ਪੰਜਾਬ ਅਸੈਂਬਲੀ ਚੋਣਾਂ ਤਾਂ 4 ਫਰਵਰੀ ਨੂੰ ਸੁੱਖ ਸ਼ਾਂਤੀ ਨਾਲ ਪੈ ਗਈਆਂ ਪ੍ਰੰਤੂ ਉਤਰ ਪ੍ਰਦੇਸ਼ ਸਮੇਤ ਤਿੰਨ ਹੋਰ ਰਾਜਾਂ ਵਿਚ ਲੰਮੀ ਚੋਣ ਪ੍ਰਕ੍ਰਿਆ ਕਾਰਨ ਚੋਣਾਂ ਦੇ ਨਤੀਜੇ ਆਉਣ ਤੱਕ ਲੋਕਾਂ ਨੂੰ 11 ਮਾਰਚ ਤੱਕ ਬੇਹੱਦ ਬੇਸਬਰੀ ਭਰੀ ਉਡੀਕ ਕਰਨੀ ਪਵੇਗੀ। ਆਏ ਦਿਨ ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀਆਂ ਆਪਸ ਵਿਚ ਸ਼ਰਤਾਂ ਲੱਗ ਰਹੀਆਂ ਹਨ ਅਤੇ ਸੱਟੇਬਾਜ ਸੱਟਾ ਵੀ ਲਾਈ ਜਾ ਰਹੇ ਹਨ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਐਤਕੀਂ ਬਾਬੂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਹਨੇਰੀ ਝੁਲੀ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਦੂਜੇ ਪਾਸੇ ਜ਼ਰਾ ਕੁ ਜ਼ਬਤ ਨਾਲ ਗੱਲ ਕਰਨ ਵਾਲੇ ਸਿਆਣੇ ਸੱਜਣਾਂ ਦਾ ਕਹਿਣਾ ਹੈ ਕਿ ਅਜਿਹਾ ਕਤੱਈ ਸੰਭਵ ਨਹੀਂ। ਉਹ ਦਲੀਲਾਂ ਦਿੰਦੇ ਹਨ ਕਿ ਪਹਿਲੀ ਗੱਲ ਤਾਂ ਭਾਜਪਾ 23 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਉਹ ਇੱਕ-ਦੋ ਸੀਟਾਂ ਤੋਂ ਵੱਧ ਲਿਜਾਂਦੀ ਲੱਗਦੀ ਨਹੀਂ ਹੈ। ਅਖੇ ਉਨ੍ਹਾਂ ਦੀਆਂ ਬਾਕੀ ਬਹੁਤੀਆਂ ਸ਼ਹਿਰੀ ਸੀਟਾਂ ḔਆਪḔ ਨਹੀਂ ਲਿਜਾ ਸਕਦੀ, ਉਹ ਕਾਂਗਰਸ ਹੀ ਲੈਜਾਏਗੀ। ਉਨ੍ਹਾਂ ਦੀ ਦਲੀਲ ਇਹ ਵੀ ਹੈ ਕਿ ਮੰਨਿਆ ḔਆਪḔ ਦੀ ਹਨੇਰੀ ਮਾਲਵੇ ਵਿਚ ਝੁਲੀ ਹੋਈ ਸੀ ਪਰ ਮਾਲਵੇ ਦੇ ਸ਼ਹਿਰੀ ਖੇਤਰਾਂ ਦਾ ਹਿੰਦੂ ਐਤਕੀਂ ਵੀ ḔਆਪḔ ਵੱਲ ਨਹੀਂ ਬਲਕਿ ਕਾਂਗਰਸ ਵੱਲ ਹੀ ਭੁਗਤਿਆ ਹੈ। ਫਿਰ ਉਹ ਮਾਲਵੇ ਵਿਚੋਂ ਹੀ ਪਟਿਆਲਾ, ਬਰਨਾਲਾ, ਗਿੱਦੜਬਾਹਾ, ਫਾਜ਼ਿਲਕਾ ਜਾਂ ਰਾਜਪੁਰਾ ਵਰਗੀਆਂ ਕਾਂਗਰਸ ਦੀਆਂ ਹਰ ਹਾਲ ਵਿਚ ਪੱਕੀਆਂ ਸਮਝੀਆਂ ਜਾ ਰਹੀਆਂ ਸੀਟਾਂ ਗਿਣਾਉਣ ਲੱਗ ਜਾਂਦੇ ਹਨ ਅਤੇ ਕਰੀਬ 15 ਸੀਟਾਂ ਤੱਕ ਜਾ ਪਹੁੰਚਦੇ ਹਨ।
ਉਂਜ ਉਹ ਮੰਨ ਜਾਂਦੇ ਹਨ ਕਿ ਦੁਆਬੇ ਵਿਚ ਵੀ ਆਮ ਆਦਮੀ ਪਾਰਟੀ ਵਾਲੇ 8-10 ਸੀਟਾਂ ਕੱਢ ਜਾਣਗੇ। ਪ੍ਰੰਤੂ ਕਾਂਗਰਸ ਦਾ ਪੱਲੜਾ ਭਾਰੀ ਹੋਣ ਪਿਛੇ ਉਨ੍ਹਾਂ ਦੀ ਦਲੀਲ ਇਹ ਹੈ ਕਿ ਮਾਝਾ ਤਾਂ ਕਾਂਗਰਸ ਵੱਲ ਪੂਰੇ ਦਾ ਪੂਰਾ ਪੱਕਾ ਹੈ। ਉਥੇ ḔਆਪḔ ਦੀ ਹਾਲਤ ਪਤਲੀ ਹੈ।
ਬਿਨਾ ਸ਼ੱਕ ਇਨ੍ਹਾਂ ਦਲੀਲਾਂ ਵਿਚ ਵਜ਼ਨ ਹੈ, ਪ੍ਰੰਤੂ ਮਾਝੇ ਅਤੇ ਚੁਫੇਰੇ ਧੁੰਮੀ ਇੱਕ ਖਬਰ ਇਹ ਵੀ ਹੈ ਕਿ ਅੰਮ੍ਰਿਤਸਰ ਜ਼ਿਲੇ ਦੇ ਬਾਬਾ ਬਕਾਲਾ ਚੋਣ ਹਲਕੇ ਵਿਚ ਰਈਆ ਮੰਡੀ ਤੋਂ ਮਹਿਜ 2 ਕਿਲੋਮੀਟਰ ਦੂਰ ਪੈਂਦੇ ਪਿੰਡ ਦਨਿਆਲ ਵਿਚ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਮਸ਼ੀਨ ਵਿਚ ਖਰਾਬੀ ਆ ਗਈ। ਡੱਬੇ ਦੀ ਅਦਲਾ-ਬਦਲੀ ਦੇ ਚੱਕਰ ਵਿਚ ਵੋਟਾਂ ਗਿਣ ਹੋ ਗਈਆਂ ਜੋ ਕਰੀਬ 225 ਵੋਟਾਂ ਗਿਣੀਆਂ ਗਈਆਂ, ਉਨ੍ਹਾਂ ਵਿਚੋਂ ḔਆਪḔ ਦੇ ਹੱਕ ਵਾਲਾ ਅੰਕੜਾ 200 ਤੋਂ ਵੀ ਪਾਰ ਸੀ! ਕਿਸੇ ਸਮੇਂ ਇਹ ਪਿੰਡ ਕਾਂਗਰਸੀਆਂ ਦਾ ਗੜ੍ਹ ਸਮਝਿਆ ਜਾਂਦਾ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪਿੰਡ ਵਿਚ ਆਮ ਆਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਨਹੀਂ ਸੀ। ਬਸ ਲੋਕ ਆਪ ਮੁਹਾਰੇ ਹੀ ਵੋਟਾਂ ਪਾਈ ਗਏ।
ਖਬਰ ਸਨਸਨੀਖੇਜ ਹੈ। ਨਿੱਕੇ ਜਿਹੇ ਪਿੰਡ ਦਨਿਆਲ ਵਿਚ ਬਿੱਲੀ ਥੈਲੇ ਵਿਚੋਂ ਜੇ ਇਸ ਰੰਗ ਦੀ ਨਿਕਲੀ ਹੈ ਤਾਂ ਕੌਣ ਕਹਿ ਸਕਦਾ ਹੈ ਕਿ ਮਾਝੇ ਦੇ ਬਾਕੀ ਪਿੰਡਾਂ ਦੇ ਲੋਕ ਬਾਦਲਾਂ ਅਤੇ ਕਾਂਗਰਸੀਆਂ ਦੇ ਖਿਲਾਫ ਮਨਾਂ ਅੰਦਰ ਕਿਸ ਤਰ੍ਹਾਂ ਦਾ “ਤਹੱਈਆ ਐ ਤੁਫਾਂ ਕੀਏ ਹੁਏ” ਹਨ।
ਜੋ ਵੀ ਹੈ ਨਿੱਕੇ ਜਿਹੇ ਪਿੰਡ ਦੀ ਇਸ ਨਿੱਕੀ ਜਿਹੀ ਖਬਰ ਨੇ ਪੰਜਾਬ ਦੀਆਂ ਰਵਾਇਤੀ ਮੋਹਰੀ ਧਿਰਾਂ ਦੇ ਮਨਾਂ ਵਿਚ ਤਕੜੇ ਕਾਂਬੇ ਛੇੜੇ ਹੋਏ ਹਨ। ਉਨ੍ਹਾਂ ਨੂੰ ਆਪਣੇ ਬੇੜੇ ḔਆਪḔ ਦੇ ਤੁਫਾਨ ਵਿਚ ਡੁੱਬਦੇ ਸਾਫ ਨਜ਼ਰ ਆ ਰਹੇ ਹਨ।
-ਗੁਰਦਿਆਲ ਸਿੰਘ ਬੱਲ
ਫੋਨ: 647-982-6091