ਸੰਸਾਰ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਗੁਰੂ ਨਗਰੀ

ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿਸ਼ਵ ਭਰ ਦੇ ਸੈਲਾਨੀਆਂ ਲਈ ਖਾਸ ਖਿੱਚ ਦਾ ਕੇਂਦਰ ਹੈ। ਪਾਵਨ ਨਗਰੀ ਦੀ ਕਾਇਆ-ਕਲਪ ਹੋਣ ਤੋਂ ਬਾਅਦ ਇਥੇ ਸੈਲਾਨੀਆਂ ਦੀ ਆਮਦ ਕਈ ਗੁਣਾਂ ਵਧ ਗਈ ਹੈ। ਇਸ ਇਤਿਹਾਸਕ ਸ਼ਹਿਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸੁਸ਼ੋਭਿਤ ਹੋਣ ਕਾਰਨ ਇਹ ਨਗਰੀ ਦੁਨੀਆਂ ਭਰ ਵਿਚ ਖਾਸ ਮਹੱਤਵ ਰੱਖਦੀ ਹੈ।

ਇਸ ਮਹਾਨ ਅਸਥਾਨ ਤੋਂ ਇਲਾਵਾ ਸ਼ਹਿਰ ਵਿਚ ਹੋਰ ਵੀ ਕਈ ਅਸਥਾਨਾਂ ਨੂੰ ਵਿਕਸਤ ਕੀਤਾ ਗਿਆ ਹੈ। ਦੇਸ਼-ਵਿਦੇਸ਼ ਤੋਂ ਜੋ ਵੀ ਸੰਗਤ ਅੰਮ੍ਰਿਤਸਰ ਪਹੁੰਚਦੀ ਹੈ, ਉਹ ਇਕ ਜਾਂ ਦੋ ਦਿਨ ਨਹੀਂ, ਬਲਕਿ ਤਕਰੀਬਨ ਪੂਰਾ ਹਫਤਾ ਰੁਕ ਕੇ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਗੁਰੂ ਕੀ ਨਗਰੀ ਵਿਚ ਇਨ੍ਹੀਂ ਦਿਨੀਂ ਸੈਲਾਨੀਆਂ ਦੀ ਆਮਦ ਇਕ ਲੱਖ ਤੋਂ ਸਵਾ ਲੱਖ ਰੋਜ਼ਾਨਾ ਹੋ ਚੁੱਕੀ ਹੈ। ਦਰਅਸਲ, ਵਿਧਾਨ ਸਭਾ ਚੋਣਾਂ ਕਾਰਨ ਪੰਜਾਬ ਸਰਕਾਰ ਨੇ ਕਾਫੀ ਤੇਜ਼ੀ ਨਾਲ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਨੇਪਰੇ ਚੜ੍ਹਵਾਇਆ। ਇਸ ਤਹਿਤ ਹਰਿਮੰਦਰ ਸਾਹਿਬ ਪਲਾਜ਼ਾ ਦੇ ਆਸਪਾਸ ਦੇ ਇਲਾਕੇ ਨੂੰ ਇਕੋ ਜਿਹੀ ਦਿੱਖ ਪ੍ਰਦਾਨ ਕੀਤੀ ਗਈ।
ਸਾਰੇ ਇਲਾਕੇ ਦਾ ਮਾਹੌਲ ਸੱਭਿਆਚਾਰਕ ਲੱਗੇ, ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ। ਇਸ ਸਾਰੇ ਇਲਾਕੇ ਨੂੰ ਗੋਲਡਨ ਪਲਾਜ਼ਾ ਦਾ ਨਾਂ ਦਿੱਤਾ ਗਿਆ ਹੈ। ਟਾਊਨ ਹਾਲ ਦੇ ਨੇੜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਬਿਆਨ ਕਰਦਾ ਇਕ ਖੂਬਸੂਰਤ ਚੌਂਕ ਵੀ ਬਣਾਇਆ ਗਿਆ ਹੈ।
ਸਾਰੇ ਇਲਾਕੇ ਨੂੰ ਐਲ਼ਈæਡੀæ ਸਕਰੀਨਾਂ ਨਾਲ ਸਜਾਇਆ ਗਿਆ ਹੈ, ਜਿਥੇ ਪੂਰਾ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੀਰਤਨ ਚਲਦਾ ਰਹਿੰਦਾ ਹੈ। ਇਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹਾ ਗੋਬਿੰਦਗੜ੍ਹ ਨੂੰ ਵੀ ਨਵੀਂ ਦਿੱਖ ਦਿੱਤੀ ਗਈ ਹੈ। ਛੇਹਰਟਾ ਸਥਿਤ ਵਾਰ ਮੈਮੋਰੀਅਲ ਦਾ ਨਿਰਮਾਣ ਕਰ ਕੇ ਜੰਗੀ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਵਰਨਣ ਕੀਤਾ ਗਿਆ ਹੈ। ਸ਼ਹਿਰ ਵਿਚ ਰਾਮਤੀਰਥ ਵਿਚ ਭਗਵਾਨ ਬਾਲਮੀਕ ਦਾ ਮੰਦਰ ਬਣਾਇਆ ਗਿਆ ਹੈ। ਭਾਰਤ-ਪਾਕਿਸਤਾਨ ਨੂੰ ਕੌਮਾਂਤਰੀ ਅਟਾਰੀ ਸਰਹੱਦ ਦਾ ਵੀ ਨਵੀਨੀਕਰਨ ਕੀਤਾ ਗਿਆ ਹੈ। ਜ਼ਿਲ੍ਹਾ ਆਵਾਜਾਈ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਯਾਤਰੀਆਂ ਦਾ ਨਾਈਟ ਸਟੇਅ ਵੀ ਵਧਿਆ ਹੈ। ਸੈਲਾਨੀਆਂ ਦੇ ਵਧਣ ਨਾਲ ਸ਼ਹਿਰ ਅੰਦਰ ਟੂਰਿਸਟ ਬੱਸਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਕੋਈ ਵੀ 250 ਰੁਪਏ ਕਿਰਾਏ ਨਾਲ ਪੂਰਾ ਦਿਨ ਗੁਰੂ ਕੀ ਨਗਰੀ ਦੇ ਦਰਸ਼ਨ ਕਰ ਸਕਦਾ ਹੈ।
_______________________________________
ਡਬਲ ਡੈੱਕਰ ਬੱਸਾਂ ਨੂੰ ਨਾ ਮਿਲਿਆ ਬਹੁਤਾ ਹੁੰਗਾਰਾ
ਅੰਮ੍ਰਿਤਸਰ: ਅੰਮ੍ਰਿਤਸਰ ਸਿਟੀ ਬੱਸ ਤੋਂ ਬਾਅਦ ਬੀæਆਰæਟੀæਐਸ਼ ਬੱਸ ਅਤੇ ਹੁਣ ਅੰਮ੍ਰਿਤਸਰ ਡਬਲ ਡੈਕਰ ਬੱਸ ਨੂੰ ਵੀ ਆਪਣੀ ਹੋਂਦ ਕਾਇਮ ਰੱਖਣ ਵਾਸਤੇ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਵਧੇਰੇ ਯਾਤਰੂ ਨਾ ਮਿਲਣ ਕਾਰਨ ਇਸ ਡਬਲ ਡੈਕਰ ‘ਹੌਪ ਆਨ ਹਾਪ ਆਫ’ ਬੱਸ ਨੂੰ ਨਿੱਜੀ ਸਮਾਗਮਾਂ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਇਥੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸ਼ਹਿਰ ਵਿਚ ਡਬਲ ਡੈਕਰ ਬੱਸ ਚਲਾਈ ਗਈ ਸੀ। ਵਿਦੇਸ਼ਾਂ ਵਿਚ ਚੱਲਦੀਆਂ ਬੱਸਾਂ ਦੀ ਤਰਜ਼ ‘ਤੇ ਇਹ ‘ਹੌਪ ਆਨ ਹਾਪ ਆਫ’ ਬੱਸ ਦਾ ਉਪਰਲਾ ਹਿੱਸਾ ਖੁੱਲ੍ਹਾ ਹੈ, ਜਿਥੇ ਯਾਤਰੂ ਬੈਠ ਕੇ ਮੌਸਮ ਦਾ ਅਨੰਦ ਵੀ ਮਾਣ ਸਕਦੇ ਹਨ। ਫਿਲਹਾਲ ਇਥੇ ਅਜਿਹੀਆਂ ਤਿੰਨ ਬੱਸਾਂ ਚਲਾਈਆਂ ਗਈਆਂ ਹਨ। ਇਨ੍ਹਾਂ ਬੱਸਾਂ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 12 ਦਸੰਬਰ ਨੂੰ ਜਦੋਂ ਉਪ ਮੁੱਖ ਮੰਤਰੀ ਨੇ ਇਨ੍ਹਾਂ ਬੱਸਾਂ ਦਾ ਉਦਘਾਟਨ ਕੀਤਾ ਸੀ, ਉਸ ਤੋਂ ਪਹਿਲਾਂ ਹਰੀਕੇ ਵਿਚ ਜਲ ਬੱਸ ਨੂੰ ਵੀ ਹਰੀ ਝੰਡੀ ਦਿੱਤੀ ਸੀ। ਇਸ ਵੇਲੇ ਜਲ ਬੱਸ ਵੀ ਰੁਕੀ ਹੋਈ ਹੈ।
___________________________________________
ਲੰਗਰ ਵਿਚ ਸੇਵਾ ਲਈ ਹੁਣ ਸ਼ਨਾਖਤੀ ਕਾਰਡ!
ਅੰਮ੍ਰਿਤਸਰ: ਹਰਿਮੰਦਰ ਸਾਹਿਬ ਆਏ ਸ਼ਰਧਾਲੂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਮਗਰੋਂ ਲੁੱਟਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਸਮੂਹ ਅਤੇ ਖਾਸ ਕਰ ਕੇ ਗੁਰੂ ਰਾਮਦਾਸ ਲੰਗਰ ਘਰ ਵਿਚ ਚੌਕਸੀ ਵਧਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਲੰਗਰ ਘਰ ਵਿਚ ਬਿਨਾਂ ਸ਼ਨਾਖ਼ਤੀ ਕਾਰਡ ਸੇਵਾ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ। ਲੰਗਰ ਘਰ ਵਿਚ ਰੋਜ਼ਾਨਾ ਹੀ 6 ਤੋਂ 7 ਘੰਟੇ ਲਈ ਸੇਵਾ ਕਰਨ ਵਾਸਤੇ ਆਉਂਦੇ ਕੁਝ ਲੋਕਾਂ ਨੂੰ ਛੱਡ ਕੇ ਹਰ ਕਿਸੇ ਵਿਅਕਤੀ ਵਾਸਤੇ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਲੰਗਰ ਘਰ ਵਿਚ ਸੇਵਾ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਆਪਣਾ ਨਾਂ ਅਤੇ ਪਤਾ ਇਥੇ ਰਜਿਸਟਰ ਵਿਚ ਦਰਜ ਕਰਾਉਣਾ ਪਵੇਗਾ ਅਤੇ ਆਪਣਾ ਸ਼ਨਾਖਤੀ ਕਾਰਡ ਵੀ ਜਮ੍ਹਾਂ ਕਰਾਉਣ ਪਵੇਗਾ, ਜੋ ਉਹ ਸੇਵਾ ਮਗਰੋਂ ਵਾਪਸ ਲੈ ਸਕਦਾ ਹੈ।