ਵਾਸ਼ਿੰਗਟਨ: ਅਮਰੀਕੀ ਸੰਸਦ ਵਿਚ ਪੇਸ਼ ਕੀਤੇ ਗਏ ਐਚ-1 ਬੀ ਬਿੱਲ ਤੋਂ ਬਾਅਦ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਆਈæਟੀæ ਮਹਿਰਾਂ ਦੀਆਂ ਦਿੱਕਤਾਂ ਵਧ ਗਈਆਂ ਹਨ। ਅਸਲ ਵਿਚ ਇਸ ਸਬੰਧੀ ਕਾਨੂੰਨ ਬਣਨ ਤੋਂ ਬਾਅਦ ਐਚ-1 ਬੀ ਵੀਜ਼ੇ ਉਤੇ ਅਮਰੀਕਾ ਜਾਣ ਵਾਲੇ ਭਾਰਤੀ ਆਈæਟੀæ ਮਾਹਿਰਾਂ ਦੀ ਗਿਣਤੀ ਵਿਚ ਕਟੌਤੀ ਕੀਤੀ ਜਾਵੇਗੀ।
ਫਿਕਰ ਵਿਚ ਡੁੱਬੇ ਭਾਰਤੀ ਆਈæਟੀæ ਮਾਹਿਰ ਸਿਲੀਕਾਨ ਵੈਲੀ ਵਿਚ ਇਕੱਠੇ ਹੋਏ ਤੇ ਆਪਣੇ ਭਵਿੱਖ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਸਿਲੀਕਾਨ ਵੈਲੀ ਵਿਚ ਭਾਰਤੀ ਕਾਮਿਆਂ ਦੇ ਸੰਗਠਨ ਗਲੋਬਲ ਇੰਡੀਅਨ ਤਕਨਾਲੋਜੀ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਮੁਖੀ ਕੇæ ਕਾਂਡ ਨੇ ਦੱਸਿਆ ਕਿ ਐਚ-1 ਬੀ ਬਿੱਲ ਦੇ ਸੁਧਾਰ ਪ੍ਰੋਗਰਾਮ ਖੁੱਲ੍ਹੇ ਲੋਕਾਂ ਸਾਹਮਣੇ ਰੱਖਣੇ ਚਾਹੀਦੇ ਹਨ। ਕੇæ ਕਾਂਡ ਅਨੁਸਾਰ ਇਸ ਬਿੱਲ ਦਾ ਸਭ ਤੋਂ ਵੱਧ ਅਸਰ ਅਮਰੀਕੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਵਾਲੇ ਉਨ੍ਹਾਂ ਨਵੇਂ ਪੜ੍ਹਾਕੂਆਂ ਉਤੇ ਪਵੇਗਾ ਜਿਨ੍ਹਾਂ ਕੋਲ ਕੰਮ ਦਾ ਤਜਰਬਾ ਨਹੀਂ ਹੋਵੇਗਾ। ਤਜਰਬੇ ਤੋਂ ਬਿਨਾਂ ਅਮਰੀਕੀ ਕਾਨੂੰਨ ਅਨੁਸਾਰ ਘੱਟੋ ਘੱਟ ਸਾਲਾਨਾ 1,30,000 ਡਾਲਰ ਦੀ ਤਨਖਾਹ ਕੌਣ ਦੇਵੇਗਾ। ਐਚ-1 ਬੀ ਵੀਜ਼ਾ ਅਮਰੀਕਾ ਦਾ ਗੈਰ ਪਰਵਾਸੀ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਦੂਜੇ ਦੇਸ਼ਾਂ ਤੋਂ ਕਾਮਿਆਂ ਨੂੰ ਆਪਣੀ ਲੋੜ ਅਨੁਸਾਰ ਬੁਲਾ ਕੇ ਕੰਮ ਕਰਵਾਉਂਦੀਆਂ ਸਨ।
ਇਸ ਤਹਿਤ ਅਮਰੀਕੀ ਕੰਪਨੀਆਂ ਹਜ਼ਾਰਾਂ ਪਰਵਾਸੀ ਕਾਮਿਆਂ ਨੂੰ ਹਰ ਸਾਲ ਬੁਲਾਉਂਦੀਆਂ ਸਨ। ਗਲੋਬਲ ਇੰਡੀਅਨ ਤਕਨਾਲੋਜੀ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਅਨੁਸਾਰ ਨਵੇਂ ਵੀਜ਼ਾ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਸੰਗਠਨ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਚਿੱਠੀ ਲਿਖ ਕੇ ਆਪਣੀਆਂ ਚਿੰਤਾਵਾਂ ਬਾਰੇ ਜਾਣੂ ਕਰਵਾਇਆ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਿਚ ਸੰਸਥਾ ਨੇ ਆਖਿਆ ਹੈ ਕਿ ਅਮਰੀਕਾ ਦੇ ਗਰੀਨ ਕਾਰਡ ਹੋਲਡਰਾਂ ਨੂੰ ਵੀ ਇਸ ਸਮੇਂ ਨਵੇਂ ਇਮੀਗ੍ਰੇਸ਼ਨ ਕੋਟਾ ਨੀਤੀ ਤਹਿਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੋਬਲ ਇੰਡੀਅਨ ਤਕਨਾਲੋਜੀ ਪ੍ਰੋਫੈਸ਼ਨਲ ਐਸੋਸੀਏਸ਼ਨ ਨੇ ਕਿਹਾ ਕਿ ਬਿੱਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਹ ਬਿੱਲ ਪ੍ਰਤੀ ਦੇਸ਼ ਕੋਟਾ ਸਿਸਟਮ ਦਾ ਖਾਤਮਾ ਕਰਦਾ ਹੈ।
______________________________________________
ਪਰਵਾਸ ਨੀਤੀ ‘ਤੇ ਟਰੰਪ ਦਾ ਤਰਕ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਪਰਵਾਸ ਪ੍ਰਬੰਧ ਮੈਰਿਟ ਦੇ ਆਧਾਰ ‘ਤੇ ਹੋਣ ਦੀ ਵਜਾਹਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਅਮਰੀਕੀ ਅਰਥ-ਵਿਵਸਥਾ ਨੂੰ ਫਾਇਦਾ ਮਿਲੇਗਾ ਤੇ ਨੌਕਰੀਆਂ ਵੀ ਪੈਦਾ ਹੋਣਗੀਆਂ। ਵ੍ਹਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਸਟੀਫਨ ਮਿੱਲਰ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੇਸ਼ ਵਿਚ ਪਰਵਾਸੀਆਂ ਦੀ ਆਮਦ ਮੈਰਿਟ ਦੇ ਆਧਾਰ ਉਤੇ ਹੋਣ ਦੇ ਸਮਰਥਕ ਹਨ। ਇਸ ਨਾਲ ਸਾਡੀ ਆਰਥਿਕਤਾ ਮਜ਼ਬੂਤ ਹੋਵੇਗੀ ਤੇ ਸਾਰਿਆਂ ਲਈ ਨੌਕਰੀਆਂ ਵਧਾਉਣ ਵਿਚ ਵੀ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਅਮਰੀਕਾ ਵਿਚ ਭਾਰਤ ਦੇ ਸੂਚਨਾ-ਤਕਨੀਕ ਨਾਲ ਸਬੰਧੀ ਪ੍ਰੋਫੈਸ਼ਨਲ ਤੇ ਕਾਰੋਬਾਰੀ ਲੋਕ ਨਾ ਸਿਰਫ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਕਰਨ ਲਈ ਜਾਣੇ ਜਾਂਦੇ ਹਨ ਬਲਕਿ ਨੌਕਰੀਆਂ ਪੈਦਾ ਕਰਨ ਲਈ ਵੀ ਮਸ਼ਹੂਰ ਹਨ। ਇਸ ਦੇ ਨਾਲ ਹੀ ਮਿੱਲਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਪਰਵਾਸ ਪ੍ਰਬੰਧ ਅਮਰੀਕਾ ਦੇ ਕਾਮਿਆਂ ਨੂੰ ਬੇਰੁਜ਼ਗਾਰ ਨਾ ਕਰਦਾ ਹੋਵੇ ਤੇ ਨਾ ਹੀ ਧੋਖਾਧੜੀ ਦੇ ਕੋਈ ਦੋਸ਼ ਲੱਗਣ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਐਚ-1ਬੀ ਵੀਜ਼ਾ ਪ੍ਰਬੰਧ ‘ਤੇ ਉਕਤ ਦੋਵੇਂ ਦੋਸ਼ ਲੱਗਦੇ ਰਹੇ ਹਨ।
_________________________________________________
ਟਰੰਪ ਵੱਲੋਂ ਨਿੱਕੀ ਹੇਲੀ ਦੀ ਤਾਰੀਫ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੇਲੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦੇ ਤੌਰ ‘ਤੇ ਬਹੁਤ ਵਧੀਆ ਕੰਮ ਕਰ ਰਹੀ ਹੈ। ਕਿਸੇ ਵੀ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿਚ ਕੈਬਨਿਟ ਪੱਧਰ ਦੇ ਅਹੁਦੇ ਤੱਕ ਨਿਯੁਕਤ ਹੋਣ ਵਾਲੀ ਉਹ ਪਹਿਲੀ ਭਾਰਤੀ-ਅਮਰੀਕੀ ਹੈ। ਦੱਖਣੀ ਕੈਰੋਲਾਈਨਾ ਵਿਚ ਤਾੜੀਆਂ ਦੀ ਗੂੰਜ ‘ਚ ਟਰੰਪ ਨੇ ਕਿਹਾ ਕਿ ਮੈਂ ਸਾਬਕਾ ਗਵਰਨਰ ਨਿੱਕੀ ਹੇਲੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ। ਟਰੰਪ ਨੇ ਜਨਤਕ ਤੌਰ ‘ਤੇ ਪਹਿਲੀ ਵਾਰ ਕਿਸੇ ਭਾਰਤੀ ਮੂਲ ਦੀ ਅਮਰੀਕੀ ਸਿਆਸੀ ਰਾਜਦੂਤ ਦੇ ਕੰਮ ਦੀ ਤਾਰੀਫ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਦੇ ਤੌਰ ‘ਤੇ ਅਮਰੀਕਾ ਦੀ ਅਗਵਾਈ ਬਹੁਤ ਹੀ ਵਧੀਆ ਢੰਗ ਨਾਲ ਕਰ ਰਹੀ ਹੈ।