ਸਾਡੇ ਗੁਰਾਂ ਨੇ ਜਹਾਜ ਬਣਾਇਆ

ਸਿੱਖ ਗੁਰੂ ਸਾਹਿਬਾਨ ਨੇ ਵੱਖ ਵੱਖ ਸਭਿਆਚਾਰਾਂ, ਧਰਮਾਂ ਤੇ ਵਿਚਾਰਾਂ ਦੀ ਵਿਭਿੰਨਤਾ ਨੂੰ ਖਿੜ੍ਹੇ ਮੱਥੇ ਸਵੀਕਾਰ ਕਰ ਕੇ ਵੰਨ-ਸੁਵੰਨਤਾ ਵਿਚ ਇਕ ਸਾਂਝੀ ਰੋਸ਼ਨੀ ਦਾ ਨਜ਼ਰੀਆ ਅਪਨਾਉਣ ਦੀ ਨਸੀਹਤ ਦਿੱਤੀ ਸੀ ਪਰ ਅੱਜ ਸਿੱਖ ਸਿਆਸਤਦਾਨ ਅਤੇ ਕੁਝ ਵਿਦਵਾਨ ਸਿੱਖੀ ਨੂੰ ਇਕ ਦਾਇਰੇ ਵਿਚ ਬੰਦ ਕਰਨ ‘ਤੇ ਆਮਾਦਾ ਹਨ। ਇਸ ਲੇਖ ਵਿਚ ਪ੍ਰੋæ ਅਵਤਾਰ ਸਿੰਘ ਨੇ ਅਜੋਕੇ ਵਿਦਵਾਨਾਂ ਤੇ ਸਿਆਸਤਦਾਨਾਂ ਦੀ ਅਜਿਹੀ ਸੋਚ ਉਤੇ ਸਵਾਲੀਆ ਨਿਸ਼ਾਨ ਲਾਇਆ ਹੈ।

-ਸੰਪਾਦਕ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384

ਅੰਗਰੇਜ਼ੀ ਕਵੀ ਵਿਸਟਨ ਹਿਊ ਔਡੇਨ ਦਾ ਕਥਨ ਹੈ, “ਦੋਜ਼ ਹੂ ਵਿੱਲ ਨੌਟ ਰੀਜ਼ਨ, ਪੈਰਿਸ਼ ਇਨ ਦਾ ਐਕਟ, ਦੋਜ਼ ਹੂ ਵਿਲ ਨੌਟ ਐਕਟ, ਪੈਰਿਸ਼ ਫੌਰ ਦੈਟ ਰੀਜ਼ਨ।” ਜੋ ਲੋਕ ਚਿੰਤਨ ਨਹੀਂ ਕਰਨਗੇ, ਅਮਲ ਦੌਰਾਨ ਨਸ਼ਟ ਹੋ ਜਾਣਗੇ। ਜਿਹੜੇ ਅਮਲ ਨਹੀਂ ਕਰਨਗੇ, ਉਹ ਇਸੇ ਕਾਰਣ ਖਤਮ ਹੋ ਜਾਣਗੇ। ਚਿੰਤਨਸ਼ੀਲ ਤਬੀਅਤ ਦੇ ਲੋਕਾਂ ਦੀ ਰੂਚੀ ਚਿੰਤਨ ਵਿਚ ਰਹਿੰਦੀ ਹੈ ਤੇ ਉਦਮੀ ਲੋਕਾਂ ਦੀ ਅਮਲ ਵਿਚ। ਪੜ੍ਹਨ ਵਾਲੇ ਅਮਲ ਤੋਂ ਅਕਸਰ ਦੂਰ ਰਹਿੰਦੇ ਹਨ ਤੇ ਅਮਲ ਵਾਲੇ ਪੜ੍ਹਦੇ ਹੀ ਨਹੀਂ। ਸੂਝਵਾਨ ਲੋਕਾਂ ਨੇ ਹੱਲ ਕੱਢਿਆ, ਉਦਮੀ ਲੋਕ ਚਿੰਤਨਸ਼ੀਲ ਲੋਕਾਂ ਦੇ ਸੰਪਰਕ ਵਿਚ ਰਹਿਣ ਤਾਂ ਅਮਲ ਬਿਹਤਰ ਹੋ ਸਕਦਾ ਹੈ।
ਸਿੱਖ ਸਮਾਜ ਵਿਚ ਦੇਖਿਆ ਗਿਆ ਹੈ ਕਿ ਅਮਲ ਵਿਚ ਰੁਚੀ ਰੱਖਣ ਵਾਲੇ ਲੋਕ, ਵਿਦਵਾਨਾਂ ਤੋਂ ਦੂਰੀ ਬਣਾਈ ਰੱਖਦੇ ਹਨ। ਜੇ ਕੋਈ ਨੇੜੇ ਜਾਂਦਾ ਵੀ ਹੈ ਤਾਂ ਉਹ ਸੇਧ ਲੈਣ ਦੀ ਥਾਂ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ। ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਨੂੰ ਖਾੜਕੂ ਸੁਰਾਂ ਦੇਣ ਵਾਲਿਆਂ ਨੇ ਕਦੀ ਕਿਸੇ ਦੀ ਬੌਧਿਕ ਅਗਵਾਈ ਨਹੀਂ ਕਬੂਲੀ, ਇਸੇ ਕਰਕੇ ਬਹੁਤੇ ਖਾੜਕੂ ਆਪਣੇ ਪੁਰਾਣੇ ਅਕੀਦੇ ਭੁਲ ਕੇ, ਕਿਸੇ ਨਾ ਕਿਸੇ ਰਾਜਸੀ ਦਲ ਵਿਚ ਘੁਸ ਕੇ ਬੇਗ਼ੈਰਤੀ ਵਾਲੇ ਰਵੱਈਏ ਦੀ ਨੁਮਾਇਸ਼ ਕਰ ਰਹੇ ਹਨ। ਉਹ ਕਹਿ ਸਕਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਤੋਂ ਅਗਵਾਈ ਲੈਣ ਦੀ ਕੋਈ ਲੋੜ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਤੇ ਉਦੇਸ਼ ਜਾਣਨ ਲਈ ਵੀ ਕਿਸੇ ਵਿਦਵਾਨ ਦੀ ਲੋੜ ਹੈ। ਭਾਈ ਗੁਰਦਾਸ ਪਿਛੋਂ ਭਾਈ ਮਨੀ ਸਿੰਘ, ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋæ ਪੂਰਨ ਸਿੰਘ, ਭਾਈ ਸਾਹਿਬ ਕਪੂਰ ਸਿੰਘ, ਡਾæ ਮੋਹਣ ਸਿੰਘ ਦੀਵਾਨਾ ਅਤੇ ਪ੍ਰੋæ ਜੇæਪੀæਐਸ਼ ਉਬਰਾਏ ਇਸ ਲੜੀ ਦੇ ਰੌਸ਼ਨ ਮੀਨਾਰ ਹਨ, ਜਿਨ੍ਹਾਂ ਨੇ ਗੁਰਮਤਿ ਦੇ ਪੂਰਨੇ ਉਜਾਗਰ ਕੀਤੇ, ਵਿਆਖਿਆ ਕੀਤੀ ਅਤੇ ਮਨੋਰਥ ਸਪਸ਼ਟ ਕੀਤੇ। ਚਿੰਤਾ ਦੀ ਗੱਲ ਇਹ ਹੈ ਕਿ ਇਹ ਲੜੀ ਇਥੇ ਹੀ ਮੁਕਦੀ ਨਜ਼ਰ ਆ ਰਹੀ ਹੈ, ਜਿਸ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਹੈ।
ਪੱਤਰਕਾਰੀ ਨੂੰ ਵਿਦਵਤਾ ਸਮਝਣ ਵਾਲੇ ਕਈ ਲੋਕਾਂ ਨੇ ਖਾੜਕੂਆਂ ਨੂੰ ਪਸੰਦ ਆਉਣ ਵਾਲੀਆਂ ਦਲੀਲਾਂ ਘੜ ਘੜ ਪੇਸ਼ ਕੀਤੀਆਂ। ਕਈਆਂ ਦੇ ਕਾਰੋਬਾਰ ਚੱਲ ਪਏ। ਖਾੜਕੂ ਸੋਚ ਵਾਲਿਆਂ ਨੇ ਵੀ ਉਨ੍ਹਾਂ ਦੀ ਸੇਵਾ-ਪਾਣੀ ਅਰੰਭ ਦਿਤੀ ਤੇ ਉਨ੍ਹਾਂ ਦੀ ਨੀਮ ਬੌਧਿਕਤਾ ‘ਤੇ ਅਪ੍ਰਮਾਣਤ ਮੋਹਰ ਲਾ ਦਿਤੀ। ਪੱਤਰਕਾਰ ਖੁਦ ਨੂੰ ਸਿੱਖ ਸਮਾਜ ਦੇ ‘ਥਿੰਕ ਟੈਂਕ’ ਸਮਝ ਬੈਠੇ, ਜਿਨ੍ਹਾਂ ਨੇ ਕਿਤਾਬਾਂ ਲਿਖ ਲਿਖ ਢੇਰ ਲਾ ਦਿਤੇ, ਜਿਨ੍ਹਾਂ ਦੇ ਸਿਰਲੇਖ ਤੋਪਾਂ ਜਹੇ, ਵਾਕ ਨਿਰੀਆਂ ਮਿਜ਼ਾਇਲਾਂ ਤੇ ਸ਼ਬਦ ਜਿਵੇਂ ਅਗਨ ਬਾਣ ਹੋਣ।
ਅਜਿਹੇ ਇਕ ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤਾਂ ਉਸ ਨੂੰ ਪ੍ਰਤੀਤ ਹੋਇਆ ਕਿ ਉਹ ਹੁਣ ਤੱਕ ਜੋ ਲਿਖਦਾ ਰਿਹਾ ਹੈ, ਉਹ ਗੁਰਮਤਿ ਅਨੁਸਾਰ ਨਹੀਂ ਸੀ। ਇਸ ਪ੍ਰਤੀਤੀ ਵਿਚੋਂ ਉਸ ਨੇ ਖਾੜਕੂਆਂ ਬਾਬਤ ਵੀ ਕੁਝ ਅਣਸੁਖਾਵਾਂ ਕਹਿ ਦਿਤਾ। ਕਿਸੇ ਨੇ ਤੈਸ਼ ਵਿਚ ਆ ਕੇ ਉਸ ਨੂੰ ‘ਮੰਜ਼ਲ ਤੋਂ ਥਿੜਕਿਆ’ ਗਰਦਾਨ ਦਿਤਾ ਅਤੇ ਦੱਸਿਆ ਕਿ ਹਾਲੇ ‘ਮੌਲਿਕ ਸ਼ਬਦਾਂ ਦੀ ਡਿਕਸ਼ਨਰੀ ਖਾਲਸਾ ਪੰਥ ਨੇ ਤਿਆਰ ਕਰਨੀ ਹੈ।’ ਸਦਕੇ ਜਾਈਏ ਇਸ ਅਣਜੰਮੇ ਗਿਆਨ ਦੇ, ਜੋ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਹਾਸਲ ਕਰਨ ਵਾਲੇ ਨੂੰ ਮੰਜ਼ਲ ਤੋਂ ਥਿੜਕਿਆ ਸਮਝਦਾ ਹੈ। ਇਹ ਹਾਲ ਹੈ, ਸਿੱਖ ਚਿੰਤਨਸ਼ੀਲਤਾ ਦਾ।
ਖਾੜਕੂਪਣ ‘ਦੇਹੀ ਰੁਝਾਨ’ ਹੈ ਤੇ ਚਿੰਤਨ ਮਸਤਕ ਦਾ ਸਰੋਕਾਰ ਹੈ। ਸਿੱਖ ਸਮਾਜ ਵਿਚ ‘ਸਿੱਖਾਂ ਦਾ ਮਨ ਨੀਵਾਂ ਮੱਤ ਉਚੀ’ ਦੀ ਅਰਦਾਸ ਕੀਤੀ ਜਾਂਦੀ ਹੈ, ਜਿਸ ਦਾ ਸਾਫ ਮਤਲਬ ਹੈ ਕਿ ਖਾੜਕੂ ਅਮਲ ਹਮੇਸ਼ਾਂ ਮਸਤਕ ਦੀ ਗਿਆਨ ਧਾਰਾ ਦੇ ਅਨੁਕੂਲ ਰਹਿਣਾ ਜ਼ਰੂਰੀ ਹੈ। ਪਰ ਅਜ ਸਿੱਖ ਸਮਾਜ ਵਿਚ ‘ਮਨ ਉਚਾ’ ਤੇ ‘ਮੱਤ ਨੀਵੀਂ’ ਰੱਖਣ ਅਤੇ ਰਖਾਉਣ ਦਾ ਰੁਝਾਨ ਹੈ ਅਤੇ ਇਸੇ ਕਾਰਣ ਸਿੱਖਾਂ ਦੀ ਸਰਸਬਜ਼ ਗਿਆਨ ਧਾਰਾ ਆਪਣੇ ਅਸਲ ਸੋਮਿਆਂ ਤੋਂ ਟੁੱਟ ਕੇ ਸੁੱਕਣ ਤੇ ਮੁੱਕਣ ਕਿਨਾਰੇ ਹੈ।
ਖਾੜਕੂਵਾਦ ਦੇ ਪ੍ਰੇਰਕ ਵਿਦਵਾਨ ਗੁਰਮਤਿ ਦੇ ਗਹਿਨ ਅਧਿਐਨ ਤੋਂ ਵਿਰਵੇ ਹੋਣ ਕਾਰਨ ਬੇਹੱਦ ਸਤਹੀ ਕਿਸਮ ਦੇ ਵਿਚਾਰ ਅਤੇ ਸਿਧਾਂਤ ਘੜ ਲੈਂਦੇ ਹਨ ਅਤੇ ਯੂਟਿਊਬ ‘ਤੇ ਚਾੜ੍ਹ ਦਿੰਦੇ ਹਨ, ਜਿਨ੍ਹਾਂ ਤੋਂ ਅਕਸਰ ਇਸ ਤਰ੍ਹਾਂ ਦੇ ਨਿਰਣੇ ਸੁਣਨ ਨੂੰ ਮਿਲਦੇ ਹਨ, “ਮੁਸਲਮਾਨਾਂ ਨੇ ਸਾਨੂੰ ਬਾਹਰੋਂ ਮਾਰਿਆ ਤੇ ਹਿੰਦੂਆਂ ਨੇ ਅੰਦਰੋਂ।” ਇਨ੍ਹਾਂ ਦੇ ਭਾਸ਼ਣ ਸ਼ਾਸਨ ਅਤੇ ਕੁਸ਼ਾਸਨ ਦੇ ਇਰਦ-ਗਿਰਦ ਰਹਿੰਦੇ ਹਨ ਅਤੇ ਆਪਣੀਆਂ ਅਨਿਖੜ ਰਵਾਇਤਾਂ ਨੂੰ ਨਿਖੇੜਨ ਲਈ ਪੂਰਾ ਤਾਣ ਲਾ ਦਿੰਦੇ ਹਨ। ਦਸਮ ਗ੍ਰੰਥ ਨੂੰ ਪੜ੍ਹੇ ਬਿਨਾ ਰੱਦ ਜਾਂ ਕਬੂਲ ਕਰ ਲੈਂਦੇ ਹਨ। ਕੈਲੰਡਰ ਨੂੰ ਸਮਝੇ ਬਗੈਰ ਉਸ ਵਿਚੋਂ ਸਿੱਖਾਂ ਦਾ ਮੁਕਤੀ ਮਾਰਗ ਤਲਾਸ਼ਣ ਵਾਲੇ ਵੱਖਰੇ ਰਾਜ ਦੀ ਸਿਰਤੋੜ ਪ੍ਰੋੜਤਾ ਕਰਦੇ ਹਨ।
ਪੁਰਾਣੇ ਸਮਿਆਂ ਵਿਚ ਉਹ ਲੋਕ ਵੇਦ ਪੜ੍ਹਦੇ ਸਨ, ਜੋ ਭਾਸ਼ਾ ਵਿਗਿਆਨ, ਛੰਦ, ਵਿਆਕਰਣ, ਨਿਰੁਕਤ, ਯੱਗ ਅਤੇ ਜੋਤਿਸ਼ ਵਿਚ ਮੁਹਾਰਤ ਹਾਸਲ ਕਰ ਲੈਂਦੇ ਸਨ। ਹੁਣ ਅਜਿਹਾ ਨਹੀਂ ਹੈ। ਸਿੱਖਾਂ ਵਿਚ ਬਿਨਾ ਪੜ੍ਹੇ ਅਤੇ ਸਿੱਖੇ, ਸਿੱਧੇ ਗੁਰੂ ਗ੍ਰੰਥ ਸਾਹਿਬ ਬਾਬਤ ਨਿਰਣੇ ਦੇਣ ਦਾ ਰੁਝਾਨ ਹੈ। ਜਿਨ੍ਹਾਂ ਦੀਆਂ ਗਿਆਨ ਗਾਗਰਾਂ ‘ਚੋਂ ਕਦੀ ਸਨਾਤਨ ਅਤੇ ਹਿੰਦੂ ਧਰਮ ਦੀ ਕਿਸੇ ਪੁਸਤਕ, ਬੁੱਧ ਦੇ ਗ੍ਰੰਥ, ਇਸਲਾਮਿਕ ਕਿਤਾਬ ਜਾਂ ਸੂਫੀ ਸਿਧਾਂਤ ਦੇ ਦਰਸ਼ਨ ਨਹੀਂ ਹੁੰਦੇ, ਉਹ ਇਤਿਹਾਸ ਵਿਚ ਵੀ ਪਿੱਛੇ ਜਾਂਦੇ ਚੁਰਾਸੀ ਤੇ ਸੰਤਾਲੀ ਤੱਕ ਹੀ ਹੰਭ ਜਾਂਦੇ ਹਨ। ਸਿੱਖੀ ਦੀ ਅਧਿਆਤਮਕ, ਸਾਹਿਤਕ, ਸਮਾਜਕ ਅਤੇ ਸਿਆਸੀ ਸੂਝ ਲਈ ਇਹ ਭਾਈ ਕਪੂਰ ਸਿੰਘ ਦਾ ਕਦੀ ਕਦੀ ਕੇਵਲ ਨਾਂ ਹੀ ਲੈਂਦੇ ਹਨ। ਉਨ੍ਹਾਂ ਦੀਆਂ ਪੁਸਤਕਾਂ ਦਾ ਸੱਚ ਇਨ੍ਹਾਂ ਦੇ ਗਿਆਨ ਦੀ ਯੂਟਿਊਬ ਵਿਚ ਨਹੀਂ ਸਮਾਉਂਦਾ। ਡਾæ ਮੋਹਣ ਸਿੰਘ ਦੀਵਾਨਾ ਦੇ ਫਰਜ਼ੰਦ ਡਾæ ਉਬਰਾਏ ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਸਟਾਫ ਨਾਲ ਗੱਲਬਾਤ ਕਰ ਰਹੇ ਸਨ। ਇੱਕ ਸੱਜਣ ਨੇ ਉਨ੍ਹਾਂ ਨੂੰ ਟੋਕਣ ਦੀ ਕੋਸ਼ਿਸ਼ ਕੀਤੀ, “ਜੀ ਮਾਰਕਸਵਾਦ ਇਹ ਨਹੀਂ ਮੰਨਦਾ।” ਉਨ੍ਹਾਂ ਪੁੱਛਿਆ, “ਤੁਸੀਂ ਮਾਰਕਸ ਪੜ੍ਹਿਆ?” ਕਹਿੰਦਾ, “ਜੀ ਹਾਂ।” “ਕਿਥੋਂ ਪੜ੍ਹਿਆ?” ਜਵਾਬ ਵਿਚ ਉਹ ਕੇਵਲ ਸੁਰਜੀਤ ਭੱਟੀ ਦੀ ਇਕ ਕਿਤਾਬ ਦਾ ਹੀ ਨਾਂ ਲੈ ਸਕਿਆ। ਪ੍ਰੋæ ਉਬਰਾਏ ਨੇ ਦੱਸਿਆ ਕਿ ਮਾਰਕਸ ਪੜ੍ਹਨ ਲਈ ਜਰਮਨ ਸਿੱਖਣੀ ਪੈਂਦੀ ਹੈ, ਹਿੰਦੂ ਧਰਮ ਜਾਣਨ ਲਈ ਸੰਸਕ੍ਰਿਤ ਅਤੇ ਇਸਲਾਮ ਜਾਣਨ ਲਈ ਅਰਬੀ ਤੇ ਫਾਰਸੀ ਪੜ੍ਹਨੀ ਪੈਂਦੀ ਹੈ। ਅਸੀਂ ਇਨ੍ਹਾਂ ਦੇ ਅਨੁਵਾਦ ਵੀ ਨਹੀਂ ਪੜ੍ਹਦੇ ਤੇ ਸਮਝ ਲੈਂਦੇ ਹਾਂ ਕਿ ਸਾਨੂੰ ਸਭ ਕੁਝ ਸਮਝ ਆ ਗਿਆ। ਗਿਆਨ ਦੀ ਨੀਮ ਹਿਕਮਤ ਦੇ ਅਨਾੜੀ ਫਾਰਮੂਲਿਆਂ ਨਾਲ ਨੌਜੁਆਨਾਂ ਨੂੰ ਉਕਸਾ ਕੇ ਅਜਿਹੇ ਰਾਹ ਤੋਰ ਦੇਣਾ, ਜੋ ਕਿਤੇ ਨਹੀਂ ਪੁੱਜਦਾ, ਦਿਆਨਤਦਾਰੀ ਨਹੀਂ। ਇਹ ਸਿਲਸਿਲਾ ਕਈ ਲੋਕਾਂ ਲਈ ਬਾਹਰਲੇ ਮੁਲਕਾਂ ਵਿਚ ਸ਼ਰਨ ਹਾਸਲ ਕਰਨ ਦਾ ਬਹਾਨਾ ਬਣਿਆ। ਇਹੀ ਸੱਜਣ ਵਿਦੇਸ਼ੀ ਸੈਰਾਂ ਸਮੇਂ ਉਕਤ ਵਿਦਵਾਨਾਂ ਦੀ ‘ਠਹਿਰ’ ਅਤੇ ‘ਠਾਹਰ’ ਬਣਦੇ ਹਨ ਅਤੇ ‘ਖਰਚ ਪਾਣੀ’ ਦਾ ਇੰਤਜ਼ਾਮ ਕਰਦੇ ਹਨ। ਕਈ ਲੋਕਾਂ ਨੂੰ ਸਮਝ ਆ ਚੁਕੀ ਹੈ ਤੇ ਕਈਆਂ ਨੂੰ ਹਾਲੇ ਆਉਣੀ ਹੈ। ਇਧਰਲੇ ਨਹੀਂ ਚਾਹੁੰਦੇ ਕਿ ਉਧਰਲਿਆਂ ਨੂੰ ਗੱਲ ਸਮਝ ਆਵੇ।
ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸੂਫੀ ਮੱਤ ਦੇ ਨਿਕਾਸ ਅਤੇ ਵਿਕਾਸ ਬਾਬਤ ਭਾਈ ਸਾਹਿਬ ਕਪੂਰ ਸਿੰਘ ਤੋਂ ਲੇਖ ਲਿਖਵਾਇਆ, ਜਿਸ ਵਿਚ ਉਨ੍ਹਾਂ ਲਿਖਿਆ, “ਸਿੱਖ ਮੱਤ ਦੀ ਵਿਚਾਰਧਾਰਾ, ਇਸ ਦੇ ਸਿਧਾਂਤ ਅਤੇ ਇਸ ਦਾ ਵਿਕਾਸ, ਆਰੀਆਈ ਆਤਮਾ ਦਾ ਅੰਤਮ ਫਲ ਅਤੇ ਰਸ ਹਨ।” ਉਨ੍ਹਾਂ ਇਹ ਵੀ ਲਿਖਿਆ, “ਸੂਫੀ ਮੱਤ ਵਾਸਤਵ ‘ਚ ਭਾਰਤੀ ਅਧਿਆਤਮਵਾਦ ਦਾ ਇਸਲਾਮੀ ਰੂਪ ਹੀ ਹੈ, ਜਿਸ ਨੇ ਇਸਲਾਮੀ ਰਾਜਸੀ ਤੇਜ ਅਤੇ ਅਸਹਿਨਸ਼ੀਲ ਬਿਰਤੀਆਂ ਦੇ ਭੈ ਤੋਂ ਸਵੈਰੱਖਿਆ ਲਈ ਮੂੰਹ ਕੱਜ ਲਿਆ ਹੈ ਤੇ ਪਹਿਰਾਵਾ ਬਦਲ ਲਿਆ ਹੈ।”
ਸੂਫੀ ਕਵਿਤਾ ਵਿਚ ਮੁਰਸ਼ਦ ਦਾ ਸਾਂਵਲਾ ਰੰਗ ਤੇ ਧੁਖਦਾ ਧੂੰਆਂ ਸੂਚਕ ਹੈ ਕਿ ਸੂਫੀ ਦਰਵੇਸ਼ਾਂ ਦਾ ਮੁੱਖ ਭਾਰਤੀ ਸਨਾਤਨ ਸੱਚ ਵੱਲ ਸੀ। ਬੁੱਲੇ ਸ਼ਾਹ ਨੇ ਤਾਂ ਨੌਵੇਂ ਪਾਤਸ਼ਾਹ ਨੂੰ ਗ਼ਾਜ਼ੀ ਤਸਲੀਮ ਕੀਤਾ। ਡਾæ ਇਕਬਾਲ ਨੇ ‘ਹਿੰਦੁਸਤਾਨੀ ਬੱਚੋਂ ਕਾ ਕੌਮੀ ਗੀਤ’ ਕਵਿਤਾ ਵਿਚ ਲਿਖਿਆ, “ਵਹਿਦਤ ਕੀ ਲੈਅ ਸੁਨੀ ਥੀ ਦੁਨੀਯਾ ਨੇ ਜਿਸ ਮਕਾਂ ਸੇ, ਮੀਰ-ਏ-ਅਰਬ (ਸ਼) ਕੋ ਆਈ ਠੰਡੀ ਹਵਾ ਜਹਾਂ ਸੇ, ਮੇਰਾ ਵਤਨ ਵੁਹੀ ਹੈ, ਮੇਰਾ ਵਤਨ ਵੁਹੀ ਹੈ।”
ਇੱਕ ਹਦੀਸ ਮੁਤਾਬਕ ਮੁਹੰਮਦ ਸਾਹਿਬ ਨੇ ਕਿਹਾ ਸੀ, “ਮੈਂ ਅਰਬ ਵਿਚ ਹਾਂ, ਪਰ ਅਰਬ ਮੇਰੇ ਵਿਚ ਨਹੀਂ ਅਤੇ ਮੈਂ ਹਿੰਦ ਵਿਚ ਨਹੀਂ, ਪਰ ਹਿੰਦ ਮੇਰੇ ਵਿਚ ਹੈ।” ਇਸ ਹਦੀਸ ਦੀ ਪ੍ਰਮਾਣਿਕਤਾ ਸਾਬਤ ਕਰਨ ਵਿਚ ਨਾ ਵੀ ਪਈਏ ਤਾਂ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਕਿਸੇ ਖੇਤਰ ਦੀ ਸਥਾਨਕਤਾ ਅਤੇ ਸਨਾਤਨਤਾ ਅਲੱਗ ਅਲੱਗ ਗੱਲਾਂ ਹੁੰਦੀਆਂ ਹਨ। ਬੰਦੇ ਨੂੰ ਕਿਸੇ ਵੀ ਸਥਾਨਕਤਾ ਤੋਂ ਮੁਕਤ ਰਹਿਣ ਲਈ ਸਨਾਤਨਤਾ ਦੇ ਹਵਾਲੇ ਹੋਣਾ ਪੈਂਦਾ ਹੈ। ਹਿੰਦੁਸਤਾਨ ਦੀ ਸਨਾਤਨਤਾ ਦੀਆਂ ਠੰਡੀਆਂ ਹਵਾਵਾਂ ਦੀ ਕਸ਼ਿਸ਼ ਸੂਫੀ ਕਵਿਤਾ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਬਾਣੀਕਾਰ ਬਾਬਾ ਫਰੀਦ ਹੀ ਕਿਉਂ ਹਨ? ਇਸ ਸਵਾਲ ਦੀ ਸਮਝ ਉਪਰੋਕਤ ਕਥਨ ਦੇ ਸਨਮੁਖ ਵਧੇਰੇ ਸਪਸ਼ਟ ਹੁੰਦੀ ਹੈ।
ਉਨ੍ਹਾਂ ਨੇ ਸਬੂਤ ਸਹਿਤ ਸਾਬਤ ਕੀਤਾ ਕਿ ਮਨਸੂਰ ਨੇ ਭਾਰਤ ਯਾਤਰਾ ਦੌਰਾਨ ਭਾਰਤੀ ਅਧਿਆਤਮ ਅਤੇ ਯੋਗ ਸਾਧਨਾ ਦੀ ਤਾਲੀਮ ਲਈ। ਸ਼ੇਖ਼ ਸਾਅਦੀ ਨੇ ਪੰਜਾਬ ਦੀ ਯਾਤਰਾ ਕੀਤੀ। ਅੱਠਵੀਂ ਸਦੀ ਪਿਛੋਂ ਬਗਦਾਦ ਵਿਚ ਸੰਸਕ੍ਰਿਤ ਅਤੇ ਯੂਨਾਨੀ ਗ੍ਰੰਥਾਂ ਦੇ ਅਰਬੀ ਅਨੁਵਾਦ ਹੋਏ। ਅਲਬਰੂਨੀ ਨੇ ਸੰਸਕ੍ਰਿਤ ਗ੍ਰੰਥਾਂ ਦਾ ਸ਼ੌਕ ਨਾਲ ਅਧਿਅਨ ਕੀਤਾ। ਬਗਦਾਦ ਦੇ ਖ਼ਲੀਫੇ ਮਾਮੂਨ ਨੂੰ, ਭਾਰਤੀ ਬ੍ਰਾਹਮਣਾਂ ਨੂੰ ਸਨਮਾਨ ਦੇਣ ਕਾਰਨ, ਅਮੀਰੁਲਮੋਮਨੀਨ ਦੀ ਥਾਂ ਅਮੀਰੁਲਕਾਫਰੀਨ ਕਿਹਾ ਜਾਣ ਲੱਗਾ। ਈਸਾ ਦੇ ਜਨਮ ਤੋਂ ਤਿੰਨ ਸਦੀਆਂ ਪਹਿਲਾਂ ਤੋਂ ਲੈ ਕੇ ਅੱਠਵੀਂ ਸਦੀ ਈਸਵੀ ਤੱਕ ਕਰੀਬ ਹਜ਼ਾਰ ਸਾਲ ਅਫਗਾਨਿਸਤਾਨ ਅਤੇ ਤੁਰਕਿਸਤਾਨ ਬੋਧੀਆਂ ਦੇ ਪ੍ਰਸਿੱਧ ਕੇਂਦਰ ਰਹੇ। ਸੂਫੀ ਮੱਤ ਦੇ ਵਿਕਾਸ ਕੇਂਦਰ ਖ਼ੁਰਾਸਾਨ ਅਤੇ ਬਲਖ਼ ਵਿਚ ਮਹਾਯਾਨੀ ਬੋਧੀਆਂ ਦੇ ਵਿਸ਼ਵ ਵਿਦਿਆਲੇ ਅਤੇ ਪੁਸਤਕਾਲੇ ਸਨ।
ਉਨ੍ਹਾਂ ਦਾ ਵਿਚਾਰ ਹੈ ਕਿ ਭਾਰਤੀ ਸਨਾਤਨ ਸੱਚ ਬੋਧੀਆਂ ਰਾਹੀਂ ਇਸਾਈ ਸੰਤਾਂ ਕੋਲ ਪੁੱਜਾ, ਜਿੱਥੋਂ ਯੂਨਾਨੀ ਦਰਸ਼ਨ ਨਵਅਫਲਾਤੂਨਵਾਦੀਆਂ ਜ਼ਰੀਏ ਸੂਫੀ ਸਾਧਕਾਂ ਕੋਲ ਪੁੱਜਾ। ਉਨ੍ਹਾਂ ਮੁਤਾਬਕ ਸੂਫੀ ਉਹ ਹੈ, ਜੋ ਉਨ ਦੇ ਵਸਤਰ ਪਹਿਨਦਾ ਹੈ। ਉਨ੍ਹਾਂ ਹਵਾਲਾ ਦਿਤਾ ਕਿ ਭਾਰਤ ਦੇ ਇੱਕ ਪੁਰਾਤਨ ਸੰਤ ਚਿੰਤਕ ਅਜੀਤ ਕੇਸ਼ ਕੰਬਲੀਨ ਕੰਬਲ ਅਰਥਾਤ ਉਨ ਦੇ ਵਸਤਰ ਪਹਿਨਦੇ ਸਨ। ਉਨ੍ਹਾਂ ਨੇ ਮਨਸੂਰ ਦੀ ਜੀਵਨੀ ਵਿਚ ਮਹਾਨ ਸੂਫੀ ਸੰਤ ਜੁਨੈਦ ਦੇ ਅਧਿਆਤਮਕ ਅਨੁਭਵ, ਹਿੰਦੂ ਯੋਗ ਅਭਿਆਸ ਅਤੇ ਸਿੱਖ ਨਾਮ ਸਿਮਰਨ ਵਿਚ ਸਮਾਨਤਾ ਦਰਸਾਉਂਦਿਆਂ ਦੱਸਿਆ ਹੈ ਕਿ ਜੁਨੈਦ ਦਾ ਹੀ ਸਮਕਾਲੀ ਸੀ ਮਨਸੂਰ, ਜਿਸ ਨੇ ਉਪਨਿਸ਼ਦਕ ਸੱਚ ‘ਅਹੰਬ੍ਰਹਮਸਮੀ’ ਦਾ ‘ਅਨਲਹੱਕ’ ਵਜੋਂ ਅਰਬੀ ਤਰਜਮਾ ਕੀਤਾ ਸੀ। ਉਨ੍ਹਾਂ ਨੇ ਬੁੱਧ ਦੀ ਜੀਵਨੀ ਅਤੇ ‘ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ’ ਲੇਖ ਲਿਖਿਆ, ਜਿਸ ਵਿਚ ਬੁੱਧ ਤੋਂ ਪਹਿਲਾਂ ਭਾਰਤ ਵਿਚ ਪ੍ਰਚਲਿਤ ਵੈਦਕ ਕਰਮ ਕਾਂਡ ਅਤੇ ਉਪਨਿਸ਼ਦਕ ਸਨਾਤਨ ਸੱਚ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੁੱਧ ਕਰਮ ਕਾਂਡ ਨੂੰ ਨਹੀਂ ਸੀ ਮੰਨਦੇ ਪਰ ਉਸ ਨੇ ਕਥਨ ਕੀਤਾ, “ਅਸਾਂ ਸਨਾਤਨ ਧਰਮ, ਪ੍ਰਾਚੀਨ ਪੱਥ ਲੱਭਿਆ ਹੈ, ਜਿਸ ਪੱਥ ਉਤੇ, ਪ੍ਰਾਚੀਨ ਬੁੱਧ ਚੱਲਦੇ ਰਹੇ ਹਨ, ਉਸੇ ਪੱਥ ਉਤੇ ਅਸੀਂ ਚੱਲ ਰਹੇ ਹਾਂ।” ਉਨ੍ਹਾਂ ਦਾ ਮੱਤ ਹੈ, “ਇਸੇ ਮਹਾਨ ਅਤੇ ਪ੍ਰਾਚੀਨ ਆਦਰਸ਼ ਦਾ ਪ੍ਰਚਾਰ ਸਿੱਖ ਗੁਰੂਆਂ ਨੇ ਕੀਤਾ।”
ਪਾਲੀ ਭਾਸ਼ਾ ਵਿਚ ‘ਸਿੱਖ’ ਧਰਮ ਮਾਰਗ ‘ਤੇ ਚੱਲਣ ਵਾਲੇ ਨੂੰ ਕਹਿੰਦੇ ਹਨ ਅਤੇ ‘ਸਿੰਘ’ ਧਰਮ ਵਿਚ ਪਰਿਪੱਕ ਮਹਾਨ ਹਸਤੀ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਲਿਖਿਆ, “ਖਾਲਸਾ ਪੰਥ ਦੀ ਅੰਤਮ ਰੂਪ ਰੇਖਾ ਬੰਨ੍ਹਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਗੌਤਮ ਬੁੱਧ ਅਤੇ ਬੋਧੀ ਸੰਘ ਦੀ ਰਹੁ ਰੀਤ ਦੀ ਸਪਸ਼ਟ ਪਰ ਬਿਨਾ ਨਾਮ ਲਿਆਂ ਸਿੱਧੀ ਸੋਭਾ ਕੀਤੀ। ਜਿਵੇਂ ਸਾਰਨਾਥ ਵਿਚ ਧਰਮਚੱਕਰ ਦਾ ਪ੍ਰਾਰੰਭ ਕਰਨ ਸਮੇਂ ਗੌਤਮ ਬੁੱਧ ਨੇ ਬੋਧੀ ਸੰਘ ਦੀ ਨੀਂਹ ਪੰਜ ਭਿੱਖਸ਼ੂ ਦੀਖਤ ਕਰਕੇ ਰੱਖੀ ਸੀ, ਇਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਪੰਜ ਪਿਆਰੇ ਥਾਪ ਕੇ ਰੱਖੀ। ਬੁੱਧ ਮੱਤ ਅਤੇ ਸਿੱਖ ਮੱਤ ਦਾ ਸਾਂਝਾ ਸਿਧਾਂਤ ਹੈ ਕਿ ਮਨੁੱਖੀ ਸੱਭਿਅਤਾ ਅਤੇ ਸਮਾਜਕ ਉਨਤੀ ਦੀ ਅਗਵਾਈ ਤੇ ਰੱਖਿਆ ਵਿਅਕਤੀ ਨਹੀਂ, ਸਗੋਂ ਪੰਚਾਇਤ ਕਰੇ। ਇਹ ਉਹੋ ਸਮੱਸਿਆ ਹੈ, ਜੋ ਅੱਜਕਲ੍ਹ ਵਿਅਕਤੀਵਾਦ ਤੇ ਸਮਾਜਵਾਦ ਦੇ ਰੂਪ ਵਿਚ ਆਧੁਨਿਕ ਚਿੰਤਕਾਂ ਦਾ ਮਨ ਟੁੰਬ ਰਹੀ ਹੈ।”
ਚੱਕਰਵਰਤੀ ਰਾਜਾਗੋਪਾਲਚਾਰੀਆ ਨੇ ਸ਼ੰਕਰਚਾਰੀਆ ਦੀ ਕਵਿਤਾ ‘ਭਜਗੋਵਿੰਦਮ’ ਦੀ ਵਿਆਖਿਆ ਵਿਚ ਦੱਸਿਆ ਕਿ ਕਿਵੇਂ ਸ਼ੰਕਰ ਨੇ ਭਾਰਤੀ ਸਨਾਤਨ ਸੱਚ, ਵੇਦਾਂਤ ਅਰਥਾਤ ਗਿਆਨ ਨੂੰ ਮਸਤਕ ਤੋਂ ਉਤਾਰ ਕੇ ਹਿਰਦੇ ਵਿਚ ਪਰਵੇਸ਼ ਕਰਾਇਆ। ਸ਼ੰਕਰ ਨੇ ਦਸਨਾਮੀਂ ਪਰੰਪਰਾ ਅਤੇ ਚਾਰ ਮੱਠਾਂ ਦੀ ਸਥਾਪਨਾ ਕੀਤੀ ਅਤੇ ਭਗਤੀ ਧਾਰਾ ਦਾ ਪ੍ਰਚਲਨ ਕੀਤਾ, ਜੋ ਰਾਮਾਨੁਜ ਅਤੇ ਦਸ ਅਲਵਰ ਸਾਧੂਆਂ ਵਿਚੋਂ ਹੁੰਦੀ ਹੋਈ, ਰਾਮਾਨੰਦ ਰਾਹੀਂ, ਗੁਰੂ ਗ੍ਰੰਥ ਸਾਹਿਬ ਦਾ ਭਾਗ ਬਣੀ। ਸਿੱਖ ਅਰਦਾਸ ਵਿਚ ਦਸ ਗੁਰੂ ਸਾਹਿਬਾਨ ਦੇ ਦਸ ਨਾਂਵਾਂ ਦੀ ਅਰਾਧਨਾ ਅਤੇ ਚਾਰ ਤਖਤਾਂ ਦੀ ਸਥਾਪਨਾ ਵਿਚ ਵੀ ਸਿੱਖੀ ਦੀ ਸਨਾਤਨਤਾ ਦਾ ਸੰਕੇਤ ਹੈ। ਉਦਾਸੀਆਂ ਨੂੰ ਵੀ ਉਨ੍ਹਾਂ ਦੇ ਚਾਰ ਧੂਣੇ ਅਤੇ ਛੇ ਬਖਸ਼ਿਸ਼ਾਂ ਮਿਲਾ ਕੇ ਦਸਨਾਮੀ ਸਾਧੂ ਕਿਹਾ ਗਿਆ। ਭਾਈ ਕਪੂਰ ਸਿੰਘ ਅਨੁਸਾਰ ਸੂਫੀਆਂ ਦੇ ਵੀ ਬੌਧਿਕ ਅਤੇ ਅਕਾਦਮਿਕ ਪ੍ਰਸਾਰ ਦੇ ਪ੍ਰਮੁੱਖ ਚਾਰ ਕੇਂਦਰ ਸਨ। ਚਾਰ ਵੇਦ, ਚਾਰ ਕਤੇਬ, ਚਾਰ ਵਰਣ, ਚਾਰ ਮਜ਼ਹਬ, ਚਾਰ ਮੱਠ, ਚਾਰ ਧੂਏਂ ਅਤੇ ਚਾਰ ਤਖਤ ਕਿਸੇ ਸਾਂਝੇਪਣ ਦਾ ਸੰਕੇਤ ਹਨ।
ਸਿੱਖੀ ਸਨਾਤਨ ਸੱਚ ਹੈ, ਜਿਸ ਦਾ ਪ੍ਰਯੋਜਨ ਮਾਨਵਤਾ ਨੂੰ ਇੱਕਸੁਰਤਾ ਪ੍ਰਦਾਨ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਗਲ ਵਿਚ ਸੁਸ਼ੋਭਿਤ ਬਾਲਾ ਅਤੇ ਮਰਦਾਨਾ ਆਰੀਆਈ ਅਤੇ ਸਾਮੀਂ ਪਰੰਪਰਾ ਦੇ ਸੁਮੇਲ ਜਾਂ ਇੱਕਸੁਰਤਾ ਦਾ ਸੁੰਦਰ ਬਿੰਬ ਹਨ। ਇਸ ਖਾਲਸ ਬਿੰਬ ਤੋਂ ਅਣਜਾਣ ਲੋਕ ਖਾਲਸੇ ਨੂੰ “ਮਹਾਂ ਉਪਲਕਸ਼ ਉਖਾਲਸਾ ਹਿੰਦੂ ਤੁਰਕ ਕੀ ਕਾਣ ਮੇਟੈ” ਤੋਂ ਥਿੜਕਾ ਕੇ ਖੁਦ ਕਾਣਾ ਕਰ ਦੇਣਾ ਚਾਹੁੰਦੇ ਹਨ।
ਪੰਦਰਵੀਂ ਸਦੀ ਵਿਚ ਟੌਮਸ ਮੋਰ ਨੇ ਪੁਸਤਕ ‘ਯੂਟੋਪੀਆ’ ਲਿਖੀ। ਯੂਨਾਨ ਦੇ ਅਗੇਤਰ ਈਯੂ ਦਾ ਅਰਥ ਹੈ, ‘ਗੁੱਡ’, “ਯੂ ਦਾ ਅਰਥ ਹੈ ‘ਨੋ’ ਅਤੇ ਟੋਪੀਆ ਮੈਨ੍ਹੇ ‘ਪਲੇਸ’। ਈਯੂਟੋਪੀਆ ਹੈ, ‘ਗੁੱਡ ਪਲੇਸ’ ਤੇ ਓਯੂਟੋਪੀਆ ਹੈ ‘ਨੋ ਪਲੇਸ।’ ਟੌਮਸ ਮੋਰ ਨੇ ਈਯੂ ਅਤੇ ਓਯੂ ਵਿਚੋਂ ਸਾਂਝਾ ‘ਯੂ’ ਲੈ ਕੇ ਯੂਟੋਪੀਆ ਸ਼ਬਦ ਈਜਾਦ ਕੀਤਾ, ਜਿਸ ਦਾ ਅਰਥ ਹੈ, ‘ਗੁੱਡ ਪਲੇਸ, ਨੋ ਪਲੇਸ’। ਉਸ ਨੇ ਆਪਣੇ ਇਸ ਨਾਵਲ ਵਿਚ ਇਕ ਅਜਿਹੇ ਟਾਪੂ ਦਾ ਚਿਤਰਣ ਕੀਤਾ, ਜੋ ਸਵਰਗ ਜਾਂ ਬਹਿਸ਼ਤ ਹੈ, ਪਰ ਉਹ ਮਹਿਜ਼ ਕਾਲਪਨਿਕ ਹੈ, ਉਸ ਦੀ ਕੋਈ ਹੋਂਦ ਨਹੀਂ। ਉਸ ਦਾ ਖ਼ਿਆਲ ਸੀ ਕਿ ਮਨੁੱਖ ਨੂੰ ਅਜਿਹੇ ਕਾਲਪਨਿਕ ਮੰਡਲ ਦੀ ਲੋੜ ਹੈ, ਜਿਸ ਦੀ ਕਸ਼ਿਸ਼ ਜਾਂ ਪ੍ਰੇਰਣਾ ਵਿਚ ਉਹ ਆਪਣੀ ਹਕੀਕਤ ਨੂੰ ਉਸ ਜਹੀ ਬਣਾਉਣ ਜਾਂ ਸਿਰਜਣ ਦੀ ਕੋਸ਼ਿਸ਼ ਕਰੇ।
ਹਿੰਦੂ ਮਿਥਿਹਾਸ ਵਿਚ ਹਰੀਚੰਦੌਰੀ ਦਾ ਜ਼ਿਕਰ ਹੈ, ਜੋ ਅਸਲੋਂ ਭਰਮ ਹੈ, ਜੋ ਧੁੰਦ ਅਤੇ ਧੁੱਪ ਦਾ ਖੇਲ੍ਹ ਹੈ। ਪਰ, ਭਗਤ ਰਵਿਦਾਸ ਨੇ ਬਾਣੀ ਵਿਚ ਬੇਗਮਪੁਰੇ ਦਾ ਚਿਤਰ ਖਿੱਚਿਆ, ਜੋ ਨਾ ਭਰਮ ਹੈ ਨਾ ਯੂਟੋਪੀਆ। ਉਹ ਜਗਿਆਸੂ ਦੀ ਹਕੀਕੀ ਅਵਸਥਾ ਅਤੇ ਅਧਿਆਤਮਿਕ ਮਾਰਗ ਦੀ ਮੰਜ਼ਲ ਹੈ। ਬੁੱਧ ਮੱਤ ਵਿਚ ਸੁਖਵਤੀ ਦਾ ਜ਼ਿਕਰ ਆਉਂਦਾ ਹੈ, ਜੋ ਬੁੱਧ ਗਤੀ ਨੂੰ ਪ੍ਰਾਪਤ ਅਮਿਤਾਭ ਪੁਰਸ਼ ਆਪਣੇ ਧਿਆਨ ਅਰਥਾਤ ਸ਼ੁੱਧ ਗਿਆਨ ਸਦਕਾ ਸਗਲੇ ਜੀਵ ਜੰਤ ਦੇ ਕਲਿਆਣ ਲਈ ਚਿਤਵਦਾ ਜਾਂ ਸਿਰਜਦਾ ਹੈ। ਅੰਗਰੇਜ਼ੀ ਸ਼ਬਦ ‘ਸਟੇਟ’ ਦਾ ਅਰਥ ਅਸਲ ਵਿਚ ਅਵਸਥਾ ਹੈ। ਨੇਸ਼ਨ ਸਟੇਟ ਉਹ ਮਾਨਵੀ ਅਵਸਥਾ ਹੈ, ਜੋ ਜਨਮਜਾਤ ਜਾਂ ਪ੍ਰਕ੍ਰਿਤਕ ਹੈ, ਪਰ ਸੁਖਵਤੀ ਜਾਂ ਬੇਗਮਪੁਰਾ ਉਹ ਅਧਿਆਤਮਕ ਅਵਸਥਾ ਜਾਂ ਸਟੇਟ ਹੈ, ਜੋ ਪ੍ਰਾਪਤ ਕੀਤੀ ਜਾਣੀ ਹੈ, ਜੋ ਸਿਮਰਣ ਦਾ ਪਰਿਣਾਮ ਹੈ। ਭਗਤ ਕਬੀਰ ਕਹਿੰਦੇ ਹਨ, “ਭਿਸਤੁ ਨਜੀਕਿ ਰਾਖੁ ਰਹਮਾਨਾ॥” ਇਸ ਦਾ ਅਰਥ ਇਹ ਨਹੀਂ ਕਿ ਕਬੀਰ ਸਾਹਿਬ ਵਾਹਿਗੁਰੂ ਤੋਂ ਬਹਿਸ਼ਤ ਦੀ ਕਾਮਨਾ ਕਰਦੇ ਹਨ, ਬਲਕਿ ਉਹ ਫਰਿਆਦ ਕਰ ਰਹੇ ਹਨ ਕਿ ਮੈਨੂੰ ਆਪਣੇ ਨਜ਼ਦੀਕ ਰੱਖ, ਉਹੀ ਮੇਰੇ ਲਈ ਬਹਿਸ਼ਤ ਹੈ। ਬਹਿਸ਼ਤ ਕੋਈ ਵੱਖਰਾ ਰਾਜ ਜਾਂ ‘ਨੇਸ਼ਨ ਸਟੇਟ’ ਨਹੀਂ, ਸਿਰਫ ਪਿਆਰੇ ਦੀ ਨੇੜਤਾ ਹੈ।
ਕੌਮੀ ਸਿੱਖ ਰਿਆਸਤ ਦੇ ਨਕਸ਼ ਅਤੇ ਨਕਸ਼ੇ ਦੀ ਗੱਲ ਕਰਦਿਆਂ ਸਿਰਫ ਰਣਜੀਤ ਸਿੰਘ ਦਾ ਨਾਂ ਲੈ ਦਿੱਤਾ ਜਾਂਦਾ ਹੈ ਜਾਂ ਬਾਣੀ ਦੀਆਂ ਕੁਝ ਤੁਕਾਂ ਬੋਲ ਦਿੱਤੀਆਂ ਜਾਂਦੀਆਂ ਹਨ। ਅਕਾਲੀ ਸਰਕਾਰ ਵੀ ਰਣਜੀਤ ਸਿੰਘ ਦਾ ਨਾਂ ਲੈ ਕੇ ਕੰਮ ਸਾਰਦੀ ਰਹੀ ਹੈ। ਸਿੱਖ ਕੌਮੀ ਰਿਆਸਤ ਦੇ ਅਭਿਲਾਸ਼ੀ ਕਦੀ ਰਣਜੀਤ ਸਿੰਘ ਦਾ ਇਤਿਹਾਸ ਨਹੀਂ ਫੋਲਦੇ ਅਤੇ ਜੇ ਸਿੱਖ ਰਾਜ ਦਾ ਅਰਥ ਸਿੱਖਾਂ ਦਾ ਰਾਜ ਨਹੀਂ, ਸਿੱਖ ਕਿਰਦਾਰ ਅਤੇ ਸਿੱਖੀ ਦਾ ਰਾਜ ਹੈ ਤਾਂ ਇਤਿਹਾਸ ਦੇ ਵਿਦਿਆਰਥੀ ਉਸ ਦੇ ਰਾਜ ਨੂੰ ਸਿੱਖ ਰਾਜ ਨਹੀਂ ਤਸਲੀਮ ਕਰਦੇ। ਬੇਸ਼ੱਕ ਉਸ ਦੇ ਦੇ ਰਾਜ ਵਿਚ ਸਿੱਖ ਆਪਣੇ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਨਾਲ ਜੋੜਦੇ ਸਨ। ਰਾਜਸੀ ਅਤੇ ਸਮਾਜੀ ਚੜ੍ਹਤ ਦੇ ਉਤਸ਼ਾਹੀ ਵਾਤਵਰਣ ਵਿਚ ਉਨ੍ਹਾਂ ਨੂੰ ਸਵੈਮਾਣ ਮਹਿਸੂਸ ਹੁੰਦਾ ਸੀ। ਰਾਜਸੀ ਚੜ੍ਹਤ ਦਾ ਮਾਣ ਅਤੇ ਅਭਿਮਾਨ ਇਕੋ ਗੱਲ ਹੈ, ਜਿਸ ਕਰਕੇ ਰਾਜ ਦਾ ਤਪ ਤੇਜ ਖਤਮ ਹੋਣ ਸਾਰ ਸਿੱਖਾਂ ਦਾ ਸਵੈਅਭਿਮਾਨ ਡਿਗਣਾ ਸ਼ੁਰੂ ਹੋਇਆ ਤਾਂ ਸਿੱਖਾਂ ਵਿਚ ਅੰਮ੍ਰਿਤ ਦੀ ਦਾਤ ਪ੍ਰਤਿ ਦੂਰੀ ਵਧਣ ਲੱਗੀ। ਸਿੱਖ ਰਾਜ ਦੀ ਸਮਾਪਤੀ ਉਪਰੰਤ ਸਿੱਖਾਂ ਦੀ ਗਿਣਤੀ ਵਿਚ ਹੈਰਾਨੀਜਨਕ ਕਮੀ ਆਈ। ਅਜੋਕੇ ਵਿਦਵਾਨ ਇਸੇ ਤੱਥ ਦੀ ਘਬਰਾਹਟ ਵਿਚ ਜ਼ੋਰ ਦਿੰਦੇ ਹਨ ਕਿ ਸਿੱਖ ਆਬਾਦੀ ਦੇ ਵਾਧੇ ਲਈ ਰਾਜ ਭਾਗ ਹੋਣਾ ਲਾਜ਼ਮੀ ਹੈ। ਜਥੇਦਾਰ ਸਾਹਿਬ ਸਿੱਖਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਕਈ ਵਾਰ ਆਖ ਚੁੱਕੇ ਹਨ, ਪਰ ਸਿੱਖ, ਆਰਥਕ ਤਾਣੇ ਬਾਣੇ ਅਧੀਨ ਦੋ ਬੱਚਿਆਂ ਤੋਂ ਵੀ ਪਿੱਛੇ ਖਿਸਕ ਰਹੇ ਹਨ।
ਅਕਾਲੀ ਸਰਕਾਰ ਸਮੇਂ ਨਜ਼ਰ ਆਉਣ ਵਾਲੀਆਂ ਨੀਲੀਆਂ ਦਸਤਾਰਾਂ, ਸਰਕਾਰ ਟੁਟਣ ਸਾਰ ਚਿੱਟੀਆਂ ਹੋ ਜਾਂਦੀਆਂ ਸਨ। ਕੇਵਲ ਰਾਜ ਭਾਗ ਅਤੇ ਮਾਣ-ਸਨਮਾਨ ਦੇ ਅਭਿਮਾਨ ਨਾਲ ਜੁੜੀ ਹੋਈ ਮੁਹੱਬਤ ਵਿਚ ਰੁਹਾਨੀ ਧਰਵਾਸ ਨਹੀਂ ਹੁੰਦਾ। ਗਿਰਗਟੀ ਕੱਚੇ ਰੰਗ ਬਾਬਤ ਫੁਰਮਾਨ ਹੈ: “ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ।” ਸਰਕਾਰਾਂ ਦੇ ‘ਸਾਸ ਪੂਰੇ’ ਹੋਣ ਉਪਰੰਤ ਇਹੋ ਭਾਣੇ ਵਰਤਦੇ ਹਨ; ਸ਼ਾਹ ਮੁਹੰਮਦ ਗਵਾਹ ਹੈ। ਫਰੀਦ ਜੀ ਦਾ ਵੀ ਫੁਰਮਾਨ ਹੈ, “ਜਾ ਲਬੁ ਤਾ ਨੇਹੁ ਕਿਆ।” ਬਾਦਸ਼ਾਹੀ ਚਮਕ-ਦਮਕ ਨੂੰ ਚੜ੍ਹਤ ਵਜੋਂ ਦੇਖਣ ਵਾਲੇ ਗੁਰੂ ਦਾ ਇਹ ਫੁਰਮਾਨ ਵੀ ਚੇਤੇ ਰੱਖਣ, “ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।”
ਸਵੈਮਾਣ ਦੀ ਪਰਖ ਸੌਖੀ ਘੜੀ ‘ਚ ਨਹੀਂ, ਔਖੀ ‘ਚ ਹੁੰਦੀ ਹੈ। ਬਾਣੀ ਦੀ ਤੁਕ “ਅਉਖੀ ਘੜੀ ਨ ਦੇਖਣ ਦੇਈ” ਦਾ ਭਾਵ ਹੈ, ਵਾਹਿਗੁਰੂ ਆਪਣੇ ਸੇਵਕਾਂ ਨੂੰ ਅਉਖੀ ਘੜੀ ਨਹੀਂ ਦੇਖਣ ਦਿੰਦਾ, ਪਰ ਅਸੀਂ ‘ਦੇਈ’ ਸ਼ਬਦ ਨੂੰ ਬਿੰਦੀ ਲਾ ਕੇ ‘ਦੇਈਂ’ ਪਾਠ ਕਰਦੇ ਹਾਂ ਕਿ ਹੇ ਵਾਹਿਗੁਰੂ ਸਾਨੂੰ ਔਖੀ ਘੜੀ ਨਾ ਦੇਖਣ ਦੇਈਂ। ਆਪਹੁਦਰੀ ਬਿੰਦੀ ਨਾਲ ਗੁਰੂ ਦੀ ਪਰੌਪੋਜ਼ੀਸ਼ਨ ਅਰਥਾਤ ਅਟੱਲ ਵਾਕ ਨੂੰ ਲਿਲਕੜੀ ਵਿਚ ਤਬਦੀਲ ਕਰਨ ਨਾਲ ਕੀ ਖਰਾਬੀ ਹੁੰਦੀ ਹੈ, ਇਹ ਜਾਣਨ ਲਈ ਤਰਕ ਅਤੇ ਵਿਆਕਰਣ ਦੀ ਮੁਢਲੀ ਸਮਝ ਲਾਜ਼ਮੀ ਹੈ ਤਾਂ ਜੋ ਸਾਨੂੰ ਪਰੌਪੋਜ਼ੀਸ਼ਨ ਤੇ ਪਰੈਪੋਜ਼ੀਸ਼ਨ ਦਾ ਫਰਕ ਸਮਝ ਪੈ ਸਕੇ। ਸੂਫੀ ਦਰਵੇਸ਼ ਦਾ ਕਹਿਣਾ ਹੈ, “ਜਿੰਦ ਨਿਮਾਣੀ ਹੱਡਾਂ ਦੇ ਵਿਚ ਜਿਉਂ ਵੇਲਣ ਵਿਚ ਗੰਨਾ, ਰਹੁ ਨੂੰ ਕਹੁ ਹੁਣ ਰਹੁ ਨੀ ਅੜੀਏ, ਹੁਣ ਰਹੇਂ ਤਾਂ ਮੰਨਾ।”
ਰਾਜਸੀ ਚੜ੍ਹਤ ਦੌਰਾਨ ਸਿੱਖਾਂ ਦਾ ਗਿਣਾਤਮਕ ਵਾਧਾ ਫੁੱਲ ਫੁੱਲ ਕੇ ਦੱਸਣ ਵਾਲੀ ਗੱਲ ਨਹੀਂ। ਗਿਣਾਤਮਕ ਵਾਧੇ ਵਿਚ ਗੁਣਾਤਮਕ ਘਾਟਾ ਕਿਤਨਾ ਹੁੰਦਾ ਹੈ, ਇਹ ਜਾਣਨ ਦੀ ਜ਼ਰੂਰਤ ਹੈ। ਪੈਦਾਵਾਰ ਵਧਣ ਨਾਲ ਕੀਮਤ ਘਟ ਜਾਂਦੀ ਹੈ। ਆਲੂਆਂ ਦੀ ਬੇਕਦਰੀ ਸਭ ਨੇ ਦੇਖੀ ਹੈ। ਕਿਸੇ ਸਮੇਂ ਅਲਮੀਨੀਅਮ ਸੋਨੇ ਦੇ ਭਾਅ ਹੁੰਦੀ ਸੀ। ਸੌਖਾ ਤਰੀਕਾ ਖੋਜ ਲਿਆ ਗਿਆ ਤਾਂ ਅਲਮੀਨੀਅਮ ਬਹੁਤਾਤ ਵਿਚ ਹੋ ਗਈ। ਹੁਣ ਕੋਈ ਅਲਮੀਨੀਅਮ ਦਾ ਭਾਂਡਾ ਘਰ ਵਿਚ ਨਹੀਂ ਰੱਖਦਾ। ਜਦੋਂ ਸਿੱਖੀ ਸੋਨੇ ਦੀ ਤਰ੍ਹਾਂ ਕੁਠਾਲੀ ਵਿਚ ਕਮਾਉਣੀ ਪੈਂਦੀ ਸੀ, ਉਦੋਂ ਸਿੱਖ ਵਿਰਲੇ ਹੁੰਦੇ ਸਨ। ਹੁਣ ਸਿੱਖੀ ਕਮਾਉਣ ਲਈ ਕੁਠਾਲੀ ਨਹੀਂ, ਕੁੱਖ ਦੀ ਜ਼ਰੂਰਤ ਹੈ। ਸਿੱਖ ਦੇ ਘਰ ਜਨਮਿਆ ਹਰ ਕੋਈ ਸਿੱਖ ਕਹਾਉਂਦਾ ਹੈ, ਪਰ ਦੂਰੋਂ ਕੁਠਾਲੀ ਦੇਖ ਘੋਨ-ਮੋਨ ਹੋ ਜਾਂਦਾ ਹੈ। ਅਜਿਹੇ ਸਿੱਖਾਂ ਦੇ ਰਾਜ ਬਾਬਤ ਪੰਚਮ ਪਾਤਸ਼ਾਹ ਦਾ ਅਟੱਲ ਵਾਕ ਹੈ, “ਐਸੋ ਰਾਜੁ ਨ ਕਿਤੈ ਕਾਜਿ॥”
ਸਿੱਖ ਇਤਿਹਾਸ ਦਾ ਸੁਨਹਿਰੀ ਕਾਲ ਗੁਰੂ ਕਾਲ ਹੈ, ਜਿੱਥੋਂ ਅਸੀਂ ਸੇਧ ਲੈਣੀ ਹੈ। ਰਾਜਸੀ ਹਵਸ ਵਿਚ ਕਿਰਦਾਰ ਦੀ ਬੁਲੰਦੀ ਤੋਂ ਥਿੜਕੇ ਲੋਕਾਂ ਦੇ ਇਤਿਹਾਸ ਵਿਚੋਂ ਸਿੱਖੀ ਗੈਰਹਾਜ਼ਰ ਹੈ। ਇਸ ਇਤਿਹਾਸ ਵਿਚ ਕਿਤੇ ਕਿਤੇ ਕਿਰਦਾਰ ਦੀ ਬੁਲੰਦੀ ਅਤੇ ਸਿਦਕ ਦੀ ਅਡੋਲਤਾ ਨਜ਼ਰ ਆਉਂਦੀ ਹੈ। ਜਦੋਂ ਦਾ ਸਿੱਖਾਂ ਨੇ ਪੰਥ ਦੀ ਥਾਂ ਕੌਮ ਸ਼ਬਦ ਨਾਲ ਮੋਹ ਪਾਲ ਲਿਆ ਹੈ, ਉਦੋਂ ਦਾ ਸਿਦਕ ਘਟਣਾ ਸ਼ੁਰੂ ਹੋਇਆ ਹੈ। ਸਿੱਖੀ ਕੋਈ ਤਖੱਲਸ ਨਹੀਂ ਕਿ ਨਾਂ ਨਾਲ ਲਾ ਲਈ ਤੇ ਸਿੱਖ ਹੋ ਗਏ। ਸਿੱਖੀ ਅਜਿਹਾ ਅਮਲ ਹੈ, ਜਿਸ ਦੀ ਪ੍ਰੀਖਿਆ ਆਰੇ ਤੋਂ ਉਰੇ ਨਹੀਂ। ਸਿੱਖੀ ਦੀ ਪ੍ਰਾਪਤੀ ਤਿਆਗ ਹੈ ਅਤੇ ਕਮਾਈ ਨਿਛਾਵਰ ਹੋਣ ਵਿਚ।
ਜੋਗੀਆਂ ਸਨਿਆਸੀਆਂ ਦੇ ਭਗਤੀ ਆਸਣ ਸ਼ੇਰ ਦੀ ਖੱਲ ਵਿਚ ਸੂਚਨਾ ਹੈ ਕਿ ਉਹ ਸਨਿਆਸੀ ਇੰਨਾ ਮਹਾਂਬਲੀ ਯੋਧਾ ਹੈ ਕਿ ਉਸ ਨੇ ਆਪਣੇ ਅੰਦਰਲੇ ਜ਼ਾਲਿਮ ਪਸ਼ੂ ਸ਼ੇਰ ਨੂੰ ਮਾਰ ਲਿਆ ਹੈ। ਸੱਚਾ ਯੋਧਾ ਉਹੀ ਹੈ, ਜਿਸ ਨੇ ਆਪਣੇ ਅੰਦਰੋਂ ਦੂਸਰਿਆਂ ‘ਤੇ ਹੁਕਮ ਚਲਾਉਣ ਦੀ ਲਲਕ ਮਾਰ ਲਈ ਅਤੇ ਖੁਦ ਨੂੰ ਰੱਬੀ ਹੁਕਮ ਵਿਚ ਲੀਨ ਕਰ ਲਿਆ। ਇਹੀ ‘ਹੁਕਮ ਰਜਾਈ ਚਲਣਾ’ ਹੈ। ਭਾਰਤੀ ਪਰੰਪਰਾ ਵਿਚ ਉਸ ਮਹਾਂਪੁਰਖ ਨੂੰ ਮਹਾਂਵੀਰ ਕਿਹਾ ਗਿਆ, ਜਿਸ ਨੇ ਆਪਣੀ ਗੱਲ ਬਾਤ ਵਿਚੋਂ ਵੀ ਹਿੰਸਾ ਸਮਾਪਤ ਕਰ ਲਈ ਸੀ। ਮਨ ਨੂੰ ਜਿੱਤਣ ਵਾਲੇ ਜਗਤ ਦੀ ਜਿੱਤ ਹਾਸਲ ਕਰ ਲੈਂਦੇ ਹਨ ਤੇ ਜਗਤ ਜਿੱਤਣ ਦੀ ਲਾਲਸਾ ਅਧੀਨ ਖੁਆਰੀ ਦੇ ਸਿਵਾ ਕੁਝ ਵੀ ਹਾਸਲ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਦਾ ਆਗਮਨ 1469 ਵਿਚ ਹੋਇਆ। 230 ਸਾਲ ਦੇ ਲੰਬੇ ਇਤਿਹਾਸ ਅਤੇ ਅਭਿਆਸ ਬਾਦ 1699 ਵਿਚ ਦਸਮ ਪਿਤਾ ਨੇ ਪੰਜ ਸਿੱਖਾਂ ਨੂੰ ਸਿੰਘ ਅਰਥਾਤ ਸ਼ੇਰ ਆਖਿਆ, ਜਿਨ੍ਹਾਂ ਨੇ ਗੁਰੂ ਪਿਆਰ ਵਿਚ ਆਪਣੇ ਸਿਰ ਤਲੀ ‘ਤੇ ਧਰ ਲਏ।
ਮੁਤੱਸਵੀ ਲੋਕ ਨਾਅਰੇ ਮਾਰਦੇ ਹਨ, “ਗਰਬ ਸੇ ਕਹੋ ਹਮ ਹਿੰਦੂ ਹੈਂ।” ਬੱਬੇ ਭੱਬੇ ਦਾ ਫਰਕ ਵੀ ਨਾ ਜਾਣਨ ਵਾਲੇ ਸਾਦਾ ਬੁੱਧ ਸਿੱਖਾਂ ਨੇ ਵੀ ਜਵਾਬ ਵਿਚ ਕਿਹਾ, “ਗਰਭ ਸੇ ਕਹੋ ਹਮ ਸਿੱਖ ਹੈਂ।” ‘ਸਾਚੀ ਸਾਖੀ’ ਵਿਚ ਸਿਰਦਾਰ ਕਪੂਰ ਸਿੰਘ ਦੱਸਦੇ ਹਨ ਕਿ ਗਰਬ ਤੋਂ ਮੁਕਤ ਸਾਡੇ ਬਜ਼ੁਰਗ, ਮੁਸਲਿਮ ਪਾਤਸ਼ਾਹੀਆਂ ਨਾਲ ਝਗੜੇ ਸਮੇਂ ਇਹ ਐਲਾਨ ਕਰਦੇ ਰਹੇ ਹਨ ਕਿ “ਹਮ ਹਿੰਦੂ ਹੈਂ ਗੁਰ ਕੇ ਸਿੱਖ।”
ਭਾਰਤ ਇੱਕ ਧਰਮ ਨਿਰਪੱਖ ਮੁਲਕ ਹੈ। ਮੁਸਲਮਾਨਾਂ ਨੇ ਆਪਣਾ ਧਰਮ ਆਧਾਰਤ ਮੁਲਕ ਬਣਾ ਲਿਆ। ਇਸ ਨਾਲ ਇਸਲਾਮ ਵਿਚ ਕੋਈ ਵਾਧਾ ਨਹੀਂ ਹੋਇਆ, ਮੁਸਲਮਾਨਾਂ ਦੀ ਰੁਹਾਨੀ, ਮਾਨਸਿਕ, ਸਮਾਜਿਕ ਅਤੇ ਆਰਥਕ ਹਾਲਤ ਵਿਚ ਸੁਧਾਰ ਨਹੀਂ ਹੋਇਆ। ਸਿੱਖ ਉਸ ਸਮੇਂ ਧਰਮ ਆਧਾਰਤ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਜੇ ਹੋ ਜਾਂਦੇ ਤਾਂ ਸਾਡੀ ਅਰਦਾਸ ਵਿਚ ਨਨਕਾਣਾ ਸਾਹਿਬ ਦੇ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਚਾਂਦਨੀ ਚੌਂਕ ਵੀ ਸ਼ਾਮਲ ਹੋ ਜਾਣੇ ਸਨ। ਜਿਸ ਤਰ੍ਹਾਂ ਹੁਣ ਲੋਕ ਰੀਟ੍ਰੀਟ ਦੀ ਰਸਮ ਦੇਖਣ ਲਈ ਅਟਾਰੀ ਸਰਹੱਦ ‘ਤੇ ਜਾਂਦੇ ਹਨ, ਫਿਰ ਲਾਲੜੂ ਵੀ ਜਾ ਸਕਣਾ ਸੀ। ਸਾਡੇ ਲੇਖਕਾਂ, ਕਵੀਆਂ ਤੇ ਚਿੱਤਰਕਾਰਾਂ ਨੂੰ ਵੀ ਦੋ ਸਰਹੱਦਾਂ ‘ਤੇ ਜਾ ਕੇ ਮੋਮਬੱਤੀਆਂ ਜਗਾਉਣੀਆਂ ਪੈਣੀਆਂ ਸਨ। ਦਰਬਾਰਾ ਸਿੰਘ, ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨਹੀਂ, ਰਾਸ਼ਟਰਪਤੀ ਹੋਣੇ ਸਨ। ਇਸ ਤੋਂ ਵੱਧ ਸਾਡੀ ਹਾਲਤ ਵਿਚ ਸ਼ਾਇਦ ਕੋਈ ਫਰਕ ਨਾ ਪੈਂਦਾ। ਪਰ ਉਸ ਨਾਕਾਮਯਾਬੀ ਦੇ ਬਾਵਜੂਦ ਇਹ ਆਪਣੀਆਂ ਕੁਟਲ ਨੀਤੀਆਂ ਸਦਕਾ ਇਤਨੇ ਕੁ ਕਾਮਯਾਬ ਹੋ ਗਏ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਇਕ ਵਿਸ਼ੇਸ਼ ਜਾਤੀ ਦਾ ਕਿਸਾਨ ਸਿੱਖ ਹੀ ਬਣੇ, ਵਿਦਵਾਨ ਨਹੀਂ। ਕਿਸੇ ਤਰ੍ਹਾਂ ਦੇ ਜੋੜ-ਤੋੜ, ਗਿਣਤੀ-ਮਿਣਤੀ ਜਾਂ ਕੁਟਲ ਨੀਤੀ ਨਾਲ ਵੀ ਕੋਈ ਸਿੱਖ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ। ਫਿਰ ਵੀ ਇੱਕ ਸਿੱਖ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ; ਕਿਸੇ ਗਿਣਤੀ-ਮਿਣਤੀ ਜਾਂ ਕੁਟਲ ਨੀਤੀ ਨਾਲ ਨਹੀਂ, ਉਸ ਦਾ ਈਮਾਨ ਅਤੇ ਲਿਆਕਤ ਸਬੱਬ ਬਣੇ। ਸਾਨੂੰ ਉਹ ਜਚਿਆ ਨਹੀਂ, ਕਿਉਂਕਿ ਉਹ ਵਿਦਵਾਨ ਸੀ, ਕਿਸਾਨ ਨਹੀਂ।
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਜੋੜ ਨਤਮਸਤਕ ਹੁੰਦੇ ਹਾਂ। ਉਥੋਂ ਸਾਨੂੰ ਵਿਵੇਕ ਨਸੀਬ ਹੁੰਦਾ ਹੈ। ਕੌਮ ਅਤੇ ਰਾਜ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ, ਬਲਕਿ ਸ਼ਕਤੀ ਨਾਲੋਂ ਜ਼ਿੰਮੇਵਾਰੀ ਨੂੰ ਮਹੱਤਵ ਦਿਤਾ ਗਿਆ ਹੈ। ਧਰਮ ਧੱਕੇ ਨਾਲ ਨਹੀਂ ਸਿੱਖਾਇਆ ਜਾ ਸਕਦਾ, ਇਖਲਾਕੀ ਪ੍ਰੇਰਨਾ ਧਰਮ ਦਾ ਵਾਹਨ ਹੈ। ਧਰਮ ਕਾਨੂਨ ਨਹੀਂ, ਮੁਹੱਬਤ ਦਾ ਅਹਿਸਾਸ ਹੈ। ਕਾਨੂੰਨ ਨੂੰ ਜ਼ੰਜੀਰ, ਜੇਲ੍ਹ ਅਤੇ ਫਾਹੇ ਦੀ ਜ਼ਰੂਰਤ ਹੈ; ਧਰਮ ਨੂੰ ਗਿਆਨ, ਹਿਰਦੇ ਤੇ ਇਰਾਦੇ ਦੀ; ਕਾਨੂੰਨ ਨੂੰ ਕੈਦ ਦੀ; ਧਰਮ ਨੂੰ ਅਜ਼ਾਦੀ ਦੀ; ਰਾਜ ਨੂੰ ਸਰਹੱਦਾਂ ਦੀ ਅਤੇ ਧਰਮ ਨੂੰ ਰਾਹਾਂ ਦੀ। ਪੰਥ ਰਾਹ ਹੈ, ਸਰਹੱਦ ਨਹੀਂ। ਖਾਲਸਾ ਸੰਗਤ ਹੈ, ਕੌਮ ਨਹੀਂ। ਸੰਗਤ ਵਿਚ ਗਤੀਸ਼ੀਲਤਾ ਹੈ। ਪੰਥ ਵੀ ਗਤੀਸ਼ੀਲ ਹੈ। ਗਤੀਸ਼ੀਲਤਾ ਵਿਚ ਸ਼ੁੱਧਤਾ ਹੈ। ਸ਼ੁੱਧਤਾ ਹੀ ਖਾਲਸਾ ਹੈ। ਖਾਲਸਾ ਪੰਥ ਵਗਦਾ ਦਰਿਆ ਹੈ। ਰਾਜ ਰੁਕੇ ਹੋਏ ਪਾਣੀਆਂ ਦਾ ਛੱਪੜ ਹੈ। ਖਾਲਸਾ ਪੰਥ ਨੂੰ ਰਾਜਸੀ ਸਰਹੱਦਾਂ ਵਿਚ ਜਕੜਨ ਦੀ ਕੋਸ਼ਿਸ਼ ਅਤੇ ਪ੍ਰਚਾਰ ਕਰਨ ਵਾਲਿਆਂ ਦੀ ਸੋਚ ਖਾਲਸ ਨਹੀਂ।
ਰਾਜ ਅਤੇ ਸਮਾਜ-ਦੋ ਸੰਬੋਧ ਹਨ, ਇੱਕ ਨਹੀਂ। ਰਾਜ ਆਉਣੀ-ਜਾਣੀ ਸ਼ੈਅ ਹੈ, ਸਮਾਜ ਸਦੀਵੀ ਹੈ। ਸਮਾਜ ਵਿਚ ਸਮਰੱਥਾ ਹੁੰਦੀ ਹੈ ਕਿ ਉਹ ਰਾਜ ਨੂੰ ਪਲਟ ਦੇਵੇ। ਪਰ ਰਾਜ ਕੋਲ ਇਤਨੀ ਤਾਕਤ ਨਹੀਂ ਹੁੰਦੀ ਕਿ ਉਹ ਸਮਾਜ ਨੂੰ ਬਦਲ ਦੇਵੇ। ਹਿੰਦੁਸਤਾਨੀ ਲੋਕਾਂ ਨੇ ਅੋਰੰਗਜ਼ੇਬ ਦੀ ਤਲਵਾਰ ਦੇ ਡਰੋਂ ਇਸਲਾਮ ਧਾਰਨ ਨਹੀਂ ਕੀਤਾ, ਸਗੋਂ ਬਾਬਾ ਫਰੀਦ ਦੀ ਮੁਹੱਬਤ ਸਦਕਾ ਹਿੰਦੁਸਤਾਨ ਇਸਲਾਮ ਦੀ ਕਸ਼ਿਸ਼ ਵਿਚ ਆਇਆ। ਸਾਨੂੰ ਔਰੰਗਜ਼ੇਬ ਨਹੀਂ, ਬਾਬਾ ਫਰੀਦ ਦੇ ਮਾਖਿਉਂ ਮਿੱਠੇ ਬੋਲ ਪਿਆਰੇ ਹਨ। ਰਾਜ ਨਾਲੋਂ ਸਮਾਜ ਸਿਰਜਣਾ ਮਹਾਨ ਕਾਰਜ ਹੈ।
ਸ਼ਬਦਾਂ ਦੇ ਗੁਬਾਰੇ ਫੈਲਾਉਣ, ਤੁੱਕਿਆਂ ਦੇ ਤੀਰ ਚਲਾਉਣ ਅਤੇ ਲਫਾਫੇਬਾਜ਼ੀ ਨਾਲ ਮਸਲੇ ਹੱਲ ਨਹੀਂ ਹੁੰਦੇ। ਹਕੀਕਤ ਨੂੰ ਸੰਜੀਦਗੀ ਨਾਲ ਸਮਝਣਾ ਜ਼ਰੂਰੀ ਹੈ। ਸ਼ਬਦਾਂ ਨੂੰ ਸ਼ਬਦ ਰਹਿਣ ਦਿਉ, ਪੈਰਾਂ ‘ਚ ਰੁਲਣ ਵਾਲੇ ਕਾਗਜ਼ੀ ਜਹਾਜ ਨਾ ਬਣਾਉ। ਵਾਕਾਂ ਨੂੰ ਹਵਾਈ ਕਿਲੇ ਨਾ ਬਣਾਉ। ਰੇਤ ਦੀਆਂ ਕੰਧਾਂ ਨਹੀਂ ਬਣਦੀਆਂ।
ਅਜੋਕੇ ਦੌਰ ਵਿਚ ਮਸਲਿਆਂ ਦੇ ਹੱਲ ਪੱਤਰਕਾਰ ਸੁਝਾ ਰਹੇ ਹਨ। ਪਰ, ਪੱਤਰਕਾਰੀ ਤੇ ਵਿਦਵਤਾ ਦੋ ਗੱਲਾਂ ਬਣਦੀਆਂ ਜਾ ਰਹੀਆਂ ਹਨ। ਜਿਹੜੇ ਪੱਤਰਕਾਰ ਪੁਸਤਕਾਂ ਦਾ ਪੱਲਾ ਫੜੀ ਰੱਖਦੇ ਹਨ, ਉਹ ਭੱਦਰਕਾਰੀ ਤੋਂ ਦੂਰ ਰਹਿੰਦੇ ਹਨ। ਜਿਹੜੇ ਪੱਤਰਕਾਰ ਕਦੀ ਕਿਤਾਬ ਦੇ ਨੇੜੇ ਨਹੀਂ ਢੁਕਦੇ ਉਹ ਕੇਵਲ ਸ਼ਬਦਾਂ ਦੇ ਅਖਬਾਰੀ ਪਤੰਗ ਉੜਾਉਂਦੇ ਹਨ। ਪੱਤਰਕਾਰ ਸੀ, ਖੁਸ਼ਵੰਤ ਸਿੰਘ; ਹਰੀਸ਼ ਖਰੇ ਹੈ। ਵਿਦਵਤਾ ਦੀਆਂ ਪੌੜੀਆਂ ਉਤਰਨ ਵਾਲੇ ਪੱਤਰਕਾਰ ਸਿਰਫ ਲੀਵਾਇਸ ਜੀਨ ਪਹਿਨ ਕੇ ਹੀ ਖੁਦ ਨੂੰ ਵਿਦਵਾਨ ਸਮਝ ਲੈਂਦੇ ਹਨ।
ਰਣਜੀਤ ਸਿੰਘ ਨੇ ਰਾਜ ਮਿਲਦੇ ਸਾਰ ਅੰਮ੍ਰਿਤਸਰ ਦੀ ਥਾਂ ਲਾਹੌਰ ਨੂੰ ਰਾਜਧਾਨੀ ਬਣਾ ਲਿਆ ਸੀ। ਧਰਮ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਤਲੀ ‘ਤੇ ਸਿਰ ਧਰ ਕੇ ਸ਼ਹੀਦ ਹੋਣ ਵਾਲੇ ਪੈਦਾ ਕੀਤੇ ਤੇ ਰਾਜਨੀਤੀ ਨੇ ਚੰਡੀਗੜ੍ਹ ਦੀ ਪ੍ਰਾਪਤੀ ਲਈ ਭੁੱਖੇ ਰਹਿ ਕੇ ਮਰਨ ਵਾਲੇ ਸ਼ਹੀਦ ਪੈਦਾ ਕੀਤੇ। ਮੁੱਖੋਂ ਅਸੀਂ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਮੰਗਦੇ ਹਾਂ ਤੇ ਚਿੱਤ ਵਿਚ ਚੰਡੀਗੜ੍ਹ ਦੀ ਟਹਿਲ ਪਾਣੀ ਲੋਚਦੇ ਹਾਂ। ਚੰਡੀਗੜ੍ਹ ਲਈ ‘ਧਰਮ ਯੁੱਧ’ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਦੀ ਪਾਰਲੀਮਾਨੀ ਸੀਟ ਬੀਜੇਪੀ ਦੀ ਝੋਲੀ ਪਾ ਚੁੱਕੇ ਹਾਂ। ਲਾਹੌਰ ਦੇ ਸ਼ੌਕੀਨਾਂ ਦੇ ਬੋਝਿਆਂ ਵਿਚ ਗਾਜਰਾਂ ਦੇ ਸਿਵਾ ਕੁਝ ਨਹੀਂ ਹੋ ਸਕਦਾ।
ਗੁਰਮਤਿ ਦਾ ਗਾਡੀ ਰਾਹ ਹਰ ਤਰ੍ਹਾਂ ਦੀ ਭਿੰਨਤਾ ਨੂੰ ਸਵਿਕਾਰਦਾ ਹੈ; ਬੇਸ਼ੱਕ ਦੁਰਕਾਰਦਾ ਨਹੀਂ, ਪਰ ਪਾਲਦਾ ਵੀ ਨਹੀਂ। ਰਾਜ ਸਵੈ ਭਿੰਨਤਾ ਨੂੰ ਪਾਲਦਾ ਹੈ, ਦੂਸਰਿਆਂ ਦੀ ਭਿੰਨਤਾ ਨਸ਼ਟ ਕਰਦਾ ਹੈ। ਧਰਮ ਦਾ ਮਾਰਗ ਖੁਦ ਦੀ ਭਿੰਨਤਾ ਮੇਟ ਕੇ ਦੂਸਰਿਆਂ ਦੀ ਭਿੰਨਤਾ ਦਾ ਲੁਤਫ ਲੈਂਦਾ ਹੈ: “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥” ਰਾਜ ਸਮਾਜ ਦਾ ਬੱਚਾ ਹੈ। ਸਮਾਜ ਰਾਜ ਦੀ ਮਾਂ ਹੈ। ਜੇ ਬੱਚਾ ਚੋਰ ਹੈ ਤਾਂ ਨੁਕਸ ਮਾਂ ਵਿਚ ਹੈ। ਸਿਆਣੇ ਕਹਿੰਦੇ ਹਨ, ‘ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ।’ ਚੰਗੇ ਸਮਾਜ ਦੀ ਸਿਰਜਣਾ ਸਿੱਖ ਉਪਲਕਸ਼ ਹੈ। ਚੰਗਾ ਸਮਾਜ ਸਹਵਨ ਹੀ ਚੰਗੇ ਰਾਜ ਨੂੰ ਜਨਮ ਦੇਵੇਗਾ।
ਖਾਲਿਸਤਾਨ ਦੇ ਪ੍ਰਚਾਰਕ ਖਾਲਸਾ ਸ਼ਬਦ ਦੇ ਅਰਥ ਉਹ ਜ਼ਮੀਨ ਕਰਦੇ ਹਨ ਜੋ ਸਿੱਧੀ ਬਾਦਸ਼ਾਹ ਦੇ ਅਖਤਿਆਰ ਵਿਚ ਹੁੰਦੀ ਹੈ। ਹਾਲਾਂਕਿ ਇਹ ਖਾਲਸਾ ਸ਼ਬਦ ਦਾ ਦੁਜੈਲਾ ਅਰਥ ਹੈ। ਖਾਲਸਾ ਦਾ ਮੁਢਲਾ ਤੇ ਪ੍ਰਥਮ ਅਰਥ ਸ਼ੁੱਧ ਜਾਂ ਖੋਟ ਰਹਿਤ ਹੀ ਹੈ। ਪੁਰਾਣੇ ਸਮੇਂ ਵਿਚ ਰਾਜੇ ਨੂੰ ਭੂਪਤ ਅਰਥਾਤ ਭੂਮੀ ਪਤੀ ਕਿਹਾ ਜਾਂਦਾ ਸੀ। ਅਸਲ ਵਿਚ ਰਾਜਾ ਹੀ ਜ਼ਮੀਨ ਦਾ ਮਾਲਕ ਹੁੰਦਾ ਸੀ, ਜਿਸ ਦਾ ਕਾਫੀ ਹਿੱਸਾ ਆਪਣੇ ਚਹੇਤਿਆਂ, ਪ੍ਰਬੰਧਕਾਂ, ਲੋੜਵੰਦਾਂ, ਵੱਡਿਆਂ ਅਤੇ ਖਾਸ ਲੋਕਾਂ ਨੂੰ ਜਾਗੀਰ, ਐਵੇਂ ਜਾਂ ਇਨਾਮ ਵਜੋਂ ਦੇ ਦਿੰਦਾ ਸੀ। ਜਿਹੜੀ ਜ਼ਮੀਨ ਕਿਸੇ ਤੋਂ ਵਾਪਸ ਲੈ ਲਈ ਜਾਂਦੀ ਸੀ ਤੇ ਸਿੱਧੀ ਰਾਜੇ ਦੀ ਮਾਲਕੀ ਅਧੀਨ ਹੋ ਜਾਂਦੀ ਸੀ, ਉਸ ਨੂੰ ਖਾਲਸਾ ਕਿਹਾ ਜਾਂਦਾ ਸੀ।
ਗੁਰੂ ਨਾਨਕ ਜਿਥੇ ਕਿਤੇ ਵੀ ਜਾਂਦੇ ਸਨ, ਆਪਣੀ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ। ਬਾਅਦ ਵਿਚ ਸੰਗਤ ਨਾਲ ਸੰਪਰਕ ਸਥਾਪਤ ਕਰਨ ਲਈ ਗੁਰੂ ਸਾਹਿਬਾਨ ਨੇ ਮਸੰਦ ਪ੍ਰਥਾ ਜਾਰੀ ਕਰ ਦਿੱਤੀ। ਦਸਮ ਪਾਤਸ਼ਾਹ ਨੇ ਸੰਗਤ ਅਤੇ ਗੁਰੂ ਵਿਚੋਂ ਮਸੰਦ ਪ੍ਰਥਾ ਸਮਾਪਤ ਕੀਤੀ ਤਾਂ ਉਨ੍ਹਾਂ ਨੇ ਸੰਗਤ ਨੂੰ ਖਾਲਸਾ ਅਰਥਾਤ ਸਿੱਧਾ ਆਪਣੇ ਅਖਤਿਆਰ ਵਿਚ ਕਰ ਲਿਆ। ‘ਗੁਰ ਸੰਗਤ ਕੀਨੀ ਖਾਲਸਾ’ ਦਾ ਇਹੀ ਭਾਵ ਹੈ। ਇਸੇ ਲਈ ਇਹ ‘ਵਾਹਿਗੁਰੂ ਜੀ ਕਾ ਖਾਲਸਾ’ ਹੈ। ਖਾਲਸਾ ਸ਼ਬਦ ਦੇ ਦੁਜੈਲੇ ਅਰਥਾਂ ਵਿਚ ਵੀ ਇਸ ਦਾ ਪ੍ਰਥਮ ਅਰਥ ‘ਸ਼ੁੱਧ’ ਸ਼ਾਮਲ ਹੈ। ਸ਼ੁੱਧਤਾ ਬਗੈਰ ਖਾਲਸੇ ਬਾਬਤ ਸੋਚਿਆ ਹੀ ਨਹੀਂ ਜਾ ਸਕਦਾ।
ਇਸਲਾਮੀ ਜਗਤ ਵਿਚ ਵਕਫ ਉਸ ਜ਼ਮੀਨ ਨੂੰ ਕਹਿੰਦੇ ਹਨ, ਜੋ ਰੱਬ ਦੇ ਨਾਂ ‘ਤੇ ਛੱਡੀ ਜਾਂ ਰੱਖੀ ਗਈ ਹੋਵੇ। ਅਜਿਹੀਆਂ ਥਾਂਵਾਂ ਅਕਸਰ ਕਬਰਿਸਤਾਨ ਵਜੋਂ ਵਰਤੀਆਂ ਜਾਂਦੀਆਂ ਸਨ। ਸ਼ਾਮਲਾਟ ਵੀ ਅਜਿਹੀ ਜ਼ਮੀਨ ਹੁੰਦੀ ਹੈ ਜੋ ਸਭ ਦੀ ਸਾਂਝੀ ਹੁੰਦੀ ਹੈ।
ਖਾਲਿਸਤਾਨ ਦੇ ਪ੍ਰਚਾਰਕਾਂ ਤੋਂ ਪੁੱਛਣਾ ਬਣਦਾ ਹੈ ਕਿ ਉਹ ਖਾਲਸਾ ਸ਼ਬਦ ਦੇ ਕਿਹੜੇ ਅਰਥ ਤਹਿਤ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ, ਜਿੱਥੇ ਗੁਰੂ ਦੇ ਨਹੀਂ, ਕੇਵਲ ਪੰਜਾਬ ਦੇ ਚੰਦ ਸਿੱਖਾਂ ਦੇ ‘ਬੋਲ ਬਾਲੇ’ ਹੋਣਗੇ, ਜਿਥੋਂ ਗੈਰ ਸਿੱਖਾਂ ਨੂੰ ਜਾਂ ਤਾਂ ਆਪਣੇ ਕਾਰੋਬਾਰ ਬੰਦ ਕਰਕੇ ਹੋਰ ਸੂਬਿਆਂ ਵਿਚ ਪਨਾਹ ਲੈਣੀ ਪਵੇਗੀ ਜਾਂ ਦੋਇਮ ਅਵਸਥਾ ਵਿਚ ਦਿਨ-ਕਟੀ ਕਰਨੀ ਪਵੇਗੀ? ਜਿੱਥੇ ਗਰੀਬ ਨੂੰ ਮਹਿਜ ‘ਆਟਾ-ਦਾਲ’ ਸਕੀਮ ਬਦਲੇ ਆਪਣੀ ਇੱਜਤ ਅਤੇ ਅਣਖ ਸਭ ਕੁਝ ਗਿਰਵੀ ਰੱਖਣਾ ਪਵੇਗਾ? ਨਹੀਂ ਤਾਂ ਕਿਸੇ ਰੋਡੇ, ਭੋਡੇ ਜਾਂ ‘ਡੋਡੇ ਅਕਾਲੀ’ ਤੋਂ ਲੱਤਾਂ-ਬਾਹਾਂ ਤੁੜਵਾਉਣ ਲਈ ਤਿਆਰ ਰਹਿਣਾ ਪਵੇਗਾ?
ਅੰਗਰੇਜ਼ੀ ਦੇ ਦੋ ਲਫਜ਼ ਹਨ: ‘ਸਿਨਕਰਿਟਿਜ਼ਮ’ ਅਤੇ ‘ਸਿੰਨਥਿਸਿਸ’ ਪਹਿਲੇ ਦਾ ਅਰਥ ਹੈ, ਵਿਭਿੰਨ ਚੀਜ਼ਾਂ ਨੂੰ ਇਕੱਠੇ ਕਰਨਾ ਅਤੇ ਦੂਜੇ ਦਾ ਭਾਵ ਹੈ, ਵੱਖੋ ਵੱਖ ਚੀਜ਼ਾਂ ਦਰਮਿਆਨ ਇਕਸੁਰਤਾ ਦਾ ਸੂਤਰ ਸਿਰਜਣਾ। ਸਿੱਖੀ ਦੀ ਮੌਲਿਕਤਾ ਵਿਭਿੰਨ ਸਭਿਆਤਾਵਾਂ ਤੇ ਵਿਚਾਰਧਾਰਾਵਾਂ ਵਿਚ ਇਕਸੁਰਤਾ ਦੇ ਸੂਤਰ ਵਜੋਂ ਸਾਂਝੀਵਾਲਤਾ ਦੀ ਤਲਾਸ਼ ਹੈ। ਸਿੱਖੀ ਮੌਲਿਕ ਹੈ, ਪਰ ਵੱਖਰਤਾਵਾਂ ਨੂੰ ਇਕਸੁਰ ਕਰਨ ਵਿਚ। ਅਜੋਕੇ ਸਿੱਖ ਵਿਦਵਾਨ ਸਿੱਖੀ ਦੀ ਮੌਲਿਕਤਾ ਨਸ਼ਟ ਕਰਨ ‘ਤੇ ਤੁੱਲੇ ਹੋਏ ਹਨ। ਅਸੀਂ ਵਿਸ਼ਵ ਵਿਚ ਇਕਸੁਰਤਾ ਉਤਪਨ ਕਰਦੇ ਕਰਦੇ ਵੱਖਵਾਦ ਦੀ ਦਲ-ਦਲ ਵਿਚ ਧਸਦੇ ਜਾ ਰਹੇ ਹਾਂ। ਅਸੀਂ ਹੁਣ ਪੰਜਾਬ ਦੀ ਇਕਸੁਰਤਾ ਵਿਚ ਵੀ ਵਿਗਾੜ ਪੈਦਾ ਕਰ ਲਏ ਹਨ। ਦੂਸਰੇ ਦੋਸ਼ੀ ਹੋ ਸਕਦੇ ਹਨ, ਅਸੀਂ ਆਪਣੇ ਟੀਚੇ ਤੋਂ ਪਿਛੇ ਕਿਉਂ ਹਟੀਏ! ਆਪਣੇ ਹਿੱਸੇ ਦਾ ਦੋਸ਼ ਕਬੂਲੀਏ ਅਤੇ ਮੁੜ ਸੁੱਚੇ ਅਤੇ ਸੱਚੇ ਇਰਾਦੇ ਨਾਲ ਸਾਂਝੀਵਾਲਤਾ ਦੇ ਮਹਾਂ ਟੀਚੇ ‘ਚ ਜੁਟ ਜਾਈਏ। ਗੁਰੂ ਗ੍ਰੰਥ ਸਾਹਿਬ ਕਲਜੁਗ ਦਾ ਜਹਾਜ ਹੈ, ਜਿਸ ਵਿਚ ਚੜ੍ਹਨ ਲਈ ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਕੋਈ ਟਿਕਟ ਨਹੀਂ, ਕਿਰਾਇਆ ਨਹੀਂ, ਲਾਇਸੰਸ ਨਹੀਂ ਤੇ ਪਾਸਪੋਰਟ ਨਹੀਂ। ਆ ਜਾਉ ਜੀਹਨੇ ਪਾਰ ਲੰਘਣਾ।
#