ਅਫਸਰਸ਼ਾਹੀ ਨੂੰ ਆਪ ਜਾਂ ਕਾਂਗਰਸ ਸਰਕਾਰ ਆਉਣ ਦੀ ਉਮੀਦ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਨਿਭਾਈ ਖਾਮੋਸ਼ ਭੂਮਿਕਾ ਕਾਰਨ ਸਿਆਸੀ ਤੌਰ ‘ਤੇ ਭਾਵੇਂ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਪਰ ਸੀਨੀਅਰ ਆਈæਏæਐਸ਼ ਤੇ ਆਈæਪੀæਐਸ਼ ਅਧਿਕਾਰੀਆਂ ਨੇ ਭਵਿੱਖ ਦੀ ਸਰਕਾਰ ਵਿਚ ਅਹੁਦੇ ਹਾਸਲ ਕਰਨ ਲਈ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਬਦਲੀਆਂ ਹੋਈਆਂ ਰਾਜਸੀ ਪ੍ਰਸਥਿਤੀਆਂ ਵਿਚ ਅਫਸਰਾਂ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਆਗੂਆਂ ਨਾਲ ਨੇੜਤਾ ਬਣਾਈ ਜਾ ਰਹੀ ਹੈ।

‘ਆਪ’ ਆਗੂਆਂ ਤੱਕ ਪਹੁੰਚ ਲਈ ਸਾਬਕਾ ਪੱਤਰਕਾਰਾਂ ਦੀ ਮਦਦ ਲਈ ਜਾ ਰਹੀ ਹੈ, ਜਦੋਂ ਕਿ ਕਾਂਗਰਸ ਤੱਕ ਅਫਸਰਾਂ ਦੀ ਪਹੁੰਚ ਸੁਖਾਲੀ ਕਰਨ ਲਈ ਡੀæਜੀæਪੀæ ਰੈਂਕ ਦਾ ਇਕ ਅਧਿਕਾਰੀ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਦਰਜਨ ਦੇ ਕਰੀਬ ਆਈæਜੀæ, ਡੀæਆਈæਜੀæ ਅਤੇ ਐਸ਼ਪੀæ ਰੈਂਕ ਦੇ ਅਧਿਕਾਰੀਆਂ ਨੇ ‘ਆਪ’ ਤੱਕ ਪਹੁੰਚ ਬਣਾ ਲਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਅਜਿਹੇ ਆਗੂ ਹਨ, ਜਿਨ੍ਹਾਂ ਬਾਦਲ ਸਰਕਾਰ ਨੂੰ ਖੁਸ਼ ਕਰਨ ਲਈ ਵਿਰੋਧੀਆਂ ‘ਤੇ ਪਰਚੇ ਦਰਜ ਕਰਨ ਵਿਚ ਕਸਰ ਨਹੀਂ ਸੀ ਛੱਡੀ। ਸਕੱਤਰੇਤ ਦੇ ਗਲਿਆਰਿਆਂ ਵਿਚ ਭਾਰੀ ਚਰਚਾ ਹੈ ਕਿ ਮੁੱਖ ਸਕੱਤਰ, ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਅਤੇ ਡੀæਜੀæਪੀæ ਰੈਂਕ ਲਈ ਅਧਿਕਾਰੀਆਂ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਕਈ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੇ ਮੌਜੂਦਾ ਅਹੁਦੇ ਕਾਇਮ ਰੱਖਣ ਲਈ ਵੀ ਹੁਣੇ ਤੋਂ ਜ਼ੋਰ ਅਜ਼ਮਾਈ ਕੀਤੀ ਜਾਣ ਲੱਗੀ ਹੈ। ਰਾਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਸੇਵਾ ਮੁਕਤ ਵਧੀਕ ਡੀæਜੀæਪੀæ ਦੀਆਂ ਸੇਵਾਵਾਂ ਲੈਣ ਲਈ ਕਈ ਦਿਨ ਦਿੱਲੀ ਵਿਚ ਵੀ ਡੇਰੇ ਲਾਈ ਰੱਖੇ। ਇਹ ਅਧਿਕਾਰੀ ਕੇਂਦਰ ਵਿਚ ਕੋਈ ਅਹੁਦਾ ਹਾਸਲ ਕਰਨ ਦੀ ਝਾਕ ਵਿਚ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਵੀ ਸਾਬਕਾ ਮੁੱਖ ਮੰਤਰੀ ਤੇ ਭਵਿੱਖੀ ਮੁੱਖ ਮੰਤਰੀ ਮੰਨੇ ਜਾਂਦੇ ਆਗੂ ਨਾਲ ਮੀਟਿੰਗ ਕੀਤੀ ਤਾਂ ਜੋ ਗਿਲੇ ਸ਼ਿਕਵੇ ਦੂਰ ਕੀਤੇ ਜਾ ਸਕਣ। ਪੰਜਾਬ ਪੁਲਿਸ ਦੇ ਇਕ ਸੀæਆਈæਡੀæ ਅਧਿਕਾਰੀ ਵੱਲੋਂ ‘ਆਪ’ ਨੂੰ ਰਿਪੋਰਟ ਦਿੱਤੀ ਜਾਣ ਲੱਗੀ ਹੈ। ਇਥੋਂ ਤੱਕ ਕਿ 1990 ਬੈਂਚ ਦੇ ਇਕ ਅਧਿਕਾਰੀ ਨੂੰ ‘ਆਪ’ ਦੀ ਸਰਕਾਰ ਬਣਨ ‘ਤੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਹੋਣ ਦੇ ਦਾਅਵੇ ਵੀ ਕੀਤੇ ਜਾਣ ਲੱਗੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਮੁੱਚੀ ਅਫਸਰਸ਼ਾਹੀ ਇਕ ਤਰ੍ਹਾਂ ਨਾਲ ਵਿਹਲੀ ਹੈ।
ਸਾਧਾਰਨ ਮੀਟਿੰਗਾਂ ਤੋਂ ਬਾਅਦ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਠੱਪ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਦੇਸ਼ ਹੋਣ ਕਾਰਨ ਅਫਸਰਾਂ ਉਪਰ ਕੰਮ ਦਾ ਭਾਰ ਹੋਰ ਘਟ ਗਿਆ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਚੋਣਾਂ ਦੌਰਾਨ ਵੀ ਅਫਸਰਸ਼ਾਹੀ ਨੇ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੇ ਨੇੜਲਿਆਂ ਤੱਕ ਪਹੁੰਚ ਬਣਾ ਲਈ ਸੀ। ਉਦੋਂ ਨਤੀਜੇ ਅਕਾਲੀ ਦਲ ਤੇ ਭਾਜਪਾ ਪੱਖੀ ਨਿਕਲੇ ਤਾਂ ਅਫਸਰਾਂ ਨੂੰ ਸਦਮੇ ਵਿਚੋਂ ਨਿਕਲਣ ਲਈ ਕਈ ਮਹੀਨੇ ਲੱਗੇ ਅਤੇ ਕਈਆਂ ਦੀ ਤਾਂ ਗੱਡੀ ਲੀਹ ‘ਤੇ ਚੜ੍ਹੀ ਹੀ ਨਹੀਂ।