ਦਰਗਾਹ ਹਮਲੇ ਪਿੱਛੋਂ ਪਾਕਿਸਤਾਨ ਵਲੋਂ ਅਤਿਵਾਦ ਵਿਰੁਧ ਜੰਗ ਤੇਜ਼

ਲਾਹੌਰ: ਸਿੰਧ ਸੂਬੇ ਦੇ ਕਸਬੇ ਸਹਿਵਨ ਵਿਚ ਸੂਫੀ ਦਰਗਾਹ ਉਤੇ ਆਤਮਘਾਤੀ ਹਮਲੇ ਮਗਰੋਂ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਵੱਲੋਂ ਦੇਸ਼ ਭਰ ਵਿਚ ਅਤਿਵਾਦੀਆਂ ਵਿਰੁੱਧ ਕਾਰਵਾਈ ਵਿੱਢ ਦਿੱਤੀ ਹੈ। ਪਾਕਿਸਤਾਨੀ ਫੌਜ ਵੱਲੋਂ ਦਹਿਸ਼ਤਗਰਦਾਂ ਵਿਰੁੱਧ ਚਲਾਈ ਮੁਹਿੰਮ ਤਹਿਤ 130 ਸ਼ੱਕੀ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ ਜਦੋਂ ਕਿ 350 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਵਧੇਰੇ ਗਿਣਤੀ ਅਫਗਾਨੀਆਂ ਦੀ ਹੈ।

ਪੰਜਾਬ ਪੁਲਿਸ ਦੇ ਬੁਲਾਰੇ ਨਿਆਬ ਹੈਦਰ ਨੇ ਦੱਸਿਆ ਕਿ 350 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਅਫਗਾਨੀ ਹਨ। ਇਹ ਕਾਰਵਾਈ ਪਾਕਿਸਤਾਨੀ ਮਿਲਟਰੀ ਵੱਲੋਂ ਅਫਗਾਨਿਸਤਾਨੀ ਕੂਟਨੀਤਕਾਂ ਨੂੰ ਆਪਣੇ ਰਾਵਲਪਿੰਡੀ ਹੈੱਡ ਕੁਆਰਟਰ ਵਿਖੇ ਤਲਬ ਕਰਨ ਅਤੇ ਪਾਕਿਸਤਾਨ ਵਿਚ ਹਮਲਿਆਂ ਵਿਚ ਸ਼ਾਮਲ 76 ਅਤਿਵਾਦੀਆਂ ਦੀ ਸੂਚੀ ਸੌਂਪਣ ਦੇ ਬਾਅਦ ਕੀਤੀ ਗਈ। ਦੱਸਣਯੋਗ ਹੈ ਕਿ ਦੱਖਣੀ ਸੂਬੇ ਸਿੰਧ ਦੀ ਲਾਲ ਸ਼ਾਹਬਾਜ਼ ਕਲੰਦਰ ਦੀ ਮਸ਼ਹੂਰ ਦਰਗਾਹ ਉਤੇ ਹਮਲੇ ਵਿਚ 100 ਜਣੇ ਮਾਰੇ ਗਏ ਅਤੇ ਤਕਰੀਬਨ 250 ਜ਼ਖ਼ਮੀ ਹੋਏ।
_____________________________________
ਪਾਕਿਸਤਾਨ ਨੇ ਸਈਦ ਨੂੰ ਮੰਨਿਆ ਅਤਿਵਾਦੀ
ਇਸਲਾਮਾਬਾਦ: ਮੁੰਬਈ ਅਤਿਵਾਦੀ ਧਮਾਕਿਆਂ ਦੇ ਮੁੱਖ ਸਾਜ਼ਿਸ਼ੀ ਜਮਾਤ-ਉਲ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦੇ ਅਤਿਵਾਦੀਆਂ ਨਾਲ ਸਬੰਧਾਂ ਕਾਰਨ ਆਖਿਰਕਾਰ ਪਾਕਿਸਤਾਨ ਸਰਕਾਰ ਨੇ ਉਸ ਦਾ ਨਾਂ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ‘ਡਾਅਨ ਨਿਊਜ਼’ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਨੇ ਹਾਫਿਜ਼ ਸਈਦ ਅਤੇ ਉਸ ਦੇ ਨਜ਼ਦੀਕੀ ਸਹਿਯੋਗੀ ਕਾਜ਼ੀ ਕਾਸ਼ਿਫ ਦੇ ਨਾਂ ਅਤਿਵਾਦੀ ਵਿਰੋਧੀ ਕਾਨੂੰਨ ਦੇ ਚੌਥੇ ਸ਼ਡਿਉੂਲ ਤਹਿਤ ਅਤਿਵਾਦੀਆਂ ਵਾਲੀ ਸੂਚੀ ਵਿਚ ਸ਼ਾਮਲ ਕਰ ਲਏ ਹਨ। ਇਨ੍ਹਾਂ ਤੋਂ ਇਲਾਵਾ ਅਤਿਵਾਦੀਆਂ ਦੀ ਸੂਚੀ ਵਿਚ ਫੈਸਲਾਬਾਦ ਦੇ ਅਬਦੁੱਲਾ ਓਬੇਦ, ਮੁਰੀਦਕੇ ਦੇ ਮਰਕਜ਼-ਏ-ਤਾਇਬਾ ਨਾਲ ਸਬੰਧਤ ਜ਼ਫਰ ਇਕਬਾਲ, ਅਬਦੁਰ ਰਹਿਮਾਨ ਆਬਿਦ ਦੇ ਨਾਂ ਵੀ ਸ਼ਾਮਲ ਹਨ। ਸਈਦ ਸਮੇਤ ਪੰਜ ਆਗੂ 30 ਜਨਵਰੀ ਤੋਂ ਹੀ ਘਰਾਂ ਵਿਚ ਨਜ਼ਰਬੰਦ ਹਨ। ਇਸ ਕਾਰਨ ਇਨ੍ਹਾਂ ਜਥੇਬੰਦੀਆਂ ਦੇ ਮੈਂਬਰਾਂ ਵਿਚ ਗੁੱਸੇ ਦੀ ਲਹਿਰ ਹੈ। ਪਾਕਿਸਤਾਨ ਦੇ ਗ੍ਰਹਿ ਵਿਭਾਗ ਅਨੁਸਾਰ ਇਹ ਪੰਜੋਂ ਆਗੂ ਜਮਾਤ ਉਲ ਦਾਅਵਾ, ਫਨਾਹ-ਏ-ਇਨਸਾਨੀਅਤ ਦੇ ਸਰਗਰਮ ਮੈਂਬਰ ਹਨ।
_________________________________________
ਪਾਕਿਸਤਾਨ ਦੁਨੀਆਂ ਲਈ ਖਤਰਾ?
ਵਾਸ਼ਿੰਗਟਨ: ਅਮਰੀਕਾ ਦੀ ਖੁਫ਼ੀਆ ਏਜੰਸੀ ਸੀæਆਈæਏæ ਦੇ ਇਕ ਸਾਬਕਾ ਅਧਿਕਾਰੀ ਨੇ ਆਖਿਆ ਹੈ ਕਿ ਪਾਕਿਸਤਾਨ ਸੰਭਵ ਤੌਰ ‘ਤੇ ਦੁਨੀਆਂ ਦਾ ਸਭ ਤੋਂ ਖਤਰਨਾਕ ਮੁਲਕ ਹੈ। ਉਨ੍ਹਾਂ ਅਜਿਹਾ ਇਸ ਆਧਾਰ ਉਤੇ ਕਿਹਾ ਹੈ ਕਿ ਇਕ ਪਾਸੇ ਪਾਕਿਸਤਾਨ ਦੀ ਅਰਥਚਾਰਾ ਮਾੜੀ ਹਾਲਤ ਵਿਚ ਹੈ, ਦੂਜੇ ਪਾਸੇ ਦਹਿਸ਼ਤਗਰਦੀ ਦਾ ਜ਼ੋਰ ਹੈ ਤੇ ਨਾਲ ਹੀ ਇਸ ਦੇ ਪਰਮਾਣੂ ਅਸਲਾਖਾਨੇ ਵਿਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ। ਇਸਲਾਮਾਬਾਦ ਵਿਚ ਸੀæਆਈæਏæ ਦੇ ਸਟੇਸ਼ਨ ਮੁਖੀ ਰਹਿ ਚੁੱਕੇ ਕੇਵਿਨ ਹਲਬਰਟ ਨੇ ਖਬਰਦਾਰ ਕੀਤਾ ਕਿ ਜੇ ਪਾਕਿਸਤਾਨ ਨਾਕਾਮ ਹੁੰਦਾ ਹੈ ਤੇ ਉਥੇ ਦਹਿਸ਼ਤਗਰਦਾਂ ਦਾ ਗਲਬਾ ਵਧਦਾ ਹੈ ਤਾਂ ਇਸ ਦਾ ਸਾਰੀ ਦੁਨੀਆਂ ‘ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਇਹ ਗੱਲ ਇੰਟੈਲੀਜੈਂਸ ਭਾਈਚਾਰੇ ਨਾਲ ਸਬੰਧਤ ਇਕ ਵੈਬਸਾਈਟ ‘ਸਾਈਫਰ ਬਰੀਫ’ ਉਤੇ ਪਾਈ ਇਕ ਪੋਸਟ ਵਿਚ ਆਖੀ ਹੈ। ਉਨ੍ਹਾਂ ਲਿਖਿਆ ਹੈ: ”ਸਾਨੂੰ ਅਫਗਾਨਿਸਤਾਨ ਵਿਚ ਹੀ ਇੰਨੀਆਂ ਮੁਸ਼ਕਲਾਂ ਹਨ, ਜਿਸ ਦੀ ਆਬਾਦੀ ਮਹਿਜ਼ 3æ3 ਕਰੋੜ ਹੈ, ਜਦੋਂਕਿ ਪਾਕਿਸਤਾਨ ਦੀ ਆਬਾਦੀ 18æ2 ਕਰੋੜ ਹੈ। ਇਸ ਦੀ ਜਨਮ ਦਰ ਵੀ ਕਾਫੀ ਉਚੀ ਹੈ ਤੇ ਇਹ ਸਾਰੀ ਦੁਨੀਆਂ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ।”