ਡੇਹਲੋਂ: ਪੇਂਡੂ ਉਲੰਪਿਕਸ ਦੇ ਨਾਮ ਨਾਲ ਜਾਣੀਆਂ ਜਾਂਦਿਆਂ ਕਿਲਾ ਰਾਏਪੁਰ ਦੀਆਂ 81ਵੀਆਂ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਆਖਰੀ ਦਿਨ ਜਿਥੇ 100 ਤੋਲੇ ਦੇ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫਸਵੇਂ ਮੁਕਾਬਲੇ ਹੋਏ, ਉਥੇ ਹੀ ਕਬੱਡੀ ਮੁਕਾਬਲੇ ਵੀ ਦੇਖਣਯੋਗ ਸਨ।
ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਟਰੈਕਟਰ ਦੌੜ, ਘੋੜਿਆਂ ਦੀ ਦੌੜ, ਬਾਜ਼ੀਗਰਾਂ ਦੇ ਕਰਤਬ, ਮੋਟਰਸਾਈਕਲ ਚਾਲਕਾਂ ਦੇ ਕਰਤਬ ਅਤੇ ਕੁੱਤਿਆਂ ਦੀਆਂ ਦੌੜਾਂ ਵੀ ਹੋਈਆਂ। ਨਾਲ ਹੀ ਨਿਹੰਗ ਸਿੰਘਾਂ ਦੇ ਕਰਤਬ ਵੀ ਦੇਖਣਯੋਗ ਸਨ।
ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਲਈ ਹੋਏ ਫਸਵੇਂ ਮੁਕਾਬਲੇ ਵਿਚ ਹਾਂਸ ਕਲਾਂ ਕਲੱਬ ਨੇ ਜਰਖੜ ਇਲੈਵਨ ਨੂੰ ਪੈਨਲਟੀ ਸ਼ੂਟਆਊਟ ਰਾਹੀਂ 5-4 ਦੇ ਫਰਕ ਨਾਲ ਹਰਾ ਕੇ ਕੱਪ ‘ਤੇ ਕਬਜ਼ਾ ਕਰ ਲਿਆ। ਕਬੱਡੀ 70 ਕਿੱਲੋ ਭਾਰ ਵਰਗ ਵਿਚ ਹਮੀਦੀ ਦੀ ਟੀਮ ਨੇ ਪਹਿਲਾ ਅਤੇ ਚੰਨਣਵਾਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਹੋਰ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਸਵਰਨ ਸਿੰਘ ਨੇ ਢਾਈ ਕੁਇੰਟਲ ਦੀ ਬੋਰੀ ਚੁੱਕੀ, ਬਲਵੀਰ ਸਿੰਘ ਨੇ ਇੱਟਾਂ ਛਾਤੀ ‘ਤੇ ਰੱਖ ਕੇ ਤੋੜੀਆਂ, ਮੁਕੰਦ ਸਿੰਘ ਮੋਗਾ ਨੇ 100 ਡੰਡ ਲਾਏ, ਲਵਪ੍ਰੀਤ ਸਿੰਘ ਨੇ ਦੋ ਬੁਲੈਟ ਮੋਟਰਸਾਈਕਲ ਬਾਹਾਂ ਨਾਲ ਰੋਕੇ, ਅੰਗਹੀਣ ਬਲਦੇਵ ਸਿੰਘ ਨੇ ਦੋਵਾਂ ਬਾਂਹਵਾਂ ਤੇ ਸਰੀਰ ਦਾ ਬੈਲੈਂਸ ਕੀਤਾ, ਪਰਮਿੰਦਰ ਸਿੰਘ ਨੇ ਦੰਦਾਂ ਨਾਲ 27 ਇੱਟਾਂ ਚੁੱਕੀਆਂ, ਅੰਗਰੇਜ਼ ਸਿੰਘ, ਮਨਜਿੰਦਰ ਸਿੰਘ ਅਤੇ ਅਰਜਨ ਸਿੰਘ ਇਕ 14 ਇੰਚ ਦੇ ਰਿੰਗ ਵਿਚੋਂ ਨਿਕਲੇ, 15 ਸਾਲਾ ਵਿਸ਼ਾਲ ਨੇ ਦੰਦਾਂ ਨਾਲ ਪੰਜ ਇੱਟਾਂ ਚੁੱਕੀਆਂ, ਸੋਨੂੰ ਨੇ ਮੋਟਰਸਾਈਕਲ ਦੰਦਾਂ ਨਾਲ ਖਿੱਚਿਆ, ਸਲਵਿੰਦਰ ਸਿੰਘ ਨੇ ਦੰਦਾਂ ਨਾਲ ਹਲ ਚੁੱਕਿਆ, ਅੰਗਹੀਣ ਨਰਿੰਦਰ ਸਿੰਘ ਨੇ ਟਰੈਕ ਦੇ 10 ਚੱਕਰ ਲਗਾਏ ਅਤੇ ਸਿਕੰਦਰ ਸਿੰਘ ਨੇ 250 ਡੰਡ ਲਾਏ। ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ ਉਚੀ ਛਾਲ ਲੜਕਿਆਂ ਦੇ ਮੁਕਾਬਲੇ ਵਿਚ ਲਵਪ੍ਰੀਤ ਸਿੰਘ ਨੇ ਪਹਿਲਾ, ਰਜਤ ਨੇ ਦੂਸਰਾ ਤੇ ਅਰਸ਼ਦੀਪ ਸਿੰਘ ਨੇ ਤੀਸਰਾ ਇਨਾਮ ਜਿੱਤਿਆ।
ਉਚੀ ਛਾਲ ਲੜਕੀਆਂ ਦੇ ਮੁਕਾਬਲੇ ‘ਚ ਜਯੋਤੀ ਨੇ ਪਹਿਲਾ, ਰਿਤੂ ਨੇ ਦੂਸਰਾ, ਖੁਸ਼ਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਲੜਕਿਆਂ ਦੇ ਮੁਕਾਬਲੇ ਵਿਚ ਰਘਵੀਰ ਸਿੰਘ ਜਲੰਧਰ ਨੇ ਪਹਿਲਾ, ਜਤਿੰਦਰਪਾਲ ਸਿੰਘ ਫਤਹਿਗੜ੍ਹ ਸਾਹਿਬ ਨੇ ਦੂਸਰਾ ਤੇ ਅਰਸ਼ਦੀਪ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। 75 ਸਾਲ ਤੋਂ 80 ਸਾਲ ਉਮਰ ਵਰਗ ਦੀ ਸੌਂ ਮੀਟਰ ਦੌੜ ਵਿਚ ਛੱਜੂ ਰਾਮ ਧਨੌਲਾ ਨੇ ਪਹਿਲਾ, ਸਕੱਤਰ ਸਿੰਘ ਤਰਨ ਤਾਰਨ ਨੇ ਦੂਸਰਾ ਤੇ ਤੇਜਾ ਸਿੰਘ ਫੱਲੇਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। 80 ਤੋਂ 90 ਸਾਲ ਦੇ ਬਜ਼ੁਰਗਾਂ ਦੀ ਦੌੜ ਵਿਚੋਂ ਨਛੱਤਰ ਸਿੰਘ ਖੰਨਾ ਨੇ ਪਹਿਲਾ, ਤੇਜਾ ਸਿੰਘ ਫੱਲੇਵਾਲ ਨੇ ਦੂਸਰਾ, ਨਛੱਤਰ ਸਿੰਘ ਮਨਸੂਰਾਂ ਨੇ ਤੀਸਰਾ ਸਥਾਨ ਹਾਸਲ ਕੀਤਾ। 800 ਮੀਟਰ ਲੜਕਿਆਂ ਦੀ ਦੌੜ ਵਿਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਬਲਜੀਤ ਸਿੰਘ ਲੁਧਿਆਣਾ ਨੇ ਦੂਸਰਾ ਤੇ ਜਗਦੇਵ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਲਿਆ। 800 ਮੀਟਰ ਲੜਕੀਆਂ ਦੀ ਦੌੜ ‘ਚੋਂ ਅਮਨਦੀਪ ਕੌਰ ਸੰਗਰੂਰ ਨੇ ਪਹਿਲਾ, ਵੀਰਪਾਲ ਕੌਰ ਪਟਿਆਲਾ ਨੇ ਦੂਸਰਾ ਤੇ ਨਵਜੋਤ ਕੌਰ ਪਟਿਆਲਾ ਨੇ ਤੀਸਰਾ ਸਥਾਨ ਮੱਲਿਆ।
ਲੜਕਿਆਂ ਦੀ ਅੱਠ ਕਿਲੋਮੀਟਰ ਸਾਈਕਲ ਰੇਸ ਵਿਚੋਂ ਸਾਹਿਲ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਸਰਾ ਤੇ ਹਰਸਿਮਰਨਜੀਤ ਸਿੰਘ ਨੇ ਤੀਸਰਾ, ਅੰਗਹੀਣਾਂ ਦੀ ਟ੍ਰਾਈਸਾਈਕਲ 100 ਮੀਟਰ ਰੇਸ ਵਿਚੋਂ ਸੁੱਖਾ ਕਿਲ੍ਹਾ ਰਾਏਪੁਰ ਨੇ ਪਹਿਲਾ, ਜੋਗਿੰਦਰ ਸਿੰਘ ਲੁਧਿਆਣਾ ਨੇ ਦੂਸਰਾ, ਨਿਰੰਜਣ ਸਿੰਘ ਲੁਧਿਆਣਾ ਨੇ ਤੀਸਰਾ, ਟਰਾਲੀ ਲੋਡਿੰਗ ਅਨਲੋਡਿੰਗ ਦੇ ਮੁਕਾਬਲੇ ਵਿਚੋਂ ਸੰਗਰੂਰ ਨੇ ਪਹਿਲਾ ਅਤੇ ਮਸਤੂਆਣਾ ਸਾਹਿਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।