱਡੀ ਹੋ ਚੁੱਕੀ ਹੈ। ਜਦ ਉਹ ਨਾਨਕੀਂ ਰਹਿੰਦਾ ਸੀ ਤਾਂ ਆਪਣੀ ਜੀਭ ਨੂੰ ਚੁੱਲ੍ਹੇ ਦੀ ਸੁਆਹ ਲਾ ਕੇ ਦੁੜੰਗੇ ਮਾਰਦਾ ਮੜ੍ਹੀਆਂ ਵਿਚ ਜਾ ਵੜਦਾ ਸੀ ਜਿਸ ਨਾਲ ਕਿਸੇ ਕਿਸਮ ਦਾ ਕੋਈ ਭੂਤ ਉਹਦੇ ਨੇੜੇ ਨਹੀਂ ਸੀ ਆਉਂਦਾ। ਬਲਦੇ ਸਿਵੇ ਦੇ ਕੋਲਿਆਂ ਉਤੇ ਨੇੜਲੇ ਖੇਤ ਵਿਚੋਂ ਤੋੜੀਆਂ ਛੱਲੀਆਂ ਤੇ ਹੋਲਾਂ ਭੁੰਨ ਕੇ ਖਾਂਦਿਆਂ ਵੀ ਡਰ ਨਹੀਂ ਸੀ ਲੱਗਦਾ। ਦੁਨੀਆ ਘੁੰਮਦਿਆਂ ਉਹਦਾ ਅਨੁਭਵ ਹੋਰ ਵਿਸ਼ਾਲ ਹੁੰਦਾ ਗਿਆ ਤੇ ਲਿਖਤਾਂ ਵਿਚ ਵਿਚਾਰਾਂ ਦਾ ਦਾਇਰਾ ਹੋਰ ਫੈਲਦਾ ਗਿਆ।
ਉਹਦੇ ਨਾਲ ਗੱਲਾਂ ਕਰੋ ਤਾਂ ਉਹ ਬਚਪਨ ਦੀਆਂ ਗੱਲਾਂ ਵਾਰ ਵਾਰ ਦੁਹਰਾਉਂਦੈ। ਦੱਸੇਗਾ, ਮੇਰੀ ਮਾਸੀ ਗੁਰਦੇਵ ਕੌਰ ਨੂੰ ਵੀ ਕਿੱਸੇ ਪੜ੍ਹਨ ਦਾ ਬਹੁਤ ਸ਼ੌਕ ਸੀ। ਇਹ ਸੌæਕ ਉਸ ਨੂੰ ਨਾਨੇ ਤੋਂ ਵਿਰਸੇ ਵਿਚ ਮਿਲਿਆ ਸੀ। ਇਕੇਰਾਂ ਮਾਸੀ ਪੇਕੀਂ ਆਈ ਹੋਈ ਸੀ। ਮਾਸੜ ਦੀ ਤਾਰ ਆਈ Ḕਡੈੱਥ ਬੈੱਡ ‘ਤੇḔ। ਪੜ੍ਹਨ ਵਾਲੇ ਨੇ Ḕਬੈੱਡ ਤੇ ਡੈੱਥḔ ਇਕੱਠੇ ਪੜ੍ਹ ਦਿੱਤੇḔ। ਤੁਰਤ ਸਹੁਰੀਂ ਤੁਰਨਾ ਪੈਣਾ ਸੀ। ਮਾਸੀ ਸਹੁਰੇ ਪਿੰਡ ਜਾਣ ਨੂੰ ਤਿਆਰ ਹੋਣ ਲੱਗੀ, ਪਰ ਕਿੱਸਿਆਂ ਦਾ ਕੀ ਕਰੇ? ਮਾਸੀ ਕਹੇ, Ḕਮੇਰਾ ਜਾਨੀ ਚੋਰ ਦਾ ਕਿੱਸਾ ਨੀ ਲੱਭਦਾ।Ḕ ਉਸ ਨੇ ਓਨਾ ਚਿਰ ਸੰਦੂਕ ‘ਚੋਂ ਸਿਰ ਬਾਹਰ ਨਾ ਕੱਢਿਆ, ਜਦੋਂ ਤਕ ਉਸ ਨੂੰ ਕਿੱਸਾ ਨਾ ਮਿਲਿਆ। ਅਸੀਂ ਦਾਣੇ ਚੋਰੀ ਕਰ ਕੇ ਕਿੱਸੇ ਲੈ ਲੈਣੇ। ਗੁਰਦੁਆਰੇ ਛੋਟਾ ਸਿੱਕਾ ਮੱਥਾ ਟੇਕ ਕੇ ਵੱਡਾ ਚੁੱਕਣਾ ਤੇ ਕਿੱਸਾ ਜਾ ਖਰੀਦਣਾ। ਵੱਡੇ ਕਿੱਸੇ ‘ਚ ਛੋਟਾ ਕਿੱਸਾ ਪਾ ਕੇ ਚੋਰੀ ਕਰਨਾ। ਬੋਰੀ ਦਾ ਪੱਲਾ ਚੁੱਕ ਕੇ ਪੈਸੇ ਚੁੱਕਣੇ। ਕਿੱਸਿਆਂ ਵਾਲੇ ਨੂੰ ਗੱਲੀਂ ਲਾ ਕੇ ਦਾਅ ਲਾਉਣਾ। ਚੋਰੀ ਦਾ ਸੁਆਦ ਲੈਣਾ। ਉਹ ਗੱਲਾਂ ਦਾ ਧਨੀ ਹੈ।
ਉਹ ਜਦੋਂ ਦਿੱਲੀ ਗਿਆ ਤਾਂ ਸੀਸ ਗੰਜ ਗੁਰਦੁਆਰੇ ਦੀ ਛੱਤ ਉਤੇ ਚਲਦੇ ਗਿਆਨੀ ਕਾਲਜ ਦਾ ਫੱਟਾ ਲੱਗਾ ਹੁੰਦਾ ਸੀ ਜੋ ਦੂਰੋਂ ਦਿਸਦਾ ਸੀ। ਉਥੋਂ ਉਸ ਨੇ ਗਿਆਨੀ ਪਾਸ ਕੀਤੀ। ਉਹਦੇ 436 ਨੰਬਰ ਆਏ ਤੇ ਉਹ ਯੂਨੀਵਰਸਿਟੀ ‘ਚ ਫਸਟ ਰਿਹਾ। ਕਾਲਜ ਵਾਲਿਆਂ ਨੇ ਗੁਰਦੁਆਰੇ ਦੇ ਸਾਹਮਣੇ ਰੁੱਖ ਨਾਲ ਕਪੜੇ ਦਾ ਬੈਨਰ ਲਟਕਾ ਦਿੱਤਾ। ਮੋਟੇ ਅੱਖਰਾਂ ‘ਚ ਲਿਖ ਦਿੱਤਾ, “ਇਸ ਕਾਲਜ ਦਾ ਗੁਲਜ਼ਾਰ ਸਿੰਘ ਗਿਆਨੀ ਵਿਚੋਂ ਯੂਨੀਵਰਸਿਟੀ ਵਿਚ ਅੱਵਲ ਰਿਹਾ ਹੈ।”
ਉਹਦੇ ਨਾਲ ਪੜ੍ਹਦੇ ਹਰਚਰਨ ਸਿੰਘ ਬਾਠ ਦਾ ਨਤੀਜਾ ਲੇਟ ਸੀ। ਨਤੀਜਾ ਨਿਕਲਿਆ ਤਾਂ ਉਹਦੇ 440 ਨੰਬਰ ਆਏ ਜਿਸ ਨਾਲ ਉਹ ਅੱਵਲ ਹੋ ਗਿਆ, ਪਰ ਬੈਨਰ ਦੇ ਕਪੜੇ ਦਾ ਖਰਚਾ ਕੌਣ ਦੇਵੇ? ਇਕ ਰੁਪਏ ਦਾ ਕਪੜਾ ਆਉਣਾ ਸੀ ਤੇ 12 ਆਨੇ ਦੀ ਲਿਖਾਈ ਲੱਗਣੀ ਸੀ। ਅਗਲਿਆਂ ਨੇ ਬੈਨਰ ਉਵੇਂ ਰਹਿਣ ਦਿੱਤਾ!
ਗਿਆਨੀ ਕਰ ਕੇ ਉਸ ਨੇ ਕਿਸੇ ਕਾਲਜ ਤੋਂ ਬੀæ ਟੀæ ਕਰਨ ਜਾਂ ਪੰਜਾਬੀ ਦੀ ਐਮæ ਏæ ਕਰਨ ਬਾਰੇ ਨਾ ਸੋਚਿਆ। ਪੰਜਾਬੀ ਦੀ ਐਮæ ਏæ ਕਰ ਲੈਂਦਾ ਤਾਂ ਉਹ ਦਿੱਲੀ ਦੇ ਕਿਸੇ ਕਾਲਜ ਵਿਚ ਪੰਜਾਬੀ ਦਾ ਪਹਿਲਾ ਜੱਟ ਲੈਕਚਰਾਰ ਲੱਗਦਾ, ਪਰ ਉਹ ਉਸ ਪਾਸੇ ਨਾ ਤੁਰਿਆ ਤੇ ਉਹਦੀ ਥਾਂ ਦਿੱਲੀ ‘ਚ ਪਹਿਲਾ ਜੱਟ ਲੈਕਚਰਾਰ ਲੱਗਣ ਦਾ ਮਾਣ ਮੈਨੂੰ ਮਿਲਿਆ। ਉਸ ਨੇ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਐਮæ ਏæ ਕੀਤੀ। ਥਰਡ ਡਿਵੀਜ਼ਨ ਆਉਣ ਕਾਰਨ ਕਿਸੇ ਕਾਲਜ ਵਿਚ ਲੈਕਚਰਾਰੀ ਨਾ ਮਿਲ ਸਕੀ। ਜਿਸ ਕੋਚਿੰਗ ਕਾਲਜ ਵਿਚ ਮਾੜੀ ਮੋਟੀ ਮਿਲੀ, ਉਹ ਸ਼ੱਕ-ਸ਼ੁਬ੍ਹੇ ਵਿਚ ਕਰਮਾਂ ਵਾਲੀ ਕੁੜੀ ਦੇ ਲੇਖੇ ਲੱਗ ਗਈ!
ਸੰਧੂ ਨੇ Ḕਪ੍ਰੀਤਲੜੀḔ ਤੇ Ḕਬਾਲ ਸੰਦੇਸ਼Ḕ ਤੋਂ ਪ੍ਰੇਰਨਾ ਲੈ ਕੇ ਛਪਣਾ ਸ਼ੁਰੂ ਕੀਤਾ। ਉਸ ਨੇ ਟਿੱਚਰੀ ਬਾਬੇ ਦਾ ਰੇਖਾ ਚਿੱਤਰ ਲਿਖ ਕੇ Ḕਬਾਲ ਸੰਦੇਸ਼Ḕ ਨੂੰ ਭੇਜਿਆ- Ḕਸਾਡਾ ਹਸਮੁੱਖ ਬਾਬਾḔ ਉਹਦੀ ਪਹਿਲੀ ਛਪੀ ਹੋਈ ਰਚਨਾ ਹੈ। Ḕਪ੍ਰੀਤਮḔ ਤੇ ḔਫਤਿਹḔ ਰਸਾਲੇ ਦੀ ਐਡੀਟਰੀ ਕਰਦਿਆਂ ਉਹਦੇ ਅੰਦਰਲਾ ਲੇਖਕ ਜਾਗ ਪਿਆ। Ḕਸੈਨਿਕ ਸਮਾਚਾਰḔ ਦਾ ਪਹਿਲਾ ਨਾਂ Ḕਫੌਜੀ ਅਖ਼ਬਾਰḔ ਸੀ ਜਿਸ ਨੂੰ ਹਰ ਫੌਜੀ ਪੜ੍ਹਦਾ ਸੀ। ਉਸ ਵਿਚ ਉਹਦੀਆਂ ਤਾਏ ਨਾਹਰ ਸਿੰਘ ਬਾਰੇ ਲਿਖੀਆਂ ਗੱਲਾਂ ਛਪਾਉਣ ਦੇ 20 ਰੁਪਏ ਮਿਲੇ। ਉਹਨਾਂ ਨਾਲ ਉਹ ਲੇਖਕ ਬਣ ਗਿਆ। ਉਸ ਨੂੰ ਪਤਾ ਲੱਗ ਗਿਆ ਕਿ ਗੱਲਾਂ ਲਿਖਣ ਦੇ ਵੀ ਪੈਸੇ ਮਿਲਦੇ ਹਨ!
ਉਹ ਕੁਝ ਸਮਾਂ ਸ਼ਿਮਲੇ ਵੀ ਰਿਹਾ। ਉਥੇ ਉਹਦਾ ਸ਼ਿਮਲੇ ਦੇ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਤੇ ਮਜ਼ਦੂਰਾਂ ਨਾਲ ਵਾਹ ਪਿਆ। ਉਸ ਨੇ ਸਮਰ ਹਿੱਲ ‘ਤੇ ਰਹਾਇਸ਼ ਰੱਖੀ ਸੀ। ਉਥੇ ਸਬਜ਼ੀਆਂ, ਫਲ ਤੇ ਆਂਡੇ ਨਿਲਾਮ ਕਰਾਉਂਦਾ ਸੀ। ਇਹ ਉਹਦੇ ਮਾਸੜ ਨਿਹਾਲ ਸਿੰਘ ਦਾ ਕਾਰੋਬਾਰ ਸੀ। ਪਿਤਾ ਦੀ ਹਦਾਇਤ ਸੀ ਕਿ ਤੇਰੀ ਕੋਈ ਸ਼ਿਕਾਇਤ ਨਾ ਆਵੇ, ਜਿਹੜੀ ਕਦੇ ਵੀ ਨਾ ਆਈ। ਜਿਥੋਂ ਤਕ ਉਹਦੀਆਂ ਸੈਰਗਾਹਾਂ ਦਾ ਸੰਬੰਧ ਹੈ, ਉਸ ਨੂੰ ਪਹਾੜਾਂ ਦਾ ਜੀਵਨ ਵਧੇਰੇ ਧੂਹ ਪਾਉਂਦਾ ਹੈ। ਪਹਾੜਾਂ ‘ਚ ਘੁੰਮਦਿਆਂ ਉਸ ਨੂੰ Ḕਹੁਸਨ ਦੇ ਹਾਣੀḔ ਕਹਾਣੀ ਦਾ ਫੁਰਨਾ ਫੁਰਿਆ ਸੀ ਜਿਸ ਦਾ ਵਿਸ਼ਾ ਹੈ ਕਿ ਖੂਬਸੂਰਤੀ ਹਰ ਇਕ ਦੇ ਹਾਣ ਦੀ ਹੁੰਦੀ ਹੈ।
ਉਹਦੀ ਪਹਿਲੀ ਕਹਾਣੀ Ḕਇਕ ਪ੍ਰੀਤ ਕਹਾਣੀḔ ਉਹਦੇ ਆਪਣੇ ਹੀ ਪਰਚੇ Ḕਪ੍ਰੀਤਮḔ ਵਿਚ 1955-56 ਵਿਚ ਛਪੀ ਸੀ। ਕਹਾਣੀਕਾਰ ਬੂਟਾ ਸਿੰਘ ਅਨੁਸਾਰ ਗੁਲਜ਼ਾਰ ਸਿੰਘ ਨੇ ਇਹ ਕਹਾਣੀ ਥਾਂ ਥਾਂ ਸੁਣਾਈ। ਸੁਣਾਉਣ ‘ਤੇ ਉਹਦੇ ਪੰਜਾਹ ਕੁ ਰੁਪਏ ਖਰਚ ਹੋ ਗਏ ਜੋ ਉਹਨਾਂ ਦਿਨਾਂ ਵਿਚ ਬੜੇ ਮੁੱਲਵਾਨ ਸਨ। ਉਹ ਆਪਣੇ ਯਾਰਾਂ ਦੋਸਤਾਂ ਨੂੰ ਟੀ ਹਾਊਸ ਜਾਂ ਕਾਫੀ ਹਾਊਸ ਵਿਚ ਸੱਦ ਕੇ ਕਹਾਣੀ ਸੁਣਾਉਂਦਾ। ਕਹਾਣੀ ਪੜ੍ਹਨ ਤੋਂ ਪਹਿਲਾਂ ਸਰੋਤਿਆਂ ਦੇ ਖਾਣ ਪੀਣ ਲਈ ਆਰਡਰ ਦਿੰਦਾ, ਕਿਉਂਕਿ ਕਹਾਣੀ ਲੰਮੀ ਜੋ ਸੀ। ਕਹਾਣੀ ਸੁਣਨ ਤੋਂ ਬਾਅਦ ਸਰੋਤੇ ਲੰਮੇ ਸਾਹ ਭਰਦੇ ਤੇ ਬਿਨਾਂ ਕੁਝ ਬੋਲੇ ਖਾਣਾ ਸ਼ੁਰੂ ਕਰ ਦਿੰਦੇ। ਇਸ ਤਰ੍ਹਾਂ ਲੱਗਦਾ ਜਿਵੇਂ ਸਰੋਤਿਆਂ ਨੂੰ ਸਤਿ ਨਰਾਇਣ ਦੀ ਕਥਾ ਸੁਣਨ ਤੋਂ ਬਾਅਦ ਪਰਸ਼ਾਦ ਖਾਣ ਦੀ ਕਾਹਲ ਹੋਵੇ!
ਸੰਧੂ ਕਹਿੰਦਾ ਹੈ ਕਿ ਕਹਾਣੀ ਸਫ਼ਰਨਾਮਾ ਨਹੀਂ ਹੁੰਦੀ। ਉਹ ਜ਼ਿੰਦਗੀ ਦੀਆਂ ਅਨੇਕਾਂ ਘਟਨਾਵਾਂ ਵਿਚੋਂ ਕੇਵਲ ਓਹੀਓ ਚੁੱਕਦਾ ਹੈ ਜਿਸ ਵਿਚ ਉਹਦੇ ਵਿਚਾਰ ਅਨੁਸਾਰ ਕਹਾਣੀ ਵਾਲੀ ਗੁੰਝਲ ਜਾਂ ਵੇਦਨਾ ਹੋਵੇ। ਜਿਵੇਂ Ḕਕਾਲੇ ਪਾਣੀ ਗੋਰੀ ਘਟਨਾḔ। ਅੰਗਰੇਜ਼ਾਂ ਦੇ ਰਾਜ ਵਿਚ ਸਖ਼ਤ ਸਜ਼ਾ ਦੇਣ ਲਈ ਕੈਦੀਆਂ ਨੂੰ ਅੰਡੇਮਾਨ ਤੇ ਨਿਕੋਬਾਰ ਭੇਜ ਦਿੱਤਾ ਜਾਂਦਾ ਸੀ। ਉਥੇ ਕੋਹਲੂ ਗੇੜਨੇ ਤੇ ਚੱਕੀ ਪੀਹਣੀ ਪੈਂਦੀ। ਹਰੀ ਕਚੂਰ ਬਨਸਪਤੀ ਦਾ ਅਕਸ ਸਮੁੰਦਰ ‘ਚ ਪੈਣ ਸਮੇਂ ਹਰੇ ਦੀ ਥਾਂ ਕਾਲਾ ਦਿਖਾਈ ਦਿੰਦਾ। ਉਹਦੇ ਤੋਂ ਉਹਨਾਂ ਟਾਪੂਆਂ ਦਾ ਨਾਂ ਪੈ ਗਿਆ ਕਾਲੇ ਪਾਣੀ।
ਸੰਧੂ ਉਦਮ ਕਰ ਲੈਂਦਾ ਹੈ ਤੇ ਮਿਹਨਤ ਵੀ, ਪਰ ਪੀਹਣਾ ਪਾਉਣ ਤੋਂ ਕੰਨੀ ਕਤਰਾਉਂਦੈ। ਥਾਮਸ ਹਾਰਡੀ ਦੇ ਵੱਡ-ਅਕਾਰੀ ਨਾਵਲ ਦਾ ਉਸ ਨੇ ḔਟੈੱਸḔ ਦੇ ਰੂਪ ਵਿਚ ਸੰਖੇਪ ਅਨੁਵਾਦ ਕੀਤਾ। ਖ਼ੁਸ਼ਵੰਤ ਸਿੰਘ ਦੇ ਨਾਵਲ Ḕਟ੍ਰੇਨ ਟੂ ਪਾਕਿਸਤਾਨḔ ਦਾ ਨਾਂ Ḕਪਾਕਿਸਤਾਨ ਮੇਲḔ ਰੱਖਿਆ। ਖੁਸ਼ਵੰਤ ਨੂੰ ਪਸੰਦ ਆਇਆ, ਪਾਠਕਾਂ ਨੂੰ ਤਾਂ ਆਉਣਾ ਹੀ ਸੀ। ਖ਼ੂਬ ਵਿਕਿਆ।
ਦਿੱਲੀ-ਕਲਕੱਤਾ ਰਾਜਧਾਨੀ ਐਕਸਪ੍ਰੈੱਸ ਧਰਤੀ ਉਤੇ ਰਿੜ੍ਹਨ ਵਾਲਾ ਹਵਾਈ ਜਹਾਜ਼ ਕਹੀ ਜਾਂਦੀ ਸੀ। ਉਹ ਉਹਦੇ ਉਤੇ ਬੰਗਲਾ ਦੇਸ਼ ਗਿਆ। ਉਥੇ ਉਸ ਨੇ Ḕਕੰਧੀ ਜਾਏḔ ਨਾਵਲ ਲਿਖਿਆ। ਸਵੇਰ ਤੋਂ ਸ਼ਾਮ ਤਕ ਹਰ ਰੋਜ਼ ਨਾਵਲ ਦੇ ਦੋ ਕਾਂਡ ਲਿਖ ਲੈਂਦਾ। Ḕਕੰਧੀ ਜਾਏḔ ਅਜਿਹੇ ਬਾਲਕਾਂ ਦੀ ਕਹਾਣੀ ਹੈ ਜਿਹੜੇ ਆਪਣੇ ਮਾਂ-ਬਾਪ, ਜਨਮ-ਭੂਮੀ, ਮਾਤ-ਭਾਸ਼ਾ ਤੇ ਸਭਿਆਚਾਰ ਦੇ ਗ਼ੁਲਾਮ ਨਹੀਂ ਬਣਦੇ। ਆਪਣੇ ਸਭਿਆਚਾਰ ਨਾਲ ਮੋਹ ਤਾਂ ਹੁੰਦਾ ਹੈ, ਪਰ ਹੇਜ ਨਹੀਂ। ਉਨ੍ਹਾਂ ਦਾ ਵਰਤ-ਵਰਤਾਅ ਖੁੱਲ੍ਹਾ ਖੁਲਾਸਾ ਹੋ ਜਾਂਦੈ। ਪੰਜਾਬੀਆਂ ਦੀ ਉਨਤੀ, ਪੰਜਾਬੀ ਸੁਭਾਅ ਦੀ ਖੁੱਲ੍ਹਦਿਲੀ, ਦਲੇਰੀ ਤੇ ਦ੍ਰਿੜਤਾ ਦੀ ਭਾਵਨਾ ਵਿਚੋਂ ਹੀ ਪੈਦਾ ਹੋਈ ਹੈ। ਜਿਥੇ ਉਹਦੀ ਹਰ ਪੁਸਤਕ ਦਾ ਦੂਜਾ ਐਡੀਸ਼ਨ ਛਪਿਆ, Ḕਕੰਧੀ ਜਾਏḔ ਨਾਵਲ ਦਾ ਪਹਿਲਾ ਐਡੀਸ਼ਨ ਖ਼ਤਮ ਹੋਣ ਨੂੰ ਵੀਹ ਸਾਲ ਲੱਗ ਗਏ! ਚੱਕਰ ਨਾਵਲ ਦੇ ਨਾਂ ਦਾ ਸੀ। ਨਾਂ ਦੀ ਬਹੁਤਿਆਂ ਨੂੰ ਸਮਝ ਨਾ ਆਈ। Ḕਕੰਧੀ ਜਾਏḔ ਕਈਆਂ ਨੂੰ ਏਦਾਂ ਜਾਪਿਆ ਜਿਵੇਂ ਕੋਈ ਕਹਿ ਰਿਹਾ ਹੋਵੇ- ਢੱਠੇ ਖੂਹ ‘ਚ ਜਾਏ। ਉਸੇ ਨਾਵਲ ਦਾ ਨਾਂ Ḕਧਰੂ ਤਾਰੇḔ ਰੱਖਿਆ ਤਾਂ ਨਾਵਲ ਧੜਾ ਧੜ ਵਿਕਿਆ। ਕੌਣ ਕਹਿੰਦੈ ਕਿ ਨਾਂ ਵਿਚ ਕੁਝ ਨਹੀਂ ਪਿਆ? ਕਈਆਂ ਦਾ ਨਾਂ ਈ ਵਿਕੀ ਜਾਂਦੈ, ਵਿਚ ਭਾਵੇਂ ਕੁਝ ਨਾ ਹੋਵੇ। ਸੰਧੂ ਦਾ ਕਹਿਣਾ ਹੈ ਕਿ ਕਿਤਾਬ ਵਿਕਦੀ ਹੈ ਪਾਠ ਪੁਸਤਕ ਜਾਂ ਪੇਪਰ ਬੈਕ ਬਣ ਕੇ, ਪਰ ਪੇਪਰ ਬੈਕ ਦਾ ਪ੍ਰਕਾਸ਼ਕ ਨੂੰ ਕੁਝ ਨਹੀਂ ਬਚਦਾ। ਇਸੇ ਕਰ ਕੇ ਉਹ ਹਾਰਡ ਬਾਊਂਡ ਛਾਪਦੈ।
ਪੁਰਾਣੇ ਦਿਨ ਯਾਦ ਕਰਦਿਆਂ ਉਹ ਦੱਸਦਾ ਹੈ ਕਿ ਉਹ ਹਰ ਰੋਜ਼ ਦਰੀਬਾਂ ਵਾਲੇ ਮਾਮਾ ਜੀ ਦੇ ਘਰ ਤੋਂ ਪਲੱਯੀਅਰ ਗਾਰਡਨ ਮਾਰਕੀਟ, ਜੈਨ ਮੰਦਿਰ ਤੇ ਲਾਲ ਕਿਲ੍ਹੇ ਦੇ ਸਾਹਮਣੇ ਦੀ ਸਾਈਕਲ ਚਲਾਉਂਦਾ ਦਰਿਆ ਗੰਜ ਜਾਂਦਾ ਤੇ Ḕਫ਼ਤਿਹḔ ਦੇ ਸਬ ਐਡੀਟਰ ਦੀ ਕੁਰਸੀ ‘ਤੇ ਜਾ ਬੈਠਦਾ। ਕੁਝ ਮਹੀਨੇ ਬਾਅਦ ਐਡੀਟਰੀ ਤੋਂ ਜਵਾਬ ਮਿਲ ਗਿਆ। ਉਹ ਲਿਖਦਾ ਹੈ, “ਫਤਿਹ ਦੀ ਨੌਕਰੀ ਛੱਡਣ ਦੀ ਸਭ ਤੋਂ ਵੱਡੀ ਦੇਣ ਮੇਰੇ ਲਈ ਇਹ ਹੈ ਕਿ ਮੈਨੂੰ ਕਦੀ ਵੀ ਕੋਈ ਨੌਕਰੀ ਬੰਨ੍ਹ ਕੇ ਨਹੀਂ ਬਹਾ ਸਕੀ। ਮੈਨੂੰ ਚੰਗੀ ਤੋਂ ਚੰਗੀ ਨੌਕਰੀ ਛੱਡਦਿਆਂ ਡਾਕਟਰ ਦੇ ਆਮ ਟੀਕੇ ਤੋਂ ਵੱਧ ਪੀੜ ਨਹੀਂ ਹੁੰਦੀ।”
ਜਦੋਂ ਕੋਈ ਨੌਕਰੀ ਛੁੱਟਦੀ ਤਾਂ ਛੇਤੀ ਹੀ ਉਹ ਦੁਬਾਰਾ ਬਰਸਰੇ ਰੁਜ਼ਗਾਰ ਹੋ ਜਾਂਦਾ। ਪੈਸੇ ਕਮਾਉਣ ਦੇ ਸਾਧਨ ਆਪਣੇ ਆਪ ਬਣੀ ਜਾਂਦੇ। ਰਾਜਿੰਦਰ ਸਿੰਘ ਭਾਟੀਆ ਦੇ ਰਸਾਲੇ Ḕਸਚਿਤਰ ਕੌਮੀ ਏਕਤਾḔ ਵਿਚ ਉਹਦਾ ਆਰਟੀਕਲ ਛਪਿਆ ਤਾਂ ਉਸ ਨੂੰ ਮਨੀਆਰਡਰ ਮਿਲਿਆ। ਆਰਟੀਕਲ ਨਾਲ ਫੋਟੋ ਵੀ ਛਪੀ। ਉਹ ਮਨੀਆਰਡਰ ਤੋਂ ਵੀ ਉਤੇ ਸੀ। ਸੰਧੂ ਦੀ ਬਹਿਜਾ ਬਹਿਜਾ ਹੋ ਗਈ। ਮੈਂ ਖ਼ੁਦ ਉਸ ਰਸਾਲੇ ਵਿਚ Ḕਖੇਡ ਮੈਦਾਨ ‘ਚੋਂḔ ਅਤੇ Ḕਪਿੰਡ ਦੀ ਸੱਥḔ ਵਿਚੋਂ ਕਾਲਮ ਲਿਖਦਾ ਰਿਹਾਂ। ਮਨੀਆਰਡਰ ਭੇਜਣ ਨੂੰ ਭਾਟੀਆ ਸ਼ੇਰ ਸੀ। ਕਈ ਵਾਰ ਹੈਰਾਨ ਹੋਈਦਾ ਕਿ 70ਵਿਆਂ ਵਿਚ ਉਹ ਆਰਟੀਕਲ ਦੇ ਸੌ ਰੁਪਏ ਕਿਵੇਂ ਭੇਜਦਾ ਹੋਊ? ਮੈਂ ਜਦੋਂ ਜਸਵੰਤ ਸਿੰਘ ਕੰਵਲ ਨੂੰ ਮਨੀਆਰਡਰ ਬਾਰੇ ਦੱਸਿਆ ਤਾਂ ਉਸ ਨੇ ਵੀ ਮੇਰੇ ਰਾਹੀਂ ਲੇਖ Ḕਕੌਮੀ ਏਕਤਾḔ ਨੂੰ ਭੇਜਿਆ। ਮਨੀਆਰਡਰ ਆਇਆ ਤਾਂ ਕੰਵਲ ਚਾਂਭਲ ਗਿਆ। ਜਦੋਂ ਮੈਨੂੰ ਪਤਾ ਲੱਗਾ, ਪਈ ਮਨੀਆਰਡਰ ਪੰਜਾਹ ਰੁਪਏ ਦਾ ਹੈ ਤਾਂ ਮੈਂ ਮੈਨੇਜਰ ਨੂੰ ਉਲਾਂਭਾ ਦਿੱਤਾ ਕਿ ਮੇਰੇ ਸੌ, ਤੇ ਕੰਵਲ ਦੇ ਪੰਜਾਹ ਕਿਉਂ? ਜਾਂ ਤਾਂ ਮੇਰੇ ਵੀ ਪੰਜਾਹ ਕਰੋ ਜਾਂ ਉਹਦੇ ਵੀ ਸੌ। ਉਹਨਾਂ ਨੇ ਸੌ ਰਹਿਣ ਦਿੱਤੇ। ਸੌ ਦੇ ਹਿਸਾਬ ਨਾਲ ਫਿਰ ਡਾæ ਜਸਵੰਤ ਗਿੱਲ ਵੀ ਲਿਖਣ ਲੱਗ ਪਈ। ਉਹਨੀਂ ਦਿਨੀਂ ਕੈਲਾਸ਼ ਪੁਰੀ Ḕਸੇਜ ਉਲਝਣਾਂḔ ਲਿਖਦੀ ਹੁੰਦੀ ਸੀ ਤੇ ਸੋਹਣ ਸਿੰਘ ਸੀਤਲ Ḕਇਤਿਹਾਸ ਦੇ ਪੰਨੇḔ। ਭਾਟੀਆ ਆਪ Ḕਕੁਝ ਜਾਤੀ ਕੁਝ ਸਿਆਸੀḔ ਲਿਖਦਾ ਸੀ ਤੇ ਗੁਰਦੇਵ ਮਾਨ Ḕਕੁੰਡਾ ਖੋਲ੍ਹ ਬਸੰਤਰੀਏḔ।
ਜਦੋਂ ਸੰਧੂ Ḕਪੰਜਾਬੀ ਟ੍ਰਿਬਿਊਨḔ ਦਾ ਸੰਪਾਦਕ ਬਣਿਆ, ਉਹ ਵਿਸ਼ੇਸ਼ ਕਾਲਮ ḔਯਾਤਰੀਨਾਮਾḔ ਲਿਖਣ ਲੱਗਾ। ਇਸ ਕਾਲਮ ਦੀ ਬਾਅਦ ਵਿਚ ਪੁਸਤਕ ਬਣ ਗਈ- 25 ਮੁਲਕ 75 ਗੱਲਾਂ। ਕਾਲਮ ਲਿਖਣ ਵਿਚ ਉਹਦਾ ਮਾਡਲ ਖੁਸ਼ਵੰਤ ਸਿੰਘ ਰਿਹਾ। ਉਸ ਨੇ ਕਾਲਮਨੁਮਾ ਮਿਡਲ ਵੀ ਲਿਖੇ। ਅੱਜ ਕੱਲ੍ਹ ਉਹ ḔਅਜੀਤḔ ਲਈ Ḕਨਿੱਕ ਸੁੱਕḔ ਲਿਖ ਰਿਹੈ ਤੇ ਪੰਜਾਬੀ ਟ੍ਰਿਬਿਊਨ ਲਈ Ḕਸਰਗੋਸ਼ੀਆਂḔ। ਜਿੱਦਣ ਕਾਲਮ ਲਿਖਣਾ ਹੋਵੇ, ਉਦਣ ਜੇ ਕੋਈ ਸੰਧੂ ਬਾਰੇ ਪੁੱਛੇ ਤਾਂ ਉਹਦੀ ਪਤਨੀ ਕਹਿੰਦੀ ਹੈ- “ਸੰਧੂ ਸਾਹਿਬ ਤਾਂ ਅੱਜ ਕੱਲ੍ਹ ਬਹੁਤ ਬਿਜ਼ੀ ਹਨ। ਅੱਜ ਉਨ੍ਹਾਂ ਦਾ ਪੀਰੀਅਡਜ਼ ਦਾ ਦਿਨ ਹੈ!”
ਸੰਧੂ ਨਿੱਜੀ ਰਿਸ਼ਤਿਆਂ ਦਾ ਚਿਤੇਰਾ ਹੈ। ਸੇਖੋਂ ਨੇ ਉਹਦੇ ਸਿਰਜੇ ਪਾਤਰਾਂ ਨੂੰ ਤੰਦਰੁਸਤ ਕਿਹਾ ਤੇ ਕਰਤਾਰ ਸਿੰਘ ਦੁੱਗਲ ਦੇ ਸਿਰਜੇ ਪਾਤਰਾਂ ਨੂੰ ਬਿਮਾਰ। ਉਹਦੇ ਇਸਤਰੀ ਪਾਤਰ ਸੀਮਾ ‘ਚੋਂ ਸੰਭਾਵਨਾ ਲੱਭਣਾ ਜਾਣਦੇ ਹਨ। ਤਾਣ ਦੀ ਸੰਭਾਵਨਾ ਉਨ੍ਹਾਂ ਨੂੰ ਉਹਦੀ ਕਲਮ ਨੇ ਨਹੀਂ ਦਿੱਤੀ, ਸਗੋਂ ਉਹਦੀ ਕਲਮ ਵਿਚ ਉਨ੍ਹਾਂ ਦੀ ਦਿੱਤੀ ਆਈ ਹੈ। ਉਸ ਨੇ ਹੁਣ ਤਕ ਜੋ ਵੀ ਲਿਖਿਆ, ਅਨੁਭਵ ਤੋਂ ਲਿਖਿਆ। ਉਸ ਨੇ ਆਪਣੇ ਪਰਿਵਾਰ, ਭਾਈਚਾਰੇ ਤੇ ਸਮਾਜ ਨੂੰ ਸੋਧਣ, ਸੰਵਾਰਨ ਤੇ ਦਿਸ਼ਾ ਦੇਣ ਦਾ ਕੋਈ ਨਾਅਰਾ ਨਹੀਂ ਲਾਇਆ। ਇਹ ਉਹਦਾ ਮੰਤਵ ਨਹੀਂ ਸੀ।
ਉਹ ਕਹਿੰਦਾ ਹੈ, “ਲਿਖਣ ਲੱਗਿਆਂ ਮੈਨੂੰ ਮੁਕੰਮਲ ਇਕਾਂਤ ਚਾਹੀਦੀ ਹੈ। ਜਦ ਮੈਂ ਲਿਖ ਰਿਹਾ ਹੋਵਾਂ ਤਾਂ ਮੈਨੂੰ ਕੋਈ ਦਾਰੂ ਪੀਣ ਬਾਰੇ ਵੀ ਪੁੱਛੇ ਤਾਂ ਉਸ ਦੀ ਗੱਲ ਵੀ ਸੁਣਾਈ ਨਹੀਂ ਦਿੰਦੀ। ਜੇ ਸੁਣ ਪਵੇ ਤਾਂ ਪੁੱਛਣ ਵਾਲੇ ‘ਤੇ ਗੁੱਸਾ ਆ ਜਾਂਦੈ। ਮੈਨੂੰ ਪਤਾ ਹੁੰਦਾ ਕਿ ਮੈਂ ਕੀ ਲਿਖਣਾ ਹੈ ਤੇ ਕਿਵੇਂ ਲਿਖਣਾ। ਕਿੰਨਾ ਛੋਟਾ ਤੇ ਕਿੰਨਾ ਲੰਮਾ। ਲਿਖਿਆ ਬਹੁਤ ਘੱਟ ਸੋਧਣਾ ਪੈਂਦੈ। ਮੈਂ ਇਕ ਵਾਰੀ ਹਫ਼ਤਾ ਡਲਹੌਜ਼ੀ ਰਹਿ ਕੇ ਦਰਜਨ ਕਹਾਣੀਆਂ ਲਿਖ ਲਈਆਂ, ਪਰ ਪੁਸਤਕ ḔਪੰਜਾਬḔ ਲਈ ਜਿਹੜੇ ਦੋ ਕਾਂਡ ਪੰਜਾਬ ਦੇ ਰਸਮ ਰਿਵਾਜਾਂ ਤੇ ਹਾਰ ਸ਼ਿੰਗਾਰਾਂ ਬਾਰੇ ਲਿਖੇ, ਉਨ੍ਹਾਂ ਉਤੇ ਪੂਰੇ ਛੇ ਮਹੀਨੇ ਕੰਮ ਕਰਨਾ ਤੇ ਆਪਣੇ ਲਿਖੇ ਨੂੰ ਦੋ ਤੋਂ ਵੱਧ ਵਾਰੀ ਸੋਧਣਾ ਪਿਆ ਸੀ।”
ਉਹ ਇਹ ਵੀ ਕਹਿੰਦਾ ਹੈ ਕਿ ਉਹ ਇਸ ਲਈ ਲਿਖਦਾ ਕਿਉਂਕਿ ਉਸ ਨੂੰ ਮਹਿਮਾ ਦੀ ਲੋੜ ਹੈ। ਉਹਨੂੰ ਗੱਲਾਂ ਕਰਨੀਆਂ ਆਉਂਦੀਆਂ। ਬੇਰ ਤੋੜਨ, ਛੱਲੀਆਂ ਭੁੰਨਣ, ਗੰਨੇ ਭੰਨਣ, ਹੋਲਾਂ ਚੱਬਣ, ਸਾਈਕਲ ਦੇ ਡੰਡੇ ‘ਤੇ ਸੋਹਣੇ ਮੁੰਡੇ ਨੂੰ ਬਿਠਾਉਣ, ਹੱਥ ਛੱਡ ਕੇ ਸਾਈਕਲ ਚਲਾਉਣ, ਜਦੋਂ ਸਭ ਕਾਸੇ ਦਾ ਤਜਰਬਾ ਹੈ, ਫੇਰ ਗੱਲਾਂ ਤਾਂ ਫੁਰਨੀਆਂ ਹੀ ਹੋਈਆਂ।
ਉਹਦੇ ਕੋਲ ਕਿਸਾਨੀ ਦਾ ਹੱਡੀਂ ਹੰਢਾਇਆ ਅਨੁਭਵ ਹੈ। ਇਕੇਰਾਂ ਉਹ ਫਗਵਾੜੇ ਤੋਂ ਟਿਊਬਵੈੱਲ ਦੀ ਕਿੱਟ ਆਪਣੀ ਕਾਰ ਵਿਚ ਲੱਦ ਲਿਆਇਆ। ਪਿੰਡ ਰੌਲਾ ਪੈ ਗਿਆ ਕਿ ਹਰੀ ਸਿੰਘ ਦੇ ਪੁੱਤ ਨੇ ਪਾਣੀ ਕੱਢਣ ਵਾਲੀ ਬੰਬੀ ਲਾਈ ਹੈ। ਉਹਦੇ ਸਾਥੀਆਂ ਭਜਨ ਤੇ ਸ਼ਾਮ ਨੇ ਇੰਜਣ ਚਲਦਾ ਕਰ ਲਿਆ। ਇਉਂ ਪਛੇਤੀ ਕਣਕ ਪਾਲ ਲਈ। ਨਵੇਂ ਬੀਜ ਉਹ ਪੰਤ ਨਗਰ, ਪੂਸਾ ਇੰਸਟੀਚਿਊਟ ਤੇ ਲੁਧਿਆਣੇ ਤੋਂ ਲੈ ਆਉਂਦਾ। ਵਿਦਿਆਰਥੀ ਹੁੰਦਿਆਂ ਉਹ ਕਈ ਵਾਰ ਤੜਕਸਾਰ ਜੋਤਾ ਲਾ ਕੇ ਪੜ੍ਹਨ ਜਾਂਦਾ ਸੀ।
ਲਿਖਦਾ ਹੈ, “ਲਿਖਿਆ ਸੋਧਦੇ ਸਮੇਂ ਮੈਂ ਕਿਸੇ ਨਾ ਕਿਸੇ ਗੱਲ ਨੂੰ ਜੰਦਰਾ ਮਾਰਿਆ ਹੁੰਦਾ ਹੈ। ਚਾਬੀ ਮੇਰੇ ਹੱਥ ਹੁੰਦੀ ਹੈ। ਇਹ ਚਾਬੀ ਤੇ ਜੰਦਰਾ ਮੇਰੀਆਂ ਗੱਲਾਂ ਨੂੰ ਅਫਸਾਨਾ ਬਣਾ ਦਿੰਦੇ ਹਨ। ਮੈਂ ਅਫਸਾਨਾ ਨਿਗਾਰ ਹਾਂ। ਮਰਾਸੀ ਦਾ ਪੁੱਤ ਰੋਵੇ ਵੀ, ਤਾਂ ਲੈਅ ਨਾਲ ਰੋਂਦਾ ਹੈ। ਮੈਂ ਕਿਸੇ ਕਹਾਣੀ ਜਾਂ ਪੁਸਤਕ ਨੂੰ ਕਿਸੇ ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਪੱਤਾ ਵੀ ਨਹੀਂ ਤੋੜਿਆ। ਫਿਰ ਵੀ ਮੇਰੀਆਂ ਕਈ ਰਚਨਾਵਾਂ ਪਾਠਕ੍ਰਮ ਦਾ ਭਾਗ ਬਣੀਆਂ। ਅੰਗਰੇਜ਼ੀ ਦੀ ਐਮæ ਏæ ਵਿਚ ਮੇਰੀਆਂ ਕਹਾਣੀਆਂ ਦਾ ਅਨੁਵਾਦ Ḕਪੰਜਾਬੀਜ਼, ਵਾਰ ਐਂਡ ਵਿਮਨḔ ਹੈ। ਉਸ ਵਿਚ 14 ਕਹਾਣੀਆਂ ਪੰਜਾਬ ਬਾਰੇ, 8 ਭਾਰਤ-ਪਾਕਿ ਜੰਗ ਬਾਰੇ ਤੇ 14 ਕਹਾਣੀਆਂ ਔਰਤ ਮਰਦ ਸੰਬੰਧਾਂ ਬਾਰੇ ਹਨ। ਇਉਂ ਮੈਂ ਪੀਲੂ ਤੇ ਨਾਨਕ ਸਿੰਘ ਵਾਲੀ ਬੇੜੀ ਦਾ ਸਵਾਰ ਹੋ ਗਿਆ। ਉਨ੍ਹਾਂ ਦੇ ਅਨੁਵਾਦ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਐਮæ ਏæ ਅੰਗਰੇਜ਼ੀ ਦੇ ਸਿਲੇਬਸ ਵਿਚ ਪੜ੍ਹਾਏ ਜਾਂਦੇ ਹਨ।”
ਉਹਦੀਆਂ ਆਦਤਾਂ ਬਾਰੇ ਪੁੱਛੋ ਤਾਂ ਜਵਾਬ ਮਿਲਦੈ- “ਮੈਨੂੰ ਤਾਂ ਕੇਵਲ ਇਕੋ ਆਦਤ ਦਾ ਪਤੈ, ਆਦਤ ਨਾਲੋਂ ਕਮਜ਼ੋਰੀ ਕਹਿਣਾ ਠੀਕ ਹੋਵੇਗਾ, ਉਹ ਹੈ ਸੌਣਾ। ਮੈਨੂੰ ਨੀਂਦ ਬੜੀ ਪਿਆਰੀ ਹੈ। ਮੈਂ ਦਿਨ ‘ਚ ਕਈ ਵਾਰ ਸੌਂਦਾਂ। ਰਾਤ ਦਾ ਖਾਣਾ ਖਾ ਕੇ ਤਾਂ ਸੌਣਾ ਹੀ ਹੋਇਆ। ਦਿਨ ਵੇਲੇ ਵੀ ਇਹੀਓ ਹਾਲ ਰਹਿੰਦਾ। ਛਾਹ ਵੇਲਾ ਹੋਵੇ ਜਾਂ ਦੁਪਹਿਰ ਦਾ ਖਾਣਾ, ਦੋਵੇਂ ਲੈ ਬਹਿੰਦੇ ਹਨ। ਮੈਂ ਬਹੁਤੀ ਜਿੰæਦਗੀ ਸੁੱਤਿਆਂ ਲੰਘਾ ਛੱਡੀ ਹੈ। ਮਿਰਜ਼ੇ ਨੂੰ ਜੰਡ ਦੀ ਛਾਂ ਨੇ ਸੁਆ ਦਿੱਤਾ ਹੋਵੇਗਾ, ਮੈਂ ਤਾਂ ਧੁੱਪੇ ਵੀ ਸੌਂ ਜਾਂਦਾ ਹਾਂ। ਮੇਰੀ ਨੀਂਦ ਤੋਂ ਅੱਕ ਕੇ ਦੋਸਤ ਭੱਜ ਗਏ, ਮਸ਼ੂਕਾਂ ਤੁਰ ਗਈਆਂ।”
“ਮੈਨੂੰ ਪਤਾ ਹੈ ਕਿ ਬਹੁਤੇ ਪ੍ਰਗਤੀਵਾਦੀ ਮੈਥੋਂ ਖੁਸ਼ ਨਹੀਂ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਉਹ ਮੈਥੋਂ ਨਿਰਾਸ਼ ਵੀ ਨਹੀਂ। ਮੈਂ ਇਹੋ ਜਿਹਾ ਕੋਈ ਸੰਘਰਸ਼ ਨਹੀਂ ਕੀਤਾ ਜੋ ਦੱਸਣ ਵਾਲਾ ਹੋਵੇ। ਮੇਰੇ ਮਾਪਿਆਂ ਨੇ ਮੈਨੂੰ ਸਬਰ ਸੰਤੋਖ ਸਿਖਾਉਂਦਿਆਂ ਕਿਹਾ ਸੀ ਕਿ ਜਿੰæਦਗੀ ਵਿਚ ਢੇਰੀ ਨਹੀਂ ਢਾਉਣੀ। ਜ਼ਿੰਦਗੀ ਵਿਚ ਸਫਲ ਹੋਣ ਦਾ ਇਕੋ ਇਕ ਤਰੀਕਾ ਕਿ ਢੇਰੀ ਢਾਏ ਬਿਨਾਂ ਲੱਗੇ ਰਹੋ। ਮੇਰੇ ਭਾਗ ਉਪਰੋਂ ਡਿੱਗੇ ਹੋਏ ਨਹੀਂ, ਮੇਰੇ ਕਮਾਏ ਹੋਏ ਹਨ। ਢੇਰੀ ਢਾਹੇ ਬਿਨਾਂ।”
ਗੁਰਬਚਨ ਦਾ ਕਥਨ: ਸੰਧੂ ਦੇ ਬਿਰਤਾਂਤ ਵਿਚਲੀ ਬੁਣਤਰ ਨੂੰ ਸਿਰਜਣ ਵਾਲੇ ਫਿਕਰੇ ਤਰਲ ਜਿਹੇ ਹੁੰਦੇ ਹਨ; ਸੂਖਮ, ਕਾਵਿਕ ਤੇ ਹੌਲੇ ਜਿਹੇ। ਗੁਲਜ਼ਾਰ ਧੀਮੇ ਚਿੰਤਨ ਤੇ ਸੂਖਮ ਬਿਰਤਾਂਤ ਵਾਲਾ ਕਹਾਣੀਕਾਰ ਹੈ। ਉਸ ਨੇ ਸੇਖੋਂ ਅਤੇ ਵਿਰਕ ਦੋਨਾਂ ਤੋਂ ਅਚੇਤ ਪ੍ਰਭਾਵ ਕਬੂਲ ਕੀਤੇ, ਪਰ ਉਹ ਉਨ੍ਹਾਂ ਤੋਂ ਵੱਖਰਾ ਹੈ। ਉਸ ਦੀ ਅਮਿੱਟ ਪ੍ਰਭਾਵ ਵਾਲੀ ਕਹਾਣੀ Ḕਰੁਦਨ ਬਿੱਲੀਆਂ ਦਾḔ ਹੈ। ਇਸ ਕਹਾਣੀ ਦੀ ਅਸਲ ਸ਼ਕਤੀ ਇਸ ਦਾ ਥੀਮ ਹੈ ਜਿਸ ਨੂੰ ਗੁਲਜ਼ਾਰ ਨੇ ਕਾਵਿਕ ਸ਼ਿਦਤ ਦੀ ਸਿਖਰ ‘ਤੇ ਪਹੁੰਚਾ ਕੇ ਪੰਜਾਬ ਦੀ ਤ੍ਰਾਸਦੀ ਦੀ ਤਹਿ ਨੂੰ ਫੜਿਆ ਹੈ।
ਸੰਧੂ ‘ਤੇ ਪ੍ਰੀਤਲੜੀ ਦਾ ਅਸਰ ਵੀ ਪਿਆ। ਉਹਦਾ ਪਹਿਲਾ ਕਹਾਣੀ ਸੰਗ੍ਰਹਿ Ḕਹੁਸਨ ਦੇ ਹਾਣੀḔ 1963 ਵਿਚ ਛਪਿਆ ਸੀ। ਉਹ ਗੁਰਦਾਸ ਕਪੂਰ ਐਂਡ ਸਨਜ਼ ਨੇ ਨਵਯੁਗ ਪ੍ਰੈੱਸ ਤੋਂ ਛਪਵਾਇਆ। Ḕਸਾਡੇ ਹਾਰ-ਸ਼ਿੰਗਾਰḔ ਵੀ ਗੁਰਦਾਸ ਕਪੂਰ ਐਂਡ ਸਨਜ਼ ਨੇ ਨਵਯੁਗ ਤੋਂ ਛਪਵਾਈ ਜਿਸ ਨੂੰ ਐਜੂਕੇਸ਼ਨ ਮਨਿਸਟਰੀ ਵੱਲੋਂ 1500 ਰੁਪਏ ਦਾ ਇਨਾਮ ਮਿਲਿਆ। ਉਸ ਦਾ Ḕਟ੍ਰਿਬਿਊਨḔ ਵਿਚ ਵਿਰਕ ਨੇ ਵਧੀਆ ਰੀਵੀਊ ਕੀਤਾ। ਉਸੇ ਨੇ ਉਹਦੀ ਕਹਾਣੀ ਕਿਸੇ ਪਾਠ ਪੁਸਤਕ ਵਿਚ ਸ਼ਾਮਲ ਕੀਤੀ। ਸੰਧੂ ਨੇ ਸੰਤੋਖ ਸਿੰਘ ਧੀਰ, ਸਆਦਤ ਹਸਨ ਮੰਟੋ, ਬੇਦੀ, ਮੁਪਾਸਾਂ, ਚੈਖਵ, ਓ ਹੈਨਰੀ ਆਦਿ ਪੜ੍ਹੇ ਤੇ ਉਨ੍ਹਾਂ ਦਾ ਪ੍ਰਭਾਵ ਕਬੂਲ ਕੀਤਾ। ਉਹਦੀ ਲਿਖਤ ਵਿਚ ਰਸ ਤੇ ਪੇਸ਼ਕਾਰੀ ਵਿਚ ਸੁਹਜ ਹੈ।
ਉਹਦਾ ਕਹਿਣਾ ਹੈ ਕਿ ਚੰਗਾ ਸਾਹਿਤ ਉਹੀਓ ਹੁੰਦਾ ਹੈ ਜਿਸ ਨੂੰ ਪੜ੍ਹ ਕੇ ਮਨ ਨੂੰ ਚੈਨ ਤੇ ਸ਼ਾਂਤੀ ਮਿਲੇ। ਚੰਗੀਆਂ ਕੀਮਤਾਂ, ਚੰਗੇਰੇ ਜੀਵਨ ਤੇ ਨਰੋਏ ਸਮਾਜ ਦੀ ਪੇਸ਼ਕਾਰੀ, ਇਸ ਵਿਚ ਸਭ ਕੁਝ ਸ਼ਾਮਲ ਹੈ। ਮੈਂ ਰੋਗੀ ਦਾ ਰੋਗ ਤੋੜਨ ਲਈ ਨਹੀਂ ਲਿਖਦਾ, ਉਸ ਨੂੰ ਤੰਦਰੁਸਤ ਰੱਖਣ ਲਈ ਲਿਖਦਾ ਹਾਂ। ਤੰਦਰੁਸਤੀ ਹਜ਼ਾਰ ਨਿਅਮਤ ਹੈ। ਭਾਈ ਵੀਰ ਸਿੰਘ ਤੇ ਦੇਵਿੰਦਰ ਸਤਿਆਰਥੀ ਸੁਹਜਵਾਦੀ ਸਾਹਿਤਕਾਰ ਸਨ। ਉਹ ਸੁਹਜ ਦਾ ਸ਼ਿਕਾਰੀ ਹੈ। ਉਸ ਨੂੰ ਸੇਖੋਂ, ਅਤਰ ਸਿੰਘ, ਰਘਬੀਰ ਸਿੰਘ ਤੇ ਗੁਰਬਚਨ ਵਰਗੇ ਆਲੋਚਕਾਂ, ਦੁੱਗਲ, ਵਿਰਕ, ਬੇਦੀ ਤੇ ਖ਼ੁਸ਼ਵੰਤ ਵਰਗੇ ਲੇਖਕਾਂ ਤੋਂ ਚੰਗੇ ਨੰਬਰ ਮਿਲੇ ਤੇ ਮੰਨੇ-ਦੰਨੇ ਸੰਪਾਦਕਾਂ ਤੋਂ ਵੀ; ਕੋਈ ਰੌਲਾ ਈ ਨਹੀਂ।
ਉਸ ਦੀ ਪਤਨੀ ਸੁਰਜੀਤ ਨੇ ਉਹਦੀਆਂ ਰਚਨਾਵਾਂ ਦਾ ਪੂਰਾ ਸੈੱਟ ਆਪਣੇ ਲਾਕਰ ਵਿਚ ਰੱਖਿਆ ਹੋਇਐ। ਲੇਖਕ ਨੂੰ ਦੋ ਥੰਮ੍ਹੀਆਂ ਦੀ ਲੋੜ ਹੁੰਦੀ ਹੈ- ਇਕ ਛਾਪਣ ਵਾਲੀ ਤੇ ਦੂਜੀ ਸਾਂਭਣ ਵਾਲੀ, ਉਹ ਦੋਹਾਂ ਵੱਲੋਂ ਸੰਤੁਸ਼ਟ ਹੈ। ਉਸ ਨੂੰ ਡਾਕਟਰੀ ਨਾਲ ਸੰਬੰਧਤ ਗੱਲਾਂ ਨਹੀਂ ਆਉਂਦੀਆਂ ਤੇ ਸੁਰਜੀਤ ਨੂੰ ਸਾਹਿਤਕਾਰੀ ਦੀ ਕਲਾ ਨਹੀਂ ਆਉਂਦੀ। ਰੇਡੀਓ ਤੇ ਟੀਵੀ ਦੋਹਾਂ ਨੂੰ ਨੀ ਲਾਉਣਾ ਆਉਂਦਾ। ਧੀ ਪੁੱਤ ਹੈ ਕੋਈ ਨਹੀਂ ਜਿਨ੍ਹਾਂ ਦੇ ਪਾਲਣ ਪੋਸਣ ਬਾਰੇ ਲੜਾਈ ਹੁੰਦੀ। ਰੈਣ ਬਸੇਰਾ, ਲੰਗਰ, ਤਫਰੀਹ, ਸਭ ਸਾਂਝੇ, ਸਹਿਜ ਤੇ ਸਾਦਾ। ਉਨ੍ਹਾਂ ਦੇ ਵਿਆਹ ਸਮੇਂ ਸੰਧੂ ਤੋਂ ਚੌਦਾਂ ਸਾਲ ਛੋਟੀ ਭੈਣ ਉਹਦੇ ਕੋਲ ਹੀ ਪੜ੍ਹਦੀ ਸੀ। ਫਿਰ ਸੁਰਜੀਤ ਦੀ ਮਾਮੇ ਦੀ ਧੀ ਤੇ ਦੋ ਭਤੀਜੇ ਉਨ੍ਹਾਂ ਕੋਲ ਰਹਿ ਕੇ ਪੜ੍ਹੇ। ਘਰ ਵਿਚ ਬੱਚਿਆਂ ਦੀ ਰੌਣਕ ਸੀ। ਸੰਧੂ ਦਾ ਬਾਪ ਊਠ ਰੱਖਦਾ ਸੀ। ਉਸ ਨੇ ਊਠਾਂ ਨੂੰ ਜੁਗਾਲੀ ਕਰਦੇ ਵੇਖਿਆ ਸੀ। ਉਹਦਾ ਹਾਜ਼ਮਾ ਊਠਾਂ ਵਾਲਾ ਹੈ।
ਸੰਧੂ ਨੇ ਡਾæ ਮਹਿੰਦਰ ਸਿੰਘ ਰੰਧਾਵਾ ਬਾਰੇ ਪੁਸਤਕ ਸੰਪਾਦਤ ਕੀਤੀ ਜਿਸ ਦਾ ਨਾਂ ਰੱਖਿਆ- ਪੰਜਾਬ ਦਾ ਛੇਵਾਂ ਦਰਿਆ। ਭਾਪਾ ਪ੍ਰੀਤਮ ਸਿੰਘ ਤੇ ਖੁਸ਼ਵੰਤ ਸਿੰਘ ਬਾਰੇ ਵੀ ਪੁਸਤਕਾਂ ਦਾ ਸੰਪਾਦਨ ਕੀਤਾ। ਉਹ ਸਾਰੇ ਹੀ ਉਹਦੇ ਮਿਹਰਬਾਨ ਮਿੱਤਰ ਹਨ। ਉਸ ਕੰਮ ਤੋਂ ਉਸ ਨੂੰ ਸੰਤੁਸ਼ਟੀ ਮਿਲੀ।
ਸੰਧੂ ਜਦੋਂ ਦਿੱਲੀ ਗਿਆ ਉਦੋਂ ਉਹ ਵੀ ਉਨ੍ਹਾਂ ਵਿਚੋਂ ਸੀ ਜਿਹੜੇ ਉਧਾਰ ਲੈ ਕੇ ਖਰਚਦੇ ਤੇ ਉਧਾਰ ਲਾਹੁਣ ਲਈ ਅਨੁਵਾਦ ਦਾ ਕੰਮ ਲੱਭਦੇ। ਪਾਠ ਪੁਸਤਕਾਂ ਦੇ ਅਨੁਵਾਦ ਉਸ ਨੇ ਅੱਠ ਆਨੇ ਫੀ ਪੰਨੇ ਦੇ ਹਿਸਾਬ ਨਾਲ ਵੀ ਕੀਤੇ। ਅਮਰੀਕਨ ਅੰਬੈਸੀ ਡੇਢ ਰੁਪਿਆ ਪ੍ਰਤੀ ਪੰਨਾ ਦਿੰਦੀ ਸੀ। ਉਸ ਨੇ ਰੂਸੀ ਨਾਵਲ ḔਸਾਥੀḔ ਅਤੇ Ḕਬਾਲ ਬਿਰਖ ਤੇ ਸੂਰਜḔ ਅਨੁਵਾਦ ਕੀਤੇ। ਉਸ ਪਿੱਛੋਂ ਮੈਕਸਿਮ ਗੋਰਕੀ ਦੀ Ḕਆਨ ਲਾਈਫ਼ ਐਂਡ ਲਿਟਰੇਚਰḔ ਦਾ ਅਨੁਵਾਦ Ḕਜੀਵਨ ਤੇ ਸਾਹਿਤḔ ਕੀਤਾ। ਗੋਰਕੀ ਦੇ ਅਨੁਵਾਦ ਨਾਲ ਉਸ ਨੇ ਡੇਢ ਹਾਰਸ ਵਾਲੇ ਰਾਇਲ ਇਨਫੀਲਡ ਮੋਟਰ ਸਾਈਕਲ ਦਾ ਕਰਜ਼ਾ ਲਾਹਿਆ ਜਿਸ ਨੂੰ ਵੇਚ ਕੇ ਸਾਢੇ ਤਿੰਨ ਹਾਰਸ ਪਾਵਰ ਵਾਲਾ ਲੈ ਲਿਆ ਤੇ ਉਸ ਨੂੰ ਵੇਚ ਕੇ ਸਟੈਂਡਰਡ ਕਾਰ, ਫਿਰ ਫੀਅਟ ਤੇ ਫਿਰ ਮਾਰੂਤੀ, ਸਾਂਤਰੋ। ਬਹੁਤ ਦੇਰ ਉਹ ਅਨੁਵਾਦ ਦੇ ਪਰਾਂ ‘ਤੇ ਉਡਦਾ ਰਿਹਾ ਸੀ।
ਸੈਰ ਸਪਾਟੇ ਦੀਆਂ ਗੱਲਾਂ ਕਰਦਾ ਉਹ ਕਹਿੰਦਾ ਹੈ ਕਿ ਭੋਂ-ਦ੍ਰਿਸ਼ ਕਸ਼ਮੀਰ ਵਰਗੇ ਹੋਰ ਕਿਧਰੇ ਨਹੀਂ ਦੇਖੇ। ਫੁੱਲ-ਬੂਟੇ ਬ੍ਰਿਟਿਸ਼ ਕੋਲੰਬੀਆ ਦੇ। ਜਾਂ ਫਿਰ ਆਸਟ੍ਰੀਆ, ਜਰਮਨੀ ਤੇ ਸਵਿਟਜ਼ਰਲੈਂਡ ਦੇ। ਅਰੁਣਾਚਲ ਦੇ ਬਾਂਸ ਜਿਨ੍ਹਾਂ ਤੋਂ ਬਣੀ ਸਬਜ਼ੀ ਤੇ ਅਚਾਰ ਵੀ ਖਾਧਾ ਤੇ ਜਿਨ੍ਹਾਂ ਦੇ ਸੱਕਰੇ ਕੱਟੇ ਪੋਰਿਆਂ ਵਿਚ ਚੌਲਾਂ ਤੋਂ ਬਣੀ ਤਰੋ-ਤਾਜ਼ਾ ਲੁਗੜੀ ਵੀ ਪੀਤੀ। ਬ੍ਰਹਮਪੁਤਰ ਦੇ ਪਾਣੀ ਤੇ ਹਿਮਾਲਾ ਦੀਆਂ ਬਰਫ਼ਾਂ ਦਾ ਜਲਵਾ ਵੇਖਿਆ, ਪਰ ਆਪਣੇ ਘਰ ਵਰਗੀ ਰੀਸ ਕੋਈ ਨਹੀਂ। ਬੱਸ ਹੋਵੇ ਸਹੀ।
Ḕਮੇਰਾ ਪੰਜਾਬ ਤੇ ਮੇਰੀ ਪੱਤਰਕਾਰੀḔ ਵਿਚ 1954 ਤੋਂ 2000 ਤਕ ਦੀਆਂ ਉਹਦੀਆਂ ਲਿਖਤਾਂ, ਸੰਪਾਦਕੀਆਂ, ਸਮਾਚਾਰ ਵਿਸ਼ਲੇਸ਼ਣ, ਮੁਲਾਕਾਤਾਂ, ਮੁਹੱਬਤਨਾਮੇ, ਮਿਡਲ ਤੇ ਯਾਤਰਾਨਾਮੇ ਹਨ। ਉਸ ਵਿਚ ਅਖ਼ਬਾਰਾਂ ਰਸਾਲਿਆਂ ਦੇ ਨਾਂ Ḕਤੇ ਛਪਣ ਮਿਤੀ ਵੀ ਦਿੱਤੀ ਹੈ। ਉਹ ਜਮਾਂਦਰੂ ਪੱਤਰਕਾਰ ਨਹੀਂ ਸੀ, ਬਸ ਪੈਰ ਥੱਲੇ ਬਟੇਰਾ ਆ ਗਿਆ। ਭੁੰਨਿਆ ਵੀ ਤੇ ਖਾਧਾ ਵੀ। ਮੁਲਾਹਜੇæਦਾਰੀਆਂ, ਮੁਹੱਬਤਨਾਮੇ ਤੇ ਜੀਨੀ ਗਾਰਗੀ ਵਾਲਾ ਕਿੱਸਾ ਲਿਖਿਆ। Ḕਨੰਗੀ ਧੁੱਪḔ ਦਾ ਸਾਰ ਦੇ ਕੇ ਗਾਗਰ ਵਿਚ ਸਾਗਰ ਬੰਦ ਕਰ ਦਿੱਤਾ। ਨਿਰੂਪਮਾ ਦੱਤ ਦੀ ਸ਼ੈਲੀ ਵਿਚ ਉਸ ਦੇ ਹਾਸੇ ਵਰਗੀ ਸ਼ਕਤੀ, ਸਦਭਾਵਨਾ ਤੇ ਸਿਹਤ ਦੱਸੀ। Ḕਪੰਜਾਬੀ ਟ੍ਰਿਬਿਊਨḔ ਵਿਚ ਉਸ ਨੇ ਖਰੀਦ ਸ਼ਕਤੀ ਵਰਤੀ ਤੇ Ḕਦੇਸ਼ ਸੇਵਕḔ ਵਿਚ ਮੁਲਾਹਜ਼ੇਦਾਰੀ।
ਸੰਧੂ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਇਨਾਮ ਮਿਲਿਆ। ਬਾਅਦ ਵਿਚ ਉਸ ਨੇ ਇਨਾਮ ਦੇਣ ਦੀ ਪ੍ਰਕਿਰਿਆ ਦੱਸੀ: ਕਿਸੇ ਸਿਆਣੇ ਲੇਖਕ/ਆਲੋਚਕ ਨੂੰ ਗਰਾਊਂਡ ਲਿਸਟ ਤਿਆਰ ਕਰਨ ਲਈ ਕਿਹਾ ਜਾਂਦਾ ਹੈ। ਫੇਰ ਪੰਝੀ-ਤੀਹ ਸਿਆਣਿਆਂ ਤੋਂ ਉਸ ਲਿਸਟ ਦੀ ਪੁਸ਼ਟੀ ਕੀਤੀ ਜਾਂਦੀ ਹੈ। ਲਿਸਟ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਭੇਜੀ ਜਾਂਦੀ ਹੈ। ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਵੱਡੇ ਸਿਆਣਿਆਂ ਦੀ ਤਿੰਨ ਮੈਂਬਰੀ ਕਮੇਟੀ ਵਿਚਾਰਦੀ ਹੈ ਤੇ ਆਪਣਾ ਫੈਸਲਾ ਦਿੰਦੀ ਹੈ। ਮੇਰੀ ਵਾਰੀ ਉੱਚ ਪੱਧਰੀ ਕਮੇਟੀ ਦੇ ਦੋ ਮੈਂਬਰ ਵਿਰਕ ਤੇ ਪ੍ਰਭਜੋਤ ਸਨ। ਬੱਕਰੀ ਜੋ ਮੈਂ-ਮੈਂ ਕਰੇ ਗਲ ਮੇਂ ਛੁਰੀ ਫਿਰਾਏ, ਮੈਨਾ ਜੋ ਮੈਂ ਨਾ ਕਹੇ ਸਭ ਕੇ ਮਨ ਕੋ ਭਾਏ।
(ਚਲਦਾ)