ਪੰਜਾਬੀ ਟ੍ਰਿਬਿਊਨ ਦੇ ਦਿਨਾਂ ਦੀਆਂ ਯਾਦਾਂ
ਪਿਆਰੇ ਅਮੋਲਕ,
ਮੇਰੀ ਇਸ ਲਿਖਤ ਵਿਚ ਜਿਨ੍ਹਾਂ ਵਿਅਕਤੀਆਂ ਦਾ ਜ਼ਿਕਰ ਹੈ, ਉਹ ਸਾਰੇ ਪ੍ਰੋਫੈਸਰ, ਡਾਕਟਰ ਜਾਂ ਪ੍ਰਿੰਸੀਪਲ ਹਨ ਪਰ ਗੱਲ ਨੂੰ ਸੰਖੇਪ ਕਰਨ ਹਿਤ ਉਨਾਂ ਦੇ ਨਾਂਵਾਂ ਦੇ ਅੱਗੇ ਜਾਂ ਪਿੱਛੇ ਇਹ ਉਪਾਧੀਆਂ ਨਹੀਂ ਲਾਵਾਂਗਾ। ਸਾਰੇ ਜਾਣਦੇ ਹਨ ਮੈਂ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦਾ ਹਾਂ।
ਅਮਰਜੀਤ ਪਰਾਗ ਦਾ ਗੁਰਦਿਆਲ ਬਲ ਬਾਰੇ ਜਿਹੜਾ ਸ਼ਬਦ ਚਿੱਤਰ ਪੰਜਾਬ ਟਾਈਮਜ਼ ਵਿਚ ਛਪਿਆ, ਉਹ ਪੜ੍ਹਨ ਸਾਰ ਮੈਂ ਇਸ ਨਤੀਜੇ ਤੇ ਪੁੱਜ ਗਿਆ ਸਾਂ ਕਿ ਇਸ ਦਾ ਗੁਰਨਾਮ ਕੌਰ ਭੈਣ ਬੁਰਾ ਮਨਾਏਗੀ। ਕੁੱਝ ਗੱਲਾਂ ਅਸੀਂ ਸੋਚਦੇ ਜਰੂਰ ਹਾਂ, ਆਖਦੇ ਨਹੀਂ। ਕੁਝ ਗੱਲਾਂ ਕਰਦੇ-ਸੁਣਦੇ ਹਾਂ, ਲਿਖਦੇ ਨਹੀਂ, ਲਿਖ ਵੀ ਲਈਏ ਛਪਵਾਉਂਦੇ ਨਹੀਂ। ਪਰਾਗ ਨੇ ਇਹ ਲੇਖ ਕਿਸੇ ਮੰਦਭਾਵਨਾ ਨਾਲ ਬਿਲਕੁਲ ਨਹੀਂ ਲਿਖਿਆ ਪਰ ਲਿਖਦਿਆਂ ਉਹ ਕੁਝ ਇਉਂ ਵਜਦ ਵਿਚ ਆ ਗਏ ਜਿਵੇਂ ਕੋਈ ਸ਼ਾਇਰ ਲੋਰ ਵਿਚ ਆ ਜਾਂਦਾ ਹੈ।
ਮੈਂ ਉਦੋਂ ਅਜੇ ਵਿਦਿਆਰਥੀ ਸਾਂ ਜਦੋਂ ਗੁਰਨਾਮ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਚ ਅਧਿਆਪਕ ਲੱਗ ਗਈ ਸੀ। ਬਲ ਨਾਲ ਮੇਰੀ ਵਾਕਫੀ ਉਦੋਂ ਹੋਈ ਜਦੋਂ ਉਹ ਪੰਜਾਬੀ ਟ੍ਰਿਬਿਊਨ ਵਿਚ ਨੌਕਰੀ ਤੇ ਲੱਗਾ। ਗੁਰਮਤਿ ਕਾਲਜ ਪਟਿਆਲਾ ਤੋਂ ਪੜ੍ਹਿਆ ਕਰਮਜ਼ੀਤ ਸਿੰਘ ਮੇਰੇ ਤੋਂ ਚਾਰ ਕੁ ਸਾਲ ਸੀਨੀਅਰ ਸੀ। ਕਰਮਜੀਤ ਨੂੰ ਮੈਂ ਸਿਦਕਵਾਨ ਜ਼ਹੀਨ ਸਿੱਖ ਚਿੰਤਕ ਵਜੋਂ ਦੇਖਿਆ ਕਰਦਾ ਪਰ ਬਲ ਮੈਨੂੰ ਅਵਾਰਾਗਰਦ ਕਾਮਰੇਡ ਲਗਦਾ। ਮੈਂ ਸੋਚਦਾ ਕੁਲੀਗ ਹੋਣ ਸਦਕਾ ਇਹ ਦੋਵੇਂ ਬੰਦੇ ਇਕੱਠੇ ਫਿਰਦੇ ਦਿਸ ਜਾਂਦੇ ਹਨ, ਵਰਨਾ ਇਨ੍ਹਾਂ ਵਿਚ ਕੋਈ ਸਾਂਝ ਹੋ ਈ ਨਹੀਂ ਸਕਦੀ। ਕਦੀ ਕਦਾਈਂ ਕਾਫੀ ਹਾਊਸ ਵਿਚ ਮੈਂ ਉਥੇ ਜਾ ਬੈਠਦਾ ਜਿਥੇ ਬਲ ਬੈਠਾ ਹੁੰਦਾ। ਪੁਰਾਣੇ ਸਮਿਆਂ ਵਿਚ ਇਕ ਵਾਰ ਕੁਲਵੰਤ ਗਰੇਵਾਲ ਨੇ ਮੈਨੂੰ ਹਦਾਇਤ ਵੀ ਕੀਤੀ ਸੀ ਕਿ ਬਲ ਕੋਲ ਬੈਠ ਕੇ ਸਮਾਂ ਜ਼ਾਇਆ ਕਰਨਾ ਸਹੀ ਨਹੀਂ। ਬਲ ਦੀ ਕੋਈ ਗੱਲ ਮੈਨੂੰ ਰਸਦਾਇਕ ਨਾ ਲਗਦੀ।
ਮੈਂ ਉਦੋਂ ਹੈਰਾਨ ਰਹਿ ਗਿਆ ਜਦੋਂ ਬਲ ਨੇ ਇਕ ਦਿਨ ਦੱਸਿਆ, “ਮੈਂ ਕਾਮਰੇਡ ਨਹੀਂ ਹਾਂ। ਸਾਰੀ ਉਮਰ ਹਰ ਧੜੇ ਦੇ ਕਾਮਰੇਡਾਂ ਦੇ ਅੰਗ ਸੰਗ ਜਰੂਰ ਰਿਹਾ ਹਾਂ। ਮੇਰਾ ਕਾਰਲ ਮਾਰਕਸ ਦੇ ਚਿੰਤਨ ਦੀ ਮੂਲ ਭਾਵਨਾ ਵਿਚ ਵਿਸ਼ਵਾਸ ਕਦੀ ਵੀ ਨਹੀਂ ਟੁੱਟਾ।
ਰੱਟਾ ਮਾਰਕਸੀ ਚਿੰਤਨ ਦੀ ਪ੍ਰੈਕਟਿਸ ਦਾ ਸੀ ਅਤੇ ਉਹ ਵੀ, ਖਾਸ ਕਰਕੇ ਸਟਾਲਿਨ ਦੀ ਦਰਿੰਦਗੀ ਦਾ, ਜਿਸ ਬਾਰੇ ਮੈਂ ਅਰੰਭ ਵਿਚ ਹੀ ਬਥੇਰਾ ਕੁਝ ਪੜ੍ਹ ਲਿਆ ਸੀ ਅਤੇ ਜਿਸ ਬਾਰੇ ਅੱਜ ਦੀ ਤਰੀਕ ਤਕ ਵੀ ਅਧਿਐਨ ਜਾਰੀ ਹੈ। ਮੈਨੂੰ ਜਿੰਦਗੀ ਬੇਹਦ ਸੋਹਣੀ ਲਗਦੀ ਸੀ ਤੇ ਲਗਦਾ ਸੀ ਕਿ ਹਰੇਕ ਨੂੰ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਹੋਵੇਗਾ। ਸਟਾਲਿਨ ਦੀਆਂ ਮਾਸਕੋ ਟਰਾਇਲਾਂ ਦੌਰਾਨ ਬਦੀ ਦੀ ਇੰਤਹਾ ਵੇਖ ਕੇ ਮੇਰੀ ਆਤਮਾ ਧੁਰ ਅੰਦਰ ਤੱਕ ਕੰਬ ਗਈ ਸੀ ਅਤੇ ਉਹ ਦਹਿਸ਼ਤ ਅੱਜ ਤਕ ਵੀ ਗਈ ਨਹੀਂ ਹੈ। ਮੇਰਾ ਵਿਸ਼ਵਾਸ ਹੈ ਕਿ ਕਿਸੇ ਨਿਰਪੇਖ ਸਿਧਾਂਤ ਦੇ ਨਾਂ ‘ਤੇ ਜਿਥੇ ਇਕ ਬੇਗੁਨਾਹ ਆਦਮੀ ਦੀ ਜਾਨ ਵੀ ਜੇ ਨਜਾਇਜ ਲਈ ਜਾਂਦੀ ਹੈ, ਦੁਨੀਆਂ ਅੰਦਰ ਰਾਮ ਰਾਜ ਜੇਕਰ ਆ ਵੀ ਜਾਂਦਾ ਹੈ ਤਾਂ ਇਹ ਕੀਮਤ ਮੈਨੂੰ ਮਨਜੂਰ ਨਹੀਂ ਹੈ। ਹਾਂ ਰੱਬ ਦੀ ਹੋਂਦ ਵਿਚ ਵੀ ਮੇਰਾ ਕੋਈ ਵਿਸ਼ਵਾਸ ਨਹੀਂ ਹੈ।” ਬਲ ਦੇ ਇਸ ਅਕੀਦੇ ਬਾਰੇ ਮੈਂ ਲੰਮੇ ਵਿਸਥਾਰ ਨਾਲ ਇਸ ਕਰਕੇ ਦੱਸਿਆ ਹੈ ਕਿਉਂਕਿ ਪਿਛਲੇ 5-6 ਵਰ੍ਹਿਆਂ ਦੌਰਾਨ ਉਸ ਕੋਲੋਂ ਮੈਂ ਇਹ ਗੱਲਾਂ ਕਈ ਵਾਰ ਸੁਣੀਆਂ ਹਨ।
ਰੱਬ ਦੀ ਹੋਂਦ ਤੋਂ ਮੁਨਕਿਰ ਹੋਣ ਦੇ ਬਾਵਜੂਦ ਜੇ ਗੌਤਮ ਸਿਧਾਰਥ ਤਾਕਤਵਰ ਧਰਮ ਚਲਾ ਸਕਦਾ ਹੈ ਤਾਂ ਕੀ ਪਤਾ ਬਲ ਵਿਚ ਵੀ ਕੋਈ ਗੁਣ ਹੋਵੇ? ਤਾਂ ਵੀ, ਮੇਰਾ ਭੂਤਕਾਲ, ਵਰਤਮਾਨ ਤੇ ਭਵਿਖ ਬਲ ਨਾਲੋਂ ਬਿਲਕੁਲ ਵੱਖਰਾ ਸੀ ਇਸ ਕਰਕੇ ਸਾਡੇ ਵਿਚੋਂ ਇਕ ਜਣਾ ਬਰੈਕਟ ਵਿਚ ਹੁੰਦਾ। ਬਲ ਅਤੇ ਗੁਰਨਾਮ ਦੀ ਜੋੜੀ ਪਹਿਲੋਂ ਯੂਨੀਵਰਸਿਟੀ ਵਿਚ ਰਹੀ ਤੇ ਫਿਰ ਅਰਬਨ ਅਸਟੇਟ ਵਿਚ ਆਪਣਾ ਘਰ ਉਸਾਰ ਕੇ ਬਾਹਰ ਵਸ ਗਏ। ਏਨਾ ਮੈਨੂੰ ਪੱਕਾ ਪਤਾ ਸੀ ਕਿ ਸੁਭਾਅ ਵਿਚ ਜ਼ਮੀਨ ਅਸਮਾਨ ਦਾ ਫਰਕ ਹੋਣ ਕਰਕੇ ਇਨ੍ਹਾਂ ਦੇ ਘਰ ਵਿਚ ਸ਼ਾਂਤੀ ਨਹੀਂ ਹੋ ਸਕਦੀ। ਪਰ ਇਨ੍ਹਾਂ ਗੱਲਾਂ ਵਿਚੋਂ ਮੈਂ ਕੀ ਲੈਣਾ?
ਪੰਜ ਕੁ ਸਾਲ ਪਹਿਲਾਂ ਅਰਬਨ ਅਸਟੇਟ ਵਿਚੋਂ ਲੰਘ ਰਿਹਾ ਸਾਂ ਤਾਂ ਬਲ ਵਿਹੜੇ ਵਿਚ ਬੈਠਾ ਦਿੱਸ ਪਿਆ। ਉਸ ਨੇ ਚਾਹ ਪੀਣ ਦੀ ਸੁਲਾਹ ਮਾਰੀ, ਮੈਂ ਬੂਹਾ ਲੰਘ ਆਇਆ। ਉਹ ਆਪਣੀ ਲਾਇਬਰੇਰੀ ਵਿਚ ਲੈ ਗਿਆ ਜਿਥੇ ਬੇਸ਼ੁਮਾਰ ਕਿਤਾਬਾਂ ਸਜਾਈਆਂ ਪਈਆਂ ਸਨ। ਰੂਸ ਦੇ ਚਰਚਿਤ ਸਾਧ ਰਾਸਪੁਤਿਨ ਉਪਰ ਲਿਖੀ ਇਕ ਕਿਤਾਬ ਮੇਰੇ ਹੱਥ ਫੜਾਉਂਦਿਆਂ ਬੋਲਿਆ-ਤੇਰੀ ਧਰਮ ਵਿਚ ਦਿਲਚਸਪੀ ਹੈ, ਜੇ ਫੁਰਸਤ ਮਿਲੇ ਤਾਂ ਦੇਖ ਲਈਂ। ਇਕ ਵਾਰ ਸ਼ੁਰੂ ਕੀਤੀ ਤਾਂ ਉਹ ਕਿਤਾਬ ਮੁਕਾਉਣ ਤੋਂ ਪਹਿਲਾਂ ਹੋਰ ਕੁਝ ਨਾ ਪੜ੍ਹਿਆ। ਬਲ ਨੂੰ ਫੋਨ ਤੇ ਕਿਹਾ, “ਬਹੁਤ ਵਿਚਿਤਰ ਕਿਸਮ ਦਾ ਬੰਦਾ ਹੈ ਇਹ।” ਬਲ ਨੇ ਕਿਹਾ-ਜੇ ਦਿਲਚਸਪ ਲੱਗਿਆ ਤਾਂ ਇਸ ਤੇ ਲਿਖ ਹੀ ਦੇਹ ਕੁਝ। ਮੈਂ ਲੰਮਾ ਲੇਖ ਲਿਖ ਦਿਤਾ। ਇਸ ਨਾਲ ਮੇਰੀ ਬਲ ਨਾਲ ਸਾਹਿਤਕ ਸਾਂਝ ਪਈ ਤੇ ਇਸ ਸਾਂਝ ਨਾਲ ਮੈਨੂੰ ਇਉਂ ਲੱਗਾ ਜਿਵੇਂ ਬਲ ਜਿੰਨਾ ਪੜ੍ਹਿਆ ਹੋਰ ਬੰਦਾ ਇਸ ਯੂਨੀਵਰਸਿਟੀ ਵਿਚ ਨਹੀਂ। ‘ਗੌਤਮ ਤੋਂ ਤਾਸਕੀ ਤੱਕ’, ‘ਆਰਟ ਤੋਂ ਬੰਦਗੀ ਤੱਕ’, ‘ਪੱਥਰ ਤੋਂ ਰੰਗ ਤੱਕ’ ਅਤੇ ‘ਸਵੇਰ ਤੋਂ ਸ਼ਾਮ ਤੱਕ’ ਮੇਰੀਆਂ ਚਾਰੇ ਕਿਤਾਬਾਂ ਲਈ ਸ੍ਰੋਤ ਸਮੱਗਰੀ ਜੁਟਾਉਣ ਵਿਚ ਬਲ ਦਾ ਵੱਡਾ ਹੱਥ ਹੈ ਤੇ ਮੈਂ ਉਸ ਦਾ ਸ਼ੁਕਰਾਨਾ ਮੁੱਖ ਬੰਧਾਂ ਵਿਚ ਕੀਤਾ ਹੈ।
ਰੂਸ ਦੇ ਕਮਿਊਨਿਸਟ ਆਗੂ ਲਿਓਨ ਤਾਸਕੀ ਅਤੇ ਫਰਾਂਜ਼ ਕਾਫਕਾ ਵਰਗੇ ਨਾਵਲਕਾਰ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ। ਬਲ ਇਨ੍ਹਾਂ ਦੋਵਾਂ ਚਿੰਤਕਾਂ ਤੋਂ ਪ੍ਰਭਾਵਿਤ ਹੈ ਅਤੇ ਉਹ ਅਕਸਰ ਬਹਿੰਦਿਆਂ-ਉਠਦਿਆਂ ਦਸਦਾ ਰਹਿੰਦਾ ਹੈ ਕਿ ਉਸ ਦੀ ਸਾਰੀ ਜਿੰਦਗੀ ਤਾਸਕੀ ਅਤੇ ਕਾਫਕਾ ਨਾਲ ਲੰਮੇ ‘ਸੰਵਾਦ’ ਵਿਚ ਗੁਜਰੀ ਹੈ। ਬਲ ਅੰਦਰ ਲਿਖਣ ਜਾਂ ਸਟੇਜ ਤੇ ਚੜ੍ਹ ਕੇ ਬੋਲਣ ਦੀ ਝਿਜਕ ਹੈ। ਉਹ ਮੇਰਾ ਇਸ ਕਰਕੇ ਧੰਨਵਾਦੀ ਹੈ ਕਿ ਮੈਂ ਇਨ੍ਹਾਂ ਸਖਸ਼ੀਅਤਾਂ ਤੋ ਪੰਜਾਬੀ ਪਾਠਕਾਂ ਨੂੰ ਜਾਣੂੰ ਕਰਾਇਆ ਅਤੇ ਮੈਂ ਬਲ ਦਾ ਇਸ ਕਰਕੇ ਰਿਣੀ ਹਾਂ ਕਿ ਉਸ ਨੇ ਮੇਰੀ ਫਰਾਂਜ਼ ਕਾਫਕਾ ਵਰਗੇ ਅਦਭੁਤ ਲਿਖਾਰੀ ਨਾਲ ਸਾਂਝ ਪਵਾਈ। ਮੈਂ ਕਾਫਕਾ ਬਾਰੇ ਲਿਖਣ ਦੇ ਨਾਲ ਨਾਲ ਉਸ ਦੀਆਂ ਦੋ ਦੋਸਤ ਕੁੜੀਆਂ ਮਿਲੇਨਾ ਤੇ ਦੋਰਾ ਜੋ ਕਿ ਉਸ ਜਿਹੀਆਂ ਹੀ ਜ਼ਹੀਨ ਸਨ, ਬਾਰੇ ਵੀ ਲੰਮੇ ਲੇਖ ਲਿਖੇ। ਅਮਰਜੀਤ ਪਰਾਗ ਨੇ ਬਲ ਦੇ ਪੁਸਤਕ ਭੰਡਾਰ ਦੀ ਗੱਲ ਕੀਤੀ ਹੈ। ਕਾਫਕਾ ਦੀ ਦੋਸਤ ਮਿਲੇਨਾ ਬਾਰੇ ਮੈਂ ਪੜ੍ਹ ਤੇ ਲਿਖ ਰਿਹਾ ਸਾਂ ਤਾਂ ਮੈਨੂੰ ਵੀ ਸਭ ਤੋਂ ਵੱਧ ਹੈਰਾਨੀ ਭਰੀ ਖੁਸ਼ੀ ਉਸ ਸਮੇਂ ਹੋਈ ਜਦੋਂ ਬਲ ਮਿਲੇਨਾ ਦੀ ਧੀ ਵਲੋਂ ‘ਕਾਫਕਾ’ਜ ਮਿਲੇਨਾ’ ਸਿਰਲੇਖ ਹੇਠ ਲਿਖੀ ਉਸ ਦੀ ਮਾਂ ਦੀ ਜੀਵਨੀ ਸਬੰਧੀ ਕਿਤਾਬ ਵੀ ਆ ਕੇ ਦੇ ਗਿਆ।
ਸ਼ਰਾਬ ਪੀਣੀ ਇਕ ਗੱਲ ਹੈ ਪਰ ਸ਼ਰਾਬੀ ਢਾਣੀਆਂ ਦੀ ਉਸਤਤਿ ਲਿਖਤ ਰਾਹੀਂ ਕਰਨੀ ਵਾਜਬ ਨਹੀਂ। ਸ਼ਰਾਬੀ ਪਤੀ ਨੂੰ ਔਰਤ ਬਰਦਾਸ਼ਤ ਕਰ ਲੈਂਦੀ ਹੈ ਕਿਉਂਕਿ ਉਸ ਨੇ ਘਰ ਵਸਾਉਣਾ ਹੈ, ਪਰ ਉਸ ਤੋਂ ਖੁਸ਼ੀ ਦੀ ਉਮੀਦ ਰੱਖਣੀ ਸਹੀ ਨਹੀਂ। ਪਰ ਕੀ ਬਲ ਉਸ ਤਰ੍ਹਾਂ ਦਾ ਸ਼ਰਾਬੀ ਪਤੀ ਹੈ? ਪਰਾਗ ਦੀ ਲਿਖਤ ਵਿਚ ਸ਼ਰਾਬ ਤੋਂ ਵੀ ਅੱਗੇ ਭਾਂਤ-ਭਾਂਤ ਦੇ ਨਸ਼ਿਆਂ ਵਲ ਸੰਕੇਤ ਹੈ। ਅਜਿਹਾ ਸ਼ਾਇਦ ਉਹ ਕਿਸੇ ਲੋਰ ਵਿਚ ਹੀ ਲਿਖ ਗਏ। ਕੇਹਰ ਸਿੰਘ, ਬਲਕਾਰ ਸਿੰਘ, ਹਰਿੰਦਰ ਸਿੰਘ ਮਹਿਬੂਬ, ਰਾਜੇਸ਼ ਸ਼ਰਮਾ, ਪਿਆਰੇ ਮੋਹਣ, ਤੇਗਿੰਦਰ, ਧਰਮਜੀਤ ਲਵਲੀ ਆਦਿਕ ਅਨੇਕ ਅਜਿਹੇ ਦਾਨਸ਼ਵਰ ਹਨ ਜਿਹੜੇ ਸ਼ਰਾਬ ਬਿਲਕੁਲ ਨਹੀਂ ਪੀਂਦੇ, ਤਾਂ ਵੀ ਉਹ ਅੱਧੀ ਅੱਧੀ ਰਾਤ ਤੱਕ ਬਲ ਦੇ ਘਰ ਗੁਫਤਗੂ ਲਈ ਬੈਠਦੇ ਰਹੇ ਹਨ।
ਜਦੋਂ ਮੈਂ ਦੇਖਿਆ ਕਿ ਗੁਰਨਾਮ ਨੇ ਪਰਾਗ ਦੀ ਲਿਖਤ ਉਪਰ ਆਪਣਾ ਪ੍ਰਤੀਕਰਮ ਛਪਵਾਇਆ ਹੈ, ਪੜ੍ਹਨ ਤੋਂ ਪਹਿਲਾਂ ਮੇਰਾ ਖਿਆਲ ਸੀ ਕਿ ਉਤੇਜਨਾ ਅਤੇ ਗੁੱਸੇ ਵਿਚ ਆ ਕੇ ਬਹੁਤ ਕੁਝ ਤਿੱਖਾ ਲਿਖਿਆ ਹੋਵੇਗਾ। ਲੇਖ ਪੜ੍ਹਿਆ, ਅਜਿਹਾ ਕੁਝ ਨਹੀਂ ਸੀ। ਪੂਰੇ ਲੇਖ ਵਿਚ ਗੁੱਸੇ ਦਾ ਨਹੀਂ ਦੁੱਖ ਅਤੇ ਉਦਾਸੀ ਦਾ ਪ੍ਰਗਟਾਵਾ ਦੇਖਿਆ।
ਗੁਰਨਾਮ ਕੌਰ ਨਿਰੰਤਰ ਪੜ੍ਹ ਅਤੇ ਲਿਖ ਰਹੀ ਹੈ। ਉਸ ਦਾ ਸਿਲੇਬਸ ਗੁਰਬਾਣੀ ਅਤੇ ਸਿੱਖ ਸਾਹਿਤ ਹੈ। ਉਸ ਦੀ ਲਿਖਤ ਵਿਚ ਕੀ ਹੈ ਤੇ ਕੀ ਨਹੀਂ ਹੈ, ਇਸ ਦਾ ਨਿਰਣਾ ਪਾਠਕ ਆਪ ਕਰ ਲੈਣਗੇ। ਜਿਹੜੀ ਔਰਤ ਸਵੇਰ ਸ਼ਾਮ ਨਿਤਨੇਮ ਕਰਦੀ ਹੋਵੇ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਰਿਟਾਇਰ ਹੋਈ ਹੋਵੇ, ਉਸ ਦੇ ਘਰ ਅੰਦਰਲਾ ਜੋ ਦ੍ਰਿਸ਼ ਪਰਾਗ ਦੇ ਸ਼ਬਦ ਚਿਤਰ ਤੋਂ ਜਾਣੇ-ਅਨਜਾਣੇ ਉਜਾਗਰ ਹੁੰਦਾ ਹੈ ਉਹ ਸਹੀ ਨਹੀਂ ਹੈ। ਸ਼ਾਇਦ ਪਰਾਗ ਦੀ ਇਹ ਮਨਸ਼ਾ ਵੀ ਨਹੀਂ ਸੀ ਜੋ ਕਿ ਬਲ ਦੇ ਮੰਡੀ ਅਹਿਮਦਗੜ੍ਹ ਦੇ ਪਹਿਲੇ ਗੇੜੇ ਦੇ ਦਿਲਚਸਪ ਵਰਣਨ ਤੋਂ ਪੂਰਾ ਪਤਾ ਨਹੀਂ ਵੀ ਲੱਗਦਾ ਤਾਂ ਬਲ ਦੇ ਸਬੰਧ ਵਿਚ ‘ਗ੍ਰਹਿਸਥ ਅਤੇ ਬੈਰਾਗ ਦੇ ਬੇਮੇਚਪਣ’ ਵਾਲੇ ਪਹਿਰੇ ਨੂੰ ਪੜ੍ਹ ਕੇ ਜਰੂਰ ਹੀ ਲੱਗ ਜਾਂਦਾ ਹੈ।
ਬਲ ਬਾਰੇ ਪੰਜਾਬੀ ਟ੍ਰਿਬਿਊਨ ਵਿਚਲੇ ਉਸ ਦੇ ਬਥੇਰੇ ਸਾਥੀਆਂ ਨੂੰ ਮੈਂ ਜਾਣਦਾ ਹਾਂ ਅਤੇ ਯੂਨੀਵਰਸਿਟੀ ਬਾਰੇ ਮੈਨੂੰ ਖੁਦ ਪਤਾ ਹੈ। ਉਸ ਦੇ ਸਾਥੀ ਉਸ ਨੂੰ ਬਲ ਬਾਬਾ ਕਹਿ ਕੇ ਯਾਦ ਕਰਦੇ ਤਾਂ ਮੈਂ ਸੁਣੇ ਹਨ, ਨਸ਼ੇੜੀ ਵਜੋਂ ਜ਼ਿਕਰ ਕਰਦਾ ਮੈਂ ਕਦੀ ਕੋਈ ਨਹੀਂ ਸੁਣਿਆ। ਬਲ ਕੋਲ ਭਾਂਤ-ਭਾਂਤ ਦੇ ਸੱਜਣ ਭਾਂਤ ਭਾਂਤ ਦੀਆਂ ਕਿਤਾਬਾਂ ਬਾਰੇ ਚਰਚਾ ਕਰਨ ਜਾਂਦੇ ਹਨ, ਮਹਿਜ ਸ਼ਰਾਬ ਪੀਣ ਕੋਈ ਵੀ ਨਹੀਂ।
ਹਰਪਾਲ ਸਿੰਘ ਪੰਨੂੰ (ਪ੍ਰੋæ)
ਪੰਜਾਬੀ ਯੂਨੀਵਰਸਿਟੀ, ਪਟਿਆਲਾ।
Leave a Reply