ਸੰਪਾਦਕ ਜੀ,
ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੀ ਮਿਹਨਤ ਤੇ ਯੋਗ ਅਗਵਾਈ ਸਦਕਾ ਅਖ਼ਬਾਰ ਪੰਜਾਬ ਟਾਈਮਜ਼ ਦਿਨ ਦੂਣੀ ਤੇ ਰਾਤ ਚੌਣੀ ਤੱਰਕੀ ਕਰਦਾ ਜਾ ਰਿਹਾ ਹੈ। ਇਸ ਵਿਚ ਹਰ ਹਫ਼ਤੇ ਉਤਮ ਕਹਾਣੀਆਂ ਤੇ ਲੇਖ ਪੜ੍ਹਨ ਲਈ ਮਿਲਦੇ ਹਨ ਜੋ ਮਾਂ ਬੋਲੀ ਪੰਜਾਬੀ ਦਾ ਨਾਂ ਰੌਸ਼ਨ ਕਰਦੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਚੰਗੀ ਮੈਨੂੰ ਤੁਹਾਡੀ ਆਪਣੀ ਲਿਖਤ ਲੱਗਦੀ ਹੈ ਜੋ ਤੁਸੀਂ ਕਦੇ ਕਦੇ ਹੀ ਛਾਪਦੇ ਹੋ। ਵੱਡੀ ਗੱਲ ਇਹ ਹੈ ਕਿ ਤੁਸੀਂ ਅਹਿਮ ਵਿਸ਼ਿਆਂ ‘ਤੇ ਬਹਿਸ ਕਰਵਾਉਂਦੇ ਹੋ ਤੇ ਹਰ ਵਿਚਾਰ ਨੂੰ ਛਾਪ ਕੇ ਸਾਹਮਣੇ ਆਉਣ ਲਈ ਬਰਾਬਰ ਦਾ ਮੌਕਾ ਦਿੰਦੇ ਹੋ। ਇਸ ਅਖ਼ਬਾਰ ਦੀਆਂ ਮਿਆਰੀ ਕਦਰਾਂ-ਕੀਮਤਾਂ ਕਾਰਣ ਅੱਜ ਬੇਅੰਤ ਪਾਠਕ ਇਸ ਨਾਲ ਜੁੜੇ ਹੋਏ ਹਨ। ਇਹ ਅਤਿਕਥਨੀ ਨਹੀਂ ਕਿ ਇਸ ਵੇਲੇ ਅਮਰੀਕਾ ਤੇ ਕਨੇਡਾ ਵਿਚ ਪੰਜਾਬ ਟਾਈਮਜ਼ ਦਾ ਸਿੱਕਾ ਚਲਦਾ ਹੈ।
ਪੰਜਾਬ ਟਾਈਮਜ਼ ਵਿਚ ਛਪਦੀ ‘ਸੰਪਾਦਕ ਦੀ ਡਾਕ’ ਵੀ ਗਿਆਨ ਦਾ ਅਹਿਮ ਸੋਮਾ ਹੁੰਦੀ ਹੈ। ਇਹ ਕਾਲਮ ਵੀ ਮੈਂ ਹਰ ਵਾਰ ਧਿਆਨ ਨਾਲ ਪੜ੍ਹਦਾ ਹਾਂ। ਰੌਚਕ ਹੋਣ ਦੇ ਨਾਲ ਇਹ ਵੱਖ ਵੱਖ ਲਿਖਤਾਂ ਬਾਰੇ ਪਾਠਕਾਂ ਦੇ ਪ੍ਰਤੀਕਰਮਾਂ ਤੋਂ ਜਾਣੂ ਕਰਵਾਉਂਦੀ ਹੈ ਜਿਸ ਨਾਲ ਕਈ ਖੁੰਝੇ ਹੋਏ ਮਹਤਵਪੂਰਣ ਨੁਕਤੇ ਸਾਹਮਣੇ ਆਉਂਦੇ ਹਨ। ਹਾਂ, ਕਦੇ ਕਦੇ ਕਈ ਪ੍ਰਤੀਕਰਮ ਅਜਿਹੇ ਬੇ-ਸਿਰ ਪੈਰ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ‘ਫਲ ਫਿਕੇ ਫੁਲ ਬਕਬਕੇ’ ਦਾ ਆਭਾਸ ਹੁੰਦਾ ਹੈ। ਪਰ ‘ਏਹਿ ਭਿ ਦਾਤਿ ਤੇਰੀ ਦਾਤਾਰ’ ਦੇ ਮਹਾਂ ਵਾਕ ਅਨੁਸਾਰ ਇਹ ਵੀ ਪੜ੍ਹਨੇ ਪੈਂਦੇ ਹਨ।
ਅਜਿਹੇ ਪੱਤਰਾਂ ਦੀ ਹਾਲੀਆ ਉਦਾਹਰਣ ਫਕੀਰ ਚੰਦ ਸੈਂਪਲਾ ਦਾ ਉਹ ਪ੍ਰਤੀਕਰਮ ਹੈ ਜਿਸ ਵਿਚ ਉਨ੍ਹਾਂ ਨੇ ਡਾæ ਹਰਪਾਲ ਸਿੰਘ ਪੰਨੂ ਦੀ ਕਥਾਕਾਰ ਸਰਬਜੀਤ ਸਿੰਘ ਧੂੰਦਾ ਬਾਰੇ ਟਿੱਪਣੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦਾ ਪੱਤਰ ਪੜ੍ਹ ਕੇ ਲਗਦਾ ਹੈ ਕਿ ਸਬੰਧਤ ਮਸਲੇ ਵਿਚ ਉਹ ਗਿਆਨ ਤੋਂ ਪੂਰੇ ਹੀ ਸਖਣੇ ਹਨ ਤੇ ਕੇਵਲ ਆਪਣੀ ਪਹਿਚਾਣ ਬਣਾਉਣ ਲਈ ਹੀ ਉਨ੍ਹਾਂ ਨੇ ਇਹ ਸਭ ਕੁਝ ਲਿਖ ਮਾਰਿਆ ਹੈ। ਉਨ੍ਹਾਂ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਦੀ ਉਪਾਧੀ ‘ਗਿਆਨੀ ਜੀ’ ਜਾਂ ‘ਸਰਦਾਰ ਜੀ’ ਜਾਂ ‘ਪੰਡਿਤ ਜੀ’ ਵਾਂਗ ਕੋਈ ਢਿੱਲਾ-ਮੋਕਲਾ ਮਨਮਰਜੀ ਦਾ ਵਿਸ਼ੇਸ਼ਣ ਨਹੀਂ ਜਿਸ ਨੂੰ ਚਾਹੇ ਕੋਈ ਵੀ ਆਪਣੇ ਨਾਂ ਅਗੇ ਲਾ ਕੇ ਟਹਿਕਦਾ ਫਿਰੇ। ਇਹ ਸਰਬ-ਉਚ ਅਕਾਦਮਿਕ ਅਹੁਦੇ ਦਾ ਨਾਂ ਹੈ ਜੋ ਉਚ ਅਕਾਦਮਿਕ ਪ੍ਰਾਪਤੀਆਂ ਅਤੇ ਵਿਧੀ-ਵਿਧਾਨਕ ਨਿਯੁਕਤੀ ਉਪਰੰਤ ਹੀ ਪ੍ਰਾਪਤ ਹੁੰਦਾ ਹੈ। ਕਹਿਣ ਨੂੰ ਤਾਂ ਭਾਵੇਂ ਵਿਦਿਆਰਥੀ ਹਰ ਕਾਲਜ ਅਧਿਆਪਕ ਨੂੰ ਪ੍ਰੋਫੈਸਰ ਕਹਿ ਕੇ ਸੱਦਦੇ ਹਨ ਪਰ ਹੁੰਦੇ ਉਹ ਲੈਕਚਰਾਰ ਹੀ ਹਨ। ਯੂਨੀਵਰਸਿਟੀਆਂ ਵਿਚ ਵੀ, ਜਿਥੇ ਡਾਕਟਰੇਟ ਦੀ ਉਪਾਧੀ ਭਾਵੇਂ ਹਰ ਅਧਿਆਪਕ ਕੋਲ ਹੁੰਦੀ ਹੈ, ਪ੍ਰੋਫੈਸਰ ਕੇਵਲ ਦਸ-ਪੰਦਰਾਂ ਫੀਸਦੀ ਹੀ ਹੁੰਦੇ ਹਨ। ਅਕਾਦਮਿਕ ਹਲਕਿਆਂ ਵਿਚ ਬਿਨਾਂ ਪ੍ਰੋਫੈਸਰ ਦੀ ਉਪਾਧੀ ਹੁੰਦਿਆਂ ਪ੍ਰੋਫੈਸਰ ਕਹਾਉਣਾ ਜਾਂ ਕਿਸੇ ਨੂੰ ਪ੍ਰੋਫੈਸਰ ਕਹਿਣਾ ਅਤਿ ਦਰਜੇ ਦਾ ਸ਼ੋਹਦਾਪਣ ਮੰਨਿਆਂ ਜਾਂਦਾ ਹੈ। ਕਈ ਸਮਝਦਾਰ ਤਾਂ ਪ੍ਰੋਫੈਸਰ ਹੁੰਦੇ ਹੋਏ ਵੀ ਪ੍ਰੋਫੈਸਰ ਕਹਾਉਣ ਤੋਂ ਗੁਰੇਜ਼ ਕਰਦੇ ਹਨ ਜਿਵੇਂ ਡਾæ ਰਾਧਾ ਕ੍ਰਿਸ਼ਨਨ, ਡਾæ ਮਨਮੋਹਨ ਸਿੰਘ ਤੇ ਹੋਰ ਬਹੁਤ ਸਾਰੇ ਪ੍ਰੋਫੈਸਰ। ਫਿਰ ਸ਼ ਧੂੰਦਾ ਨੂੰ ਤਾਂ ਇਕ ਮਿਸ਼ਨਰੀ ਕਾਲਜ ਦੇ ਕੱਚੇ-ਪੱਕੇ ਲੈਕਚਰਾਰ ਹੀ ਦੱਸਿਆ ਜਾਂਦਾ ਹੈ ਜੋ ਕੋਈ ਮਾਨਤਾਪ੍ਰਾਪਤ ਅਦਾਰਾ ਵੀ ਨਹੀਂ ਹੈ। ਇਸ ਲਈ ਡਾæ ਪੰਨੂ ਦੀ ਦਲੀਲ ਅਨੁਸਾਰ ਉਨ੍ਹਾਂ ਲਈ ਪ੍ਰੋਫੈਸਰ ਸ਼ਬਦ ਦੀ ਵਰਤੋਂ ਕੱਤਈ ਉਚਿਤ ਨਹੀਂ ਹੈ।
ਫਕੀਰ ਚੰਦ ਸੈਂਪਲਾ ਅਕਾਲ ਤਖਤ ਦੇ ਸਾਬਕਾ ਜਥੇਦਾਰ ਦਰਸ਼ਨ ਸਿੰਘ ਰਾਗੀ ਤੇ ਸਾਬਕਾ ਐਕਟਿੰਗ ਜਥੇਦਾਰ ਮਨਜੀਤ ਸਿੰਘ ਦੀਆਂ ਉਦਾਹਰਣਾਂ ਦੇ ਕੇ ਆਪਣੀ ਗੱਲ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦੋ ਝੂਠ ਕਦੇ ਇਕ ਸੱਚ ਨਹੀਂ ਹੁੰਦੇ ਤੇ ਨਾ ਦੋ ਗਲਤੀਆਂ ਇਕ ਪਰਮਾਣ ਹੁੰਦੀਆਂ ਹਨ। ਜੇ ਦੋ ਚਾਰ ਪ੍ਰਚਾਰਕ ਕਿਸੇ ਮਰਿਆਦਾ ਦੀ ਉਲੰਘਣਾ ਕਰਦੇ ਹਨ ਤਾਂ ਜਰੂਰੀ ਤਾਂ ਨਹੀਂ ਕਿ ਸ਼ ਧੂੰਦਾ ਵੀ ਉਹੀ ਉਲੰਘਣਾ ਜਰੂਰ ਕਰਨ। ਡਾæ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਦੇ ਪ੍ਰੋਫੈਸਰ ਤੇ ਮੁਖੀ ਹਨ। ਉਹ ਇਕੋ ਇਕ ਅਧਿਆਪਕ ਆਗੂ ਹਨ ਜੋ ਪੰਜਾਬੀ ਯੂਨੀਵਰਸਿਟੀ ਵਿਚ ਭ੍ਰਿਸ਼ਟਾਚਾਰ ਦੇ ਵਿਰੁਧ ਚੱਟਾਨ ਵਾਂਗ ਡਟੇ। ਉਹ ਵਿਸ਼ਵ ਪ੍ਰਸਿੱਧ ਪੰਜਾਬੀ ਲੇਖਕ ਹਨ ਜੋ ਸਾਲਾਂ ਤੋਂ ਪੰਜਾਬ ਟਾਈਮਜ਼ ਅਤੇ ਹੋਰ ਅਖਬਾਰਾਂ ਵਿਚ ਛਪਦੇ ਆ ਰਹੇ ਹਨ। ਅੱਜ ਸ੍ਰੀ ਸੈਂਪਲਾ ਉਨ੍ਹਾਂ ਉਤੇ ਈਰਖਾ ਦੇ ਉਬਾਲ ਦਾ ਘਿਨੌਣਾ ਇਲਜ਼ਾਮ ਲਾਉਂਦੇ ਹੋਏ ਉਨ੍ਹਾਂ ਤੋਂ ਅਮਰੀਕੀ ਪ੍ਰੈਸ ਵਿਚ ਲੇਖ ਛਪਵਾਉਣ ਦਾ ਕਾਰਨ ਪੁੱਛਦੇ ਹਨ ਪਰ ਸ਼ ਧੂੰਦਾ ਤੋਂ ਉਹ ਇਹ ਕੱਤਈ ਨਹੀਂ ਪੁੱਛਦੇ ਕਿ ਉਹ ਜਲਦਾ-ਕੁਰਲਾਉਂਦਾ ਭਾਰਤ ਜਗਤ ਛੱਡ ਕੇ ਸੁਖੀ ਵਸਦੇ ਅਮਰੀਕੀ ਸਿੰਘਾਂ ਦੇ ਦੁਖ ਹਰਣ ਕਿਹੜੀ ਮਜ਼ਬੂਰੀ ਕਾਰਣ ਇਥੇ ਆਏ ਹੋਏ ਹਨ? ਕੀ ਹੁਣ ਪੰਜਾਬ ਵਿਚ ਉਨ੍ਹਾਂ ਦੇ ਪ੍ਰਚਾਰ ਦੀ ਲੋੜ ਨਹੀਂ ਰਹੀ?
ਅਨੋਖੀ ਗੱਲ ਤਾਂ ਇਹ ਹੈ ਕਿ ਸ੍ਰੀ ਸੈਂਪਲਾ ਡਾæ ਪੰਨੂ ਨੂੰ ਤਾਂ ਡੇਰਾਵਾਦੀ ਸਾਧਾਂ ਪਿਛੇ ਪੈਣ ਦੀ ਪ੍ਰੇਰਣਾ ਦਿੰਦੇ ਹਨ ਤੇ ਆਪ ਸਾਧਨੁਮਾ ਸ਼ ਧੂੰਦਾ ਦੀ ਸਰਪ੍ਰਸਤੀ ਕਰਦੇ ਨਹੀਂ ਥੱਕਦੇ। ਉਨ੍ਹਾਂ ਦੇ ਜਿੰਨੇ ਪ੍ਰਤੀਕਰਮ ਮੈਂ ਪੜ੍ਹੇ ਹਨ, ਉਨ੍ਹਾਂ ਸਭ ਵਿਚ ਉਨ੍ਹਾਂ ਦੀ ਅਜਿਹੀ ਹੀ ਗੈਰ-ਜ਼ਿੰਮੇਵਾਰਾਨਾ ਰੁਚੀ ਅਤੇ ਦੋਫਾੜੂ ਸੋਚ ਉਭਰ ਕੇ ਸਾਹਮਣੇ ਆਈ ਹੈ। ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਸਦਦੇ ਪਰ ਦੂਜਿਆਂ ਨੂੰ ਨਰਮ ਦਲੀਏ ਤੇ ਉਗਰਵਾਦੀ ਆਦਿ ਦੱਸ ਕੇ ਉਨ੍ਹਾਂ ਨੂੰ ਇਕ ਦੂਜੇ ਖਿਲਾਫ਼ ਭੜਕਾਉਣ ਦੀ ਹਰ ਕੋਸ਼ਿਸ ਕਰਦੇ ਹਨ। ਉਹ ਆਪ ਤਾਂ ਦਲਿਤ ਤੇ ਸ਼ੋਸ਼ਿਤ ਵਰਗਾਂ ਦੇ ਮੁੱਦਈ ਬਣਦੇ ਹਨ ਪਰ ਦੂਜਿਆਂ ਨੂੰ ਕਮਿਉਨਿਸਟ ਦੱਸ ਕੇ ਉਨ੍ਹਾਂ ਦਾ ਭੰਡੀ ਪ੍ਰਚਾਰ ਕਰਦੇ ਹਨ। ਉਹ ਸਦੀਆਂ ਪੁਰਾਣੀ ‘ਪਾੜੋ ਤੇ ਰਾਜ ਕਰੋ’ ਦੀ ਰੀਤ ‘ਤੇ ਚਲਦਿਆਂ ਸਿੱਖਾਂ ਨੂੰ ਸਿੱਖਾਂ ਖਿਲਾਫ਼ ਚੁੱਕਣ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪ੍ਰਤੀਕਰਮਾਂ ਵਿਚ ਅਜਿਹੀਆਂ ਨਾਂਹ-ਪੱਖੀ ਤੇ ਸਿੱਖ ਵਿਰੋਧੀ ਰੁਚੀਆਂ ਪ੍ਰਗਟ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਾਠਕਾਂ ਨੂੰ ਵੀ ਉਨ੍ਹਾਂ ਦੇ ਵਿਚਾਰ ਪੜ੍ਹਦਿਆਂ ਖਬਰਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
ਅੰਤ ਵਿਚ ਮੈਂ ਪੰਜਾਬ ਟਾਈਮਜ਼ ਵਿਚ ਛਪੀ ਆਪਣੀ ਇਕ ਕਹਾਣੀ ‘ਸਾਜਨ ਸੰਤ ਕਰਹੁ ਇਹ ਕਾਮੁ’ ਬਾਰੇ ਸ੍ਰੀ ਸੈਂਪਲਾ ਦੇ ਅਜਿਹੇ ਹੀ ਇਕ ਉਲਟੇ-ਸਿਧੇ ਪ੍ਰਤੀਕਰਮ ਦਾ ਸਪਸ਼ਟੀਕਰਨ ਵੀ ਦੇਣਾ ਚਾਹੁੰਦਾ ਹਾਂ। ਮੈਂ ਕੋਈ ਗਲਪ ਲੇਖਕ ਨਹੀਂ। ਨਾ ਮਨਘੜਤ ਸੋਚਦਾ ਹਾਂ ਨਾ ਲਿਖਦਾ ਹਾਂ ਤੇ ਨਾ ਹੀ ਲਿਖ ਸਕਦਾ ਹਾਂ। ਮੈਂ ਇਹ ਖੁਲਾਸਾ ਲਿਖਤ ਦੇ ਸ਼ੁਰੂ ਵਿਚ ਹੀ ਕਰ ਦਿੰਦਾ ਹਾਂ ਕਿ ਮੇਰੀ ਲਿਖਤ ਇਕ ਸੱਚੀ ਘਟਨਾ ‘ਤੇ ਆਧਾਰਤ ਹੈ। ਕੇਵਲ ਨਾਂ ਤੇ ਥਾਂ ਹੀ ਬਦਲਦਾ ਹਾਂ, ਇਥੋਂ ਤੀਕਰ ਕਿ ਵਾਰਤਾਲਾਪ ਵੀ ਮੁਢਲੇ ਹੀ ਰਖਦਾ ਹਾਂ। ਮੇਰੀ ਧਾਰਨਾ ਹੈ ਕਿ ਅਸਲੀਅਤ ਗਲਪ ਨਾਲੋਂ ਜਿਆਦਾ ਅਧਭੁਤ ਤੇ ਰੋਚਕ ਹੁੰਦੀ ਹੈ। ਪਰ ਜਦੋਂ ਉਪਰੋਕਤ ਲੇਖ ਲੰਮਾ ਹੋਣ ਕਾਰਣ ਸੰਪਾਦਕ ਜੀ ਇਹ ਮੁਢਲਾ ਪੈਰਾ ਨਾ ਛਾਪ ਸਕੇ ਤਾਂ ਸ੍ਰੀ ਸੈਂਪਲਾ ਨੇ ਝੱਟ ਆਪਣਾ ਸ਼ੱਕੀ ਭੜਕਾਊ ਪ੍ਰਤੀਕਰਮ ਦਾਗ ਦਿਤਾ ਕਿ ਕਹਾਣੀ ਝੂਠ ਦਾ ਪਲੰਦਾ ਹੈ। ਉਨ੍ਹਾਂ ਲਿਖਿਆ ਕਿ ਇਸ ਵਿਚਲੀਆਂ ਘਟਨਾਵਾਂ ਉਵੇਂ ਵਾਪਰ ਹੀ ਨਹੀਂ ਸਕਦੀਆਂ ਜਿਵੇਂ ਮੈਂ ਬਿਆਨ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਹਾਣੀ ਸਿੱਖੀ, ਖਾਸ ਕਰ ਕੇ ਖਾੜਕੂ ਸਿੱਖਾਂ ਨੂੰ ਬਦਨਾਮ ਕਰਨ ਲਈ ਲਿਖੀ ਗਈ ਹੈ।
ਸ੍ਰੀ ਸੈਂਪਲਾ ਨੂੰ ਮੇਰੀ ਬੇਨਤੀ ਹੈ ਕਿ ਉਹ ਕਿਸੇ ਵੇਲੇ ਮੇਰੇ ਨਾਲ ਪੰਜਾਬ ਚਲਣ। ਮੈਂ ਉਨ੍ਹਾਂ ਨੂੰ ਇਕ-ਇਕ ਪਾਤਰ ਦੀ ਬਾਂਹ ਫੜਾ ਦਿਆਂਗਾ। ਸੱਚ ਝੂਠ ਦਾ ਆਪ ਪਤਾ ਕਰ ਲੈਣ। ਹਾਂ, ਜੇ ਕਹਾਣੀ ਸੱਚੀ ਹੋਈ ਤਾਂ ਆ ਕੇ ਪੰਜਾਬ ਟਾਈਮਜ਼ ਦੇ ਪਾਠਕਾਂ ਤੋਂ ਗੁਮਰਾਹੀ ਦੀ ਖਿਮਾ ਜਰੂਰ ਮੰਗ ਲੈਣ।
ਪੱਤਰ ਖਤਮ ਕਰਨ ਤੋਂ ਪਹਿਲਾਂ ਮੈਂ ਪੰਜਾਬ ਟਾਈਮਜ਼ ਦੇ ਮਾਧਿਅਮ ਰਾਹੀਂ ਸ੍ਰੀ ਸੈਂਪਲਾ ਤੋਂ ਇਕ ਸਵਾਲ ਪੱਛਣਾ ਚਾਹੁੰਦਾ ਹਾਂ। ਇਕ ਪਾਸੇ ਤਾਂ ਉਹ ਸਿੱਖਾਂ ‘ਤੇ ਦੂਸ਼ਣ ਲਾਉਂਦੇ ਹਨ ਕਿ ਉਹ ਦਲਿਤ ਵਰਗਾਂ ਨੂੰ ਵਰਗਲਾ ਕੇ ਸਿੱਖੀ ਵਿਚ ਪ੍ਰਵੇਸ਼ ਕਰਵਾਉਂਦੇ ਹਨ ਤੇ ਬਾਅਦ ਵਿਚ ਉਨ੍ਹਾਂ ਦੀ ਵਾਤ ਨਹੀਂ ਪੁੱਛਦੇ। ਦੂਜੇ ਪਾਸੇ ਉਹ ਸ਼ ਧੂੰਦਾ ਦਾ ਪੁਰਜੋਰ ਪੱਖ ਪੂਰਦੇ ਹੋਏ ਡਾæ ਪੰਨੂ ‘ਤੇ ਦੋਸ਼ ਲਾਉਂਦੇ ਹਨ ਕਿ ਉਹ ਸ਼ ਧੂੰਦਾ ਦੇ ਪ੍ਰਚਾਰ ਲਈ ਅਮਰੀਕੀ ਗੁਰੂਘਰਾਂ ਦੇ ਬੂਹੇ ਬੰਦ ਕਰਵਾ ਰਹੇ ਹਨ। ਫਿਰ ਇਨ੍ਹਾਂ ਦਾ ਆਪਣਾ ਸਿੱਖੀ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੈ। ਉਹ ਇਹ ਤਾਂ ਦੱਸਣ ਕਿ ਇਨ੍ਹਾਂ ਦੀ ਧੂੰਦਾ ਪੈਰਵੀ ਪਿਛੇ ਕੋਈ ਦਲਿਤ ਪੈਂਤੜਾ ਜਾਂ ਦਲਿਤ ਕੁਨੈਕਸ਼ਨ ਤਾਂ ਕੰਮ ਨਹੀਂ ਕਰ ਰਿਹਾ?
-ਡਾæ ਗੋਬਿੰਦਰ ਸਿੰਘ ਸਮਰਾਓ
ਸੈਨ ਹੋਜ਼ੇ, ਕੈਲੀਫੋਰਨੀਆ
ਫੋਨ: 408-550-9586
Leave a Reply