ਐਤਕੀਂ 21 ਫਰਵਰੀ ਨੂੰ ਮਨਾਇਆ ਗਿਆ ਕੌਮਾਂਤਰੀ ਮਾਂ-ਬੋਲੀ ਦਿਵਸ ਪੰਜਾਬ ਅਤੇ ਪੰਜਾਬੀ ਪਿਆਰਿਆਂ ਲਈ ਪਿਛਲੇ ਸਾਲਾਂ ਨਾਲੋਂ ਨਿਆਰਾ ਅਤੇ ਨਿਵੇਕਲਾ ਸੀ। ਜਲੰਧਰ-ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਵੱਡੇ ਸਮਾਗਮ ਹੀ ਨਹੀਂ ਹੋਏ, ਸਗੋਂ ਵੱਖ ਵੱਖ ਥਾਂਈਂ ਵੱਖ ਵੱਖ ਸੰਸਥਾਵਾਂ, ਅਦਾਰਿਆਂ, ਸਕੂਲਾਂ-ਕਾਲਜਾਂ ਇਹ ਦਿਵਸ ਮਨਾਇਆ ਗਿਆ। ਚੰਡੀਗੜ੍ਹ ਵਿਚ ਤਾਂ ਸਰਕਾਰੀ ਅਣਦੇਖੀ ਦੇ ਖਿਲਾਫ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ।
ਜਾਗਰੂਕਤਾ ਦੇ ਪੱਖ ਤੋਂ ਐਤਕੀਂ ਇਨ੍ਹਾਂ ਯਤਨਾਂ ਦਾ ਕੋਈ ਜਵਾਬ ਨਹੀਂ। ਬਿਨਾ ਸ਼ੱਕ ਇਸ ਚੇਤਨਾ ਦਾ ਫੌਰੀ ਸਬੱਬ ਕੌਮਾਂਤਰੀ ਮਾਂ-ਬੋਲੀ ਦਿਵਸ ਹੀ ਬਣਿਆ ਹੈ ਅਤੇ ਇਸ ਮਾਂ-ਬੋਲੀ ਦਿਵਸ ਦਾ ਵੀ ਆਪਣਾ ਇਤਿਹਾਸ ਹੈ। ਸੰਤਾਲੀ ਵਾਲੀ ਵੰਡ ਤੋਂ ਬਾਅਦ 1948 ਵਿਚ ਪਾਕਿਸਤਾਨੀ ਸਰਕਾਰ ਨੇ ਉਰਦੂ ਨੂੰ ਕੌਮੀ ਭਾਸ਼ਾ ਐਲਾਨ ਦਿੱਤਾ। ਸਰਕਾਰ ਦੀ ਇਸ ਕਾਰਵਾਈ ਦਾ ਪੂਰਬੀ ਪਾਕਿਸਤਾਨ ਜੋ ਬੰਗਾਲ ਦੀ ਵੰਡ ਕਾਰਨ ਹੋਂਦ ਵਿਚ ਆਇਆ ਸੀ, ਵਿਚ ਤਿੱਖਾ ਵਿਰੋਧ ਹੋਇਆ। ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਬੰਗਲਾ ਲੋਕ ਸਰਕਾਰ ਦੇ ਇਸ ਫੈਸਲੇ ਖਿਲਾਫ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਸੇ ਲਾਮਬੰਦੀ ਤਹਿਤ ਲੋਕਾਂ ਨੇ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕੁਝ ਸਿਆਸੀ ਕਾਰਕੁਨਾਂ ਦੀ ਅਗਵਾਈ ਹੇਠ ਰੋਸ ਮਜਾਹਰੇ ਕੀਤੇ। ਉਥੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਚਾਰ ਵਿਦਿਆਰਥੀ ਆਗੂ ਮਾਰੇ ਗਏ। ਇਸ ਤੋਂ ਬਾਅਦ ਰੋਹ ਭੜਕ ਉਠਿਆ ਅਤੇ ਪਾਕਿਸਤਾਨੀ ਸਰਕਾਰ ਨੂੰ ਆਖਰਕਾਰ 1956 ਵਿਚ ਬੰਗਲਾ ਨੂੰ ਸਰਕਾਰੀ ਭਾਸ਼ਾ ਐਲਾਨਣਾ ਪਿਆ। ਫਿਰ ਸੰਸਾਰ ਪੱਧਰ ਉਤੇ ਮਾਂ-ਬੋਲੀ ਬਾਰੇ ਚੇਤਨਾ ਆਏ ਦਿਨ ਵਧਦੀ ਰਹੀ ਅਤੇ ਯੂਨੈਸਕੋ ਨੇ ਬੰਗਲਾ ਦੇਸ਼ ਦੀ ਮੰਗ ਉਤੇ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਸਵੀਕਾਰ ਕਰ ਲਿਆ। ਅੱਜ ਸੰਸਾਰ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ। ਇਹ ਠੀਕ ਹੈ ਕਿ ਸਮਾਂ ਪਾ ਕੇ ਅਜਿਹੇ ਸਮਾਗਮ ਰਸਮੀ ਜਿਹੇ ਬਣ ਜਾਂਦੇ ਹਨ, ਪਰ ਅਜਿਹੇ ਦਿਵਸਾਂ ਅਤੇ ਸਮਾਗਮਾਂ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੇ ਮੌਕਿਆਂ ‘ਤੇ ਆਵਾਜ਼ ਬੁਲੰਦ ਕਰਨ ਦਾ ਮੌਕਾ ਜ਼ਰੂਰ ਮਿਲਦਾ ਹੈ।
ਇਕ ਅੰਦਾਜ਼ੇ ਅਨੁਸਾਰ ਇਸ ਵੇਲੇ ਸੰਸਾਰ ਵਿਚ ਤਕਰੀਬਨ 7100 ਜ਼ੁਬਾਨਾਂ ਹਨ। ਭਾਰਤ ਵਿਚ ਇਨ੍ਹਾਂ ਦੀ ਗਿਣਤੀ 450 ਦੇ ਕਰੀਬ ਹੈ। ਕੁਝ ਸਾਲ ਪਹਿਲਾਂ ਸਾਹਮਣੇ ਆਈ ਯੂਨੈਸਕੋ ਦੀ ਰਿਪੋਰਟ ਵਿਚ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਅਗਲੇ 50 ਸਾਲਾਂ ਵਿਚ ਕਈ ਭਾਸ਼ਾਵਾਂ ਖਤਮ ਹੋ ਜਾਣਗੀਆਂ ਜਾਂ ਖਤਮ ਹੋਣ ਦੇ ਕੰਢੇ ਪੁੱਜ ਜਾਣਗੀਆਂ। ਅਜਿਹਾ ਖਦਸ਼ਾ ਪੰਜਾਬੀ ਬਾਰੇ ਵੀ ਪ੍ਰਗਟਾਇਆ ਜਾ ਰਿਹਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਇਸ ਖਦਸ਼ੇ ਨੂੰ ਨਿਰਮੂਲ ਦੱਸਿਆ ਹੈ। ਉਨ੍ਹਾਂ ਦੀ ਇਸ ਦਲੀਲ ਦਾ ਆਧਾਰ ਇਹ ਹੈ ਕਿ ਜਿੰਨਾ ਚਿਰ ਤੱਕ ਕੋਈ ਜ਼ੁਬਾਨ ਬੋਲਣ ਵਾਲਾ ਇਕ ਵੀ ਬੰਦਾ ਇਸ ਧਰਤੀ ਉਤੇ ਮੌਜੂਦ ਹੈ, ਸਬੰਧਤ ਜ਼ੁਬਾਨ ਦਾ ਖਾਤਮਾ ਸੰਭਵ ਨਹੀਂ। ਇਸ ਪੱਖ ਤੋਂ ਪੰਜਾਬੀ ਦੀ ਹਾਲਤ ਤਸੱਲੀਬਖਸ਼ ਹੀ ਆਖੀ ਜਾ ਸਕਦੀ ਹੈ। ਇਸ ਵੇਲੇ ਪੰਜਾਬੀ 13 ਕਰੋੜ ਲੋਕਾਂ ਵੱਲੋਂ ਬੋਲੀ ਜਾਂਦੀ ਹੈ ਜੋ ਸੰਸਾਰ ਦੇ ਡੇਢ ਸੌ ਤੋਂ ਵੱਧ ਮੁਲਕਾਂ ਅੰਦਰ ਵਸੇ ਹੋਏ ਹਨ। ਇਸ ਗਿਣਤੀ-ਮਿਣਤੀ ਅੰਦਰ ਪੰਜਾਬੀ ਦਾ ਸੰਸਾਰ ਭਰ ਵਿਚ 12ਵਾਂ ਸਥਾਨ ਹੈ। ਵਲਾਇਤ ਵਿਚ ਪੰਜਾਬੀ ਨੇ ਦੂਜੀ ਵੱਡੀ ਜ਼ੁਬਾਨ ਦਾ ਰੁਤਬਾ ਹਾਸਲ ਕਰ ਲਿਆ ਹੈ। ਕੈਨੇਡਾ ਵਿਚ ਇਹ ਤੀਜੀ ਵੱਡੀ ਜ਼ੁਬਾਨ ਹੈ। ਹੋਰ ਖਿਤਿਆਂ ਅਤੇ ਮੁਲਕਾਂ ਅੰਦਰ ਵੀ ਇਸ ਦੇ ਅਗਾਂਹ ਵਧਣ ਦੀਆਂ ਸੋਆਂ ਹਨ। ਇਸ ਪੱਖ ਤੋਂ ਪੰਜਾਬੀ ਅਤੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ। ਜਾਪਦਾ ਹੈ, ਪੰਜਾਬੀ ਦੀਆਂ ਜੜ੍ਹਾਂ ਦੂਰ-ਦੂਰ ਤੱਕ ਫੈਲ ਰਹੀਆਂ ਹਨ।
ਦਰਅਸਲ ਅੱਜ ਪੰਜਾਬੀ ਨੂੰ ਹੋਰ ਔਕੜਾਂ ਨਾਲ ਜੂਝਣਾ ਪੈ ਰਿਹਾ ਹੈ। ਅੱਜ ਗਿਆਨ ਦਾ ਮੁੱਖ ਸਰੋਤ ਅੰਗਰੇਜ਼ੀ ਬਣ ਚੁਕੀ ਹੈ। ਆਪਣੇ ਲੋਕਾਂ ਲਈ ਤਾਂ ਅੰਗਰੇਜ਼ੀ ਦਾ ਕਰੇਜ਼ ਕੁਝ ਵਧੇਰੇ ਹੀ ਹੈ। ਦੂਜਾ, ਹਿੰਦੀ ਦਾ ਪ੍ਰਭਾਵ ਹੈ। ਇਹ ਤੱਥ ਸੌਲਾਂ ਆਨੇ ਸੱਚ ਹੈ ਕਿ ਕੋਈ ਵੀ ਭਾਸ਼ਾ ਜਾਂ ਬੋਲੀ ਸਥਿਰ ਨਹੀਂ। ਸਮੇਂ ਨਾਲ ਇਸ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਕਿਸੇ ਵੀ ਖਿੱਤੇ ਦੀ ਸਥਾਨਕਤਾ ਇਸ ਪ੍ਰਸੰਗ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪਿਛਲੀ ਅੱਧੀ ਸਦੀ ਦੌਰਾਨ ਪੰਜਾਬ ਅੰਦਰ ਜਿਸ ਤਰ੍ਹਾਂ ਦੀ ਸਿਆਸਤ ਹੋਈ ਹੈ, ਉਸ ਨੇ ਪੰਜਾਬੀ ਉਤੇ ਬਾਕਾਇਦਾ ਅਸਰ ਪਾਇਆ ਹੈ। ਇਸ ਅਸਰ ਨੂੰ ਮਹਿਸੂਸ ਕਰਨ ਲਈ ਸਾਨੂੰ ਲਹਿੰਦੇ ਪੰਜਾਬ ਦੀ ਮਿਸਾਲ ਜ਼ਰੂਰ ਸਾਹਮਣੇ ਰੱਖਣੀ ਚਾਹੀਦੀ ਹੈ। ਉਥੇ ਪੰਜਾਬੀ, ਉਰਦੂ ਦੇ ਅਸਰ ਤੋਂ ਮੁਕਤ ਨਹੀਂ। ਹਾਲਾਤ ਇਹ ਹਨ ਕਿ ਪੰਜਾਬੀ ਘਰਾਂ ਵਿਚ ਵੀ ਪੰਜਾਬੀ ਦੀ ਥਾਂ ਉਰਦੂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬੀ ਨੂੰ ਬਿਨਾ ਸੋਚੇ-ਸਮਝੇ ਗੰਵਾਰਪੁਣੇ ਨਾਲ ਜੋੜ ਦਿੱਤਾ ਗਿਆ ਹੈ। ਚੜ੍ਹਦੇ ਪੰਜਾਬ ਵਿਚ ਵੀ ਹਾਲਾਤ ਇਸ ਤੋਂ ਕੋਈ ਬਹੁਤੇ ਵੱਖਰੇ ਨਹੀਂ। ਸਰਦੇ-ਪੁੱਜਦੇ ਪੰਜਾਬੀਆਂ ਦੇ ਘਰਾਂ ਵਿਚ ਵੀ ਹਿੰਦੀ ਘੁਸਪੈਠ ਕਰ ਗਈ ਹੈ। ਸਰਕਾਰੀ ਨਾ-ਅਹਿਲੀਅਤ ਕਾਰਨ ਪੰਜਾਬੀ ਸਕੂਲਾਂ ਵਿਚੋਂ ਬਾਹਰ ਨਿਕਲ ਰਹੀ ਹੈ, ਜਾਂ ਕਹਿ ਲਓ ਕਿ ਕੱਢੀ ਜਾ ਰਹੀ ਹੈ। ਨਵੀਂ ਪੀੜ੍ਹੀ ਦਾ ਪੰਜਾਬੀ ਨਾਲ ਰਿਸ਼ਤਾ-ਨਾਤਾ ਗੀਤਾਂ ਤੱਕ ਮਹਿਦੂਦ ਹੋ ਗਿਆ ਪ੍ਰਤੀਤ ਹੁੰਦਾ ਹੈ। ਇਕ ਨੁਕਤਾ ਹੋਰ ਵੀ ਹੈ। ਸਥਾਨਕਤਾ ਦੇ ਅਸਰ ਕਾਰਨ ਵੱਖ-ਵੱਖ ਖਿੱਤਿਆਂ ਅੰਦਰ ਪੰਜਾਬੀ ਦਾ ਸਰੂਪ ਵੱਖਰਾ-ਵੱਖਰਾ ਬਣ ਰਿਹਾ ਹੈ। ਪੰਜਾਬ, ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਪਰਦੇਸਾਂ ਦੀ ਪੰਜਾਬੀ ਵਿਚ ਲਗਾਤਾਰ ਫਰਕ ਦੇਖਣ ਨੂੰ ਮਿਲ ਰਿਹਾ ਹੈ। ਇਹ ਸਮੇਂ ਅਤੇ ਸਥਾਨਕਤਾ ਦਾ ਅਸਰ ਹੈ ਜਿਸ ਦਾ ਫਿਲਹਾਲ ਕੋਈ ਤੋੜ ਨਹੀਂ। ਹਾਲ ਦੀ ਘੜੀ ਕਰਨ ਵਾਲਾ ਕੰਮ ਇਹੀ ਹੈ ਕਿ ਪੰਜਾਬੀ ਬਾਰੇ ਚੇਤਨਾ ਵੱਧ ਤੋਂ ਵੱਧ ਫੈਲਾਈ ਜਾਵੇ ਤਾਂ ਕਿ ਉਹ ਪੰਜਾਬੀ ਚੋਟੀ ਦਾ ਰੁਤਬਾ ਹਾਸਲ ਕਰ ਸਕੇ ਜਿਸ ਨੂੰ ਅੱਧੀ ਸਦੀ ਪਹਿਲਾਂ ਸਰਕਾਰੀ ਭਾਸ਼ਾ ਸਵੀਕਾਰ ਕਰ ਲਿਆ ਗਿਆ ਸੀ। ਇਸ ਪ੍ਰਸੰਗ ਵਿਚ ਵਿਦਵਾਨਾਂ ਨੂੰ ਪਹਿਕਦਮੀ ਕਰਨੀ ਪੈਣੀ ਹੈ ਤਾਂ ਕਿ ਪੰਜਾਬੀ ਨੂੰ ਸਮੇਂ ਦੀ ਤੋਰ ਨਾਲ ਤੋਰਿਆ ਜਾ ਸਕੇ। ਸੰਸਾਰ ਵਿਚ ਅਜਿਹੀਆਂ ਬਥੇਰੀਆਂ ਮਿਸਾਲਾਂ ਹਨ ਜਿਥੇ ਅੰਗਰੇਜ਼ੀ ਤੋਂ ਬਿਨਾ ਵੀ ਤਰੱਕੀ ਦੀਆਂ ਰਾਹਾਂ ਮੱਲੀਆਂ ਗਈਆਂ ਹਨ। ਪੰਜਾਬੀਆਂ ਲਈ ਵੀ ਅਜਿਹਾ ਹੰਭਲਾ ਸੰਭਵ ਹੈ।