ਨਸਲੀ ਤੇ ਧਾਰਮਿਕ ਟਕਰਾਅ ਬਨਾਮ ਅਮਰੀਕਾ

ਸਰਬਜੀਤ ਸੰਧੂ
ਫੋਨ : 408-504-9365
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਗ੍ਰਸਤ ਫੈਸਲਿਆਂ ਕਰ ਕੇ ਅਮਰੀਕੀ ਸਮਾਜ ਬੁਰੀ ਤਰ੍ਹਾਂ ਵੰਡਿਆ ਗਿਆ ਹੈ। ਟਰੰਪ ਵੱਲੋਂ 7 ਮੁਸਲਿਮ ਦੇਸ਼ਾਂ ਦੇ ਅਮਰੀਕਾ ਵਿਚ ਦਾਖਲੇ Ḕਤੇ ਲਾਈ ਪਾਬੰਦੀ ਕਾਰਨ ਟਰੰਪ ਵਿਰੋਧੀ ਰੋਸ ਮੁਜ਼ਾਹਰੇ ਅਤੇ ਰੈਲੀਆਂ ਦੀ ਮੁਹਿੰਮ ਆਰੰਭ ਹੋ ਗਈ ਹੈ। ਦੇਸ਼ ਅਤੇ ਸਮਾਜ ਦਾ ਮਾਰਗ ਦਰਸ਼ਕ ਜਿਸ ਦਾ ਮੁੱਖ ਕੰਮ ਬਹੁਲਵਾਦੀ ਸਮਾਜ ਨੂੰ ਇਕ ਲੜੀ ਵਿਚ ਪਰੋਈ ਰੱਖਣਾ ਹੁੰਦਾ ਹੈ,

ਆਪਣੇ ਵਿਵਾਦਗ੍ਰਸਤ ਬਿਆਨਾਂ ਅਤੇ ਫੈਸਲਿਆਂ ਕਰ ਕੇ ਭਾਰੀ ਸਮਾਜਿਕ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ।
ਮੁਸਲਿਮ ਦੇਸ਼ਾਂ ਦੇ ਦਾਖਲੇ Ḕਤੇ ਪਾਬੰਦੀ ਦਾ ਮੁੱਖ ਕਾਰਨ ਅਮਰੀਕਾ ਨੂੰ ਅਤਿਵਾਦ ਤੋਂ ਨਿਜਾਤ ਦਿਵਾਉਣਾ ਦੱਸਿਆ ਗਿਆ ਹੈ। ਆਪਣੇ ਪ੍ਰਬੰਧਕੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਾਹਲੀ ਵਿਚ ਕੀਤੇ ਇਸ ਫ਼ੈਸਲੇ ਰਾਹੀਂ ਇਕ ਤਰ੍ਹਾਂ ਨਾਲ ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਦੇਸ਼ਾਂ ਉਤੇ ਅਤਿਵਾਦ ਦੀ ਪੈਦਾਇਸ਼ ਅਤੇ ਹਮਾਇਤੀ ਹੋਣ ਦਾ ਲੇਬਲ ਲਾਇਆ ਹੈ। ਸਵਾਲ ਹੁਣ ਇਹ ਹੈ ਕਿ ਮੁਸਲਿਮ ਫਿਰਕੇ ਦੇ ਦਾਖਲੇ Ḕਤੇ ਪਾਬੰਦੀ ਨਾਲ, ਕੀ ਅਮਰੀਕਾ ਅੰਦਰ ਅਤਿਵਾਦੀ ਘਟਨਾਵਾਂ ਨੂੰ ਰੋਕਿਆ ਜਾਂ ਖ਼ਤਮ ਕੀਤਾ ਜਾ ਸਕਦਾ ਹੈ? ਸੱਚ ਤਾਂ ਇਹ ਹੈ ਕਿ ਅਮਰੀਕਾ ਅੰਦਰ ਪਲ ਰਹੀ ਫਿਰਕਾਪ੍ਰਸਤੀ, ਨਫ਼ਰਤ, ਕੱਟੜਵਾਦ ਤੇ ਸਥਾਪਤੀ ਗਰੂਰ ਆਦਿ ਕਿਸੇ ਵੀ ਤਰ੍ਹਾਂ ਅਤਿਵਾਦ ਤੋਂ ਘੱਟ ਨਹੀਂ ਹੈ, ਇਨ੍ਹਾਂ ਹੀ ਰੁਝਾਨਾਂ ਅਧੀਨ 5 ਅਗਸਤ, 2012 ਨੂੰ ਸਿੱਖ ਗੁਰਦੁਆਰਾ ਓਕ ਕ੍ਰੀਕ, ਵਿਸਕਾਨਸਿਨ ਵਿਚ ਇਕ ਕੱਟੜਵਾਦੀ ਗੋਰੇ ਵੱਲੋਂ ਅੰਧਾਧੁੰਦ ਗੋਲੀਆਂ ਚਲਾ ਕੇ 6 ਬੇਦੋਸ਼ਿਆਂ ਦੀ ਜਾਨ ਲੈ ਲਈ ਗਈ ਸੀ। ਇਸੇ ਹੀ ਤਰ੍ਹਾਂ 2012 ਵਿਚ ਕਲਰਾਡੋ ਸਟੇਟ ਦੇ ਇਕ ਸਿਨੇਮਾ ਘਰ ਵਿਚ 12 ਲੋਕਾਂ ਨੂੰ ਮਾਰਨ ਅਤੇ 70 ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ, ਨਾ ਤਾਂ ਆਪ ਮੁਸਲਿਮ ਸੀ ਅਤੇ ਨਾ ਹੀ ਕਿਸੇ ਮੁਸਲਿਮ ਦੇਸ਼ ਨਾਲ ਸਬੰਧਤ ਸੀ। ਕੀ ਇਨ੍ਹਾਂ ਘਟਨਾਵਾਂ ਨੂੰ ਅਤਿਵਾਦੀ ਘਟਨਾਵਾਂ ਨਹੀਂ ਕਿਹਾ ਜਾ ਸਕਦਾ?
ਦੁਨੀਆ ਦੀ ਸਭ ਤੋਂ ਪੁਰਾਣੀ ਲੋਕਤੰਤਰਿਕ ਪ੍ਰਣਾਲੀ ਵਜੋਂ ਜਾਣਿਆ ਜਾਂਦਾ ਅਮਰੀਕਾ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਤਾਨਾਸ਼ਾਹੀ ਵੱਲ ਵਧ ਰਿਹਾ ਹੈ; ਜਿਥੇ ਬੋਲਣ ਦੀ ਆਜ਼ਾਦੀ ਅਤੇ ਅਸਹਿਮਤੀ ਦਾ ਅਧਿਕਾਰ ਖ਼ਤਰੇ ਦੀ ਸੀਮਾ ਤੱਕ ਪਹੁੰਚ ਚੁੱਕਾ ਹੈ। ਅਸਲ ਵਿਚ ਅਸਹਿਮਤੀ ਦਾ ਹੱਕ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਨਾ ਸਿਰਫ਼ ਜਮਹੂਰੀਅਤ ਦਾ ਮੁੱਖ ਨੁਕਤਾ ਹੈ ਜਿਸ ਤੋਂ ਬਿਨਾਂ ਜਮਹੂਰੀਅਤ, ਨਿਰੰਕੁਸ਼ ਬਹੁਗਿਣਤੀਵਾਦੀ ਪ੍ਰਬੰਧ ਬਣ ਜਾਂਦੀ ਹੈ, ਸਗੋਂ ਇਹ ਰਾਜ ਪ੍ਰਬੰਧ ਚਲਾ ਰਹੇ ਅਧਿਕਾਰੀਆਂ ਵੱਲੋਂ ਕੀਤੇ ਗਏ ਫ਼ੈਸਲਿਆਂ ਦੀ ਸਾਰਥਿਕਤਾ ਮਾਪਣ, ਗਿਆਨ ਵਿਚ ਵਾਧੇ ਅਤੇ ਰਾਜ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਵੀ ਬਹੁਤ ਜ਼ਰੂਰੀ ਹੈ, ਪਰ ਰਾਸ਼ਟਰਪਤੀ ਟਰੰਪ ਲਈ ਅਸਹਿਮਤੀ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਸਹਿਣਸ਼ੀਲਤਾ ਤੋਂ ਬਾਹਰ ਦੀ ਗੱਲ ਹੈ। ਇਹੀ ਮੁੱਖ ਕਾਰਨ ਹੈ ਕਿ ਸੱਤ ਮੁਸਲਿਮ ਦੇਸ਼ਾਂ ਦੇ ਅਮਰੀਕੀ ਦਾਖਲੇ Ḕਤੇ ਪਾਬੰਦੀ ਦੇ ਹੁਕਮ ਕਾਰਜਕਾਰੀ ਅਧਿਕਾਰਾਂ ਦੀ ਵਰਤੋਂ ਕਰ ਕੇ ਦਿੱਤੇ ਗਏ ਹਨ। ਰਿਪਬਲਿਕਨ ਪਾਰਟੀ ਦਾ ਕਾਂਗਰਸ ਵਿਚ ਭਾਵੇਂ ਬਹੁਮਤ ਹੈ, ਫਿਰ ਵੀ ਰਾਸ਼ਟਰਪਤੀ ਟਰੰਪ ਅਜਿਹੇ ਫ਼ੈਸਲੇ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ, ਆਪਣੀਆਂ ਕਾਰਜਕਾਰੀ ਸ਼ਕਤੀਆਂ ਵਰਤ ਕੇ ਹੀ ਕਰਨਾ ਚਾਹੁੰਦੇ ਹਨ, ਕਿਉਂਕਿ ਵਿਰੋਧੀ ਸੰਵਾਦ ਅਤੇ ਅਸਹਿਮਤੀ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੈ। ਇਸ ਲਈ ਉਹ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਲਈ ਕਾਂਗਰਸ ਦੀ ਸਹਿਮਤੀ ਦਾ ਜੋਖਮ ਵੀ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਦਾ ਇਹ ਰਵੱਈਆ ਨਾ ਸਿਰਫ਼ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਤੱਕ ਸੀਮਤ ਹੈ, ਸਗੋਂ ਕੌਮਾਂਤਰੀ ਭਾਈਚਾਰੇ Ḕਤੇ ਵੀ ਉਹ ਆਪਣੀ ਤਾਨਾਸ਼ਾਹੀ ਬਿਰਤੀ ਠੋਸਣਾ ਚਾਹੁੰਦੇ ਹਨ ਜਿਸ ਦੀ ਤਾਜ਼ਾ ਉਦਾਹਰਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਤਲਖੀ ਵਿਚ ਆਣ ਕੇ ਟੈਲੀਫੋਨ ਕੱਟ ਦੇਣਾ ਹੈ।
ਆਪਣੇ ਆਲੋਚਕਾਂ ਅਤੇ ਅਸਹਿਮਤ ਲੋਕਾਂ ਪ੍ਰਤੀ ਧਮਕਾਉਣ ਵਾਲੀ ਸ਼ੈਲੀ ਵਿਚ ਗੱਲ ਕਰਨਾ, ਅਮਰੀਕਨ ਕਦਰਾਂ-ਕੀਮਤਾਂ ਅਤੇ ਜਮਹੂਰੀਅਤ ਦੇ ਉਲਟ ਹੈ, ਪਰ ਇਹ ਸਭ ਕੁਝ ਰਾਸ਼ਟਰਪਤੀ ਟਰੰਪ ਦੇ ਸੁਭਾਅ ਦੇ ਅਨੁਕੂਲ ਹੈ। ਵਿਵਾਦਗ੍ਰਸਤ ਫੈਸਲਿਆਂ ਵਿਰੁਧ ਮੁਜ਼ਾਹਰਾਕਾਰੀਆਂ ਅਤੇ ਪਾਬੰਦੀ ਵਾਲੇ ਫੈਸਲੇ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਦਖਲਅੰਦਾਜ਼ੀ ਤੇ ਰਾਸ਼ਟਰਪਤੀ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਮੇਂ ਜਮਹੂਰੀ ਕਦਰਾਂ-ਕੀਮਤਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਜਾਂਦੀ।
ਟਰੰਪ ਦੀ ਹਮਾਇਤ ਨਾ ਕਰਨ ਵਾਲਾ ਹਰ ਬੰਦਾ ਅੱਜ ਆਪਣੇ-ਆਪ ਨੂੰ ਅਸੁਰੱਖਿਅਤ ਅਤੇ ਬੇਗਾਨਾ ਮਹਿਸੂਸ ਕਰ ਰਿਹਾ ਹੈ। ਉਦਾਰਵਾਦੀ ਵਿਚਾਰਧਾਰਾ ਅਤੇ ਵਿਚਾਰਕ ਸੀਮਤ ਹੁੰਦੇ ਜਾ ਰਹੇ ਹਨ, ਕਿਉਂਕਿ ਤਾਨਾਸ਼ਾਹ ਬਿਰਤੀ ਨਾਲ ਕੱਟੜਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਭ ਤੋਂ ਉਚੇ ਸੰਵਿਧਾਨਕ ਅਹੁਦੇ Ḕਤੇ ਮੌਜੂਦ ਬੰਦੇ ਦੇ ਮਨ ਵਿਚ ਇਕ ਖਾਸ ਫਿਰਕੇ ਪ੍ਰਤੀ ਇਤਨਾ ਜ਼ਹਿਰ ਹੈ ਕੇ ਇਸ ਨੂੰ ਦੇਸ਼ ਦੀ ਸੁਰੱਖਿਆ ਦਾ ਜਾਮਾ ਪਹਿਨਾ ਕੇ ਆਪਣੀ ਨਫ਼ਰਤ ਦੀ ਰਾਜਨੀਤੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਨਫ਼ਰਤ ਨਾਲ ਸਬੰਧਤ ਜ਼ਿਆਦਤੀਆਂ ਵਿਚ ਪਹਿਲਾਂ ਹੀ 67 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ। ਹੁਣ ਸਵਾਲ ਇਹ ਹੈ ਕਿ ਰਾਸ਼ਟਰਪਤੀ ਵੱਲੋਂ ਪੈਦਾ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਹਾਲਾਤ ਕੀ ਲੋਕ ਹਿਤਾਂ ਅਤੇ ਲੋਕਤੰਤਰਿਕ ਢਾਂਚੇ ਦੇ ਅਨੁਕੂਲ ਹਨ? ਇਸ ਗੱਲ ਦਾ ਅੰਦਾਜ਼ਾ ਰਾਸ਼ਟਰਪਤੀ ਟਰੰਪ ਦੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਸਬੰਧੀ ਪਾਬੰਦੀ ਵਾਲੇ ਫੈਸਲੇ ਵਿਰੁੱਧ ਵਾਸ਼ਿੰਗਟਨ ਅਤੇ ਮਿਨੀਸੋਟਾ ਆਦਿ ਰਾਜਾਂ ਵੱਲੋਂ ਅਦਾਲਤ ਵਿਚ ਕੀਤੇ ਹੋਏ ਦਾਅਵੇ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਿਲੀਕਾਨ ਵੈਲੀ ਵਿਚ ਗੂਗਲ, ਫੇਸਬੁਕ ਅਤੇ ਐਪਲ ਦੀ ਅਗਵਾਈ ਵਿਚ 100 ਕੰਪਨੀਆਂ ਨੇ ਇਸ ਫ਼ੈਸਲੇ ਨੂੰ ਉਨ੍ਹਾਂ ਦੇ ਵਪਾਰ Ḕਤੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਦੇ ਆਧਾਰ Ḕਤੇ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਨੌ ਸਰਕਟ ਅਦਾਲਤ ਦੇ ਤਿੰਨ ਜੱਜਾਂ ਦੀ ਟੀਮ ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਹੈ। ਬੁੱਧੀਜੀਵੀਆਂ ਅਤੇ ਆਮ ਲੋਕਾਂ ਵੱਲੋਂ ਲਾਮਬੰਦ ਹੋ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਮਰੀਕੀ ਸਮਾਜ ਦੀ ਚੇਤਨ ਅਤੇ ਜਾਗਰੂਕਤਾ ਦੀ ਭਾਵਨਾ ਦਾ ਪ੍ਰਗਟਾਵਾ ਹੈ।
ਨਸਲ, ਜਾਤ, ਖੇਤਰਵਾਦ, ਧਰਮ ਅਤੇ ਪਹਿਰਾਵੇ ਦੇ ਆਧਾਰ Ḕਤੇ ਕੀਤਾ ਗਿਆ ਵਿਤਕਰਾ ਸਮਾਜਿਕ ਨਫ਼ਰਤ ਦਾ ਅਧਾਰ ਹੁੰਦਾ ਹੈ। ਅਮਰੀਕਨਾਂ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਤਕਰੇ ਤੋਂ ਛੁਟਕਾਰਾ ਪਾਉਣ ਲਈ ਲੰਬੀ ਲੜਾਈ ਲੜੀ ਹੈ। ਵੰਨ-ਸੁਵੰਨਤਾ ਵਾਲੇ ਇਸ ਸਮਾਜ ਵਿਚ ਸਭ ਲਈ ਤਰੱਕੀ ਦੇ ਬਰਾਬਰ ਮੌਕੇ ਮੁਹੱਈਆ ਕਰਦੇ ਕਾਨੂੰਨ ਬਣਾਏ ਗਏ, ਕਿਉਂਕਿ ਅਮਰੀਕਨ ਸਮਾਜ ਪੂਰੀ ਦੁਨੀਆ ਦੇ ਜੋੜ ਨਾਲ ਬਣਿਆ ਹੋਇਆ ਉਹ ਗੁਲਦਸਤਾ ਹੈ ਜਿਸ ਵਿਚ ਹਰ ਧਰਮ, ਕੌਮ ਅਤੇ ਨਸਲ ਭਾਈਵਾਲ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੁਨੀਆ ਦੀਆਂ ਬਹੁਤਾਤ ਖੋਜਾਂ, ਚਾਹੇ ਉਹ ਤਕਨਾਲੋਜੀ, ਮੈਡੀਕਲ ਜਾਂ ਰੋਜ਼ਾਨਾ ਖ਼ਪਤਕਾਰ ਦੀਆਂ ਵਸਤਾਂ ਹੋਣ, ਲਈ ਦੁਨੀਆ ਦੀ ਅਗਵਾਈ ਅਮਰੀਕੀਆਂ ਨੇ ਹੀ ਕੀਤੀ ਹੈ। ਇਹ ਧਰਤੀ Ḕਲੈਂਡ ਆਫ਼ ਅਪੁਰਚੁਨਿਟੀḔ ਵਜੋਂ ਜਾਣੀ ਜਾਂਦੀ ਹੈ, ਇਸ ਲਈ ਪੂਰੀ ਦੁਨੀਆ ਵਿਚੋਂ ਲੋਕ ਪਰਵਾਸ ਕਰ ਕੇ ਇਸ ਧਰਤੀ Ḕਤੇ ਆ ਕੇ ਵਸ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਰਿਵਾਰ (ਦਾਦਾ) ਵੀ 1885 ਵਿਚ ਜਰਮਨ ਤੋਂ ਪਰਵਾਸ ਕਰ ਕੇ ਅਮਰੀਕਾ ਆ ਵਸਿਆ ਸੀ। ਦੂਜੇ ਮਹਾਂਯੁੱਧ ਵੇਲੇ ਦੁਨੀਆ Ḕਨਾਜ਼ੀḔ ਦੌਰ ਵਿਚੋਂ ਗੁਜ਼ਰੀ, ਪਰ ਡੋਨਾਲਡ ਟਰੰਪ ਦੇ ਪਰਿਵਾਰ ਨੂੰ ਜਰਮਨ ਵਿਰਾਸਤ ਦੇ ਆਧਾਰ Ḕਤੇ ਅਮਰੀਕਾ ਛੱਡਣ ਲਈ ਨਹੀਂ ਆਖਿਆ ਗਿਆ ਅਤੇ ਨਾ ਹੀ ਲੜਾਈ ਤੋਂ ਬਾਅਦ ਜਰਮਨ ਤੋਂ ਹਿਜਰਤ ਕਰ ਕੇ ਅਮਰੀਕਾ ਆਉਣ ਵਾਲਿਆਂ Ḕਤੇ ਖੇਤਰਵਾਦ, ਧਰਮ ਅਤੇ ਕੌਮੀਅਤ ਦੇ ਆਧਾਰ Ḕਤੇ ਕੋਈ ਪਾਬੰਦੀ ਲਾਈ ਗਈ। ਜੇ ਅਜਿਹਾ ਹੋਇਆ ਹੁੰਦਾ ਤਾਂ ਅੱਜ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਨਾ ਮਿਲਦਾ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਸੇ ਖਾਸ ਫਿਰਕੇ, ਧਰਮ ਅਤੇ ਕੌਮ ਦੇ ਅਮਰੀਕਾ ਵਿਚ ਦਾਖਲੇ Ḕਤੇ ਪਾਬੰਦੀ ਵਰਗੇ ਫੈਸਲੇ ਲੈਣ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਅਤੇ ਅਮਰੀਕਨ ਇਤਿਹਾਸ ਵੱਲ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ।