ਨਵੀਂ ਦਿੱਲੀ: ਵੋਟਾਂ ਦੀ ਮੁੱਖ ਰਸਮ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਵੱਖ-ਵੱਖ ਪਾਰਟੀਆਂ ਵੱਲੋਂ ਸਿੱਖ ਵੋਟਰਾਂ ਨਾਲ ਲੰਮੇ-ਚੌੜੇ ਲੁਭਾਉਣੇ ਵਾਅਦੇ ਕੀਤੇ ਗਏ ਹਨ। ਰਵਾਇਤੀ ਪਾਰਟੀਆਂ ਸਮੇਤ ਇਸ ਵਾਰ ਪੰਥਕ ਸੇਵਾ ਦਲ ਵੀ ਅਹਿਮ ਪਾਰਟੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ), ਸਰਨਾ ਧੜੇ ਤੋਂ ਇਲਾਵਾ ਪੰਥਕ ਸੇਵਾ ਦਲ ਨੇ ਵੀ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ।
ਦਿੱਲੀ ਦੇ ਸਿੱਖਾਂ ਨਾਲ ਪੰਥਕ ਸੇਵਾ ਦਲ ਨੇ ਜੋ ਮੁੱਖ ਵਾਅਦੇ ਕੀਤੇ ਹਨ, ਉਨ੍ਹਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਆਦੇਸ਼ਾਂ ਉਤੇ ਪਹਿਰਾ ਦੇਣਾ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਬਾਬਾ ਬਚਨ ਸਿੰਘ (ਕਾਰ ਸੇਵਾ ਵਾਲਿਆਂ) ਤੋਂ ਹੀ ਕਰਵਾਉਣਾ, ਦਿੱਲੀ ਕਮੇਟੀ ‘ਚ ਸੇਵਾਦਾਰਾਂ ਤੇ ਇਤਿਹਾਸਕ ਗੁਰਦੁਆਰਿਆਂ ਵਿਚ ਪਾਠੀ ਸਿੰਘਾਂ ਦੀ ਤਨਖਾਹ ਘੱਟ ਤੋਂ ਘੱਟ 15,000 ਰੁਪਏ ਮਹੀਨਾ ਕਰਨਾ, ਘੱਟ ਗਿਣਤੀ ਦੇ ਪ੍ਰਮਾਣ ਪੱਤਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਤੀਨਿਧੀ ਵੱਲੋਂ ਹੀ ਜਾਰੀ ਕੀਤੇ ਜਾਣਾ, ਸਿੱਖਾਂ ਲਈ ਸਿਹਤ ਤੇ ਸਿੱਖਿਆ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੁਚੱਜੇ ਪ੍ਰਬੰਧ ਕੀਤੇ ਜਾਣੇ ਤੇ ਲੋੜਵੰਦ ਸਿੱਖ ਪਰਿਵਾਰਾਂ ਲਈ ਮੁਫਤ ਸਿਹਤ ਬੀਮਾ ਯੋਜਨਾ ਸ਼ੁਰੂ ਕਰਨਾ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਯਤਨ ਆਰੰਭ ਕਰਨੇ, 1984 ਨਸਲਕੁਸ਼ੀ ਪੀੜਤ ਪਰਿਵਾਰਾਂ ਦੀ ਮਦਦ, ਅਫਗਾਨਿਸਤਾਨ ਤੋਂ ਆਏ ਸਿੱਖ ਪਰਿਵਾਰਾਂ ਨੂੰ ਭਾਰਤ ਦੀ ਨਾਗਰਿਕਤਾ ਦਿਵਾਉਣ ਸਮੇਤ ਕਈ ਹੋਰ ਅਜਿਹੇ ਵਾਅਦੇ ਕੀਤੇ ਗਏ ਹਨ, ਜਿਹੜੇ ਜ਼ਿਆਦਾਤਰ ਸਿਰਫ ਲਿਖਤਾਂ ਵਿਚ ਹੀ ਰਹਿ ਜਾਂਦੇ ਹਨ।
__________________________________________
ਕਿਵੇਂ ਹੁੰਦੀ ਹੈ ਦਿੱਲੀ ਕਮੇਟੀ ਦੀ ਚੋਣ?
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਚਾਰ ਸਾਲ ਬਾਅਦ ਹੁੰਦੀ ਹੈ। ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ 55 ਹੈ। ਇਨ੍ਹਾਂ ਵਿਚ 46 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਨ੍ਹਾਂ 9 ਮੈਂਬਰਾਂ ਵਿਚ ਦੋ ਮੈਂਬਰ ਦਿੱਲੀ ਦੇ ਸਿੱਖਾਂ ਵਿਚੋਂ ਹੁੰਦੇ ਹਨ, ਇਕ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਾ ਹੁੰਦਾ ਹੈ, ਚਾਰ ਮੈਂਬਰ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਚੁਣ ਕੇ ਭੇਜਿਆ ਜਾਂਦਾ ਹੈ। ਬਾਕੀ ਦੋ ਮੈਂਬਰ ਦਿੱਲੀ ਕਮੇਟੀ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਨਾਮਜ਼ਦ ਕੀਤੇ ਜਾਂਦੇ ਹਨ। ਕਮੇਟੀ ਦੀ ਐਕਜ਼ੈਕਟਿਵ ਕਮੇਟੀ ਵਿਚ 15 ਮੈਂਬਰ ਹੁੰਦੇ ਹਨ, ਜਿਨ੍ਹਾਂ ‘ਚ ਕਮੇਟੀ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕੱਤਰ ਸਮੇਤ 10 ਹੋਰ ਕਮੇਟੀ ਮੈਂਬਰ ਸ਼ਾਮਲ ਹੁੰਦੇ ਹਨ। ਦਿੱਲੀ ਕਮੇਟੀ ਦਾ ਸਾਰਾ ਪ੍ਰਬੰਧ ਸੰਗਤ ਵੱਲੋਂ ਗੁਰਦੁਆਰਿਆਂ ‘ਚ ਕੀਤੇ ਜਾਂਦਾ ਚੜ੍ਹਾਵੇ ਨਾਲ ਚਲਦਾ ਹੈ। 26 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਤਕਰੀਬਨ 3 ਲੱਖ 81 ਹਜ਼ਾਰ ਸਿੱਖ ਵੋਟਰ ਹਿੱਸਾ ਲੈਣਗੇ। ਸਭ ਤੋਂ ਘੱਟ 5258 ਵੋਟਰ ਰਾਜਿੰਦਰ ਨਗਰ ਵਾਰਡ ਵਿਚ ਹਨ ਤੇ ਸਭ ਤੋਂ ਵੱਧ 10,932 ਵੋਟਰ ਰਾਜੌਰੀ ਗਾਰਡਨ ਵਾਰਡ ਵਿਚ ਹਨ।
___________________________________________
ਸਰਨਾ ਧੜੇ ਵੱਲੋਂ ਸਿੱਖ ਯੂਨੀਵਰਸਿਟੀ ਦਾ ਵਾਅਦਾ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਵਿਚ ਧਰਮ ਪ੍ਰਚਾਰ ਨੂੰ ਪਹਿਲ ਦੇਣ, ਪਤਿਤਪੁਣੇ ਨੂੰ ਠੱਲ੍ਹ ਪਾਉਣ, ਬਾਦਲ ਦਲ ਵਲੋਂ ਬੰਦ ਕੀਤੀਆਂ ਵਿਦਿਅਕ ਸੰਸਥਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਇਕ ਸਿੱਖ ਯੂਨੀਵਰਸਿਟੀ ਸਥਾਪਤ ਕਰਨ ਵਰਗੇ ਵਾਅਦੇ ਕੀਤੇ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਗੁਰੂ ਦੀ ਗੋਲਕ ਨੂੰ ਬਾਦਲ ਦਲ ਵਾਲਿਆਂ ਨੇ ਘੁਣ ਵਾਂਗ ਖਾਧੀ ਹੈ ਅਤੇ ਇਸ ਵੇਲੇ ਦਿੱਲੀ ਕਮੇਟੀ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਕੋਈ ਵਪਾਰਕ ਅਦਾਰਾ ਨਹੀਂ, ਸਗੋਂ ਸੇਵਾ ਵਾਲਾ ਅਦਾਰਾ ਹੈ ਜਿਸ ਨੂੰ ਸੇਵਾ ਭਾਵਨਾ ਨਾਲ ਹੀ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਈ ਦਿੱਲੀ ਕਮੇਟੀ ਵੱਲੋਂ ਇਕ ਐਫ਼ਐਮæ ਰੇਡੀਓ ਵੀ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਸਰਨਾ ਨੇ ਸਿੱਖ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦਾ ਵਾਅਦਾ ਵੀ ਕੀਤਾ।
_______________________________________________
ਪੰਜਾਬੀ ਬਾਗ ਹਲਕੇ ਵਿਚ ਸਾਨ੍ਹਾਂ ਦੇ ਭੇੜ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪੰਜਾਬੀ ਬਾਗ ਹਲਕਾ ਨੰਬਰ-9 ਵਿਚ ਸਾਨ੍ਹਾਂ ਦੇ ਭੇੜ ਹੋਣ ਕਰ ਕੇ ਇਸ ਹਲਕੇ ਉਪਰ ਸਭ ਦੀ ਨਜ਼ਰ ਲੱਗੀ ਹੋਈ ਹੈ। ਇਸ ਅਮੀਰ ਵੱਸੋਂ ਵਾਲੇ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ, ਦਿੱਲੀ ਕਮੇਟੀ ਦੇ ਜਰਨਲ ਸਕੱਤਰ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਰਮਿਆਨ ਮੁਕਾਬਲਾ ਹੈ। ਦੋਵੇਂ ਹੀ ਆਗੂ ਪੈਸੇ ਪੱਖੋਂ ਸੌਖੇ ਹਨ ਤੇ ਚੋਣ ਪ੍ਰਚਾਰ ਲਈ ਪੈਸਾ ਪਾਣੀ ਵਾਂਗ ਵਹਾ ਰਹੇ ਹਨ। ਇਸ ਹਲਕੇ ਵਿਚ 7280 ਵੋਟਾਂ ਹਨ ਜਿਨ੍ਹਾਂ ਵਿਚੋਂ 600 ਵੋਟਾਂ ਜਾਅਲੀ ਜਾਂ ਸਹੀ ਨਾ ਹੋਣ ਕਰ ਕੇ ਕੱਟੀਆਂ ਗਈਆਂ ਹਨ, 1200 ਨਵੀਆਂ ਵੋਟਾਂ ਬਣੀਆਂ ਹਨ।
ਪਿਛਲੀਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਹੱਦਬੰਦੀ ਤੋਂ ਪਹਿਲਾਂ ਇਥੇ ਕਰੀਬ 14000 ਵੋਟਾਂ ਸਨ ਤੇ ਸ੍ਰੀ ਸਿਰਸਾ ਦੀ ਜਿੱਤ ਦਾ ਅੰਤਰ ਕਰੀਬ 4300 ਸੀ। ਹੁਣ ਕੁਝ ਇਲਾਕਾ ਇਥੋਂ ਬਦਲ ਕੇ ਨੇੜੇ ਦੇ ਵਾਰਡ ਵਿਚ ਪਾ ਦਿੱਤਾ ਗਿਆ। ਪੰਥਕ ਸੇਵਾ ਦਲ ਦੇ ਹਰਜਿੰਦਰ ਸਿੰਘ ਇੰਜੀਨੀਅਰ ਵੀ ਮੈਦਾਨ ਵਿਚ ਹਨ ਤੇ ਆਜ਼ਾਦ ਵੀ ਡਟੇ ਹੋਏ ਹਨ।
_______________________________________
ਅਕਾਲੀ ਦਲ ਬਾਦਲ ਨੇ ਛੱਡਿਆ ਦਿੱਲੀ ਦਾ ਮੈਦਾਨ!
ਚੰਡੀਗੜ੍ਹ: ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀæਐਸ਼ਜੀæਐਮæਸੀæ) ਦੀਆਂ ਚੋਣਾਂ ਵਿਚ ਬਹੁਤੀ ਦਿਲਚਸਪੀ ਨਹੀਂ ਹੈ। ਚੋਣਾਂ 26 ਫਰਵਰੀ ਨੂੰ ਹੋ ਰਹੀਆਂ ਹਨ, ਪਰ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੁੱਪ-ਚੁਪੀਤੇ ਅਮਰੀਕਾ ਨਿਕਲੇ ਗਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਲਈ ਅਮਰੀਕਾ ਗਏ ਹੋਏ ਹਨ। ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਡੀæਐਸ਼ਜੀæਐਮæਸੀæ ਦੀਆਂ ਚੋਣਾਂ ਪੰਜਾਬ ਵਾਂਗ ਹੀ ਲੜੀਆਂ ਸਨ। ਪੰਜਾਬ ਦੇ ਛੋਟੇ-ਵੱਡੇ ਅਕਾਲੀ ਦਿੱਲੀ ਵਿਚ ਡਟੇ ਰਹੇ ਸਨ। ਅਕਾਲੀ ਦਲ ਨੇ ਘਰ-ਘਰ ਤੱਕ ਪਹੁੰਚ ਕੀਤੀ ਸੀ। ਇਸ ਵਾਰ ਅਕਾਲੀ ਦਲ ਵਿਚ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਕੋਈ ਵੀ ਸੀਨੀਅਰ ਅਕਾਲੀ ਆਗੂ ਦਿੱਲੀ ਵਿਚ ਚੋਣ ਪ੍ਰਚਾਰ ਕਰਨ ਨਹੀਂ ਗਿਆ। ਪਤਾ ਲੱਗਾ ਹੈ ਕਿ ਇਸ ਵਾਰ ਇਸਤਰੀ ਵਿੰਗ ਹੀ ਦਿੱਲੀ ਵਿਚ ਪ੍ਰਚਾਰ ਕਰੇਗਾ।
ਦਰਅਸਲ, ਸੱਤਾ ਵਿਚ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ਉਤੇ ਬੁਰੀ ਤਰ੍ਹਾਂ ਘਿਰਿਆ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਾ ਸਿਰਸਾ ਦੀ ਹਮਾਇਤ ਲੈਣਾ ਤੇ ਵਿਰੋਧੀ ਸਿੱਖ ਧੜਿਆਂ ਉਤੇ ਸਖਤੀ ਆਦਿ ਮੁੱਦਿਆਂ ਕਰ ਕੇ ਸਿੱਖਾਂ ਵਿਚ ਪੰਜਾਬ ਦੇ ਅਕਾਲੀ ਲੀਡਰਾਂ ਖਿਲਾਫ ਰੋਸ ਹੈ। ਇਸ ਕਰ ਕੇ ਹੀ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੀਡਰਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਸ਼ਾਇਦ ਇਸ ਕਰ ਕੇ ਅਕਾਲੀ ਦਲ ਨੂੰ ਡੀæਐਸ਼ਜੀæਐਮæਸੀæ ਦੀਆਂ ਚੋਣਾਂ ਵਿਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਰਹੀ।