ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਛਪਦੀਆਂ ਆਪਣੀਆਂ ਲਿਖਤਾਂ ਵਿਚ ਘਰ ਦੀਆਂ ਬਰਕਤਾਂ, ਘਰ ਦੇ ਬੂਹੇ ਅਤੇ ਵਿਹੜੇ ਦੀਆਂ ਸਿਫਤਾਂ ਕਰ ਚੁਕੇ ਹਨ।
ਉਨ੍ਹਾਂ ਕੰਧਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ ਕੰਧਾਂ ਇਤਿਹਾਸ ਤੇ ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਕਮਰੇ ਬਾਰੇ ਉਨ੍ਹਾਂ ਲਿਖਿਆ ਸੀ ਕਿ ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ। ਉਨ੍ਹਾਂ ਨਸੀਹਤ ਕੀਤੀ ਸੀ ਕਿ ਦਸਤਕ ਦੀ ਦਾਸਤਾਨ ਜ਼ਰੂਰ ਸੁਣਿਓ ਤਾਂ ਕਿ ਤੁਸੀਂ ਕਦੇ ਤਾਂ ਦਸਤਕ ਦੇ ਰੂ-ਬ-ਰੂ ਹੋ, ਆਪਣੇ ਸਾਹਾਂ ਉਤੇ ਨਰੋਏ ਨਕਸ਼ਾਂ ਦੀ ਇਬਾਦਤ ਲਿਖ ਸਕੋ। ਉਨ੍ਹਾਂ ਮਾਂ ਦੀ ਮਮਤਾ ਦੇ ਨਿੱਘ ਦੀ ਵਾਰਤਾ ਸੁਣਾਉਂਦਿਆਂ ਕਿਹਾ ਹੈ ਕਿ ਮਾਂ, ਸਿਰਫ ਮਾਂ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ। ਪਿਛਲੇ ਲੇਖ ਵਿਚ ਉਨ੍ਹਾਂ ਪਿਤਾ ਦੇ ਸਾਏ ਦੀ ਗੱਲ ਕਰਦਿਆਂ ਦੱਸਿਆ ਕਿ ਪਿਤਾ ਇਕ ਮਜ਼ਬੂਤ ਦੀਵਾਰ। ਝੱਖੜਾਂ ਤੇ ਤੇਜ਼ ਹਨੇਰੀਆਂ ਤੋਂ ਬਚਾਅ। ਹਥਲੇ ਲੇਖ ਵਿਚ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਕਰਦਿਆਂ ਕਿਹਾ ਹੈ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। -ਸੰਪਾਦਕ
ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਸਤਿਸੰਗ ‘ਚ ਪਸਰੀ ਹੋਈ ਆਤਮਿਕ ਚੁੱਪ, ਧਿਆਨ ਲਾ ਕੇ ਸੰਤਾਂ ਦਾ ਵਿਖਿਆਨ ਸੁਣ ਰਹੀ ਖਲਕਤ। ਤੇਜੱਸਵੀ ਪ੍ਰਤਾਪ ਵਾਲੇ ਮਹਾਤਮਾ ਦਾ ਲੋਕਾਂ ਦੀ ਸੋਚ ਤੇ ਮਨ ਉਤੇ ਡੂੰਘਾ ਅਸਰ। ਸੰਤਾਂ ਨੇ ਇਕਦਮ ਸਤਿਸੰਗ ਦੀ ਸਮਾਪਤੀ ਦਾ ਐਲਾਨ ਕਰਦਿਆਂ ਫੁਰਮਾਇਆ, “ਮੈਂ ਹੁਣ ਧਾਰਮਿਕ ਗਿਆਨ ਦੀ ਕੋਈ ਗੱਲ ਨਹੀਂ ਕਰਾਂਗਾ। ਮੇਰਾ ਜੀਅ ਕਰਦੈ, ਤੁਹਾਡੇ ਨਾਲ ਕੁਝ ਉਹ ਗੱਲਾਂ ਕਰਾਂ, ਜੋ ਮੈਨੂੰ ਮਾਨਸਿਕ ਕਸ਼ਟ ਪਹੁੰਚਾਉਂਦੀਆਂ ਨੇ। ਭਾਰਤੀ ਸਮਾਜ ਲਈ ਦਾਗ ਏ। ਵੱਡੇ-ਵੱਡੇ ਸ਼ਹਿਰਾਂ ‘ਚ ਧੜਾ-ਧੜ ਬਿਰਧ-ਆਸ਼ਰਮ ਖੁੱਲ ਰਹੇ ਹਨ, ਜਿਥੇ ਵੱਡੀਆਂ ਕੋਠੀਆਂ ਵਾਲੇ ਤੇ ਰੁਤਬਿਆਂ ਵਾਲੇ, ਆਪਣੇ ਬਜ਼ੁਰਗਾਂ ਨੂੰ ਛੱਡ, ਸਮਾਜਿਕ ਜ਼ਿੰਮੇਵਾਰੀ ਤੋਂ ਨਿਜਾਤ ਪਾਉਣ ਦਾ ਭਰਮ ਪਾਲਦੇ ਨੇ।
ਬਜ਼ੁਰਗ, ਜੋ ਸਾਡਾ ਬੀਤਿਆ ਹੋਇਆ ਕੱਲ ਹੈ। ਬਜ਼ੁਰਗ, ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ, ਸਾਡੇ ਮਸਤਕ ਵਿਚ ਗਿਆਨ ਦਾ ਦੀਪ ਜਗਾਇਆ, ਜਿਉਣ ਦਾ ਹੁਨਰ ਸਿਖਾਇਆ ਅਤੇ ਸਾਡੇ ਸਾਹਾਂ ਦੇ ਦੀਵੇ ‘ਚ ਆਪਣੇ ਜੀਵਨ ਦੀ ਸਮੁੱਚਤਾ ਦਾ ਤੇਲ ਪਾਇਆ। ਬਜ਼ੁਰਗ, ਜਿਨ੍ਹਾਂ ਦੇ ਮੁੜਕੇ ਨੇ ਮਹਿਲ ਉਸਾਰੇ, ਸਾਡੀ ਹਰ ਲੋੜ ਨੂੰ ਤੰਗੀਆਂ-ਤੁਰਸ਼ੀਆਂ ‘ਚ ਰਹਿੰਦਿਆਂ ਪੂਰਾ ਕੀਤਾ ਅਤੇ ਹਰ ਕਸ਼ਟ ਨਿਵਾਰਨ ਦਾ ਜਿੰਮਾ ਆਪਣੇ ਸਿਰ ਲਿਆ। ਬਜ਼ੁਰਗ, ਜਿਹੜੇ ਸਾਡੀ ਹੋਂਦ ਲਈ ਵਿਗਸਦੇ ਤੇ ਮੌਲਦੇ ਰਹੇ, ਅਸੀਂ ਉਨ੍ਹਾਂ ਦੀ ਹੋਂਦ ਵੀ ਬਰਦਾਸ਼ਤ ਕਰਨ ਤੋਂ ਅਸਮਰਥ ਹੋ ਗਏ ਹਾਂ। ਬਜ਼ੁਰਗਾਂ ਲਈ ਆਖਰੀ ਸਹਾਰਾ, ਕੋਠੀ ਦਾ ਨੌਕਰ ਵਾਲਾ ਕਮਰਾ ਜਾਂ ਬਿਰਧ ਆਸ਼ਰਮ ਹੀ ਕਿਉਂ ਏ? ਕਿਉਂ ਅਸੀਂ ਇੰਨੇ ਨਿਰਮੋਹੇ ਹੋ ਗਏ ਹਾਂ ਕਿ ਸਾਨੂੰ ਆਪਣੇ ਜਨਮ-ਦਾਤੇ ਦੀ ਹਾਜ਼ਰੀ ਵੀ ਸੁਖਾਂਦੀ ਨਹੀਂ? ਕਿਹੜੀ ਦੌੜ ‘ਚ, ਸਾਡੇ ਕੋਲੋਂ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਵਿਸਰ ਗਈਆਂ? ਅਸੀਂ ਆਪਣਾ ਵਿਰਸਾ, ਆਪਣੇ ਹੀ ਪੈਰਾਂ ਹੇਠ ਮਧੋਲ ਰਹੇ ਹਾਂ। ਅਸੀਂ ਬਜ਼ੁਰਗਾਂ ਦੀਆਂ ਅਸੀਸਾਂ ਤੋਂ ਵਿਰਵੇ ਹੋ, ਕਿਵੇਂ ਜੀਵਨ ਦੀ ਸੰਪੂਰਨਤਾ ਤੇ ਸੰਤੁਸ਼ਟਤਾ ਦਾ ਅਹਿਸਾਸ ਮਨ ‘ਚ ਉਪਜਾਵਾਂਗੇ? ਕਿਵੇਂ ਜੀਵਨ ਦੀ ਸਾਰਥਕਤਾ ਦਾ ਸ਼ਬਦ ਚੇਤਿਆਂ ‘ਚ ਵਸਾਵਾਂਗੇ? ਮੇਰਾ ਵਾਸਤਾ ਈ, ਬਿਰਧ ਆਸ਼ਰਮਾਂ ਦੀ ਉਸਾਰੀ ਨੂੰ ਠੱਲ ਪਾਵੋ। ਹਰ ਘਰ ਨੂੰ ਬਜ਼ੁਰਗਾਂ ਲਈ ਸੁਰਗ ਬਣਾਓ। ਉਨ੍ਹਾਂ ਦੀ ਤਾਮੀਰਦਾਰੀ ਕਰਦਿਆਂ, ਸੁਖਨ ਦਾ ਭਾਵ ਸੋਚਾਂ ‘ਚ ਉਪਜਾਉ। ਮੈਂ ਤਾਂ ਬੇਨਤੀ ਹੀ ਕਰ ਸਕਦਾ ਹਾਂ ਕਿ ਬਜ਼ੁਰਗਾਂ ਦਾ ਸਤਿਕਾਰ ਕਰੋ। ਉਨ੍ਹਾਂ ਦਾ ਬੁਢਾਪਾ ਮਿੱਟੀ ਘੱਟੇ ਨਾ ਰਲਾਉ। ਮਨ ‘ਚ ਇਹ ਖਿਆਲ ਜ਼ਰੂਰ ਰੱਖਿਓ ਕਿ ਜੇ ਤੁਸੀਂ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਭੇਜ ਸਕਦੇ ਹੋ ਤਾਂ ਤੁਹਾਡੀ ਔਲਾਦ ਜੋ ਇਸ ਸਭ ਕਾਸੇ ਦੀ ਚਸ਼ਮਦੀਦ ਗਵਾਹ ਏ, ਤੁਹਾਨੂੰ ਬਿਰਧ ਆਸ਼ਰਮ ਦੇ ਕੁੰਭੀ ਨਰਕ ਦੇ ਰਾਹੇ ਜ਼ਰੂਰ ਪਾਵੇਗੀ।”
ਇਹ ਕਹਿੰਦਿਆਂ-ਕਹਿੰਦਿਆਂ ਸੰਤਾਂ ਦਾ ਗੱਚ ਭਰ ਆਇਆ ਅਤੇ ਗੱਦੀ ਤੋਂ ਉਠ ਕੇ ਜਾਂਦਿਆਂ, ਸਮੁੱਚੀ ਸੰਗਤ ਦੇ ਮਨਾਂ ‘ਤੇ ਇਕ ਸਵਾਲੀਆ ਚਿੰਨ੍ਹ ਖੁਣ ਗਏ, ਜਿਸ ਦਾ ਪ੍ਰਸ਼ਨ ਤੇ ਜਵਾਬ ਖੁਦ ਸੰਗਤ ਸੀ।
ਬੁਢਾਪਾ ਸਾਡੀ ਹੋਂਦ ਦਾ ਮੁੱਢ ਏ। ਸਾਡੀਆਂ ਪ੍ਰਾਪਤੀਆਂ ਦਾ ਜ਼ਰਖੇਜ਼ ਬੀਜ ਏ। ਸਾਡੀ ਸਥਾਪਤੀ ਦਾ ਸਿਖਰ ਅਤੇ ਸਾਡੀ ਪਛਾਣ ਦੀ ਪਾਕੀਜ਼ਗੀ ਵੀ।
ਬੁਢਾਪਾ, ਬਾਬੇ ਬੋਹੜ ਦੀ ਸੰਘਣੀ ਛਾਂ ਏ, ਜੋ ਲੂਆਂ ਤੇ ਧੁੱਪਾਂ ਤੋਂ ਬਚਾਉਂਦੀ ਏ, ਬਲਾਵਾਂ ਲਈ ਪਹਿਰਾ ਲਾਉਂਦੀ ਏ ਅਤੇ ਸਾਡੀ ਝੋਲੀ ‘ਚ ਸਿਹਤ ਤੇ ਚਿਰੰਜੀਵਤਾ ਦਾ ਸ਼ਗਨ ਪਾਉਂਦੀ ਏ।
ਬੁਢਾਪਾ, ਬੀਤੇ ਸਮਿਆਂ ਦਾ ਸਾਖਸ਼ਾਤ ਇਤਿਹਾਸ ਹੁੰਦਾ ਏ, ਜੋ ਉਨ੍ਹਾਂ ਨੇ ਆਪਣੇ ਪਿੰਡੇ ‘ਤੇ ਹੰਢਾਇਆ, ਅੱਖੀਂ ਦੇਖਿਆ ਅਤੇ ਸੋਚੀਂ ਸਮਾਇਆ। ਉਹ ਇਤਿਹਾਸ ਦਾ ਸੁਨਹਿਰੀ ਪੰਨਾ ਵੀ ਹੁੰਦੇ ਨੇ ਅਤੇ ਛਿੱਦਿਆ ਹੋਇਆ ਵਰਕਾ ਵੀ।
ਬੁਢਾਪਾ, ਲੰਘੇ ਵਕਤਾਂ ਦਾ ਵੱਗ ਚੁੱਕਾ ਪਾਣੀ ਵੀ ਹੁੰਦਾ ਏ, ਜਿਨ੍ਹਾਂ ਨੇ ਮਾਰੂਥਲਾਂ ਨੂੰ ਭਾਗ ਲਾਏ, ਪਿਆਸਿਆਂ ਦੇ ਹੋਠਾਂ ‘ਤੇ ਅੰਮ੍ਰਿਤ ਦੇ ਘੁੱਟ ਟਿਕਾਏ ਅਤੇ ਕਾਇਨਾਤ ਦੇ ਮੂੰਹ ‘ਚ ਟੁੱਕਰ ਪਾਏ। ਪਾਣੀ, ਜੋ ਆਪਣੀ ਤਾਸੀਰ ਨਾਲ, ਤਦਬੀਰਾਂ ਬਦਲਣ ਦੇ ਸਮਰੱਥ ਸਨ, ਕਦੇ ਵੀ ਮੁੜ ਕੇ ਵਾਪਸ ਨਾ ਆਏ।
ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਜਿਥੋਂ ਜੀਵਨ ਦੇ ਸਮੁੱਚ ਦੀ ਜੀਣ-ਖੀਣ ‘ਚੋਂ ਸਾਰਥਿਕਤਾ ਨੂੰ ਭਾਲਿਆ ਜਾਂਦਾ ਏ। ਬੀਤੇ ਕੱਲ ਦੀਆਂ ਯਾਦਾਂ ਦੀ ਕੰਨੀਂ ਫੜ ਕੇ, ਆਉਣ ਵਾਲੇ ਕੱਲ ਦੀ ਰੌਸ਼ਨ ਆਭਾ ਨੂੰ ਖਿਆਲਿਆ ਜਾਂਦਾ ਏ।
ਬੁਢਾਪਾ, ਬਚਪਨੇ ਦਾ ਪ੍ਰਤੀਬਿੰਬ ਵੀ ਹੁੰਦਾ ਏ, ਜਦੋਂ ਜੀਵਨ ਦੇ ਪਿਛਲੇ ਪਹਿਰ ਤੋਂ ਸਰਘੀ ਤੀਕ ਦਾ ਸੁਪਨਾ ਸਾਕਾਰ ਹੁੰਦਾ ਦੇਖਦੇ ਹਾਂ। ਤਾਹੀਓਂ ਤਾਂ ਬਜ਼ੁਰਗ, ਬੱਚਿਆਂ ਵਰਗੀਆਂ ਬਚਕਾਨਾ ਹਰਕਤਾਂ ‘ਚੋਂ ਆਪਣਾ ਬਚਪਨਾ ਨਿਹਾਰ, ਮਨ ‘ਚ ਸੂਖਮ-ਭਾਵੀ ਸਕੂਨ ਦੀ ਸੰਤੁਸ਼ਟੀ ਉਪਜਾਂਦੇ ਨੇ।
ਬੁਢਾਪਾ, ਡੁੱਬਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਹੁੰਦਾ ਏ, ਜੋ ਅੰਬਰ ਦੀ ਹਿੱਕ ‘ਚ ਸੂਹੀ ਭਾਅ ਮਾਰਦੀਆਂ, ਦੂਰ-ਦੁਮੇਲ ‘ਚੋਂ ਉਗਮਦੀ ਸਰਘੀ ਦਾ ਸੁਨੇਹਾ ਵੀ ਹੁੰਦਾ ਏ ਅਤੇ ਉਨ੍ਹਾਂ ਕਿਰਨਾਂ ਦੇ ਪਰਛਾਵੇਂ ‘ਚੋਂ ਉਮਰ ਦਾ ਪਰਛਾਵਾਂ ਵੀ ਝਲਕਦਾ ਏ।
ਬੁਢਾਪਾ, ਦੂਰ ਤੁਰ ਗਏ ਸਰਵਣ ਪੁੱਤਰਾਂ ਦੀ ਵਹਿੰਗੀ ਦੀ ਹੂਕ ਏ ਜੋ ਕੰਧਾੜਿਆਂ ਦੀ ਉਡੀਕ ‘ਚ ਸਿਉਂਕੀ ਗਈ ਅਤੇ ਲੰਮੀ ਉਡੀਕ ਦੇ ਰਾਹਾਂ ‘ਚ ਹੰਝੂ ਤਰੋਂਕਦੀ, ਲੂਣੀ ਫਿਜ਼ਾ ‘ਚ ਸਾਹ ਘਸੀਟ ਰਹੀ ਏ।
ਬੁਢਾਪਾ, ਆਪੇ ਸੰਗ ਰਚਾਇਆ ਜਾ ਰਿਹਾ ਸੰਵਾਦ ਏ, ਕੀਤੀਆਂ ਹੋਈਆਂ ਚੰਗਿਆਈਆਂ ਤੇ ਬੁਰਾਈਆਂ ਦੀ ਮਿੱਠੀ ਜਿਹੀ ਯਾਦ ਏ, ਆਪੇ ‘ਚੋਂ ਮਨਫੀ ਹੋਇਆ ਨਿਜੀ ਮੁਫਾਦ ਏ ਅਤੇ ਆਪਣੀ ਅਗਲੇਰੀ ਨਸਲ ਦੀ ਉਤਪਤੀ ‘ਚ ਇਕ ਮਿੱਕ ਹੋਇਆ ਜਹਾਦ ਏ।
ਬਿਰਧ ਅਵਸਥਾ ਇਕ ਵਰਦਾਨ ਏ, ਵਰਤਮਾਨ ਦੇ ਵਰਤਾਰਿਆਂ ਤੋਂ ਦੁਖੀ ਵਖਤ ਦੇ ਮਾਰਿਆਂ ਲਈ, ਜੋ ਡਿਗਦਿਆਂ ਲਈ ਸਹਾਰਾ ਵੀ ਲੋੜਦੇ ਨੇ, ਸੋਚਾਂ ‘ਚ ਭਰੀਂਦੀਆਂ ਤਲਖੀਆਂ ਵੀ ਹੋੜਦੇ ਨੇ ਅਤੇ ਕੁਲਹਿਣੇ ਵਕਤਾਂ ਦੀ ਅਰਥੀ, ਗੰਗਾ ਦੇ ਪਾਣੀਆਂ ‘ਚ ਰੋੜਦੇ ਨੇ।
ਬਿਰਧ ਮਾਂ-ਪਿਓ, ਬਲਦੇ ਬਿਰਖਾਂ ਦੀ ਆਖਰੀ ਝਾਤ ਵਰਗੇ ਹੁੰਦੇ ਨੇ ਜੋ ਨੈਣਾਂ ‘ਚ, ਚੁਫੇਰੇ ਫੈਲੇ ਬਾਗ-ਬਗੀਚੇ ‘ਚੋਂ ਸੰਤੁਸ਼ਟੀ ਦਾ ਸਿਰਨਾਵਾਂ ਉਘਾੜ, ਸਦਾ ਲਈ ਅਲੋਪ ਹੋਣਾ ਲੋਚਦੇ ਨੇ।
ਬੁਢਾਪਾ, ਬੱਘੀ ‘ਤੇ ਸਵਾਰ ਬਾਦਸ਼ਾਹ ਵੀ ਹੁੰਦਾ ਏ ਜੋ ਕਿਸੇ ਵੀ ਅੱਖ ਦਾ ਹੰਝੂ ਦੇਖ, ਨਿਰਵਾਣ ਦੀ ਤਲਾਸ਼ ਕਰਦਾ, ਸਾਹਾਂ ਦੀ ਆਖਰੀ ਪੂੰਜੀ, ਉਸਾਰੂ ਕਾਰਜਾਂ ‘ਚ ਖਰਚਣਾ ਲੋਚਦਾ ਏ ਅਤੇ ਸੋਚਾਂ ਵਿਚਲੀ ਕਾਲਖ ਨੂੰ ਚਾਨਣ ਦੀ ਕਾਤਰ ਸੰਗ ਪੋਚਦਾ ਏ।
ਬਿਰਧ ਵਰੇਸ ਵਰ ਏ, ਵਰਤਮਾਨ ਪੀੜ੍ਹੀ ਲਈ, ਕਿਉਂਕਿ ਜ਼ਿੰਦਗੀ ਦੇ ਸਭ ਰੰਗਾਂ ਨੂੰ ਵੇਖਣ, ਪਰਖਣ ਤੇ ਹੰਢਾਉਣ ਬਾਅਦ, ਉਨ੍ਹਾਂ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਨੀਝ ਤੇ ਬਾਰੀਕੀ ਨਾਲ ਤੱਕਿਆ ਹੁੰਦਾ ਏ ਅਤੇ ਭਵਿੱਖ, ਉਸ ਤੋਂ ਸੇਧ ਤੇ ਸਿਆਣਪਾਂ ਲੈ, ਜ਼ਿੰਦਗੀ ਨੂੰ ਜ਼ਿੰਦਗੀ ਦੇ ਸੱਚੇ ਅਰਥਾਂ ‘ਚ ਜਿਉਣ ਦੀ ਲੋਚਾ ਮਨ ‘ਚ ਪੈਦਾ ਕਰ ਸਕਦਾ ਏ। ਬਜ਼ੁਰਗੀ ਤਾਂ ਬੰਦਿਆਈ ਦਾ ਨਾਂ ਏ, ਬੰਦਗੀ ਦੀ ਥਾਂ ਏ ਅਤੇ ਨਿੱਘ ਤੇ ਅਪਣੱਤ ‘ਚ ਗਲੇਫੀ ਛਾਂ ਏ।
ਬਜ਼ੁਰਗਾਂ ਨੂੰ ਬਿਰਧ-ਆਸ਼ਰਮ ‘ਚ ਬਨਵਾਸ ਦੇ ਕੇ ਤੁਸੀਂ ਉਸ ਸਰਪ੍ਰਸਤੀ ਤੋਂ ਵਾਂਝੇ ਹੋ ਜਾਂਦੇ ਹੋ, ਜਿਹੜੀ ਕਰਮਾਂ ਵਾਲਿਆਂ ਦੇ ਨਸੀਬੀਂ ਹੁੰਦੀ ਏ।
ਬਜ਼ੁਰਗ ਤਾਂ ਬਰਕਤਾਂ ਦੀ ਬਹਿਸ਼ਤ ਨੇ, ਜਿਨ੍ਹਾਂ ਦੇ ਮੁਖੜੇ ਦੀ ਨੂਰਾਨੀ ਭਾਅ ‘ਚ ਤੁਹਾਡੀਆਂ ਮਨੋ-ਕਾਮਨਾਵਾਂ ਦੀ ਪੂਰਤੀ ਦੇ ਨਾਲ-ਨਾਲ, ਭਰਪੂਰਤਾ ਦਾ ਅਹਿਸਾਸ ਵੀ ਤੁਹਾਡੇ ਮਨਾਂ ‘ਚ ਉਪਜਦਾ ਏ।
ਬਜ਼ੁਰਗ ਤਾਂ ਜਗਦੀ ਜੋਤ ਹੁੰਦੇ ਨੇ ਜਿਨ੍ਹਾਂ ਦੇ ਚਾਨਣ ‘ਚ ਜੀਵਨ ਦੀਆਂ ਰਾਹਾਂ ਰੌਸ਼ਨ ਹੋ ਜਾਂਦੀਆਂ ਨੇ ਅਤੇ ਕਦਮ ਆਪ-ਮੁਹਾਰੇ ਨਵੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦੇ ਨੇ।
ਬਜ਼ੁਰਗਾਂ ਦੀ ਬਗਲਗੀਰੀ ‘ਚੋਂ ਸਮਿਆਂ ਦਾ ਸੱਚ, ਤੁਹਾਡਾ ਨਸੀਬ ਹੁੰਦਾ ਏ, ਆਪਣਾ ਆਪਾ ਤੁਹਾਡੇ ਕਰੀਬ ਹੁੰਦਾ ਏ ਅਤੇ ਬਜ਼ੁਰਗਾਂ ਦੀ ਰਹਿਨੁਮਾਈ ਤੋਂ ਵਿਰਵਾ, ਰਾਜਾ ਵੀ ਗਰੀਬ ਹੁੰਦਾ ਏ।
ਬਜ਼ੁਰਗਾਂ ਦੀ ਅਸੀਸ ਸਦਕਾ ਹੀ, ਅਸੀਂ ਨਵੀਆਂ ਉਪਲਬਧੀਆਂ ਦੀ ਧਰਾਤਲ ਉਸਾਰੀ। ਉਨ੍ਹਾਂ ਦੀ ਹੱਲਾ-ਸ਼ੇਰੀ ਨੇ ਸਾਡੇ ਸੁਪਨਿਆਂ ਦੀ ਸਾਰਥਕਤਾ ਨੂੰ ਸੰਭਵ ਬਣਾਇਆ। ਕਾਲਜ ਵਿਚ ਸਾਇੰਸ ਦੇ ਵਿਸ਼ਿਆਂ ਦੇ ਅੰਗਰੇਜ਼ੀ ਮਾਧਿਅਮ ਕਾਰਨ, ਜਦੋਂ ਮੈਂ ਡੋਲ ਗਿਆ ਅਤੇ ਸਾਇੰਸ ਦੇ ਵਿਸ਼ੇ ਛੱਡ ਆਰਟਸ ਪੜ੍ਹਨ ਲੱਗ ਪਿਆ ਤਾਂ ਪੜ੍ਹਾਈ ਪ੍ਰਤੀ ਸੁਚੇਤ ਮੇਰੇ ਮਾਮਾ ਜੀ ਦੀ ਹੌਸਲਾ ਅਫਜਾਈ ਤੇ ਹੱਲਾ-ਸ਼ੇਰੀ ਹੀ ਸੀ ਕਿ ਮੈਂ ਦੁਬਾਰਾ ਸਾਇੰਸ ਦੇ ਵਿਸ਼ਿਆਂ ਨੂੰ ਆਪਣਾ ਨਿਸ਼ਾਨਾ ਮਿੱਥ ਕੇ, ਆਪਣੀ ਮੰਜ਼ਿਲ ਨਿਸ਼ਚਿਤ ਕਰਨ ਲੱਗ ਪਿਆ, ਨਹੀਂ ਤਾਂ ਮੇਰੇ ਤੋਂ ਹੁਸ਼ਿਆਰ, ਮੇਰੇ ਪਿੰਡ ਦੇ, ਮੇਰੇ ਹਾਣੀ, ਬੀæਏæ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੜ੍ਹਾਈ ਨੂੰ ਅਲਵਿਦਾ ਕਹਿ ਗਏ।
ਬਜ਼ੁਰਗਾਂ ਦਾ ਸਤਿਕਾਰ ਕਰੋ। ਉਨ੍ਹਾਂ ਦਾ ਸਤਿਕਾਰ, ਸਾਡਾ ਆਪਣਾ ਸਤਿਕਾਰ ਏ। ਸਾਡੀ ਪਰੰਪਰਾ ਤੇ ਵਿਰਾਸਤ ਦਾ ਸਤਿਕਾਰ ਏ, ਸਾਡੀਆਂ ਸੋਚਾਂ ‘ਚ ਉਗਮਿਆ ਸੁਹਜ ਸੰਸਾਰ ਏ, ਖਿਆਲਾਂ ‘ਚ ਪਨਪਿਆ ਸ਼ੁਭ ਵਿਚਾਰ ਏ ਅਤੇ ਨਵੀਂ ਪੀੜ੍ਹੀ ਲਈ ਉਸਰਿਆ ਘਰ ਪਰਿਵਾਰ ਏ।
ਸ਼ਾਲਾ! ਸਾਡੇ ਵਡੇਰੇ ਬਜ਼ੁਰਗੀ ਦਾ ਬੱਗਦਰ ਮੋਢਿਆਂ ‘ਤੇ ਧਰ, ਸਮਿਆਂ ਦੇ ਵਿਹੜੇ ‘ਚ ਸਰਬ-ਸਾਂਝੀਵਾਲਤਾ, ਆਪਸੀ ਮੋਹ ਤੇ ਭਰਾਤਰੀ ਭਾਵ ਵੰਡਦੇ ਰਹਿਣ ਅਤੇ ਸਾਡੇ ਸਿਰਾਂ ‘ਤੇ ਆਸ਼ੀਰਵਾਦ ਦੀ ਝੜੀ ਲੱਗੀ ਰਹੇ।
ਹਾੜਾ ਈ! ਬਜ਼ੁਰਗਾਂ ਦੀ ਬਦੌਲਤ, ਬਾਦਸ਼ਾਹੀਆਂ ਮਾਣਦੇ ਬਰਖੁਰਦਾਰੋ, ਉਨ੍ਹਾਂ ਦੇ ਆਖਰੀ ਸਾਹ ਨੂੰ ਆਹ ‘ਚ ਨਾ ਬਦਲੋ। ਉਨ੍ਹਾਂ ਦੀ ਮਾਨਸਿਕ ਤ੍ਰਿਪਤੀ ‘ਚ ਮਾਨਸਿਕ ਪੀੜਾ ਨਾ ਰਚਾਵੋ ਅਤੇ ਸਦਾ ਸਦਾ ਲਈ ਉਨ੍ਹਾਂ ਦੀ ਫਰਾਖਦਿਲੀ ਅਤੇ ਰਹਿਮਤਾਂ ਦਾ ਚੰਦੋਆ, ਸਿਰਾਂ ‘ਤੇ ਸਜਾਵੋ।