ਮਾਂ ਬੋਲੀ ਮਹਾਨ ਬੋਲੀ

ਗੁਲਜ਼ਾਰ ਸਿੰਘ ਸੰਧੂ
ਇਸ ਵਰ੍ਹੇ ਦਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਕਈ ਪੱਖਾਂ ਤੋਂ ਲਾਜਵਾਬ ਰਿਹਾ। ਕੈਨੇਡਾ ਤੇ ਬਰਤਾਨੀਆ ਦੇ ਪੰਜਾਬੀ ਪ੍ਰੇਮੀਆਂ ਨੇ ਰਾਸ਼ਟਰੀ ਮਾਰਗਾਂ ਤੇ ਸ਼ਾਪਿੰਗ ਸੈਂਟਰ ਵਿਚ ਮਾਂ ਬੋਲੀ ਦੇ ਪ੍ਰਚਾਰ ਤੇ ਪਾਸਾਰ ਲਈ ਹੁਮ-ਹਮਾ ਕੇ ਝੰਡੇ ਲਹਿਰਾਏ। ਕੈਨੇਡਾ ਵਾਲਿਆਂ ਨੇ ਤਾਂ 29-30 ਅਪਰੈਲ ਨੂੰ ਅੰਤਰਰਾਸ਼ਟਰੀ ਪੰਜਾਬੀ ਫਿਲਮ ਉਤਸਵ ਮਨਾਉਣ ਦਾ ਫੈਸਲਾ ਵੀ ਕੀਤਾ ਹੈ।

ਭਾਵੇਂ ਓਧਰਲੇ ਤੇ ਏਧਰਲੇ ਪੰਜਾਬ ਵਿਚ ਪੰਜਾਬੀ ਦੋ ਲਿਪੀਆਂ-ਸ਼ਾਹਮੁਖੀ ਤੇ ਗੁਰਮੁਖੀ ਵਿਚ ਲਿਖੀ ਜਾਂਦੀ ਹੈ ਪਰ ਦੋਹਾਂ ਦੋਸ਼ਾਂ ਦੇ ਪੰਜਾਬੀ ਪ੍ਰੇਮੀਆਂ ਨੇ ਇਸ ਵਾਰ ਦੇ ਮਾਂ ਬੋਲੀ ਦਿਵਸ ਉਤੇ ਪਹਿਲਾਂ ਨਾਲੋਂ ਗੱਜ ਵੱਜ ਕੇ ਜਲੂਸ ਕੱਢੇ। ਚੰਡੀਗੜ੍ਹ ਨਿਵਾਸੀਆਂ ਨੇ ਤਾਂ ਸੌ ਤੋਂ ਵੱਧ ਗ੍ਰਿਫਤਾਰੀਆਂ ਵੀ ਦਿੱਤੀਆਂ। ਸਾਹੀਵਾਲ (ਪਾਕਿਸਤਾਨ) ਦੀ ਪੰਜਾਬੀ ਆਵਾਜ਼ ਸੁਸਾਇਟੀ ਅਤੇ ਪੰਜਾਬੀ ਲੋਕ ਸੁਜਾਗ ਨਾਂ ਦੀਆਂ ਸੰਸਥਾਵਾਂ ਨੇ ਹਫਤਾ ਭਰ ਆਮ ਲੋਕਾਂ ਨੂੰ ਮਾਂ ਬੋਲੀ ਪੜ੍ਹਨ ਤੇ ਲਿਖਣ ਦੇ ਲਾਭ ਦਰਸਾਏ। ਇਸੇ ਤਰ੍ਹਾਂ ਲਾਹੌਰ ਦੇ ਪੰਜਾਬੀ ਅਦਬੀ ਬੋਰਡ ਨੇ ਸ਼ਹਿਰ ਦੇ ਉਘੇ ਲੇਖਕਾਂ ਤੇ ਸੰਪਾਦਕਾਂ ਨੂੰ ਨਾਲ ਲੈ ਕੇ ਦੋਵਾਂ ਪੰਜਾਬਾਂ ਦੇ ਪੰਜਾਬੀ ਪ੍ਰੇਮੀਆਂ ਨੂੰ ਇੱਕ ਦੂਜੇ ਨਾਲ ਮਿਲ ਕੇ ਚੱਲਣ ਦਾ ਸੱਦਾ ਦਿੱਤਿਆਂ ਪੰਜਵੀਂ ਤੋਂ ਦਸਵੀਂ ਸ਼੍ਰੇਣੀ ਤੱਕ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਪੜ੍ਹਨੀ ਲਾਜ਼ਮੀ ਕਰਨ ਦੀ ਮੰਗ ਪਾਈ।
ਪੰਜਾਬ ਦੀ ਮੀਡੀਆ ਰਾਜਧਾਨੀ ਜਲੰਧਰ ‘ਚ ਪੰਜਾਬ ਜਾਗ੍ਰਤੀ ਮੰਚ ਤੇ ਸਰਬੱਤ ਦਾ ਭਲਾ ਟਰੱਸਟ ਨੇ ਨੌਂ ਅਹਿਮ ਮਤੇ ਪਾਸ ਕੀਤੇ। ਪਹਿਲੀ ਤੋਂ ਦਸਵੀਂ ਸ਼੍ਰੇਣੀ ਤੱਕ ਪੰਜਾਬੀ ਦਾ ਲਾਜ਼ਮੀ ਹੋਣਾ, ਹੇਠਲੀਆਂ ਤੇ ਉਤਲੀਆਂ ਅਦਾਲਤਾਂ ਦਾ ਕੰਮ ਕਾਜ ਮਾਂ ਬੋਲੀ ਵਿਚ ਹੋਣਾ, ਕੇਂਦਰੀ ਸਰਕਾਰ ਦੇ ਸਹਿਯੋਗ ਨਾਲ ਖੁਲ੍ਹੇ ਪਬਲਿਕ ਸਕੂਲਾਂ ਵਿਚ ਪੰਜਾਬੀ ਨੂੰ ਅਖੋਂ ਪਰੋਖੇ ਨਾ ਕਰਨਾ ਅਤੇ ਨਿਊਜ਼ ਚੈਨਲਾਂ ਵਲੋਂ ਨਸ਼ਿਆਂ ਤੇ ਹਥਿਆਰਾਂ ਦੇ ਹੱਕ ਵਿਚ ਗਾਏ ਜਾਂਦੇ ਗੀਤਾਂ ਨੂੰ ਵੀ ਅਸ਼ਲੀਲ ਗੀਤ ਗਾਉਣ ਵਾਲਿਆਂ ਵਾਂਗ ਨੱਥ ਪਾਉਣਾ ਇਨ੍ਹਾਂ ਮਤਿਆਂ ਦਾ ਸਾਰ ਹੈ। ਇਨ੍ਹਾਂ ਨੂੰ ਲਾਗੂ ਕਰਨ ਲਈ ਰਾਜ ਸਰਕਾਰ ਕੋਲੋਂ ਸ਼ਕਤੀਸ਼ਾਲੀ ਪੰਜਾਬ ਭਾਸ਼ਾ ਕਮਿਸ਼ਨਰ ਦੀ ਸਥਾਪਨਾ ਦਾ ਮੁੱਦਾ ਖਾਸ ਤੌਰ ‘ਤੇ ਅੱਗੇ ਲਿਆਂਦਾ ਗਿਆ।
ਜੇ ਚੰਡੀਗੜ੍ਹ ਵਾਸੀਆਂ ਨੇ ਚੰਡੀਗੜ੍ਹ ਪੰਜਾਬੀ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚਾਰ ਦੀਆਂ ਚਾਰੇ ਖੱਬੇ ਪੱਖੀ ਪਾਰਟੀਆਂ ਦੀ ਛਤਰ ਛਾਇਆ ਹੇਠ ਨਾਟਕਕਾਰ ਆਤਮਜੀਤ, ਕਵੀ ਸੁਰਿੰਦਰ ਗਿੱਲ ਤੇ ਕਹਾਣੀਕਾਰ ਮੋਹਨ ਭੰਡਾਰੀ ਵਰਗੇ ਉਘੇ ਸਾਹਿਤਕਾਰ ਆਪਣੇ ਨਾਲ ਜੋੜੇ ਤਾਂ ਜਲੰਧਰ ਦੇ ਪੰਜਾਬੀ ਪ੍ਰੇਮੀਆਂ ਨੇ ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਵਰਗੇ ਕਵੀ ਤੇ ਵਰਿਆਮ ਸੰਧੂ ਵਰਗੇ ਨਾਮਵਰ ਕਥਾਕਾਰ ਹੀ ਨਹੀਂ ਜਗਤ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਐਸ਼ਪੀæ ਸਿੰਘ ਓਬਰਾਏ ਵਰਗੇ ਉਚ ਦੁਮਾਲੜੇ ਵਿਅਕਤੀ ਆਪਣੇ ਨਾਲ ਤੋਰੇ। ਜਲੰਧਰ ਵਾਲੇ ਸਮਾਗਮ ਵਿਚ 65 ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਰੰਗ-ਬਰੰਗੀਆਂ ਵਰਦੀਆਂ ਪਾ ਕੇ ਸ਼ਿਰਕਤ ਕੀਤੀ ਅਤੇ ਸਾਢੇ ਤਿੰਨ ਦਰਜਨ ਧਾਰਮਿਕ, ਸਮਾਜਿਕ ਕੇ ਕਿਸਾਨ ਜਥੇਬੰਦੀਆਂ ਨੇ ਵੀ ਮਾਂ ਬੋਲੀ ਦੇ ਹੱਕ ਵਿਚ ਪਰਚਮ ਲਹਿਰਾਏ। ਸਮਾਗਮ ਨੂੰ ਸਫਲ ਕਰਨ ਵਿਚ ਅਜੀਤ ਸਮਾਚਾਰ ਸਮੂਹ ਦੇ ਬਰਜਿੰਦਰ ਸਿੰਘ ਹਮਦਰਦ ਦਾ ਯੋਗਦਾਨ ਵਿਸ਼ੇਸ਼ ਮਹੱਤਵ ਵਾਲਾ ਰਿਹਾ। ਇਹ ਮੰਨ ਕੇ ਚਲਣਾ ਬਣਦਾ ਹੈ ਕਿ ਅਜਿਹੇ ਹੰਭਲੇ ਇਧਰਲੇ ਤੇ ਉਧਰਲੇ ਪੰਜਾਬ ਤੋਂ ਬਿਨਾ ਸੱਤ ਸਮੁੰਦਰ ਪਾਰ ਵੀ ਸਫਲ ਹੋਣਗੇ। ਮਾਂ ਬੋਲੀ ਮਹਾਨ ਬੋਲੀ! ਮਾਤ ਭਾਸ਼ਾ ਮਹਾਨ ਭਾਸ਼ਾ!
ਕੁਕੜਾਂ ਬੀਹੜਾਂ ਤੇ ਜੇਜੋਂ ਦੁਆਬਾ: ਮੇਰਾ ਮਿੱਤਰ ਪੰਜਾਬੀ ਕਵੀ ਗੁਰਦੇਵ ਚੌਹਾਨ ਮੇਰਾ ਗਰਾਈਂ ਹੈ। ਉਸ ਦਾ ਪਿੰਡ ਕੁੱਕੜਾਂ ਮੇਰੇ ਪਿੰਡ ਸੂਨੀ ਤੋਂ ਛੇ ਕਿਲੋਮੀਟਰ ਹੈ। ਮੇਰੇ ਵਾਂਗ ਉਹ ਮਾਹਿਲਪੁਰ ਦੇ ਉਸ ਖਾਲਸਾ ਕਾਲਜ ਵਿਚ ਪੜ੍ਹਿਆ ਹੈ ਜਿਸ ਨੂੰ ਮੈਂ ਯੂਨੀਵਰਸਿਟੀ ਕਹਿੰਦਾ ਹਾਂ। ਸੂਨੀ ਤੇ ਕੁਕੜਾਂ ਨੂੰ ਸੈਲਾ ਖੁਰਦ ਰੇਲਵੇ ਸਟੇਸ਼ਨ ਲਗਦਾ ਹੈ। ਰਾਹੋਂ ਤੋਂ ਨਵਾਂ ਸ਼ਹਿਰ, ਗੜ੍ਹਸ਼ੰਕਰ ਰਾਹੀਂ ਇਹ ਰੇਲਵੇ ਲਾਈਨ ਜੇਜੋਂ ਤੱਕ ਜਾਂਦੀ ਹੈ। ਸਾਡੀ ਜਵਾਨੀ ਸਮੇਂ ਜੇਜੋਂ ਦੇ ਪੇੜੇ ਮਥਰਾ (ਯੂæਪੀæ) ਦੇ ਪੇੜਿਆਂ ਵਾਂਗ ਸਵਾਦੀ ਤੇ ਸਿਹਤਮੰਦ ਮੰਨੇ ਜਾਂਦੇ ਸਨ। ਜੇਜੋਂ ਦੇ ਪੇੜੇ ਗਾਂਵਾਂ-ਬੱਕਰੀਆਂ ਦੇ ਦੁੱਧ ਤੋਂ ਬਣਦੇ ਸਨ ਤੇ ਮਥਰਾ ਦੇ ਗਾਂਵਾਂ ਦੇ ਦੁੱਧ ਤੋਂ। ਇਹ ਮਾਝੇ ਦੁੱਧ ਦੇ ਨਾ ਹੋਣ ਕਾਰਨ ਦਿਮਾਗ ਲਈ ਚੰਗੇ ਸਮਝੇ ਜਾਂਦੇ ਸਨ।
ਗੁਰਦੇਵ ਚੌਹਾਨ ਪਿਛਲੇ ਗਿਆਰਾਂ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਖੇਤਰ ਵਿਚ ਰਹਿ ਰਿਹਾ ਹੈ। ਉਹ ਚੰਡੀਗੜ੍ਹ ਸਾਹਿਤ ਅਕਾਡਮੀ ਦੇ ਸੱਦੇ ਉਤੇ ਰੂਬਰੂ ਪ੍ਰੋਗਰਾਮ ਲਈ ਆਇਆ ਤਾਂ ਉਸ ਦੇ ਪੈਦਾਇਸ਼ੀ ਖੇਤਰ ਦੀਆਂ ਗੱਲਾਂ ਹੋਣੀਆਂ ਕੁਦਰਤੀ ਸਨ। ਸਾਡੇ ਬਚਪਨ ਵਿਚ ਕੰਢੀ ਦੇ ਇਨ੍ਹਾਂ ਪਿੰਡਾਂ ਦੇ ਜੱਟ ਤੇ ਰਾਜਪੂਤ ਖੇਤੀ ਕਰਨ ਨਾਲੋਂ ਊਠ ਵਾਹੁਣੇ ਚੰਗਾ ਸਮਝਦੇ ਸਨ। ਉਹ ਕੰਢੀ ਦਾ ਸਾਮਾਨ ਊਠਾਂ ਉਤੇ ਲੱਦ ਕੇ ਜੇਜੋਂ ਰਾਹੀਂ ਕੁੱਲੂ ਬੰਜਾਰ ਦੇ ਪਰਬਤਾਂ ਨੂੰ ਢੋਂਹਦੇ ਸਨ ਤੇ ਪਹਾੜੀ ਮਾਲ ਕੰਢੀ ਦੇ ਮੈਦਾਨੀ ਖੇਤਰ ਲਈ। ਹਰ ਪਿੰਡ ਵਿਚ ਇੱਕ ਡੇਢ ਦਰਜਣ ਊਠ ਹੁੰਦੇ ਸਨ। ਮੇਰਾ ਪਿਤਾ ਵੀ ਊਠ ਵਾਹੁੰਦਾ ਸੀ। ਜਦੋਂ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਪਹਾੜੀ ਖੇਤਰਾਂ ਲਈ ਸੜਕਾਂ ਬਣਨ ਪਿੱਛੋਂ ਢੋ-ਢੁਆਈ ਲਈ ਟਰੱਕ ਚੱਲਣ ਲਗ ਪਏ ਤਾਂ ਊਠ ਵਾਹੁਣ ਵਾਲਿਆਂ ਦਾ ਧੰਦਾ ਠੱਪ ਹੋ ਗਿਆ, ਤੇ ਊਠਾਂ ਵਾਲਿਆਂ ਨੂੰ ਊਠ ਵੇਚ ਕੇ ਹੋਰ ਕੰਮ ਕਰਨੇ ਪਏ।
ਮੱਕੀ ਦੇ ਗੀਤ, ਨਿੱਕੀਆਂ ਬੇੜੀਆਂ ਨਿੱਕੇ ਚੱਪੂ, ਸਾਹਿਤ ਸੱਤਿਆਨਾਸ ਤੇ ਕੁੱਤਾ, ਕਿਤਾਬ ਤੇ ਗੁਲਾਬ ਆਦਿ ਪੁਸਤਕਾਂ ਦਾ ਲੇਖਕ ਗੁਰਦੇਵ ਦੌਹਾਨ ਰਵਾਇਤੀ ਕਲਮਕਾਰੀ ਤੋਂ ਵੱਖਰਾ ਤੁਰਨ ਲਈ ਜਾਣਿਆ ਜਾਂਦਾ ਹੈ। ਉਹ ਦੱਖਣੀ ਏਸ਼ੀਆ ਦੀਆਂ ਲਿਖਤਾਂ ਨੂੰ ਅੰਤਰਾਸ਼ਟਰੀ ਪੱਧਰ ਦੇ ਪਹੁੰਚਾਉਣ ਲਈ ਅੰਗਰੇਜ਼ੀ ਭਾਸ਼ਾ ਵਿਚ ‘ਸਾਊਥ ਏਸ਼ੀਅਨ ਐਨਸੈਂਬਲ’ ਨਾਂ ਦਾ ਸਾਹਿਤਕ ਰਸਾਲਾ ਕੱਢਦਾ ਹੈ। ਉਸ ਦੇ ਪਿਤਾ ਨੇ ਫੌਜ ਦੀ ਨੌਕਰੀ ਛੱਡ ਕੇ ਜੇਜੋਂ ਦੁਆਬਾ ਵਿਖੇ ਬਜਾਜੀ ਦੀ ਦੁਕਾਨ ਖੋਲ੍ਹ ਲਈ। ਕੱਪੜੇ ਦੀ ਰਾਸ਼ਨਿੰਗ ਤੇ ਨੰਗਲ ਵਾਲੇ ਪਾਸੇ ਵੱਡੇ ਬਜਾਜਾਂ ਦੇ ਹੋਂਦ ਵਿਚ ਆਉਣ ਨਾਲ ਪਿਤਾ ਦਾ ਕੰਮ ਵੀ ਊਠਾਂ ਵਾਲਿਆਂ ਦੇ ਧੰਦੇ ਵਾਂਗ ਠੱਪ ਹੋ ਗਿਆ। ਪੰਜਾਬੀ ਨਵੇਂ ਨਵੇਲੇ ਕੰਮ ਲੱਭਣ ਤੇ ਕਰਨ ਲਈ ਜਾਣੇ ਜਾਂਦੇ ਹਨ। ਗੁਰਦੇਵ ਚੌਹਾਨ ਵੀ ਉਨ੍ਹਾਂ ਵਿਚੋਂ ਇੱਕ ਹੈ। ਪੰਜਾਬੀ ਹਰ ਮੈਦਾਨ ਫਤਿਹ ਦਾ ਜੈਕਾਰਾ ਲਾਉਂਦੇ ਆਏ ਹਨ।
ਅੰਤਿਕਾ: ਰਾਵੀ ਭੰਗੂ
ਹਰ ਉਹ ਵਤਨ ਜੋ ਆਪਣੇ ਘਰ ਵਿਚ
ਸੁੱਖ ਦੀ ਨੀਂਦੇ ਸੌਂਦਾ ਹੈ।
ਉਹ ਅਪਣੀ ਜਾਨ ਦੀ ਰੱਖਿਆ ਲਈ
ਕਿਸੇ ਹੋਰ ਦੀ ਜਾਨ ਨਹੀਂ ਲੈਂਦਾ।