ਕਲਾ ਦੀ ਉਡਾਣ ਅਤੇ ਸਿਆਸਤ ਦਾ ਪਿੰਜਰਾ

ਆਮਨਾ ਕੌਰ
ਪਾਕਿਸਤਾਨੀ ਟੈਲੀਵਿਜ਼ਨ ਲੜੀਵਾਰ ‘ਹਮਸਫ਼ਰ’ ਨਾਲ ਜੱਗ-ਜਹਾਨ ਦਾ ਧਿਆਨ ਖਿੱਚਣ ਵਾਲੀ ਅਦਾਕਾਰਾ ਮਹੀਰਾ ਖਾਨ ਦੀ ਹਿੰਦੀ ਫਿਲਮਾਂ ਦੀ ਉਡਾਣ ਫਿਲਹਾਲ ਅਧੂਰੀ ਹੀ ਰਹਿ ਗਈ ਹੈ। ਕੁਝ ਸਾਲ ਪਹਿਲਾਂ ਉਸ ਨੇ ਉਰਦੂ ਪਾਕਿਸਤਾਨੀ ਫਿਲਮ ‘ਬੋਲ’ ਰਾਹੀਂ ਭਾਰਤੀ ਦਰਸ਼ਕਾਂ ਦਾ ਧਿਆਨ ਖਿੱਚਿਆ ਸੀ। ਯਾਦ ਰਹੇ ਕਿ ਇਹ ਪਾਕਿਸਤਾਨੀ ਫਿਲਮ ਭਾਰਤ ਵਿਚ ਬਾਕਾਇਦਾ ਰਿਲੀਜ਼ ਹੋਈ ਸੀ ਅਤੇ ਇਸ ਦੀ ਤਾਰੀਫ਼ ਵੀ ਖੂਬ ਹੋਈ ਸੀ।

ਫਿਰ ਜਦੋਂ ਮਹੀਰਾ ਖਾਨ ਨੂੰ ਹਿੰਦੀ ਫਿਲਮਾਂ ਦੇ ਸਟਾਰ ਅਦਾਕਾਰਾ ਸ਼ਾਹਰੁਖ ਖਾਨ ਨਾਲ ਫਿਲਮ ‘ਰਈਸ’ ਮਿਲੀ ਤਾਂ ਉਸ ਦੇ ਵਾਰੇ-ਨਿਆਰੇ ਹੋ ਗਏ। ਸਭ ਨੂੰ ਜਾਪ ਰਿਹਾ ਸੀ ਕਿ ਇਹ ਕਲਾਕਾਰ ਹੁਣ ਹਿੰਦੀ ਫਿਲਮਾਂ ਵਿਚ ਉਚੀ ਉਡਾਣ ਭਰੇਗੀ; ਪਰ ਇਸੇ ਦੌਰਾਨ ਉੜੀ (ਜੰਮੂ ਕਸ਼ਮੀਰ) ਵਿਚ ਭਾਰਤੀ ਫੌਜ ਦੇ ਕੈਂਪ ਉਤੇ ਦਹਿਸ਼ਤੀ ਹਮਲੇ ਨੇ ਸਾਰਾ ਕੁਝ ਉਲਟ ਪੁਲਟ ਕਰ ਦਿੱਤਾ। ਭਾਰਤ ਦੀਆਂ ਹਿੰਦੂਤਵੀ ਜਥੇਬੰਦੀਆਂ ਜੋ ਧਰਮ ਦੇ ਆਧਾਰ ‘ਤੇ ਅਕਸਰ ਜ਼ਹਿਰ ਉਗਲਦੀਆਂ ਰਹਿੰਦੀਆਂ ਹਨ ਅਤੇ ਪਾਕਿਸਤਾਨ ਦਾ ਨਾਂ ਵਰਤ ਕੇ ਅਕਸਰ ਆਪਣੀ ਸਿਆਸਤ ਚਲਾਉਂਦੀਆਂ ਹਨ, ਨੇ ਪਾਕਿਸਤਾਨੀ ਕਲਾਕਾਰਾਂ ਖਿਲਾਫ਼ ਮੁਹਿੰਮ ਵਿਢ ਲਈ। ਇਨ੍ਹਾਂ ਦੀਆਂ ਫਿਲਮਾਂ ਰਿਲੀਜ਼ ਤੱਕ ਨਾ ਹੋਣ ਦਿੱਤੀਆਂ। ਕਰਨ ਜੌਹਰ ਅਤੇ ਹੋਰ ਫਿਲਮ ਨਿਰਦੇਸ਼ਕਾਂ ਉਤੇ ਉਦੋਂ ਇੰਨਾ ਜ਼ਿਆਦਾ ਜ਼ੋਰ ਪਿਆ ਕਿ ਇਨ੍ਹਾਂ ਨੂੰ ਇਹ ਕਹਿਣਾ ਪਿਆ ਕਿ ਅਗਾਂਹ ਤੋਂ ਇਹ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਨਹੀਂ ਦੇਣਗੇ। ਇਸ ਦਾ ਸਭ ਤੋਂ ਵੱਧ ਨੁਕਸਾਨ ਮਹੀਰਾ ਖਾਨ ਅਤੇ ਉਸ ਦੇ ‘ਹਮਸਫ਼ਰ’ ਲੜੀਵਾਰ ਵਾਲੇ ਸਹਿ-ਕਲਾਕਾਰ ਫਵਾਦ ਖਾਨ ਨੂੰ ਹੋਇਆ। ਭਾਰਤ ਦੀਆਂ ਕੁਝ ਸੰਜੀਦਾ ਫਿਲਮ ਹਸਤੀਆਂ ਨੇ ਇਸ ਵਿਰੋਧ ਨਾਲ ਤਕੜਾ ਵਿਰੋਧ ਕੀਤਾ। ਇਨ੍ਹਾਂ ਵਿਚ ਮਹੇਸ਼ ਭੱਟ ਅਤੇ ਉਸ ਦਾ ਭਰਾ ਮੁਕੇਸ਼ ਭੱਟ ਵੀ ਸ਼ਾਮਲ ਸਨ। ਹੁਣ ਮਹੇਸ਼ ਭੱਟ ਭਾਰਤ ਅਤੇ ਪਕਿਸਤਾਨ ਵਿਚਕਾਰ ਆਪਸੀ ਸਾਂਝ ਨੂੰ ਦਰਸਾਉਂਦਾ ਇਕ ਗੀਤ ਤਿਆਰ ਕਰ ਰਿਹਾ ਹੈ। ਇਸ ਗੀਤ ਲਈ ਮਹੇਸ਼ ਭੱਟ ਨੇ ਕੁਝ ਪਾਕਿਸਤਾਨੀ ਗਾਇਕਾਂ ਨਾਲ ਰਾਬਤਾ ਬਣਾਇਆ ਹੈ। ਇਨ੍ਹਾਂ ਵਿਚੋਂ ਸ਼ਫ਼ਕਤ ਅਮਾਨਤ ਅਲੀ ਨੇ ਮਹੇਸ਼ ਭੱਟ ਦੀ ਇਹ ਪੇਸ਼ਕਸ ਸਵੀਕਾਰ ਵੀ ਕਰ ਲਈ ਹੈ। ਨਾਲ ਹੀ ਐਲਾਨ ਕੀਤਾ ਹੈ ਕਿ ਉਹ ਬਿਨਾਂ ਕਿਸੇ ਫ਼ੀਸ ਤੋਂ ਇਸ ਪ੍ਰੋਜੈਕਟ ਲਈ ਕੰਮ ਕਰੇਗਾ। ਸ਼ਫ਼ਕਤ ਤੋਂ ਇਲਾਵਾ ਮਹੇਸ਼ ਭੱਟ ਨੇ ਅਲੀ ਜ਼ਫ਼ਰ ਤੱਕ ਵੀ ਪਹੁੰਚ ਕੀਤੀ ਸੀ। ਉਸ ਨੇ ਨੇ ਵੀ ਹਾਂ-ਪੱਖੀ ਹੁੰਗਾਰਾ ਭਰਿਆ ਸੀ। ਇਸ ਪ੍ਰੋਜੈਕਟ ਨਾਲ ਦਿੱਲੀ ਦੇ ਪਿਛੋਕੜ ਵਾਲਾ ਅਦਾਕਾਰ ਇਮਰਾਨ ਜਾਹਿਦ ਵੀ ਜੁੜਿਆ ਹੋਇਆ ਹੈ। ਯਾਦ ਰਹੇ ਕਿ ਇਹ ਗਾਣਾ ਨਾਟਕ ‘ਮਿਲਨੇ ਦੋ’ ਦਾ ਹਿੱਸਾ ਹੈ ਜਿਸ ਦਾ ਮੰਚਣ ਦਿੱਲੀ ਵਿਚ 8 ਜੂਨ ਨੂੰ ਅਤੇ ਮੁੰਬਈ ਵਿਚ 23 ਜੂਨ ਨੂੰ ਕੀਤਾ ਜਾ ਰਿਹਾ ਹੈ। ਇਹ ਨਾਟਕ ਭਾਰਤ ਅਤੇ ਪਾਕਿਸਤਾਨ ਦੇ ਪਿਛੋਕੜ ਅਤੇ ਰਿਸ਼ਤਿਆਂ ਦੀ ਬਾਤ ਪਾਉਂਦਾ ਹੈ।