ਸੀਚੇਵਾਲ ਮਾਡਲ ਦੇ ਮੁਰੀਦ ਹੋਏ ਬਿਹਾਰ ਦੇ ਮੁੱਖ ਮੰਤਰੀ

ਕਪੂਰਥਲਾ: ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੇਸੀ ਤਕਨੀਕ ਨਾਲ ਦੂਸ਼ਿਤ ਪਾਣੀ ਨੂੰ ਸਾਫ ਕਰਨ ਦੇ ਮਾਡਲ ਨੂੰ ਬਿਹਾਰ ਸਰਕਾਰ ਆਪਣੇ ਪੇਂਡੂ ਖੇਤਰਾਂ ਵਿਚ ਲਾਗੂ ਕਰੇਗੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੀਆਂ ਪੱਕੀਆਂ ਗਲੀਆਂ/ਨਾਲੀਆਂ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ ਤੇ ਹੁਣ ਉਹ ਪਿੰਡਾਂ ਦੇ ਦੂਸ਼ਿਤ ਪਾਣੀ ਨੂੰ ਸਾਫ ਕਰ ਕੇ ਇਸ ਦੀ ਮੁੜ ਵਰਤੋਂ ਬਾਰੇ ਸੋਚ ਰਹੇ ਸਨ।

ਬਾਬਾ ਸੀਚੇਵਾਲ ਵੱਲੋਂ ਪਿੰਡਾਂ ਦੇ ਪਾਣੀ ਨੂੰ ਸਾਫ ਕਰਨ ਦੀ ਤਕਨੀਕ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਹਨ ਤੇ ਇਸ ਤਕਨੀਕ ਨੂੰ ਉਹ ਬਿਹਾਰ ਵਿਚ ਅਮਲੀ ਰੂਪ ਦੇਣਗੇ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਸਮਾਗਮਾਂ ਦੌਰਾਨ ਸੇਵਾ ਮੁਕਤ ਮੁੱਖ ਸਕੱਤਰ ਜੇæਐਸ ਕੰਗ ਜੋ ਇਨ੍ਹਾਂ ਸਮਾਗਮਾਂ ਦੇ ਕੋਆਰਡੀਨੇਟਰ ਸਨ, ਉਨ੍ਹਾਂ ਮੈਨੂੰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਕੀਤੇ ਗਏ ਕਾਰਜਾਂ ਬਾਰੇ ਜਾਣੂ ਕਰਵਾਇਆ ਸੀ ਤੇ ਇਸੇ ਦੌਰਾਨ ਹੀ ਮੇਰੀ ਬਾਬਾ ਸੀਚੇਵਾਲ ਨਾਲ ਮੁਲਾਕਾਤ ਹੋਈ ਸੀ। ਬਾਬਾ ਸੀਚੇਵਾਲ ਨੇ ਮੈਨੂੰ ਪੰਜਾਬ ਆਉਣ ਲਈ ਕਿਹਾ ਸੀ ਤੇ ਉਨ੍ਹਾਂ ਦੇ ਸੱਦੇ ‘ਤੇ ਇਥੇ ਆ ਕੇ ਪਿੰਡ ਸੀਚੇਵਾਲ ਤੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ।
ਮੁੱਖ ਮੰਤਰੀ ਨੇ ਬਾਬਾ ਸੀਚੇਵਾਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੁੜੀ ਪਵਿੱਤਰ ਵੇਈਂ ਦੇ ਸਫਾਈ ਦੇ ਕਾਰਜ ਤੇ ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਸਾਫ ਕਰ ਕੇ ਖੇਤੀ ਲਈ ਵਰਤੋਂ ਕਰਨ ਲਈ ਲਿਆਉਣ ਤੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਸੀਚੇਵਾਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀ ਨਿਤਿਸ਼ ਕੁਮਾਰ ਨੇ ਬਾਬਾ ਸੀਚੇਵਾਲ ਵੱਲੋਂ ਸੁਲਤਾਨਪੁਰ ਦਿਹਾਤੀ ਦੇ ਦੂਸ਼ਿਤ ਪਾਣੀ ਦੀ ਸਫਾਈ ਲਈ ਦੇਸੀ ਤਕਨੀਕ ਨਾਲ ਬਣਾਏ ਗਏ ਸੀਵਰੇਜ ਟਰੀਟਮੈਂਟ ਪਲਾਂਟ ਦੇਖਿਆ। ਜਿਸ ਦੌਰਾਨ ਬਾਬਾ ਸੀਚੇਵਾਲ ਨੇ ਸ੍ਰੀ ਨਿਤਿਸ਼ ਕੁਮਾਰ ਨੂੰ ਇਸ ਤਕਨੀਕ ਨਾਲ ਸਾਫ ਕੀਤੇ ਗਏ ਪਾਣੀ ਦਾ ਟੀæਡੀæਐਸ ਵੀ ਚੈੱਕ ਕਰ ਕੇ ਵਿਖਾਇਆ ਤੇ ਇਸ ਪਾਣੀ ਵਿਚ 239 ਟੀæਡੀæਐਸ ਪਾਇਆ ਗਿਆ। ਸ੍ਰੀ ਨਿਤਿਸ਼ ਕੁਮਾਰ ਨੇ ਉਨ੍ਹਾਂ ਖੇਤਾਂ ਦਾ ਦੌਰਾ ਵੀ ਕੀਤਾ, ਜਿਨ੍ਹਾਂ ਨੂੰ ਇਸ ਪਲਾਂਟ ਵਿਚੋਂ ਸੋਧਿਆ ਗਿਆ ਪਾਣੀ ਲਗਾਇਆ ਜਾਂਦਾ ਹੈ। ਉਧਰ ਸ੍ਰੀ ਨਿਤਿਸ਼ ਕੁਮਾਰ ਦੀ ਸਾਦਗੀ ਅਤੇ ਵਾਤਾਵਰਣ ਪ੍ਰਤੀ ਉਨ੍ਹਾਂ ਦਾ ਲਗਾਅ ਸਾਰਿਆਂ ਨੂੰ ਪ੍ਰਭਾਵਿਤ ਕਰ ਗਿਆ। ਆਪਣੀ ਨਿਰਮਲ ਕੁਟੀਆ ਦੀ ਫੇਰੀ ਦੌਰਾਨ ਉਹ ਕੁਝ ਪਿੰਡ ਵਾਸੀਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਵਲੋਂ ਮਿਲੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਪਿੰਡ ਵਾਸੀ ਉਨ੍ਹਾਂ ਨੂੰ ਦੇਖਣ ਲਈ ਕਾਫੀ ਉਤਸੁਕ ਦਿਖਾਈ ਦਿੱਤੇ। ਇਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪਟਨਾ (ਬਿਹਾਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਗਏ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਵਿਚ ਸ੍ਰੀ ਨਿਤਿਸ਼ ਕੁਮਾਰ ਦੀ ਸਰਕਾਰ ਵਲੋਂ ਅਹਿਮ ਯੋਗਦਾਨ ਪਾਉਣ ਕਰ ਕੇ ਸਿੱਖ ਸੰਗਤਾਂ ਵਿਚ ਉਨ੍ਹਾਂ ਦਾ ਸਤਿਕਾਰ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ, ਜਿਸ ਲਈ ਲੋਕ ਉਨ੍ਹਾਂ ਦਾ ਸਵਾਗਤ ਤੇ ਉਚੇਚੇ ਤੌਰ ਉਤੇ ਧੰਨਵਾਦ ਵੀ ਕਰ ਰਹੇ ਸਨ।
_____________________________________
ਸ਼੍ਰੋਮਣੀ ਕਮੇਟੀ ਵੱਲੋਂ ਨਿਤਿਸ਼ ਦਾ ਸਨਮਾਨ
ਅੰਮ੍ਰਿਤਸਰ: ਦਸਵੇਂ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸ੍ਰੀ ਹਰਿਮੰਦਰ ਸਾਹਿਬ ਪੁੱਜੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਖਿਆ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਆਏ ਹਨ ਅਤੇ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਨੇ ਪੰਜਾਬ ਵਿਚ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਲਈ ਅਤੇ ਇਸੇ ਤਰਜ਼ ‘ਤੇ ਬਿਹਾਰ ਵਿਚ ਵੀ ਵਾਤਾਵਰਣ ਸੰਭਾਲ ਲਈ ਯਤਨ ਕੀਤਾ ਜਾਵੇਗਾ।