ਗੁਲਜ਼ਾਰ ਸਿੰਘ ਸੰਧੂ
ਜੇ ਗਣਤੰਤਰ ਦੀ ਸ਼ੋਭਾ ਜਾਨਣੀ ਹੋਵੇ ਤਾਂ 26 ਜਨਵਰੀ ਵਾਲੇ ਦਿਨ ਦਿੱਲੀ ਜਾਣਾ ਪੈਂਦਾ ਹੈ। ਸਵੇਰ ਵੇਲੇ ਇੰਡੀਆ ਗੇਟ ਦੇ ਨੇੜੇ ਗਣਤੰਤਰ ਨਾਲ ਸਬੰਧਤ ਵੱਖ ਵੱਖ ਰਾਜਾਂ ਅਤੇ ਮੰਤਰਾਲਿਆਂ ਦੀਆਂ ਝਾਕੀਆਂ ਮਾਣੋ ਤੇ ਸ਼ਾਮ ਨੂੰ ਲਾਲ ਕਿਲੇ ਦੇ ਮੈਦਾਨ ਵਿਚ ਮੁਸ਼ਾਇਰਾ। ਝਾਕੀਆਂ ਤਾਂ ਦੂਰ ਦਰਸ਼ਨ ਵਾਲੇ ਵੀ ਦਿਖਾ ਦਿੰਦੇ ਹਨ ਪਰ ਮੁਸ਼ਾਇਰੇ ਦਾ ਰੰਗ ਮਾਨਣ ਵਾਸਤੇ ਲਾਲ ਕਿਲੇ ਜਾਣਾ ਪੈਂਦਾ ਹੈ। ਭਾਵੇਂ ਇਸ ਉਤਸਵ ਨਾਲ ਸਬੰਧਤ ਪੰਜਾਬੀ ਤੇ ਹਿੰਦੀ ਦੇ ਕਵੀ ਦਰਬਾਰ ਵੀ ਰਚਾਏ ਜਾਂਦੇ ਹਨ ਪਰ ਉਰਦੂ ਬੋਲੀ ਦੀ ਚਾਸ਼ਣੀ ਵਾਲਾ ਰੰਗ ਮੁਸ਼ਾਇਰਿਆਂ ਵਿਚ ਹੀ ਮਿਲਦਾ ਹੈ।
ਮੈਂ ਉਨ੍ਹਾਂ ਸੁਭਾਗੇ ਬੰਦਿਆਂ ਵਿਚੋਂ ਹਾਂ ਜਿਹੜੇ 1953 ਤੋਂ 1984 ਤੱਕ ਦਿੱਲੀ ਰਹੇ ਹਨ ਤੇ ਉਨ੍ਹਾਂ ਵਿਚੋਂ ਪਹਿਲੇ ਦੋ ਸਾਲ ਲਾਲ ਕਿਲੇ ਦੀ ਬੁੱਕਲ ਵਿਚ ਗੁਰਦੁਆਰਾ ਸੀਸ ਗੰਜ ਦੇ ਨੇੜੇ ਤੇ ਆਖਰੀ ਵੀਹ ਸਾਲ ਇੰਡੀਆ ਗੇਟ ਦੇ ਸੱਜੇ ਖੱਬੇ ਪੰਡਾਰਾ ਰੋਡ ਤੇ ਭਾਰਤੀ ਨਗਰ। ਮੈਂ ਜਿਥੇ ਵੀ ਰਿਹਾ ਪੰਜਾਬ ਦੇ ਪਿੰਡਾਂ ਵਾਲੇ 26 ਜਨਵਰੀ ਨੂੰ ਮੇਰੇ ਪ੍ਰਾਹੁਣੇ ਹੁੰਦੇ ਸਨ ਤੇ ਉਹ ਸਾਰੇ ਰਾਤ ਦਾ ਖਾਣਾ ਖਾ ਕੇ ਖੇਸੀ ਦੀ ਬੁੱਕਲ ਮਾਰ ਕੇ ਅਧੀ ਰਾਤ ਤੋਂ ਹੀ ਗਣਤੰਤਰ ਦੀਆਂ ਝਾਕੀਆਂ ਦੇਖਣ ਲਈ ਠੀਕ ਥਾਂ ਮੱਲਣ ਇੰਡੀਆ ਗੇਟ ਜਾ ਬਹਿੰਦੇ ਸਨ। ਸ਼ਾਮ ਨੂੰ ਪੰਜਾਬੀ ਦੇ ਰਸੀਏ ਕਵੀ ਦਰਬਾਰ ਜਾ ਵੜਦੇ ਤੇ ਮੁਸ਼ਾਇਰੇ ਵਾਲੇ ਮੇਰੇ ਨਾਲ ਚਿਪਕੇ ਰਹਿੰਦੇ। ਉਹ ਜਾਣਦੇ ਸਨ ਕਿ ਮੈਂ ਉਰਦੂ ਸ਼ਾਇਰੀ ਦਾ ਰਸੀਆ ਸਾਂ।
ਮੈਂ ਆਪਣੇ ਨਾਲ ਨੋਟ ਬੁੱਕ ਤੇ ਪੈਂਸਲ ਲੈ ਕੇ ਜਾਂਦਾ ਤਾਂ ਕਿ ਮੁਸ਼ਾਇਰੇ ਵਿਚ ਪੜ੍ਹੇ ਜਾਣ ਵਾਲੇ ਵਧੀਆ ਸ਼ਿਅਰ ਨੋਟ ਕਰ ਸਕਾਂ। ਇਹ ਗ਼ਜ਼ਲਾਂ ਹਾਲੀ ਤੱਕ ਮੇਰੀ ਪੂੰਜੀ ਹਨ। ਦੋ ਖਾਸ ਕਰਕੇ:
ਜਿਨ ਕੀ ਆਂਖੋਂ ਮੇਂ ਥਾ ਸਰੂਰੇ-ਗ਼ਜ਼ਲ
ਉਨ ਗ਼ਜ਼ਾਲੋ ਕੀ ਯਾਦ ਆਤੀ ਹੈ।
ਸਾਦਗੀ ਲਾਜਵਾਬ ਹੈ ਜਿਨਕੀ,
ਉਨ ਸਵਾਲੋਂ ਕੀ ਯਾਦ ਆਤੀ ਹੈ।
ਜਾਨੇ ਵਾਲੇ ਕਭੀ ਨਹੀਂ ਆਤੇ,
ਜਾਨੇ ਵਾਲੋਂ ਕੀ ਯਾਦ ਆਤੀ ਹੈ।
ਮੇਰੀ ਨੋਟ ਬੁੱਕ ਅਨੁਸਾਰ ਇਸ ਮੁਸ਼ਾਇਰੇ ਦੀ ਮਿਤੀ 25 ਜਨਵਰੀ 1955 ਦੀ ਸ਼ਾਮ ਹੈ ਜਿਸ ਵਿਚ ਸ਼ਿਰਕਤ ਕਰਨ ਵਾਲੇ ਸ਼ਾਇਰਾਂ ਦੇ ਨਾਂ ਜਗਨ ਨਾਥ ‘ਆਜ਼ਾਦ’, ਜਾਂ ਨਿਸਾਰ ‘ਅਖਤਰ’, ‘ਮਜਾਜ਼’ ਲਖਨਵੀ, ਸਿਕੰਦਰ ਅਲੀ ‘ਵਜਦ’, ਤਿਲੋਕ ਚੰਦ ‘ਮਹਿਰੂਮ’, ਜੋਸ਼’ ਮਲਸਿਆਨੀ ਤੇ ‘ਫਿਰਾਕ’ ਗੋਰਖਪੁਰੀ ਹਨ। ਹਰ ਸ਼ਾਇਰ ਦੇ ਇੱਕ ਜਾਂ ਦੋ ਸ਼ਿਅਰ ਵੀ। ਦੂਜੀ ਨੋਟ ਬੁੱਕ ਵਾਲੇ ਮੁਸ਼ਾਇਰੇ ਦੀ ਮਿਤੀ ਨਹੀਂ ਲਿਖੀ ਹੋਈ। ਸ਼ਾਇਰਾਂ ਵਿਚ ਫੈਜ਼ ਵੀ ਹੈ ਤੇ ਜੋਸ਼ ਮਲਸਿਆਨੀ ਵੀ। ਫੈਜ਼ ਨੇ ਜਿਹੜੀਆਂ ਦੋ ਗ਼ਜ਼ਲਾਂ ਪੜ੍ਹੀਆਂ ਉਹ ਮੈਂ ਪੁਸਤਕਾਂ ਵਿਚ ਪੜ੍ਹ ਚੁੱਕਿਆ ਸਾਂ। ਮੇਰਾ ਧਿਆਨ ਉਸ ਦੀ ਪੇਸ਼ਕਾਰੀ ਤੇ ਅੰਦਾਜ਼ ਵਲ ਸੀ, ਸ਼ਿਅਰਾਂ ਵਲ ਨਹੀਂ। ਜਿਹੜੇ ਦੋ ਚਾਰ ਸ਼ਿਅਰ ਮੇਰੇ ਕੋਲ ਨੋਟ ਹਨ ਉਨ੍ਹਾਂ ਦਾ ਕਰਤਾ ਅਲੀ ਜ਼ੁਆਦ ‘ਜ਼ੈਦੀ’ ਸੀ। ਸ਼ਿਅਰ ਸਨ,
ਤੇਰੇ ਹਲਕੇ ਸੇ ਤੁਬੱਸਮ ਕਾ
ਇਸ਼ਾਰਾ ਭੀ ਤੋ ਹੋ।
ਤਾ-ਸਰੇ-ਦਾਰ ਪਹੁੰਚਨੇ ਕਾ
ਸਹਾਰਾ ਭੀ ਤੋ ਹੋ।
ਹਿਜਰ ਕੀ ਰਾਤ ਮੇਂ ਜੀਨੇ ਕਾ
ਸਹਾਰਾ ਭੀ ਤੋ ਹੋ।
ਝਿਲਮਿਲਾਤੀ ਹੂਈ ਯਾਦੋਂ ਕਾ
ਸਹਾਰਾ ਭੀ ਤੋ ਹੋ।
ਸ਼ਿਕਵਾ-ਓ-ਤਨਜ਼ ਸੇ ਭੀ
ਕਾਮ ਨਿਕਲ ਜਾਤੇ ਹੈਂ,
ਗੈਰਤੇ-ਇਸ਼ਕ ਕੋ ਲੇਕਿਨ
ਯੇਹ ਗਵਾਰਾ ਭੀ ਤੋ ਹੋ।
ਗਣਤੰਤਰ ਦਿਵਸ ਦੇ ਸਮੇਂ ਅਪਣੀ ਨੋਟ ਬੁੱਕ ਫਰੋਲਣਾ ਮੇਰਾ ਸੁਭਾਅ ਬਣ ਚੁੱਕਾ ਹੈ ਪਰ ਇਸ ਵਰ੍ਹੇ ਇਕ ਕ੍ਰਿਸ਼ਮਾ ਵਾਪਰ ਗਿਆ। ਮੇਰੇ ਹੱਥ ਲੋਕਗੀਤ ਪ੍ਰਕਾਸ਼ਨ ਵਾਲਿਆਂ ਦੀ ਛਾਪੀ ਪੁਸਤਕ ‘ਉਰਦੂ ਮੁਸ਼ਾਇਰੇ’ ਲਗ ਗਈ ਜਿਸ ਵਿਚ ਹਿੰਦ-ਪਾਕਿ ਮੁਸ਼ਾਇਰਿਆਂ ਵਿਚ ਪੜ੍ਹੀਆਂ ਗਈਆਂ ਗ਼ਜ਼ਲਾਂ, ਰੁਬਾਈਆਂ ਤੇ ਕਤੱਏ ਦਰਜ ਹਨ। ਇਹ ਸਾਰਾ ਕੰਮ ਉਰਦੂ ਸ਼ਾਇਰੀ ਦੇ ਸ਼ੈਦਾਈ ਸਤੀਸ਼ ਜੈਨ ਦਿੱਲੀ ਵਾਲਿਆਂ ਦੀਆਂ ਡਾਇਰੀਆਂ ਵਿਚੋਂ ਕਰਨਲ ਜਸਮੇਰ ਸਿੰਘ ਬਾਲਾ ਨੇ ਗੁਰਮੁਖੀ ਅਖਰਾਂ ਵਿਚ ਉਤਾਰਿਆ ਹੈ। ਇਸ ਨੂੰ ਪੜ੍ਹ ਕੇ ਸਤੀਸ਼ ਜੈਨ ਦਿੱਲੀ ਵਾਲਿਆਂ ਦੀ ਲਗਨ ਤੇ ਕਰਨਲ ਬਾਲਾ ਦੀ ਹਿੰਮਤ ਅੱਗੇ ਸਿਰ ਝੁੱਕਦਾ ਹੈ। ਖਾਸ ਕਰਕੇ ਇਸ ਲਈ ਕਿ ਲਿਖਣ ਵਾਲੇ ਨੇ ਸਾਰੇ ਸ਼ਿਅਰ ਬਿਲਕੁਲ ਠੀਕ ਨੋਟ ਕੀਤੇ ਹੋਣ ਜ਼ਰੂਰੀ ਨਹੀਂ, ਪਰ ਪੁਸਤਕ ਰੂਪ ਵਿਚ ਕਰਨਲ ਬਾਲਾ ਨੇ ਅਜਿਹੀ ਕਮਾਲ ਕਰ ਰੱਖੀ ਹੈ ਕਿ ਸਭ ਠੀਕ ਜਾਪਦੇ ਹਨ। ਸਤੀਸ਼ ਜੈਨ 2005 ਵਿਚ ਅੰਤਲੇ ਸਾਹ ਲੈਣ ਤੱਕ ਆਪਣੀਆਂ ਨੋਟ ਬੁੱਕਾਂ ਦੀ ਸੋਧ ਸੁਧਾਈ ਕਰਦੇ ਰਹੇ ਹਨ। ਹਥਲੀ ਪੁਸਤਕ ਦਾ ਸਾਰ 1954 ਤੋਂ 1960 ਤੱਕ ਦੇ ਉਨ੍ਹਾਂ ਮੁਸ਼ਾਇਰਿਆਂ ਦਾ ਹੈ ਜਿਨ੍ਹਾਂ ਵਿਚੋਂ ਪੰਜ ਦਿੱਲੀ ਵਿਖੇ ਹੋਏ, ਇੱਕ ਜੈਪੁਰ ਤੇ ਇੱਕ ਬੁਲੰਦ ਸ਼ਹਿਰ। ਦੋ ਦਾ ਸਬੰਧ ਆਲ ਇੱਡੀਆ ਰੇਡੀਓ ਨਾਲ ਹੈ। ਲੋਕਗੀਤ ਵਾਲਿਆਂ ਕੋਲ ਹੋਰ ਵੀ ਹਥ ਲਿਖਤਾਂ ਪਈਆਂ ਹਨ। ਜੇ ਉਹ ਵੀ ਛਪ ਜਾਣ ਤਾਂ ਸੁਤੰਤਰਤਾ ਤੋਂ ਪਿੱਛੋਂ ਦੀ ਭਾਰਤ ਵਿਚ ਰਚੀ ਗਈ ਬਹੁਤ ਸਾਰੀ ਸ਼ਾਇਰੀ ਸਾਹਮਣੇ ਆ ਸਕਦੀ ਹੈ।
ਮੇਰੇ ਵਰਗਿਆਂ ਕੋਲ ਸਤੀਸ਼ ਜੈਨ ਵਰਗੀ ਯੋਗਤਾ ਵੀ ਨਹੀਂ ਸੀ ਤੇ ਉਦਮ ਵੀ ਨਹੀਂ। ਜੇ ਸੱਚ ਪਿੱਛੋਂ ਤਾਂ ਮੈਂ ਤਾਂ ਉਪਰ ਦਿੱਤੀਆਂ ਦੋ ਗ਼ਜ਼ਲਾਂ ਦੇ ਸ਼ਿਅਰ ਵੀ ਪੁਸਤਕ ਪੜ੍ਹ ਕੇ ਠੀਕ ਕੀਤੇ ਹਨ। ਪਹਿਲਾਂ ਵਾਲੀ ਗ਼ਜ਼ਲ ਲਿਖਣ ਵਾਲੇ ਦਾ ਨਾਂ ਵੀ ਇਹ ਪੁਸਤਕ ਪੜ੍ਹ ਕੇ ਹੀ ਪਤਾ ਲੱਗਿਆ ਹੈ ਕਿ ਉਹ ਸ਼ਿਅਰ ਸਿਕੰਦਰ ਅਲੀ ‘ਵਜਦ’ ਦੇ ਹਨ। ਹੁਣ ਮੈਂ ਆਪਣੀ ਨੋਟ ਬੁੱਕ ਵਿਸਾਰ ਸਕਦਾ ਹਾਂ। ਉਸ ਦੀ ਲੋੜ ਨਹੀਂ ਰਹੀ।
ਅੰਨ੍ਹੇ ਘੋੜੇ ਦਾ ਦਾਨ
‘ਅੰਨ੍ਹੇ ਘੋੜੇ ਦਾ ਦਾਨ’ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ ਦਾ ਨਾਵਲ ਹੈ। ਇਸ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਫਿਲਮਾ ਕੇ ਰਾਸ਼ਟਰੀ ਪ੍ਰਸਿੱਧੀ ਪ੍ਰਦਾਨ ਕੀਤੀ ਹੈ। ਗੋਆ ਫਿਲਮ ਫੈਸਟੀਵਲ ਵਿਚ ਇਸ ਨੂੰ ਗੋਲਡਨ ਪੀਕਾਕ ਸਨਮਾਨ ਮਿਲਣਾ ਇਸ ਦੀ ਵਿਲੱਖਣਤਾ ਉਤੇ ਮੋਹਰ ਲਾਉਂਦਾ ਹੈ। ਇਸ ਵਿਚ ਸ਼ਹਿਰੀਕਰਨ ਤੋਂ ਉਪਜੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਦਾ ਭਰਪੂਰ ਵਰਣਨ ਹੈ। ਫੋਟੋਗ੍ਰਾਫੀ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ। ਲੋਕ ਪੱਖੀ ਧਾਰਨਾ ਵਾਲੀਆਂ ਸੰਸਥਾਵਾਂ ਇਸ ਦੀਆਂ ਸੀਡੀਆਂ ਬਣਾ ਕੇ ਵੰਡ ਰਹੀਆਂ ਹਨ। ਚੰਡੀਗੜ੍ਹ ਵਿਖੇ ਗੁਰਸ਼ਰਨ ਸਿੰਘ ਵਲੋਂ ਸਥਾਪਤ ਕੀਤੇ ਸਾਹਿਤ ਚਿੰਤਨ ਮੰਚ ਨੇ ਪੰਜਾਬ ਯੂਨੀਵਰਸਿਟੀ ਦੇ ਆਈ ਸੀ ਸੀ ਆਰ ਕੰਪਲੈਕਸ ਵਿਚ ਇਸ ਦੀ ਪੇਸ਼ਕਾਰੀ ਕਰਵਾ ਕੇ ਲੋਕ ਪੱਖੀ ਸੋਚ ਦਾ ਸਮਰਥਨ ਕੀਤਾ ਹੈ। ਚੰਗੀ ਗੱਲ ਇਹ ਹੈ ਕਿ ਪੇਸ਼ਕਾਰੀ ਉਪਰੰਤ ਇਸ ਫਿਲਮ ਉਤੇ ਸੰਵਾਦ ਵੀ ਰਚਾਇਆ ਗਿਆ। ਸਸਤੀਆਂ ਤੇ ਵਿਕਾਊ ਫਿਲਮ ਬਣਾਉਣ ਵਾਲਿਆਂ ਉਤੇ ਗੰਭੀਰ ਟਿਪਣੀ ਹੋਈ ਪਰ ਦਰਸ਼ਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਏਨੀ ਵਧੀਆਂ ਫੋਟੋਗ੍ਰਾਫੀ ਵਾਲੀ ਫਿਲਮ ਕਿਸੇ ਬਹੁਤ ਵੱਡੇ ਪਰਦੇ ਉਤੇ ਦੇਖਿਆਂ ਹੀ ਗੱਲ ਬਣਦੀ ਹੈ। ਫਿਲਮ ਕਾਰਪੋਰੇਸ਼ਨ ਵਾਲੇ ਦਰਸ਼ਕਾਂ ਦਾ ਧਿਆਨ ਠੀਕ ਪਾਸੇ ਮੋੜ ਰਹੇ ਹਨ ਤੇ ਸਾਹਿਤ ਚਿੰਤਨ ਵਰਗੀਆਂ ਸੰਸਥਾਵਾਂ ਇਸ ਦਾ ਸਮਰਥਨ ਕਰ ਰਹੀਆਂ ਹਨ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ।
ਅੰਤਿਕਾ: (ਅਵਤਾਰ ਪਾਸ਼)
ਚਿੜੀਆਂ ਦਾ ਝੁੰਡ ਅਥਰਾ ਹੋਇਆ
ਝਪਟ ਝਪਟ ਕੇ ਮੁੜ ਆਵੇ।
ਦੱਸੇ ਜਾਚ ਗੁਰੀਲਾ ਯੁੱਧ ਦੀ
ਯੋਧਿਆਂ ਨੂੰ ਪ੍ਰਣਾਮ ਕਹੇ।
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ
ਨਹੀਂ ਤਾਂ ਸਭ ਕੁੱਝ ਚੱਲਿਆ ਜੇ,
ਤਕੜਾ ਆਖੇ ਤਕੜੇ ਹੋਵੋ
ਮੁੜ ਜੂਝਣ ਨੂੰ ਸ਼ਾਮ ਕਹੇ।
Leave a Reply