ਗੁਨਾਹਗਾਰ

ਰੂਸੀ ਲਿਖਾਰੀ ਲਿਓ ਤਾਲਸਤਾਏ ਦਾ ਸੰਸਾਰ ਸਾਹਿਤ ਵਿਚ ਆਪਣਾ ਮੁਕਾਮ ਹੈ। ਉਹਦੀਆਂ ਰਚਨਾਵਾਂ ਬੰਦੇ ਅਤੇ ਬੰਦੇ ਦਾ ਆਲਾ-ਦੁਆਲਾ ਫਰੋਲਦੀਆਂ ਮਨੁੱਖਤਾ ਦੀ ਬਾਤ ਪਾਉਂਦੀਆਂ ਹਨ। ‘ਗੁਨਾਹਗਾਰ’ ਨਾਂ ਦੀ ਇਸ ਕਹਾਣੀ ਵਿਚ ਉਸ ਨੇ ਅਮੀਰ-ਗਰੀਬ ਦੇ ਪਾੜੇ ਨੂੰ ਐਨ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਤਾਲਸਤਾਏ ਦੀਆਂ ਰਚਨਾਵਾਂ ਦਾ ਬਿਰਤਾਂਤ ਪਾਠਕ ਨੂੰ ਬੰਨ੍ਹ ਕੇ ਬਿਠਾ ਛੱਡਦਾ ਹੈ ਅਤੇ ਉਹ ਆਪਣੀ ਕਥਾ ਬਹੁਤ ਸਹਿਜ ਨਾਲ ਸੁਣਾਈ ਜਾਂਦਾ ਹੈ।

ਇਸ ਬਿਰਤਾਂਤ ਦੀਆਂ ਇਕ ਨਹੀਂ, ਅਨੇਕ ਲੜੀਆਂ ਨਾਲੋ-ਨਾਲ ਤੁਰਦੀਆਂ ਦਿਸਦੀਆਂ ਹਨ। -ਸੰਪਾਦਕ

ਲਿਓ ਤਾਲਸਤਾਏ
1881 ਦਸੰਬਰ ਦਾ ਮਹੀਨਾ। ਤੇਜ਼ ਠੰਢੀ ਹਵਾ। ਪਾਲ਼ੇ ਦੀ ਪੂਰੀ ਮਾਰੋ-ਮਾਰ। ਮੈਂ ਮਾਸਕੋ ਦੇ ਝੁੱਗੀ-ਝੌਂਪੜੀ ਵਾਲੇ ਲੋਕਾਂ ਦੇ ਖਿਤਰੋਫ ਬਾਜ਼ਾਰ ਵੱਲ ਤੁਰ ਪਿਆ। ਸ਼ਾਮ ਦੇ 4 ਕੁ ਵਜੇ ਹੋਣਗੇ। ਕੰਮ-ਕਾਜੀ ਦਿਨ ਹੋਣ ਕਾਰਨ ਸੜਕ ‘ਤੇ ਕਾਫੀ ਰੌਣਕ ਸੀ। ਅਜੇ ਮੈਂ ਥੋੜ੍ਹੀ ਹੀ ਦੂਰ ਗਿਆ ਸਾਂ ਕਿ ਕਾਫੀ ਲੋਕ ਦਿਸੇ ਜਿਨ੍ਹਾਂ ਬਹੁਤ ਅਨੋਖੇ ਕੱਪੜੇ ਪਾਏ ਹੋਏ ਸਨ। ਸਾਫ ਜਾਪ ਰਿਹਾ ਸੀ ਕਿ ਇਹ ਕੱਪੜੇ ਉਨ੍ਹਾਂ ਦੇ ਆਪਣੇ ਨਾਪ ਦੇ ਨਹੀਂ ਸਨ। ਜੁੱਤੀਆਂ ਤਾਂ ਹੋਰ ਵੀ ਅਨੋਖੀਆਂ। ਬਿਮਾਰਾਂ ਵਰਗੇ ਪੀਲੇ ਚਿਹਰੇ ਅਤੇ ਚਾਲ-ਢਾਲ ਵੀ ਬੇਫਿਕਰੀ ਜਿਹੀ, ਮਾਨੋ ਆਪਣੇ ਆਲੇ-ਦੁਆਲੇ ਤੋਂ ਉਨ੍ਹਾਂ ਦਾ ਕੋਈ ਮਤਲਬ ਨਾ ਹੋਵੇ।
ਤਦੇ ਮੈਂ ਦੇਖਿਆ ਕਿ ਇਕ ਬੰਦਾ ਬੜੇ ਅਨੋਖੇ ਤੇ ਬੇਢੰਗੇ ਜਿਹੇ ਕੱਪੜੇ ਪਾਈ ਬੇਫਿਕਰਾ ਜਿਹਾ ਤੁਰਿਆ ਆ ਰਿਹਾ ਹੈ। ਉਸ ਨੂੰ ਕੋਈ ਚਿੰਤਾ ਨਹੀਂ ਕਿ ਉਹ ਕਾਰਟੂਨ ਵਾਂਗ ਜਾਪ ਰਿਹਾ ਹੈ। ਅਜਿਹੇ ਹੋਰ ਵੀ ਕਈ ਸਨ। ਉਹ ਸਾਰੇ ਇਕੋ ਪਾਸੇ ਜਾ ਰਹੇ ਸਨ। ਮੈਂ ਇਸ ਰਾਹੋਂ ਅਨਜਾਣ ਸਾਂ, ਪਰ ਸੋਚਿਆ, ਦੇਖਾਂ ਤਾਂ ਸਹੀ ਕਿਹੜੇ ਮੌਜ-ਮੇਲੇ ‘ਚ ਜਾ ਰਹੇ ਨੇ। ਬਿਨਾ ਪੁੱਛਿਆਂ ਹੀ ਮੈਂ ਮਗਰੇ-ਮਗਰ ਤੁਰ ਪਿਆ ਅਤੇ ਖਿਤਰੋਫ ਬਾਜ਼ਾਰ ਪੁੱਜ ਗਿਆ।
ਕੀ ਦੇਖਦਾਂ, ਤੀਵੀਆਂ ਵੀ ਮਰਦਾਂ ਵਾਂਗ ਰੰਗ-ਬਰੰਗੀਆਂ ਟੋਪੀਆਂ, ਜੈਕਟਾਂ, ਜੁੱਤੀਆਂ ਪਾਈ, ਉਹ ਵੀ ਸਾਰੀਆਂ ਆਪਣੇ ਬੇਢੰਗ ਪਹਿਰਾਵੇ ‘ਚ ਬੇਫਿਕਰ। ਕਈ ਸਾਮਾਨ ਵੇਚ ਰਹੀਆਂ ਸਨ, ਕਈ ਖਰੀਦ ਵੀ ਰਹੀਆਂ ਸਨ। ਕਈ ਉਂਜ ਵੀ ਤੁਰ ਫਿਰ ਰਹੀਆਂ ਸਨ, ਇਕ ਦੂਜੀ ਨੂੰ ਗਾਲ੍ਹਾਂ ਕੱਢਦੀਆਂ, ਨਿੰਦਦੀਆਂ।
ਸ਼ਾਇਦ ਮੇਲਾ ਖਤਮ ਹੋਣ ਵਾਲਾ ਸੀ, ਕਿਉਂਕਿ ਚਲੋ-ਚਲੀ ਤੇਜ਼ ਹੋ ਗਈ ਸੀ। ਬਹੁਤੇ ਲੋਕ ਉਧਰੋਂ ਹੁੰਦੇ ਪਹਾੜੀ ਵੱਲ ਜਾ ਰਹੇ ਸਨ। ਮੈਂ ਵੀ ਪਹਾੜੀ ਵੱਲ ਰੁਖ ਕਰ ਲਿਆ। ਤੁਰਿਆ ਜਾਂਦਾ ਦੇਖੀ ਜਾਵਾਂ, ਸਾਰੇ ਲੋਕ ਇਕ ਪਾਸੇ ਜਾ ਰਹੇ ਹਨ। ਜਦ ਮੈਂ ਪਹਾੜੀਓਂ ਉਤਰ ਕੇ ਸੜਕ ‘ਤੇ ਪਹੁੰਚਿਆ ਤਾਂ ਅੱਗੇ ਜਾ ਰਹੀਆਂ ਦੋ ਤੀਵੀਆਂ ਮਿਲੀਆਂ-ਇਕ ਬੁੱਢੀ, ਇਕ ਮੁਟਿਆਰ। ਦੋਹਾਂ ਨੇ ਭੂਰੇ ਰੰਗ ਦੇ ਪਾਟੇ ਕੱਪੜੇ ਪਾਏ ਹੋਏ। ਗੱਲਾਂ ਕਰਦੀਆਂ ਜਾਂਦੀਆਂ ਸਨ। ਵਿਚ-ਵਿਚ ਬੇਤੁਕਾ ਵੀ ਬੋਲਦੀਆਂ ਅਤੇ ਅਸ਼ਲੀਲ ਸ਼ਬਦ ਵੀ ਵਰਤਦੀਆਂ। ਦੋਵੇਂ ਨਸ਼ੇ ਵਿਚ ਤਾਂ ਨਹੀਂ ਸਨ, ਪਰ ਗੱਲਾਂ ‘ਚ ਇੰਨੀਆਂ ਮਸਤ ਕਿ ਆਲੇ-ਦੁਆਲੇ ਤੋਂ ਬੇਪ੍ਰਵਾਹ। ਆਉਂਦਾ-ਜਾਂਦਾ ਕੋਈ ਵੀ ਉਨ੍ਹਾਂ ਵੱਲ ਧਿਆਨ ਨਹੀਂ ਸੀ ਦਿੰਦਾ। ਜਾਪਦਾ ਸੀ, ਇਸ ਪਾਸੇ ਇਹ ਗੱਲਾਂ ਆਮ ਹਨ।
ਸੜਕ ਦੇ ਖੱਬੇ ਕਈ ਸਰਾਵਾਂ ਸਨ। ਕੁਝ ਲੋਕ ਉਨ੍ਹਾਂ ਅੰਦਰ ਵੜ ਗਏ। ਕੁਝ ਅਗਾਂਹ ਤੁਰਦੇ ਗਏ। ਥੋੜ੍ਹੇ ਚਿਰ ਪਿੱਛੋਂ ਅਸੀਂ ਵੱਡੇ ਮਕਾਨ ਕੋਲ ਪਹੁੰਚੇ। ਜਿਨ੍ਹਾਂ ਨਾਲ ਮੈਂ ਤੁਰ ਰਿਹਾ ਸਾਂ, ਉਨ੍ਹਾਂ ਵਿਚੋਂ ਬਹੁਤੇ ਉਥੇ ਹੀ ਠਹਿਰ ਗਏ।
ਬਰਫ ਨਾਲ ਢਕੇ ਉਸ ਮਕਾਨ ਦੇ ਸੱਜੇ ਵੱਲ ਸੈਂਕੜੇ ਤੀਵੀਆਂ ਦੀ ਲੰਮੀ ਪੰਗਤੀ ਅਤੇ ਖੱਬੇ ਪਾਸੇ ਮਰਦ। ਸਾਰੇ ਆਪਣੀ ਵਾਰੀ ਉਡੀਕ ਰਹੇ ਸਨ। ਮੈਂ ਦੋਹਾਂ ਪੰਗਤੀਆਂ ਵਿਚਾਲਿਓਂ ਹੁੰਦਾ ਅਖੀਰ ਤੱਕ ਪਹੁੰਚਿਆ। ਲੋਕ ਜਿਸ ਮਕਾਨ ਦੇ ਬਾਹਰ ਖਲੋਤੇ ਸਨ, ਉਹ ‘ਲਿਆਪਨ ਅਨਾਥ ਆਸ਼ਰਮ’ ਸੀ ਜਿਥੇ ਇਹ ਰਾਤੀਂ (ਬਿਨਾ ਕਿਸੇ ਭਾੜੇ ਦੇ) ਸੌਂਦੇ ਸਨ।
ਅਨਾਥ ਆਸ਼ਰਮ ਦੇ ਬੂਹੇ ਅਜੇ ਬੰਦ ਸਨ। ਲੋਕ ਉਥੇ ਆ ਕੇ ਜਮ੍ਹਾਂ ਹੋ ਰਹੇ ਸਨ। ਮੈਂ ਉਥੇ ਆ ਕੇ ਖੜੋ ਗਿਆ, ਜਿਥੇ ਆਦਮੀਆਂ ਦੀ ਕਤਾਰ ਖਤਮ ਹੁੰਦੀ ਸੀ। ਜਿਹੜੇ ਮੇਰੇ ਬਿਲਕੁਲ ਨੇੜੇ ਖਲੋਤੇ ਸਨ, ਉਹ ਮੇਰੇ ਵੱਲ ਇੱਦਾਂ ਦੇਖਣ ਲੱਗੇ ਕਿ ਮੈਂ ਕਿਸੇ ਓਪਰੀ ਦੁਨੀਆਂ ਦਾ ਹੋਵਾਂ। ਮਾਨੋ ਉਨ੍ਹਾਂ ਦੀਆਂ ਅੱਖਾਂ ਪੁੱਛ ਰਹੀਆਂ ਹੋਣ, ‘ਤੂੰ ਕੀ ਕਰਨ ਆਇਐਂ ਇਥੇ? ਸਾਡੀ ਦੁਰਦਸ਼ਾ ਦਾ ਮੌਜੂ ਉਡਾਉਣ? ਜਾਂ ਸਾਡੇ ‘ਤੇ ਦਇਆ ਕਰਨ ਆਇਐਂ, ਜਿਹੜੇ ਇਸ ਦੁਨੀਆਂ ‘ਚ ਜਿਹੇ ਆਏ ਜਿਹੇ ਨਾ ਆਏ।’ ਹਰ ਚਿਹਰੇ ‘ਤੇ ਇਹੀ ਸਵਾਲ ਸੀ।
ਉਨ੍ਹਾਂ ਮੇਰੇ ਵੱਲ ਦੇਖਿਆ, ਅੱਖਾਂ ਮਿਲਦਿਆਂ ਹੀ ਮੂੰਹ ਫੇਰ ਲਏ। ਮੈਂ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ, ਪਰ ਕਾਫੀ ਸਮਾਂ ਜਿਗਰਾ ਨਾ ਪਿਆ। ਉਂਜ ਅਸੀਂ ਚੁੱਪ ਰਹਿੰਦਿਆਂ ਵੀ ਇਕ ਦੂਜੇ ਦੇ ਨੇੜੇ ਸਾਂ। ਦੋ-ਤਿੰਨ ਵਾਰ ਨਜ਼ਰਾਂ ਮਿਲਣ ਪਿੱਛੋਂ ਮਹਿਸੂਸ ਹੋਇਆ ਕਿ ਜ਼ਿੰਦਗੀ ‘ਚ ਭਾਵੇਂ ਦੂਰੀ ਕਿੰਨੀ ਵਧ ਗਈ ਹੈ, ਪਰ ਹਕੀਕਤ ਵਿਚ ਅਸੀਂ ਇਕੋ ਪਰਿਵਾਰ-ਭਾਈਚਾਰਾ ਹੀ ਤਾਂ ਹਾਂ। ਹੌਲੀ-ਹੌਲੀ ਬੇਭਰੋਸਗੀ ਦੂਰ ਹੁੰਦੀ ਗਈ।
ਮੇਰੇ ਕੋਲ ਕੋਈ ਕਿਸਾਨ ਖਲੋਤਾ ਸੀ। ਲਾਲ ਦਾੜ੍ਹੀ ਅਤੇ ਚਿਹਰਾ ਸੁੱਜਿਆ ਹੋਇਆ। ਪਾਟਿਆ-ਪੁਰਾਣਾ ਕੋਟ। ਜੁੱਤੀਆਂ ਵੀ ਕੀ, ਛਿੱਤਰ ਕਹੋ! ਉਸ ਘੜੀ ਅੰਤਾਂ ਦੀ ਠੰਢ ਪੈ ਰਹੀ ਸੀ। ਸਾਡੀਆਂ ਨਜ਼ਰਾਂ ਕਈ ਵਾਰ ਮਿਲੀਆਂ। ਮੈਂ ਉਸ ਨੂੰ ਆਪਣੇ ਦਿਲ ਦੇ ਨੇੜੇ ਬੈਠਾ ਮਹਿਸੂਸ ਕੀਤਾ। ਹਿੰਮਤ ਕਰ ਕੇ ਮੈਂ ਪੁੱਛਿਆ, “ਤੁਸੀਂ ਕਿਥੋਂ ਆਏ ਹੋ?”
“ਮੈਂ ਸਾਲੇਂਸਕੋਂ ਤੋਂ ਆਇਆਂ। ਸੋਚਿਆ, ਮਾਸਕੋ ਜਾਵਾਂæææ ਕੰਮ ਦਾ ਕੋਈ ਜੁਗਾੜ ਬਣੇਂ।” ਉਸ ਕਿਹਾ ਤੇ ਗੱਲਾਂ ਚੱਲ ਪਈਆਂ। ਉਹ ਆਸਵੰਦ ਸੀ ਕਿ ਆਪਣਾ ਢਿੱਡ ਭਰ ਕੇ ਪਰਿਵਾਰ ਲਈ ਵੀ ਬਚਾਏਗਾ ਅਤੇ ਲੈਣ-ਦੇਣ ਵੀ ਉਤਾਰ ਦੇਵੇਗਾ। ਸਾਨੂੰ ਗੱਲਾਂ ਕਰਦਿਆਂ ਦੇਖ ਹੋਰ ਲੋਕ ਵੀ ਨੇੜੇ ਆਉਂਦੇ ਗਏ।
ਉਸ ਕਿਸਾਨ ਨੇ ਦੱਸਿਆ ਕਿ ਬੜੇ ਧੱਕੇ ਖਾਧੇ, ਪਰ ਕਿਤੇ ਲੱਤ ਨਾ ਅੜੀ। ਜੋ ਕੁਝ ਪੱਲੇ ਸੀ, ਉਹ ਵੀ ਪੁਲਿਸ ਵਾਲਿਆਂ ਨੇ ਖੋਹ-ਖੱਸ ਲਿਆ। ਰੱਬ ਜਾਣਦੈæææ ਮੈਂ ਸੁੱਚ-ਮੂੰਹ ਹਾਂ (ਇਹ ਗੱਲ ਉਦੋਂ ਦੀ ਹੈ ਜਦੋਂ ਬੇਅੰਤ ਸਿਪਾਹੀ ਘੱਟ ਤਨਖਾਹਾਂ ‘ਤੇ ਭਰਤੀ ਹੋ ਜਾਂਦੇ ਸਨ)। ਉਸ ਇਹ ਪੋਲ ਡਰਦਿਆਂ-ਡਰਦਿਆਂ ਖੋਲ੍ਹੀ ਅਤੇ ਮੁਸਕਰਾਉਣ ਦੀ ਕੋਸ਼ਿਸ਼ ਵੀ ਕੀਤੀ।
ਨੇੜੇ ਹੀ ਕੋਈ ਬੁੱਢਾ ਸਿਪਾਹੀ ਮਾਖਿਓ ਅਤੇ ਮਸਾਲੇ ਤੋਂ ਬਣਿਆ ਗਰਮ ਕਾਹਵਾ ਵੇਚ ਰਿਹਾ ਸੀ। ਮੈਂ ਉਸ ਨੂੰ ਉਂਗਲ ਨਾਲ ਸੈਨਤ ਕੀਤੀ, ‘ਕਾਹਵੇ ਦਾ ਗਿਲਾਸ।’ ਕਿਸਾਨ ਨੇ ਘੁੱਟ ਭਰਨ ਤੋਂ ਪਹਿਲਾਂ ਗਲਾਸ ਨੂੰ ਪਲੋਸਦਿਆਂ ਘੁੱਟਦਿਆਂ ਆਪਣੇ ਹੱਥ ਸੇਕੇ। ਉਹ ਕਾਹਵੇ ਦੀ ਭੋਰਾ ਤਪਸ਼ ਵੀ ਮਾਣ ਲੈਣੀ ਚਾਹੁੰਦਾ ਸੀ।
ਉਸ ਆਪਣੀ ਦਾਸਤਾਨ ਸੁਣਾਈ। ਭੋਖੜੇ ਦੇ ਸਤਾਏ ਇਨ੍ਹਾਂ ਸਾਰਿਆਂ ਦੀਆਂ ਇਕੋ ਜਿਹੀਆਂ ਕਥਾਵਾਂ ਹੁੰਦੀਆਂ ਹਨ। ਉਸ ਦੱਸਿਆ, “ਪਹਿਲਾਂ ਮੈਨੂੰ ਥੋੜ੍ਹਾ ਜਿਹਾ ਕੰਮ ਮਿਲਿਆ। ਉਸ ਪਿੱਛੋਂ ਕਈ ਦਿਨ ਸੁੱਕੇ ਲੰਘ ਗਏ। ਅੰਤ ਇਥੇ ਸ਼ਰਨ ਲੈਣ ਆਇਆਂ, ਇਥੇ ਰਹਿਣ ਨੂੰ ਮੁਫਤ ਥਾਂ ਮਿਲ ਜਾਂਦੀ ਹੈ। ਮੇਰਾ ਬਟੂਆ ਜਿਸ ‘ਚ ਮੇਰਾ ਪਾਸਪੋਰਟ ਤੇ ਬਚੇ-ਖੁਚੇ ਪੈਸੇ ਸਨ, ਇਸੇ ਅਨਾਥ ਆਸ਼ਰਮ ਵਿਚ ਚੋਰੀ ਹੋ ਗਏ। ਹੁਣ ਪਿੰਡ ਜਾਣਾ ਵੀ ਔਖਾ ਹੋ ਗਿਐ। ਦਿਨੇ ਕਾਹਵੇ ਦੀਆਂ ਦੁਕਾਨਾਂ ਮੂਹਰੇ ਸੇਕ ਲੈਂਦਾ ਹਾਂ। ਜੋ ਕੋਈ ਜੂਠ ਦਿੰਦੈ, ਖਾ ਕੇ ਦਿਨ-ਕਟੀ ਕਰ ਲੈਂਦਾਂ। ਪਾਸਪੋਰਟ ਗੁੰਮ ਹੈ। ਪੁਲਿਸ ਆ ਗਈ ਤਾਂ ਸ਼ਾਮਤ ਆ ਜਾਊ ਮੇਰੀ। ਪੁਲਿਸ-ਪਹਿਰੇ ‘ਚ ਪੈਦਲ ਹੀ ਘਰ ਜਾਣਾ ਪਊ। ਪਤਾ ਲੱਗਿਐ ਕਿ ਬੁੱਧਵਾਰ ਨੂੰ ਪੁਲਿਸ ਗਸ਼ਤ ਲਾਏਗੀ। ਬੱਸ, ਉਹੀ ਦਿਨ ਉਡੀਕ ਰਿਹਾਂ।”
ਸਾਫ ਜ਼ਾਹਰ ਹੈ ਕਿ ਜੇਲ੍ਹ ਤੋਂ ਘਰ ਤੱਕ ਦੀ ਪੈਦਲ ਯਾਤਰਾ ਸਵਰਗ ਵਰਗੀ ਜਾਪਦੀ ਸੀ। ਭੀੜ ‘ਚੋਂ ਹੋਰ ਕਈਆਂ ਵੀ ਉਸ ਦੀ ਹਾਮੀ ਭਰੀ ਤੇ ਦੱਸਿਆ ਕਿ ਉਹ ਵੀ ਇਸੇ ਮੁਸੀਬਤ ਵਿਚ ਤੜਫ ਰਹੇ ਹਨ।
ਉਸੇ ਵੇਲੇ ਲੰਮੇ ਨੱਕ ਵਾਲਾ ਮਾੜਚੂ ਜਿਹਾ ਨੌਜਵਾਨ ਜਿਸ ਨੇ ਸਿਰਫ ਪਾਟੀ ਹੋਈ ਕਮੀਜ਼ ਪਾਈ ਹੋਈ ਸੀ, ਸਿਰ ‘ਤੇ ਟੋਪੀ ਉਪਰਲਾ ਹਿੱਸਾ ਗਾਇਬ ਸੀ, ਲੋਕਾਂ ਨੂੰ ਪਿਛਾਂਹ ਧੱਕਦਾ ਮੇਰੇ ਤੱਕ ਪਹੁੰਚਿਆ। ਉਹ ਠੰਢ ਨਾਲ ਕੰਬ ਰਿਹਾ ਸੀ। ਫਿਰ ਵੀ ਉਹ ਕਿਸਾਨ ਦੀਆਂ ਗੱਲਾਂ ਨਫਰਤੀ ਹਾਸੇ ‘ਚ ਸੁਣਦਾ ਰਿਹਾ। ਮੇਰੇ ਵੱਲ ਨਜ਼ਰਾਂ ਗੱਡ ਕੇ ਦੇਖਣ ਲੱਗਾ। ਸ਼ਾਇਦ ਉਸ ਨੇ ਇਹ ਸੋਚਿਆ ਹੋਣਾ ਕਿ ਅਜਿਹੀ ਕੋਸ਼ਿਸ਼ ‘ਤੇ ਮੈਂ ਉਸ ਵੱਲ ਵੀ ਝੁਕ ਸਕਦਾਂ।
ਮੈਂ ਕਾਹਵੇ ਦਾ ਗਿਲਾਸ ਉਸ ਲਈ ਵੀ ਮੰਗਵਾਇਆ। ਗਲਾਸ ਫੜਦਿਆਂ ਉਸ ਵੀ ਆਪਣੇ ਹੱਥ ਸੇਕੇ, ਪਰ ਜਿਉਂ ਹੀ ਉਹ ਕੁਝ ਕਹਿਣ ਲੱਗਾ, ਇਕ ਹੋਰ ਲੰਮ-ਸਲੰਮਾ ਕਾਲਾ-ਧੂਤ, ਤੋਤੇ ਵਰਗੇ ਮੁੜਵੇਂ ਨੱਕ ਵਾਲਾ ਬੰਦਾ ਉਸ ਨੂੰ ਧੱਕਾ ਮਾਰ ਕੇ ਅੱਗੇ ਲੰਘ ਗਿਆ। ਉਸ ਛੀਂਟ ਦਾ ਕਮੀਜ਼ ਅਤੇ ਜਾਕਟ ਪਾਈ ਹੋਈ ਸੀ। ਸਿਰੋਂ ਨੰਗਾ। ਉਸ ਨੇ ਵੀ ਕਾਹਵੇ ਦਾ ਗਲਾਸ ਮੰਗਿਆ।
ਉਸ ਦੇ ਪਿੱਛੇ ਟੱਲੀ ਹੋਇਆ, ਨੋਕਦਾਰ ਦਾੜ੍ਹੀ ਵਾਲਾ ਲੰਮਾ ਬਜ਼ੁਰਗ ਆਇਆ। ਉਸ ਓਵਰਕੋਟ ਪਾਇਆ ਹੋਇਆ ਸੀ। ਲੱਕ ਨਾਲ ਡੋਰੀ ਬੰਨ੍ਹੀ ਹੋਈ। ਪੈਰੀਂ ਕੱਪੜੇ ਦੇ ਬੂਟ। ਉਸ ਪਿੱਛੇ ਇਕ ਮੁੰਡਾ ਵੀ ਆਇਆ। ਮੂੰਹ ਸੁੱਜਿਆ ਹੋਇਆ, ਸਿੰਮਦੀਆਂ ਅੱਖਾਂ। ਭੂਰੇ ਰੰਗ ਦੀ ਜਾਕਟ ਪਾਈ ਹੋਈ। ਪਾਟੀ ਪੈਂਟ ਵਿਚੋਂ ਉਸ ਦੇ ਨੰਗੇ ਗੋਡੇ ਦਿਸ ਰਹੇ ਸਨ। ਸਖ਼ਤ ਠੰਢ ਨਾਲ ਉਸ ਦੇ ਗੋਡੇ ਭਿੜ-ਭਿੜ ਜਾਂਦੇ। ਉਹ ਇੰਨਾ ਕੰਬ ਰਿਹਾ ਸੀ ਕਿ ਕਾਹਵੇ ਦਾ ਗਲਾਸ ਵੀ ਉਸ ਆਪਣੇ ਉਪਰ ਸੁੱਟ ਲਿਆ। ਦੂਜੇ ਗਾਲ੍ਹਾਂ ਕੱਢਣ ਲੱਗੇ, ਪਰ ਉਹ ਮਿਹਰ ਦੀ ਭੀਖ ਮੰਗਦਾ ਮੁਸਕਰਾਇਆ ਤੇ ਖੜ੍ਹਾ-ਖੜ੍ਹਾ ਕੰਬਦਾ ਰਿਹਾ।
ਉਸ ਮੁੰਡੇ ਤੋਂ ਪਿੱਛੋਂ ਚੀਥੜਿਆਂ ਵਿਚ ਬਦਸੂਰਤ ਕਰੂਪ ਸਰੀਰ ਵਾਲਾ ਬੰਦਾ ਸੀ। ਉਸ ਨੰਗੇ ਪੈਰਾਂ ‘ਤੇ ਲੀਰਾਂ ਬੰਨ੍ਹੀਆਂ ਹੋਈਆਂ ਸਨ। ਫਿਰ ਤਾਂ ਜਿਵੇਂ ਦੁਖਿਆਰਿਆਂ ਦਾ ਹੜ੍ਹ ਹੀ ਆ ਗਿਆ ਹੋਵੇ! ਇਕ-ਇਕ ਕਰਦਿਆਂ ਮੈਂ ਕਈਆਂ ਦੇ ਘੇਰੇ ‘ਚ ਆ ਗਿਆ ਸਾਂ। ਕਿਸੇ ਨੇ ਅਫਸਰਾਂ ਵਰਗੇ ਕੱਪੜੇ ਪਾਏ ਹੋਏ ਸਨ, ਕਿਸੇ ਪਾਦਰੀਆਂ ਵਰਗੇ। ਕਈਆਂ ਦਾ ਨੱਕ ਹੀ ਉਡਿਆ ਹੋਇਆ ਸੀ, ਕਿਸੇ ਦੀ ਸੂਰਤ ਹੀ ਅਨੋਖੀ ਸੀ; ਪਰ ਸਨ ਉਹ ਸਾਰੇ ਭੁੱਖੇ-ਨੰਗੇ, ਠੰਢ ਦੇ ਮਾਰੇ, ਜ਼ਿੱਦੀ ਅਤੇ ਕਮਜ਼ੋਰ-ਲਿਤਾੜੇ। ਸਾਰੇ ਕਾਹਵੇ ਨੂੰ ਟੁੱਟ ਕੇ ਪੈ ਗਏ। ਇਕ ਬੂੰਦ ਵੀ ਨਾ ਬਚੀ। ਸਾਰੇ ਪਤੀਲੇ ਸਾਫ।
ਤਦ ਇਕ ਬੰਦੇ ਨੇ ਮੈਥੋਂ ਕੁਝ ਪੈਸੇ ਮੰਗੇ, ਮੈਂ ਦੇ ਵੀ ਦਿੱਤੇ। ਫਿਰ ਦੂਜੇ, ਤੀਜੇ ਨੇ ਵੀ। ਫਿਰ ਤਾਂ ਭੀੜ ਦੀ ਭੀੜ ਹੀ ਮੇਰੇ ‘ਤੇ ਟੁੱਟ ਪਈ। ਸਾਰੇ ਆਪਸ ਵਿਚ ਧੱਕਾ-ਮੁੱਕੀ ਕਰਨ ਲੱਗੇ। ਇੰਨੇ ਨੂੰ ਨਾਲ ਦੇ ਘਰੋਂ ਚੌਕੀਦਾਰ ਨਿਕਲਿਆ। ਉਸ ਸਭ ਨੂੰ ਝਿੜਕਦਿਆਂ ਕਿਹਾ, “ਮੇਰੇ ਘਰ ਅੱਗਿਓਂ ਸਾਰੇ ਪਰ੍ਹਾਂ ਹੋ ਜਾਓ।”
ਸਾਰੇ ਚੁੱਪ-ਚਾਪ ਪਰ੍ਹਾਂ ਹਟ ਗਏ। ਭੀੜ ਵਿਚੋਂ ਕੁਝ ਵਾਲੰਟੀਅਰ ਬਣ ਕੇ ਮੇਰੀ ਰਾਖੀ ਲਈ ਤਾਇਨਾਤ ਹੋ ਗਏ। ਉਹ ਮੈਨੂੰ ਭਗਦੜ ਵਿਚੋਂ ਬਾਹਰ ਲਿਜਾਣਾ ਚਾਹੁੰਦੇ ਸਨ, ਪਰ ਪਿੱਛੋਂ ਹੋਰ ਕੋਲ ਆਈ ਗਏ। ਧੱਕਮ-ਧੱਕਾ ਹੁੰਦੇ ਮੇਰੇ ਚੁਤਰਫੀਂ ਇਕੱਠੇ ਹੋ ਗਏ। ਸਾਰੇ ਮੇਰੇ ਵੱਲ ਦੇਖ-ਦੇਖ ਕੁਝ ਮੰਗਣ ਲੱਗੇ। ਸਾਰੇ ਇਕ-ਦੂਜੇ ਤੋਂ ਵੱਧ ਸਤਾਏ ਅਤੇ ਦੁਖਿਆਰੇ। ਮੇਰੇ ਕੋਲ ਵੀਹ ਕੁ ਰੂਬਲ ਸਨ, ਸਾਰੇ ਵੰਡ ਦਿੱਤੇ। ਭੀੜ ਨਾਲ ਮੈਂ ਵੀ ਅਨਾਥ ਆਸ਼ਰਮ ਵੱਲ ਜਾ ਵੜਿਆ।
ਕਾਫੀ ਵੱਡੀ ਇਮਾਰਤ ਸੀ। ਚਾਰ ਹਿੱਸਿਆਂ ਵਾਲੀ। ਉਪਰਲੇ ਹਿੱਸੇ ‘ਚ ਮਰਦ, ਹੇਠਲੇ ਵਿਚ ਤੀਵੀਆਂ। ਇਕ ਬੜਾ ਵੱਡਾ ਕਮਰਾ ਸੀ। ਉਸ ਵਿਚ ਤੀਜੇ ਦਰਜੇ ਦੇ ਰੇਲ ਮੁਸਾਫਰਾਂ ਵਾਂਗ ਸੌਣ ਕਮਰੇ ਜਿਹੇ ਉਪਰ-ਹੇਠਾਂ ਦੋ ਕਤਾਰਾਂ ਵਿਚ ਫੱਟੇ ਲਾਏ ਹੋਏ ਸਨ। ਚੀਥੜਿਆਂ ਵਾਲੇ ਕੰਗਾਲ ਲੋਕ ਬੁੱਢੀਆਂ ਅਤੇ ਮੁਟਿਆਰਾਂ ਨੇ ਆ ਕੇ ਆਪੋ-ਆਪਣੇ ਤਖਤੇ ਮੱਲ ਲਏ। ਕੁਝ ਉਪਰ ਚੜ੍ਹ ਗਈਆਂ, ਕੁਝ ਹੇਠਾਂ ਰਹੀਆਂ। ਕੁਝ ਬੁੱਢੀਆਂ ਨੇ ਹੱਥ ਜੋੜ ਅਨਾਥ ਆਸ਼ਰਮ ਬਣਾਉਣ ਵਾਲਿਆਂ ਲਈ ਰੱਬ ਨੂੰ ਅਰਦਾਸ ਕੀਤੀ। ਕੁਝ ਔਰਤਾਂ ਹਾਸੇ-ਠੱਠੇ ਵਿਚ ਰੁਝ ਗਈਆਂ। ਗਾਲ੍ਹ-ਦੱਪਾ ਵੀ ਹੁੰਦਾ ਰਿਹਾ।
ਮੈਂ ਉਪਰਲੇ ਕਮਰੇ ਵਿਚ ਵੀ ਚੱਕਰ ਲਾਇਆ। ਉਥੇ ਵੀ ਮਰਦ ਆਪੋ-ਆਪਣੀ ਥਾਂ ਮੱਲ ਰਹੇ ਸਨ। ਉਨ੍ਹਾਂ ਵਿਚ ਇਕ ਉਹ ਵੀ ਸੀ, ਜਿਸ ਨੂੰ ਮੈਂ ਪੈਸੇ ਦਿੱਤੇ ਸਨ। ਉਸ ਨੂੰ ਦੇਖ ਕੇ ਖੌਰੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਇਉਂ ਜਾਪਿਆ, ਜਿਵੇਂ ਮੈਂ ਕੋਈ ਜੁਰਮ ਕਰ ਬੈਠਾਂ ਹੋਵਾਂ। ਛੇਤੀ ਮੈਂ ਉਥੋਂ ਖਿਸਕਣ ਦੀ ਕੀਤੀ।
ਆਪਣੇ ਘਰ ਦੀਆਂ ਸਜੀਆਂ-ਸੰਵਰੀਆਂ ਪੌੜੀਆਂ ਚੜ੍ਹਦਾ ਮੈਂ ਕੀਮਤੀ ਗਲੀਚੇ ਨਾਲ ਸਜੇ ਆਪਣੇ ਕਮਰੇ ਵਿਚ ਆਣ ਬੈਠਾ। ਓਵਰਕੋਟ ਲਾਹ ਕੇ ਟੰਗਿਆ। ਸ਼ਾਹੀ ਭੋਜਨ ਕਰਨ ਲੱਗਾ। ਚਿੱਟੇ ਦਸਤਾਨੇ ਪਾਈ ਵਰਦੀ ਧਾਰੀ ਬਹਿਰਿਆਂ ਦਾ ਬਣਾਇਆ 36 ਪ੍ਰਕਾਰ ਦਾ ਭੋਜਨ। ਰੋਟੀ ਨਬੇੜ ਕੇ ਜਦ ਮੈਂ ਆਪਣੇ ਮਖਮਲੀ ਬਿਸਤਰੇ ‘ਤੇ ਲੇਟਿਆ ਤਾਂ ਤੀਹ ਸਾਲ ਪਹਿਲਾਂ ਦੀ ਘਟਨਾ ਮੇਰੇ ਦਿਮਾਗ ਅੰਦਰ ਵੜਨ ਲੱਗੀ।
ਇਕ ਵਾਰੀ ਮੈਂ ਪੈਰਿਸ ਵਿਚ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਵਿਚ ਜੱਲਾਦਾਂ ਨੂੰ ਬੰਦੇ ਦਾ ਸਿਰ ਲਾਹੁੰਦਿਆਂ ਦੇਖਿਆ ਸੀ। ਮੈਂ ਜਾਣਦਾ ਸਾਂ, ਉਸ ਨੇ ਖਤਰਨਾਕ ਜੁਰਮ ਕੀਤਾ ਹੈ। ਇੱਦਾਂ ਪਬਲਿਕ ਵਿਚ ਸਿਰ ਵੱਢਣ ਦੇ ਪੱਖ ਵਿਚ ਸਾਰੀਆਂ ਦਲੀਲਾਂ ਤੋਂ ਵੀ ਮੈਂ ਜਾਣੂੰ ਸਾਂ। ਮੈਨੂੰ ਇਹ ਵੀ ਪਤਾ ਸੀ ਕਿ ਅਜਿਹੀ ਸਜ਼ਾ ਜਾਣ-ਬੁਝ ਕੇ ਖਾਸ ਮਕਸਦ ਨਾਲ ਹੀ ਦਿੱਤੀ ਜਾਂਦੀ ਹੈ, ਪਰ ਜਿਉਂ ਹੀ ਉਸ ਬੰਦੇ ਦਾ ਸਿਰ ਧੜ ਤੋਂ ਵੱਖ ਹੋਇਆ ਤੇ ਹੇਠਾਂ ਸੰਦੂਕ ਵਿਚ ਡਿੱਗਿਆ, ਮੇਰਾ ਸਾਹ ਘੁਟਣ ਲੱਗਾ ਅਤੇ ਸਰੀਰ ਤੇ ਮਨ ਨੇ ਹੀ ਨਹੀਂ, ਸਗੋਂ ਮੇਰੇ ਰੋਮ-ਰੋਮ ਨੇ ਮਹਿਸੂਸ ਕੀਤਾæææ ਮੌਤ ਦੀ ਸਜ਼ਾ ਦੇ ਪੱਖ ਵਿਚ ਜਿੰਨੀਆਂ ਵੀ ਦਲੀਲਾਂ ਹਨ, ਇਹ ਜ਼ਾਲਮਾਨਾ ਹਨ।
ਇਸ ਸੰਸਾਰ ਦਾ ਸਭ ਤੋਂ ਘਟੀਆ ਜੁਰਮ ਹੱਤਿਆ ਹੈ; ਭਾਵੇਂ ਉਹ ਕੋਈ ਕਤਲ ਕਰੇ, ਜਾਂ ਉਸ ਨੂੰ ਸਜ਼ਾ ਦੇਣ ਵਾਲਾ ਜੱਜ ਜਾਂ ਕੋਈ ਹੋਰ ਵੀ ਕਿਉਂ ਨਾ ਹੋਵੇ। ਕਤਲ ਆਖਰ ਕਤਲ ਹੈ, ਕਿਉਂਕਿ ਉਹ ਕਤਲ ਮੇਰੀਆਂ ਇਨ੍ਹਾਂ ਅੱਖੀਆਂ ਮੂਹਰੇ ਹੀ ਹੋਇਆ ਅਤੇ ਮੈਂ ਸੁੰਨ-ਵੱਟਾ ਹੋਇਆ ਦੇਖਦਾ ਰਿਹਾ। ਇਸ ਲਈ ਕਤਲ ਦੇ ਇਸ ਦੋਸ਼ ‘ਚ ਮੈਂ ਵੀ ਸ਼ਾਮਲ ਸਾਂ।
ਇੱਦਾਂ ਹੀ ਜਦ ਮੈਂ ਅਨਾਥ ਆਸ਼ਰਮ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੁੱਖ, ਕੰਬਣੀ ਅਤੇ ਢਹਿੰਦੀਆਂ ਕਲਾਂ ਵਾਲੀ ਜ਼ਿੰਦਗੀ ਵੇਖੀ ਤਾਂ ਮੇਰੇ ਸਰੀਰ ਅਤੇ ਮਨ ਨੇ ਹੀ ਨਹੀਂ, ਸਗੋਂ ਰੋਮ-ਰੋਮ ਨੇ ਇਹ ਮਹਿਸੂਸ ਕੀਤਾ ਕਿ ਜਦ ਮੇਰੇ ਵਰਗੇ ਹਜ਼ਾਰਾਂ ਪੇਟ-ਆਫਰਵਾਂ ਸ਼ਾਹੀ ਭੋਜਨ ਹੜੱਪਦੇ ਹਨ, ਤਦ ਚਾਹੇ ਸਾਰੀ ਦੁਨੀਆਂ ਦੇ ਸਿਆਣੇ ਅਜਿਹੇ ਭੋਜਨ ਦੀ ਹਮਾਇਤ ਕਿਉਂ ਨਾ ਕਰਨ, ਇਹ ਲੰਮੇ ਸਮੇਂ ਤੱਕ ਚੱਲੀ ਜਾਣਾ ਵਾਲਾ ਜੁਰਮ ਹੈ ਅਤੇ ਆਪਣੀ ਅੱਯਾਸ਼ੀ ‘ਚ ਡੁੱਬਿਆ ਮੈਂ ਇਸ ਜੁਰਮ ਨੂੰ ਨਾ ਸਿਰਫ ਝੱਲ ਰਿਹਾਂ, ਸਗੋਂ ਆਪ ਵੀ ਜੁਰਮ ਕਰਨ ‘ਚ ਸ਼ਾਮਲ ਹੋ ਰਿਹਾਂ।
ਮੈਨੂੰ ਪਹਿਲਾਂ ਅਤੇ ਅਜਿਹੇ ਅਨੁਭਵ ਵਿਚ ਸਿਰਫ ਇਕ ਹੀ ਫਰਕ ਦਿਸਦਾ ਸੀ ਕਿ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਵਾਲੇ ਮਾਮਲੇ ਵਿਚ ਮੈਂ ਵੱਧ ਤੋਂ ਵੱਧ ਇੰਨਾ ਕਰ ਸਕਦਾ ਸਾਂ ਕਿ ਸੂਲੀ ਕੋਲ ਖੜੋਤੇ ਕਤਲ ਦੀ ਤਿਆਰੀ ਕਰਦੇ ਜੱਲਾਦਾਂ ਨੂੰ ਚੀਕ-ਚੀਕ ਕੇ ਆਖਦਾ, ਤੁਸੀਂ ਗਲਤੀ ਕਰ ਰਹੇ ਹੋ; ਇਹ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਕਿ ਕਿਸੇ ਤਰ੍ਹਾਂ ਵੀ ਇਹ ਕਤਲ ਰੁਕ ਨਹੀਂ ਸਕਦਾ, ਹਰ ਜਾਇਜ਼ ਢੰਗ ਵਰਤਦਿਆਂ ਉਸ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ।æææ ਪਰ ਉਨ੍ਹਾਂ ਕੰਗਾਲਾਂ ਅਤੇ ਮੰਗਤਿਆਂ ਦੇ ਮਾਮਲੇ ਵਿਚ ਮੇਰੀ ਸਮਰੱਥਾ ਇਥੋਂ ਤੱਕ ਹੀ ਸਮੀਤ ਨਹੀਂ ਸੀ ਕਿ ਉਨ੍ਹਾਂ ਨੂੰ ਕਾਹਵਾ ਪਿਆ ਦਿੰਦਾ, ਜੇਬ ਵਿਚੋਂ ਕੱਢ ਕੇ ਥੋੜ੍ਹੇ-ਥੋੜ੍ਹੇ ਪੈਸੇ ਵੰਡ ਦਿੰਦਾ, ਸਗੋਂ ਮੈਂ ਉਨ੍ਹਾਂ ਨੂੰ ਆਪਣੇ ਸਰੀਰ ‘ਤੇ ਪਾਇਆ ਓਵਰਕੋਟ ਅਤੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਦੇ ਸਕਦਾ ਸਾਂ, ਪਰ ਮੈਂ ਇੱਦਾਂ ਨਹੀਂ ਕੀਤਾ।
ਮੈਂ ਇਹ ਉਸ ਵੇਲੇ ਮਹਿਸੂਸ ਕੀਤਾ, ਹੁਣ ਵੀ ਕਰਦਾਂ ਅਤੇ ਸਦਾ ਕਰਦਾ ਰਹਾਂਗਾ ਕਿ ਜਦ ਤੱਕ ਮੇਰੇ ਕੋਲ ਦੋ ਕੋਟ ਹੁੰਦਿਆਂ ਵੀ ਕੋਈ ਬੰਦਾ ਬਿਨਾ ਕੋਟ ਦੇ ਹੋਊ, ਤਦ ਤੱਕ ਇਸ ਸੰਸਾਰ ਵਿਚ ਲਗਾਤਾਰ ਹੁੰਦੇ ਰਹਿਣ ਵਾਲੇ ਹਰ ਪਾਪ ਵਿਚ ਮੇਰੀ ਸਾਜ਼ਿਸ਼ ਵੀ ਸ਼ਾਮਲ ਹੁੰਦੀ ਰਹੇਗੀ।